ਪੂਨਮ ਬਿਲਿੰਗ
ਅੱਜਕੱਲ੍ਹ ਵਿਆਹਾਂ ਸ਼ਾਦੀਆਂ ਵਿੱਚ ਇਹ ਰੁਝਾਨ ਆਮ ਵੇਖਣ ਨੂੰ ਮਿਲਦਾ ਹੈ ਕਿ ਜਿਸ ਰੰਗ ਦਾ ਪਤਨੀ ਨੇ ਸੂਟ ਜਾਂ ਚੁੰਨੀ ਲਈ ਹੁੰਦੀ ਹੈ, ਪਤੀ ਨੇ ਓਸੇ ਰੰਗ ਦੀ ਪੱਗ ਬੰਨ੍ਹੀ ਹੁੰਦੀ ਹੈ। ਜਿਹੜੇ ਪੱਗ ਨਹੀਂ ਬੰਨ੍ਹਦੇ ਉਹ ਟਾਈ ਸੂਟ ਨਾਲ ਦੀ ਮੈਚਿੰਗ ਕਰ ਲੈਂਦੇ ਹਨ। ਰੰਗਾਂ ਨੂੰ ਦੋ ਹਿੱਸਿਆਂ ਵਿੱਚ ਵੰਡਿਆ ਹੋਇਆ ਹੈ ਪ੍ਰਾਇਮਰੀ ਰੰਗ ਅਤੇ ਸੈਕੰਡਰੀ ਰੰਗ। ਪ੍ਰਾਇਮਰੀ ਰੰਗ ਜਿਵੇਂ ਲਾਲ, ਪੀਲਾ, ਨੀਲਾ ਅਤੇ ਹਰਾ ਹੁੰਦੇ ਹਨ। ਸੈਕੰਡਰੀ ਰੰਗ ਇਨ੍ਹਾਂ ਪ੍ਰਾਇਮਰੀ ਰੰਗਾਂ ਨੂੰ ਮਿਲਾ ਕੇ ਬਣਦੇ ਹਨ। ਕੰਪਿਊਟਰ ਯੁੱਗ ਆਉਣ ਨਾਲ ਰੰਗਾਂ ਦੀ ਦੁਨੀਆ ਵਿੱਚ ਵੀ ਕ੍ਰਾਂਤੀ ਆਈ ਹੈ। ਇੱਕੋ ਰੰਗ ਦੇ ਥੋੜ੍ਹੇ ਥੋੜ੍ਹੇ ਫ਼ਰਕ ਨਾਲ ਕਿੰਨੇ ਹੀ ਸ਼ੇਡ ਹਨ। ਕਈ ਵਾਰ ਇਨ੍ਹਾਂ ਵਿੱਚੋਂ ਚੋਣ ਕਰਨੀ ਮੁਸ਼ਕਿਲ ਹੋ ਜਾਂਦੀ ਹੈ।
ਹਰ ਵਿਅਕਤੀ ਦੀ ਰੰਗਾਂ ਪ੍ਰਤੀ ਖਿੱਚ ਆਪੋ ਆਪਣੀ ਹੁੰਦੀ ਹੈ ਕਿਸੇ ਨੂੰ ਗੂੜ੍ਹੇ ਰੰਗ ਪਸੰਦ ਹੁੰਦੇ ਹਨ, ਕਈਆਂ ਨੂੰ ਹਲਕੇ/ ਫਿੱਕੇ ਰੰਗ ਭਾਉਂਦੇ ਹਨ। ਕਈ ਲੋਕ ਤੁਹਾਡੀ ਰੰਗ ਦੀ ਪਸੰਦ ਤੋਂ ਤੁਹਾਡੀ ਸ਼ਖ਼ਸੀਅਤ ਦਾ ਅੰਦਾਜ਼ਾ ਲਗਾ ਲੈਂਦੇ ਹਨ। ਕਈ ਵਾਰ ਜਦੋਂ ਅਸੀਂ ਦੁਕਾਨ ’ਤੇ ਕੋਈ ਕੱਪੜਾ ਖਰੀਦਣ ਜਾਂਦੇ ਹਾਂ ਤਾਂ ਅਸੀਂ ਕਹਿ ਦਿੰਦੇ ਹਾਂ ਕਿ ਇਹ ਕੱਪੜਾ ਮੇਰੇ ਨਹੀਂ ਜਚਦਾ। ਅਸੀਂ ਉਮਰ ਅਨੁਸਾਰ ਵੀ ਰੰਗਾਂ ਦੀ ਚੋਣ ਕਰਦੇ ਹਾਂ। ਵਡੇਰੀ ਉਮਰ ਵਾਲਿਆਂ ਲਈ ਅਕਸਰ ਹਲਕੇ ਰੰਗਾਂ ਦੇ ਕੱਪੜੇ ਪਹਿਨਣ ਨੂੰ ਤਰਜੀਹ ਦਿੱਤੀ ਜਾਂਦੀ ਹੈ। ਜਦੋਂ ਕਿਸੇ ਦੁਕਾਨ ’ਤੇ ਕੱਪੜਾ ਲੈਣ ਜਾਵੋ ਤਾਂ ਪਹਿਲਾਂ ਹੀ ਕਹਿ ਦਿੱਤਾ ਜਾਂਦਾ ਹੈ ਕਿ ਸਿਆਣਿਆਂ ਦੇ ਪਾਉਣ ਵਾਲਾ ਵਿਖਾਓ ਜਾਂ ਦੁਕਾਨਦਾਰ ਪੁੱਛ ਲੈਂਦਾ ਹੈ ਕਿ ਕਿਸ ਲਈ ਲੈਣਾ ਹੈ- ਸਿਆਣਿਆਂ ਲਈ ਜਾਂ ਜਵਾਨਾਂ ਲਈ। ਜੇਕਰ ਕਿਸੇ ਦਾ ਦਿਲ ਵੀ ਕਰਦਾ ਹੋਵੇ ਸ਼ੋਖ ਰੰਗ ਪਹਿਨਣ ਨੂੰ, ਪਰ ਲੋਕ ਕੀ ਕਹਿਣਗੇ ਸੋਚ ਕੇ ਆਪਣਾ ਮਨ ਮਾਰ ਲੈਂਦਾ ਹੈ। ਇਸ ਤਰ੍ਹਾਂ ਰੰਗਾਂ ਦੀ ਬੰਦਿਸ਼ ਗ਼ਲਤ ਹੈ। ਆਮ ਕਹਾਵਤ ਹੈ ‘ਖਾਈਏ ਮਨ ਭਾਉਂਦਾ, ਪਹਿਨੀਏ ਜੱਗ ਭਾਉਂਦਾ’ ਪਰ ਹੁਣ ਇਹ ਕਹਾਵਤ ਕੁਝ ਹੱਦ ਤੱਕ ਬਦਲ ਰਹੀ ਹੈ, ਬਦਲਣੀ ਵੀ ਚਾਹੀਦੀ ਹੈ। ਰੰਗ ਦੀ ਚੋਣ ਇੱਕ ਨਿੱਜੀ ਪਸੰਦ ਹੋਣੀ ਚਾਹੀਦੀ ਹੈ। ਆਮ ਤੌਰ ’ਤੇ ਕਿਹਾ ਜਾਂਦਾ ਹੈ ਕਿ ਸ਼ੋਖ ਰੰਗ ਮਨ ਨੂੰ ਭਟਕਾਉਂਦੇ ਹਨ। ਵਿਧਵਾਵਾਂ ਨੂੰ ਗੂੜ੍ਹੇ ਰੰਗ ਪਹਿਨਣ ਤੋਂ ਵਰਜਿਤ ਕੀਤਾ ਜਾਂਦਾ ਹੈ ਜੋ ਸਹੀ ਨਹੀਂ।
ਸੰਤ, ਦਰਵੇਸ਼ ਚਿੱਟੇ ਚੋਗੇ ਪਹਿਨਦੇ ਹਨ, ਪਰ ਮਨ ਸਫ਼ੈਦ ਵਸਤਰ ਧਾਰਨ ਕਰਨ ਦੇ ਬਾਵਜੂਦ ਵੀ ਭਟਕਦੇ ਵੇਖੇ ਜਾਂਦੇ ਹਨ। ਮਨ ਕਾਬੂ ਵਿੱਚ ਹੋਣਾ ਚਾਹੀਦਾ ਹੈ। ਰੰਗਾਂ ਦੇ ਪਹਿਨਣ ਨਾਲ ਕੋਈ ਖਾਸ ਫ਼ਰਕ ਨਹੀਂ ਪੈਂਦਾ। ਰੰਗਾਂ ਦੀ ਚੋਣ ਦੇ ਵਿਗਿਆਨਕ ਆਧਾਰ ਅਨੁਸਾਰ ਕਾਲਾ ਜਾਂ ਗੂੜ੍ਹੇ ਰੰਗ ਗਰਮੀ ਨੂੰ ਸੋਖਦੇ ਹਨ ਜਿਸ ਕਾਰਨ ਗਰਮੀ ਜ਼ਿਆਦਾ ਮਹਿਸੂਸ ਹੁੰਦੀ ਹੈ। ਇਸ ਕਾਰਨ ਗਰਮੀ ਦੀ ਰੁੱਤ ਵਿੱਚ ਹਲਕੇ ਰੰਗਾਂ ਦੇ ਕੱਪੜੇ ਪਹਿਨਣੇ ਪਸੰਦ ਕੀਤੇ ਜਾਂਦੇ ਹਨ। ਠੰਢੇ ਮੁਲਕਾਂ ਦੇ ਲੋਕਾਂ ਦੀ ਕਾਲੇ ਰੰਗ ਦੇ ਕੱਪੜੇ ਪਹਿਲੀ ਪਸੰਦ ਹੁੰਦੇ ਹਨ।
ਅੱਜਕੱਲ੍ਹ ਵਿਆਹਾਂ ਵਿੱਚ ਵੱਖ -ਵੱਖ ਰਸਮਾਂ ’ਤੇ ਖਾਸ ਰੰਗ ਪਹਿਨਣ ਦਾ ਰਿਵਾਜ ਵੀ ਚੱਲ ਪਿਆ ਹੈ ਜਿਵੇਂ ਹਲਦੀ/ਬਟਣੇ ਦੀ ਰਸਮ ਸਮੇਂ ਮੇਲਣਾਂ ਪੀਲਾ ਰੰਗ, ਮਹਿੰਦੀ ਦੀ ਰਸਮ ਸਮੇਂ ਹਰੇ ਜਾਂ ਮਹਿੰਦੀ ਰੰਗ ਦੀਆਂ ਪੁਸ਼ਾਕਾਂ ਪਹਿਨਦੀਆਂ ਹਨ। ਵਿਆਹ ਸਮਾਗਮ ਵਿੱਚ ਡਰੈੱਸ ਕੋਡ ਰੱਖਿਆ ਜਾਂਦਾ ਹੈ ਭਾਵ ਪਰਿਵਾਰਕ ਮੈਂਬਰ ਅਤੇ ਖਾਸ ਰਿਸ਼ਤੇਦਾਰ ਔਰਤਾਂ ਮਰਦ ਇੱਕੋ ਰੰਗ ਦੇ ਵਸਤਰ ਪਹਿਨਦੇ ਹਨ। ਹਰ ਵਿਅਕਤੀ ਦਾ ਆਪਣਾ ਸਰੀਰਕ ਢਾਂਚਾ, ਰੰਗ-ਰੂਪ ਅਤੇ ਪਸੰਦ ਹੁੰਦੀ ਹੈ ਜਿਸ ਅਨੁਸਾਰ ਉਹ ਆਪਣੇ ਪਹਿਰਾਵੇ ਦੀ ਚੋਣ ਕਰਦਾ ਹੈ। ਅਜਿਹੀਆਂ ਬੰਦਿਸ਼ਾਂ ਕਈ ਵਾਰ ਸਾਨੂੰ ਖੁਸ਼ੀ ਦੇਣ ਦੀ ਬਜਾਏ ਮਾਨਸਿਕ ਪਰੇਸ਼ਾਨੀ ਵੀ ਖੜ੍ਹੀ ਕਰ ਦਿੰਦੀਆਂ ਹਨ।
ਹਰ ਧਰਮ ਦਾ ਵੀ ਆਪਣਾ ਇੱਕ ਖਾਸ ਰੰਗ ਹੈ ਜਿਵੇਂ ਸਿੱਖ ਧਰਮ ਦਾ ਕੇਸਰੀ, ਹਿੰਦੂ ਧਰਮ ਦਾ ਲਾਲ ਜਾਂ ਸੰਤਰੀ, ਮੁਸਲਿਮ ਧਰਮ ਦਾ ਹਰਾ ਰੰਗ ਹੈ। ਇਸੇ ਤਰ੍ਹਾਂ ਵੱਖ ਵੱਖ ਰਾਜਨੀਤਕ ਪਾਰਟੀਆਂ ਦੇ ਵੀ ਆਪੋ ਆਪਣੇ ਰੰਗ ਹੁੰਦੇ ਹਨ ਜੋ ਉਨ੍ਹਾਂ ਦੀ ਪਛਾਣ ਦਾ ਪ੍ਰਤੀਕ ਹੁੰਦੇ ਹਨ। ਈਸਾਈ ਧਰਮ ਵਿੱਚ ਦੁਲਹਨ ਦਾ ਸ਼ਾਦੀ ਦਾ ਜੋੜਾ ਸਫ਼ੈਦ ਹੁੰਦਾ ਹੈ ਜਦੋਂ ਕਿ ਦੂਜਿਆਂ ਲਈ ਇਹ ਅਫ਼ਸੋਸ ਵਾਲੀ ਥਾਂ ’ਤੇ ਪਹਿਨਿਆ ਜਾਣ ਵਾਲਾ ਰੰਗ ਹੈ। ਹਰਾ ਰੰਗ ਹਰਿਆਲੀ ਤੇ ਖੁਸ਼ਹਾਲੀ ਦਾ ਪ੍ਰਤੀਕ ਹੈ। ਕਈ ਲੋਕ ਹਫ਼ਤੇ ਦੇ ਦਿਨਾਂ ਅਨੁਸਾਰ ਰੰਗ ਪਹਿਨਦੇ ਹਨ- ਸੋਮਵਾਰ ਨੂੰ ਸਫ਼ੈਦ, ਮੰਗਲਵਾਰ ਨੂੰ ਲਾਲ ਜਾਂ ਸੰਤਰੀ, ਬੁੱਧਵਾਰ ਨੂੰ ਫਿਰੋਜ਼ੀ, ਵੀਰਵਾਰ ਨੂੰ ਪੀਲਾ, ਸ਼ੁੱਕਰਵਾਰ ਨੂੰ ਹਰਾ, ਸ਼ਨਿਚਰਵਾਰ ਨੂੰ ਕਾਲਾ ਜਾਂ ਨੀਲਾ। ਇਹ ਸਭ ਮਨ ਪ੍ਰਚਾਵੇ ਜਾਂ ਵਹਿਮ ਗ੍ਰਸਤ ਮਨ ਦੀ ਉਪਜ ਹੀ ਲੱਗਦਾ ਹੈ।
ਆਪਾਂ ਗੱਲ ਕਰ ਰਹੇ ਸੀ ਵਿਆਹਾਂ ਸ਼ਾਦੀਆਂ ਜਾਂ ਕਿਸੇ ਹੋਰ ਖੁਸ਼ੀ ਦੇ ਮੌਕੇ ਪਤੀ-ਪਤਨੀ ਦੇ ਪਹਿਨੇ ਰੰਗਾਂ ਬਾਰੇ। ਬੀਬੀਆਂ ਤਾਂ ਆਪਣੀ ਪਸੰਦ ਦਾ ਸੂਟ ਸਵਾ ਪਤੀ ਪਰਮੇਸ਼ਰ ਨੂੰ ਨਾਲ ਦੀ ਪੱਗ ਜਾਂ ਟਾਈ ਦਾ ਫੁਰਮਾਨ ਜਾਰੀ ਕਰ ਦਿੰਦੀਆਂ ਹਨ। ਇਸ ਮੈਚਿੰਗ ਦੇ ਫਾਇਦੇ ਵੀ ਹਨ, ਦੂਰੋਂ ਹੀ ਪਤਾ ਲੱਗ ਜਾਂਦਾ ਹੈ ਕਿ ਇਹ ਲਾਣਾ ਬਾਣਾ ਇੱਕੋ ਹੀ ਹੈ। ਜੇ ਕਿਤੇ ਭੀੜ ਵਿੱਚ ਗੁਆਚ ਜਾਣ ਜਾਂ ਇੱਧਰ ਉੱਧਰ ਹੋ ਜਾਣ ਤਾਂ ਦੂਰੋਂ ਦਿਖਾਈ ਪੈ ਜਾਂਦੇ ਹਨ ਅਤੇ ਇੱਕ ਦੂਜੇ ਨੂੰ ਪਹਿਚਾਣ ਲੈਂਦੇ ਹਨ। ਫੋਟੋਆਂ ਵਿੱਚ ਵੀ ਕਲਰ ਸਕੀਮ ਬੜੀ ਵਧੀਆ ਆਉਂਦੀ ਹੈ, ਪਰ ਕਈ ਵਾਰ ਪਤਨੀ ਜਿਹੜੇ ਰੰਗ ਦਾ ਸੂਟ ਪਾਉਂਦੀ ਹੈ, ਪਤੀ ਨੂੰ ਪੱਗ ਦਾ ਉਹ ਰੰਗ ਪਸੰਦ ਨਹੀਂ ਹੁੰਦਾ ਜਾਂ ਜਚਦਾ ਨਹੀਂ, ਪਰ ਮਜਬੂਰੀ ਵਸ ਬੰਨ੍ਹਣਾ ਪੈਂਦਾ ਹੈ ਕਿਉਂਕਿ ਜੇ ਘਰਵਾਲੀ ਨਾਰਾਜ਼ ਹੋ ਗਈ ਤਾਂ ਵਿਆਹ ਜਾਣ ਤੋਂ ਪਹਿਲਾਂ ਹੀ ਘਰ ਦਾ ਮਾਹੌਲ ਬਦਲ ਜਾਵੇਗਾ ਅਤੇ ਉਸ ਦਾ ਅਸਰ ਵਿਆਹ ਵਿੱਚ ਸ਼ਾਮਲ ਹੋਣ ’ਤੇ ਪਵੇਗਾ। ਦੂਜਿਆਂ ਦੀ ਰੀਸ ਵਿੱਚ ਔਰਤਾਂ ਨੂੰ ਅਜਿਹਾ ਮਹਿਸੂਸ ਹੋਣ ਲੱਗਦਾ ਹੈ ਕਿ ਜੇ ਪਤੀ ਮੇਰੇ ਨਾਲ ਮੈਚਿੰਗ ਨਹੀਂ ਕਰਦਾ, ਸ਼ਇਦ ਉਹ ਮੈਨੂੰ ਪਿਆਰ ਨਹੀਂ ਕਰਦਾ। ਜੇ ਕਿਤੇ ਸਹੇਲੀ ਦੇ ਘਰਵਾਲੇ ਨੇ ਜਾਂ ਦਿਉਰ-ਦਰਾਣੀ, ਜੇਠ-ਜੇਠਾਣੀ ਨੇ ਮੈਚਿੰਗ ਕੀਤੀ ਹੋਵੇ, ਫੇਰ ਤਾਂ ਪੁੱਛੋ ਹੀ ਨਾ ਕਿ ਉਸ ਦੇ ਮਨ ’ਤੇ ਕੀ ਬੀਤਦੀ ਹੈ, ਪਰ ਅਜਿਹਾ ਨਹੀਂ ਸੋਚਣਾ ਚਾਹੀਦਾ। ਇਹ ਕੁਝ ਸਮੇਂ ਲਈ ਆਇਆ ਫੈਸ਼ਨ ਹੀ ਹੁੰਦਾ ਹੈ ਜੋ ਸਮਾਂ ਲੰਘਣ ’ਤੇ ਲੰਘ ਜਾਵੇਗਾ। ਕਈ ਵਾਰ ਅਜਿਹੀ ਮੈਚਿੰਗ ਪਤੀ ਦੇਵ ਨੂੰ ਆਪਣੇ ਯਾਰਾਂ ਦੋਸਤਾਂ ਦੇ ਮਜ਼ਾਕ ਦਾ ਪਾਤਰ ਬਣਾ ਦਿੰਦੀ ਹੈ। ਇਸ ਰੰਗਾਂ ਦੇ ਮੇਲ ਨਾਲੋਂ ਸਭ ਤੋਂ ਉੱਪਰ ਹੁੰਦਾ ਹੈ ਮਨ ਦਾ ਮੇਲ ਜੋ ਅੰਤਰੀਵੀ ਖੁਸ਼ੀ ਪ੍ਰਦਾਨ ਕਰਦਾ ਹੈ। ਮਨ ਮਿਲਿਆਂ ਦੇ ਰੰਗ ਸਾਫ਼ ਵਿਖਾਈ ਦਿੰਦੇ ਹਨ ਭਾਵੇਂ ਕੱਪੜਿਆਂ ਦੇ ਰੰਗ ਵੱਖ ਵੱਖ ਹੋਣ। ਖੁਸ਼ੀ, ਗ਼ਮ, ਗੁੱਸਾ ਗੁੱਝਾ ਨਹੀਂ ਰਹਿੰਦਾ। ਮੁੱਕਦੀ ਗੱਲ ਹੈ ਕਿ ਕੱਪੜਿਆਂ ਦੇ ਭਾਵੇਂ ਨਾ ਹੋਣ, ਪਰ ਮਨਾਂ ਦੇ ਰੰਗ ਇੱਕੋ ਮਿਕੇ ਹੋਣੇੇ। ਇੱਕ ਦੂਜੇ ਦੀਆਂ ਭਾਵਨਾਵਾਂ ਦੀ ਕਦਰ ਕਰੋ, ਸਤਿਕਾਰ ਕਰੋ, ਪਿਆਰ ਕਰੋ, ਇੱਕ ਦੂਜੇ ਵਿੱਚ ਰੱਬ ਵੇਖੋ। ਰੰਗਾਂ ਦੀ ਗੁਲਾਮੀ ਨਾਲੋਂ ਰੰਗਾਂ ਦੀ ਖੂਬਸੂਰਤੀ ਅਤੇ ਆਜ਼ਾਦੀ ਮਾਣੋ। ਜ਼ਿੰਦਗੀ ਦੇ ਖੂਬਸੂਰਤ ਰੰਗਾਂ ਨੂੰ ਆਪਣੀ ਜ਼ਿੰਦਗੀ ਵਿੱਚ ਭਰਕੇ ਜੀਵਨ ਨੂੰ ਆਨੰਦਮਈ ਬਣਾਓ।
ਸੰਪਰਕ: 94649-46099