ਕਰਨੈਲ ਸਿੰਘ ਸੋਮਲ
ਪਿੰਡ ਵੱਡਾ ਸੀ। ਕਈ ਥਾਵਾਂ ਸਨ ਜਿੱਥੇ ਬਜ਼ੁਰਗ ਪੋਹ ਦੀ ਚੜ੍ਹਦੀ ਧੁੱਪ ਸੇਕਣ ਬੈਠਦੇ। ਨਿੱਘੀ ਧੁੱਪ ਵਿੱਚ ਉਹ ਆਪਣੀ ਅਉਧ ਦੀ ਸੰਝ ਦੀਆਂ ਗੱਲਾਂ ਵੀ ਸਾਂਝੀਆਂ ਕਰਦੇ ਰਹਿੰਦੇ। ਨਾਲੇ ਛਿੜੀ ਗੱਲ ਤੋਂ ਕਿਸੇ ਦੀ ਵਾਹ ਵਾਹ ਤੇ ਕਿਸੇ ਦੀ ਪੁਣ-ਛਾਣ ਕਰਦੇ। ਕਦੇ ਛਾਣਨਾ ਮੋਟਾ ਤੇ ਕਦੇ ਛਾਨਣੀ ਬਹੁਤ ਬਾਰੀਕ। ਗੱਲ-ਬਾਤ ਦੇ ਰੰਗ ਵੀ ਬਦਲੀ ਜਾਂਦੇ ਤੇ ਢੰਗ ਵੀ। ਸਾਰਾ ਕੁਝ ਬਹੁਤ ਹੀ ਕੀਲਵਾਂ ਹੁੰਦਾ। ਗੱਲ ਵਿੱਚੋਂ ਗੱਲ ਨਿਕਲੀ ਜਾਂਦੀ। ਪਿੰਡ ਛੋਟੇ ਹੋਣ ਉੱਥੇ ਵੀ ਅਜਿਹੀਆਂ ਬੈਠਕਾਂ ਆਮ ਲੱਗਦੀਆਂ ਹਨ। ਪਿਛਲੇ ਸਾਲ ਤੋਂ ਇਨ੍ਹਾਂ ਬੈਠਕਾਂ ਦੇ ਢੰਗ ਨਿਰਾਲੇ ਹੋਣ ਲੱਗੇ। ਫੁਰਸਤ ਮਿਲਣ ’ਤੇ ਜੁਆਨ, ਅਧਖੜ, ਪੜ੍ਹੇ ਲਿਖੇ ਤੇ ਅਧਪੜ੍ਹ, ਡੂੰਘੀਆਂ ਸਮਝਾਂ ਵਾਲੇ ਤੇ ਜੋਸ਼ ਤੇ ਜਜ਼ਬੇ ਨਾਲ ਲਬੋ-ਲਬ ਵੀ, ਇਨ੍ਹਾਂ ਬੈਠਕਾਂ ਦਾ ਹਿੱਸਾ ਬਣਨ ਲੱਗੇ। ਕਈ ਅਖ਼ਬਾਰ ਵੀ ਉੱਥੇ ਹੁੰਦੇ। ਚਰਚਾ ਬਸ ਕਿਸਾਨਾਂ ਦੇ ਮੁੱਦੇ ’ਤੇ ਹੀ ਹੁੰਦੀ। ਗੰਭੀਰ ਚਰਚਾਵਾਂ ਹੁੰਦੀਆਂ। ਪਹਿਲਾਂ ਲੱਗੇ ਮੋਰਚਿਆਂ ਦੇ ਅਨੁਭਵੀ ਬੰਦੇ ਅਤੇ ਰਾਜਨੀਤਕ ਤੌਰ ’ਤੇ ਵਾਹਵਾ ਸਜੱਗ ਬੰਦੇ ਕਈ ਹੁੰਦੇ। ਬੜੇ ਧਿਆਨ ਨਾਲ ਸੁਣਨ ਵਾਲੇ ਵੀ ਬਹੁਤ ਹੁੰਦੇ। ਨਿਤ ਸਕੀਮਾਂ ਬਣਦੀਆਂ ਕਿ ਮੋਰਚਾ ਕਿਵੇਂ ਮਜ਼ਬੂਤ ਹੋਵੇ। ਕਈ ਮੋਬਾਈਲ ਤੋਂ ਮੋਰਚੇ ਦੀਆਂ ਵੀਡੀਓ ਸੁਣਾਉਂਦੇ, ਵਿਖਾਉਂਦੇ। ਇਨ੍ਹਾਂ ਬੈਠਕਾਂ ਦੀ ਖਿੱਚ ਇੰਨੀ ਹੁੰਦੀ ਕਿ ਹਰ ਕੋਈ ਆਪਣੇ ਕੰਮ ਮੁਕਾ ਕੇ ਇੱਥੇ ਆ ਪਹੁੰਚਦਾ।
ਇਨ੍ਹਾਂ ਬੈਠਕਾਂ ਵਿੱਚ ਹੁੰਦੀ ਵਿਚਾਰ-ਚਰਚਾ ਫਿਰ ਹਰ ਘਰ ਵਿੱਚ ਜਾਂਦੀ। ਘਰੇਲੂ ਔਰਤਾਂ ਨਵੇਂ ਤੋਂ ਨਵੇਂ ਸੁਝਾਅ ਦਿੰਦੀਆਂ। ਫਿਰ ਤਾਂ ਇੰਜ ਜਾਪਦਾ ਜਿਵੇਂ ਸਾਰਾ ਪਿੰਡ ਹੀ ਮੋਰਚੇ ਦੇ ਰੰਗ ਵਿੱਚ ਰੰਗਿਆ ਹੁੰਦਾ ਹੈ। ਹਰ ਕੋਈ ਮੋਰਚੇ ਵਾਲੀ ਥਾਂ ਜਾਣ ਲਈ ਕਾਹਲਾ ਹੁੰਦਾ। ਇੱਕ ਪੜਾਅ ਉੱਤੇ ਔਰਤਾਂ ਵੀ ਉੱਥੇ ਜਾਣ ਦੇ ਪ੍ਰੋਗਰਾਮ ਬਣਾਉਣ ਲੱਗੀਆਂ। ਹਰੇਕ ਨੂੰ ਜਾਪਦਾ ਜਿਵੇਂ ਉਨ੍ਹਾਂ ਦੀ ਹੋਂਦ ਹੀ ਖ਼ਤਰੇ ਵਿੱਚ ਪਈ ਹੁੰਦੀ ਹੈ। ਉਨ੍ਹਾਂ ਨੂੰ ਅਗਲੀ ਪੀੜ੍ਹੀ ਦਾ ਭਵਿੱਖ ਧੁੰਦਲਾ ਹੁੰਦਾ ਜਾਪਦਾ। ਵਾਰੀ ਬੰਨ੍ਹ ਬੰਨ੍ਹ ਕਿਸਾਨ ਜਾਂਦੇ। ਉੱਥੇ ਲਈ ਖਾਣ-ਪੀਣ ਤੇ ਹੋਰ ਲੋੜੀਂਦੀਆਂ ਚੀਜ਼ਾਂ ਇਕੱਠੀਆਂ ਕਰਨ ਲਈ ਟੋਲੀਆਂ ਬਣ ਜਾਂਦੀਆਂ। ਸਾਰੇ ਕਹਿੰਦੇ ਕਿ ਕਿਸਾਨ ਮੋਰਚੇ ਵਿੱਚ ਨਾ ਬੰਦਿਆਂ ਦੀ ਥੁੜ ਹੋਣ ਦੇਣੀ ਹੈ ਨਾ ਲੋੜੀਂਦੀਆਂ ਚੀਜ਼ਾਂ ਦੀ। ਫਿਰ ਤਾਂ ਇੰਜ ਲੱਗਦਾ ਕਿ ਸਾਰਾ ਪਿੰਡ ਹੀ ਉਸ ਮੋਰਚੇ ਦਾ ਭਾਗ ਹੁੰਦਾ। ਗੁਰਦੁਆਰੇ ਦੇ ਗ੍ਰ੍ਰੰਥੀ ਵੀ ਗੁਰਬਾਣੀ ਵਿੱਚੋਂ ਉਹ ਤੁਕਾਂ ਠਰੰਮੇ ਨਾਲ ਪੜ੍ਹ ਕੇ ਸੁਣਾਉਂਦੇ, ਜਿਨ੍ਹਾਂ ਵਿੱਚ ‘ਕਿਰਸਾਣ’ ਸ਼ਬਦ ਆਇਆ ਹੁੰਦਾ। ਨਾਲ ਹੀ ਦੱਸਦੇ ਕਿ ਹੁਣ ‘ਕਿਸਾਨ’ ਸ਼ਬਦ ਜ਼ਿਆਦਾ ਪ੍ਰਚੱਲਿਤ ਹੋ ਗਿਆ।
ਪਿੰਡਾਂ ਵਿੱਚ ਸਾਂਝੇ ਕੰਮਾਂ ਲਈ ਪਹਿਲਾਂ ਵੀ ‘ਢਾਲ’ ਲਾ ਦਿੱਤੀ ਜਾਂਦੀ, ‘ਉਗਰਾਹੀ’ ਲਈ ਘਰੋ-ਘਰੀ ਜਾਇਆ ਜਾਂਦਾ। ਕਈ ਆਪ ਹੀ ਇਮਦਾਦ ਦੇਣ ਲਈ ਬਹੁੜਦੇ। ਚੇਤਨਾ ਇੰਨੀ ਹੋ ਗਈ ਕਿ ਪੈਸੇ-ਪੈਸੇ ਦਾ ਹਿਸਾਬ ਰੱਖਿਆ ਜਾਂਦਾ। ਸਭ ਇੱਕ-ਦੂਜੇ ਦਾ ਭਰੋਸਾ ਕਰਦੇ ਤੇ ਆਪ ਵੀ ਯਤਨ ਕਰਦੇ ਕਿ ਕੋਈ ਉਲਾਂਭਾ ਨਹੀਂ ਆਉਣ ਦੇਣਾ। ਕਿਸਾਨ ਮੋਰਚਾ ਹਰ ਕਿਸੇ ਦੀ ਧੜਕਣ ਬਣਿਆ ਹੋਇਆ ਸੀ। ਫਿਰ ਕਮਾਲ ਇਹ ਕਿ ਕੋਈ ਜ਼ੋਰ-ਜਬਰਦਸਤੀ ਨਹੀਂ, ਆਪਣੇ ਆਪਣੇ ਅੰਦਰ ਦਾ ਹੋਕਾ ਹੀ ਕੰਨਾਂ ਨੂੰ ਸੁਣਦਾ। ਕਿਸੇ ਮਿੱਤਰ ਜਾਂ ਰਿਸ਼ਤੇਦਾਰ ਨੂੰ ਦੇਸ਼ ਜਾਂ ਵਿਦੇਸ਼ ਤੋਂ ਕੋਈ ਫੋਨ ਆਉਂਦਾ ਤਾਂ ਵੱਡੀ ਖ਼ਬਰ ਮੋਰਚੇ ਦੀ ਹੀ ਸੁਣੀ-ਸੁਣਾਈ ਜਾਂਦੀ।
ਫਿਰ ਤਾਂ ਜਿਵੇ ਜਿਵੇਂ ਮੋਰਚਾ ਪੱਕੇ ਪੈਰੀਂ ਹੁੰਦਾ ਗਿਆ, ਇਸ ਭਖ ਤੋਂ ਸਾਰਿਆਂ ਦਾ ਚਾਅ ਦੂਣ-ਸਵਾਇਆ ਹੋਣ ਲੱਗਿਆ। ਇੱਕ ਅਨੋਖਾ ਵਰਤਾਰਾ ਇਹ ਕਿ ਹਰ ਕੋਈ ਆਪਣੀ-ਆਪਣੀ ਸਮਝ ਅਨੁਸਾਰ ਗੁਰੂਆਂ, ਸੰਤਾਂ, ਭਗਤਾਂ, ਸ਼ਹੀਦਾਂ ਤੇ ਦੇਸ਼-ਭਗਤਾਂ ਦੇ ਪ੍ਰਸੰਗ ਤੇ ਸਾਕੇ ਇੱਕ-ਦੂਜੇ ਨੂੰ ਸੁਣਾਉਣ ਲੱਗਿਆ। ਲੋਕਾਂ ਦਾ ਇਤਿਹਾਸ ਜਾਣੋ ਜਾਗ ਪਿਆ ਤੇ ਪ੍ਰੇਰਨਾ ਦਾ ਵੱਡਾ ਸੋਮਾ ਬਣਨ ਲੱਗਿਆ। ਨਾਲ ਸਭ ਨੂੰ ਪੱਕੀ ਕੀਤੀ ਜਾਣ ਲੱਗੀ ਕਿ ਧੀਰਜ ਰੱਖਣੈ, ਸ਼ਾਂਤੀ, ਸਦ-ਭਾਵਨਾ ਤੇ ਸਹਿਯੋਗ ਨੂੰ ਵਧਾਉਣਾ ਹੈ। ਅੱਗਾਂ ਲਾਉਣ ਤੇ ਚੁੱਕ-ਥੱਲ ਕਰਨ ਵਾਲਿਆਂ ਤੋਂ ਖ਼ਬਰਦਾਰ ਰਹਿਣਾ ਹੈ। ਜਿਹੜੇ ਮੋਰਚੇ ਉੱਤੇ ਗਏ ਹਨ, ਉਨ੍ਹਾਂ ਦੇ ਘਰਾਂ ਤੇ ਖੇਤਾਂ ਦੀ ਜ਼ਿੰਮੇਵਾਰੀ ਸਾਂਭਣੀ ਹੈ।
ਹਰ ਉਮਰ ਦੇ ਲੋਕ ਜੱਦੋਜਹਿਦ ਦੀ ਭਾਵਨਾ ਤੇ ਚਾਅ ਨਾਲ ਭਰ ਗਏ। ਕਦੇ ਕਦੇ ਕੋਈ ਨਵੀਂ ਗੱਲ ਉਸ ਬੈਠਕ ਵਿੱਚ ਆ ਸੁਣਾਉਂਦਾ। ਇੱਕ ਦਿਨ ਪਿੰਡ ਦੇ ਬਜ਼ੁਰਗ ਮਾਸਟਰ ਜੀ ਖੁੰਡੀ ਖੜਕਾਉਂਦੇ ਆ ਗਏ। ਕਹਿੰਦੇ ਅੱਜ ਇੱਕ ਸੋਹਣੀ ਗੱਲ ਸੁੱਝੀ ਹੈ। ਮਿਰਜ਼ਾ ਗ਼ਾਲਬਿ ਦਾ ਇੱਕ ਸ਼ਿਅਰ ਯਾਦ ਆ ਗਿਆ : ‘ਮਿਹਰਬਾਂ ਹੋ ਕੇ ਬੁਲਾ ਲੋ ਮੁਝੇ ਚਾਹੋ ਜਿਸ ਵਕਤ, ਮੈਂ ਗਯਾ ਵਕਤ ਨਹੀਂ ਹੂੰ ਕਿ ਫਿਰ ਆ ਨਾ ਸਕੂੰ।’ ਫਿਰ ਸਮਝਾਉਣ ਲੱਗੇ, ਸਾਡੀ ਧਰਤੀ ਦੇ ਮਹਾਨ ਨਾਇਕ, ਕੁਰਬਾਨੀਆਂ ਦੇਣ ਵਾਲੇ ਤੇ ਹੋਰ ਸਾਰੇ ਜਿਨ੍ਹਾਂ ਤੋਂ ਅਸੀਂ ਪ੍ਰੇਰਨਾ ਲੈਣੀ ਹੁੰਦੀ ਹੈ, ਉਹ ਸਾਡੇ ਹਿਰਦਿਆਂ ਵਿੱਚ ਹੀ ਵੱਸਦੇ ਹਨ। ਉਨ੍ਹਾਂ ਨੂੰ ਯਾਦ ਹੀ ਕਰਨਾ ਹੁੰਦਾ ਹੈ। ਫਿਰ ਸਮਰੱਥਾ ਦਾ ਕੋਈ ਅੰਤ ਨਹੀਂ ਰਹਿੰਦਾ। ਕਿਸਾਨ ਮੋਰਚੇ ਵਿੱਚ ਇਨ੍ਹਾਂ ਮਹਾਂਪੁਰਖਾਂ ਨੂੰ ਮੁੜ ਮੁੜ ਯਾਦ ਕੀਤਾ ਜਾਂਦਾ।
ਮੋਰਚਾ ਫ਼ਤਿਹ ਹੋ ਗਿਆ। ਤਦ ਸੰਜੀਦਾ ਵਿਚਾਰਾਂ ਹੋਣ ਲੱਗੀਆਂ। ਅਵੇਸਲੇ ਨਹੀਂ ਹੋਣਾ। ਇਹ ਤਾਂ ਇੱਕ ਪੜਾਅ ਸੀ। ਜਾਚ ਤਾਂ ਹੁਣ ਆਈ ਹੈ ਆਪਣੇ ਮਸਲਿਆਂ ਨੂੰ ਤਹਿ-ਦਰ-ਤਹਿ ਸਮਝਣ ਦੀ। ਜ਼ਿੰਦਗੀ ਇੱਕ ਲੰਮਾ ਸੰਘਰਸ਼ ਹੈ। ਕਿਸਾਨ ਨੂੰ ਤਾਂ ਨਿੱਤ ਨਵੀਂ ਲੜਾਈ ਲੜਨੀ ਪੈਂਦੀ ਹੈ। ਸਾਡੀਆਂ ਤਾਂ ਹੁਣ ਅੱਖਾਂ ਖੁੱਲ੍ਹੀਆਂ ਹਨ। ਹੁਣ ਜ਼ਮਾਨਾ ਜਾਗਦੇ ਰਹਿਣ ਦਾ ਹੈ। ਇਕੱਠੇ ਹੋ ਕੇ, ਸਹਿਯੋਗ ਦੀ ਭਾਵਨਾ ਨਾਲ ਆਪਣੇ ਪੇਚੀਦਾ ਮਸਲੇ ਆਪ ਸੁਲਝਾਉਣੇ ਹਨ। ਵਾਹ! ਮੋਰਚੇ ਦੀ ਅਗਵਾਈ ਕਰਨ ਵਾਲਿਆਂ ਦੀ ਲੋਹੜੇ ਦੀ ਸਿਆਣਪ ਵੇਖਣ ਨੂੰ ਮਿਲੀ। ਤਾਂ ਹੀ ਤਾਂ ਹਰ ਵਰਗ ਦੇ ਲੋਕ ਇੱਕ ਜਾਨ ਹੋ ਕੇ ਇਸ ਜੱਦੋਜਹਿਦ ਵਿੱਚ ਸ਼ਾਮਲ ਹੋਏ। ਹੁਣ ਤਾਂ ਲੱਗਦਾ ਹੈ ਕੋਈ ਅਟਕ ਲੁਕਾਈ ਨੂੰ ਅਟਕਾ ਨਹੀਂ ਸਕੇਗਾ। ਪ੍ਰੋ. ਮੋਹਨ ਸਿੰਘ ਦੀਆਂ ਸਤਰਾਂ ਯਾਦ ਆਉਂਦੀਆਂ ਹਨ:
ਤੀਲੀਆਂ ਰਲ ਕੇ ਬਹੁਕਰ ਬਣਨਾ,
ਹੂੰਝ ਦੇਣਾ ਕੱਖ ਕੰਡੜਾ ਵੇ ਹੋ।
ਖਵਾਰ ਹੋਏ ਸਭ ਮਿਲਣਗੇ ਆਖ਼ਰ,
ਆਕੀਆਂ ਨੂੰ ਕਰ ਤਗੜਾ ਵੇ ਹੋ।
ਸੰਪਰਕ: 98141-57137