ਮੁੰਬਈ: ਫ਼ਿਲਮਾਂ, ਟੀਵੀ ਅਤੇ ਓਟੀਟੀ ਪਲੇਟਫਾਰਮ ’ਤੇ ਆਪਣੀ ਧਾਂਕ ਜਮਾਉਣ ਵਾਲੀ ਬੌਲੀਵੁੱਡ ਦੀ ‘ਰਾਣੀ’ ਏਕਤਾ ਕਪੂਰ ਦਾ ਕਹਿਣਾ ਹੈ ਕਿ ਜਿਨਸੀ ਸਬੰਧਾਂ ਬਾਰੇ ਔਰਤ ਦੀਆਂ ਇਛਾਵਾਂ ਨੂੰ ਜ਼ਿਆਦਾਤਰ ਦੇਸ਼ਾਂ ’ਚ ਪਾਪ ਸਮਝਿਆ ਜਾਂਦਾ ਹੈ। ਏਕਤਾ ਨੇ ਆਖਿਆ ਕਿ ਫ਼ਿਲਮ ‘ਲਿਪਸਟਿਕ ਅੰਡਰ ਬੁਰਕਾ, ਦਿ ਡਰਟੀ ਪਿਕਚਰ ਅਤੇ ਡੌਲੀ ਕਿਟੀ ਔਰ ਵੋਹ ਚਮਕਤੇ ਸਿਤਾਰੇ’ ਵਿੱਚ ਉਸ ਨੇ ਮਹਿਲਾ ਕੇਂਦਰਿਤ ਕਹਾਣੀਆਂ ਸੋਚ ਸਮਝ ਕੇ ਹੀ ਪੇਸ਼ ਕੀਤੀਆਂ ਹਨ। ਏਕਤਾ ਨੇ ਆਖਿਆ,‘‘ਇਹ ਸੋਚਿਆ ਸਮਝਿਆ ਫ਼ੈਸਲਾ ਹੈ। ਜ਼ਿਆਦਾਤਰ ਦੇਸ਼ਾਂ ’ਚ ਔਰਤ ਦੀਆਂ ਜਿਨਸੀ ਸਬੰਧਾਂ ਬਾਰੇ ਇੱਛਾਵਾਂ ਨੂੰ ਪਾਪ ਸਮਝਿਆ ਜਾਂਦਾ ਹੈ। ਇਹ ਵੱਡੀ ਸਮੱਸਿਆ ਹੈ ਅਤੇ ਮੈਨੂੰ ਬਹੁਤ ਵਾਰ ਦੱਸਿਆ ਗਿਆ ਕਿ ਮੈਂ (ਟੀਵੀ ’ਤੇ ਔਰਤਾਂ ਨੂੰ ਸਾੜੀ ਪਹਿਨਾ ਅਤੇ ਸਿੰਧੂਰ ਲਗਵਾ ਕੇ) ਅਜਿਹੇ ਸਫ਼ਰ ਦਾ ਹਿੱਸਾ ਰਹੀ ਹਾਂ। ਮੈਂ ਕਿਸੇ ਨਾ ਕਿਸੇ ਤਰ੍ਹਾਂ ਮੁਲਕ ਵਿੱਚ ਅਜਿਹਾ ਵਿਕਾਸ ਹੋਣ ਤੋਂ ਰੋਕਿਆ ਹੈ। ਮੈਂ ਇਸ ਨਾਲ ਸਹਿਮਤ ਨਹੀਂ ਹਾਂ ਕਿਉਂਕਿ ਮੈਂ ਸਮਝਦੀ ਹਾਂ ਕਿ ਤੈਰਾਕੀ ਸੂਟ ਵਾਂਗ ਸਾੜੀ ਔਰਤ ਦੀ ਪਸੰਦ ਹੈ।’’ ਏਕਤਾ ਨੇ ਆਖਿਆ,‘‘ਮੈਂ ਰੂੜੀਵਾਦੀ ਔਰਤ ਦੀਆਂ ਬਹੁਤ ਸਾਰੀਆਂ ਕਹਾਣੀਆਂ ਬਿਆਨ ਕੀਤੀਆਂ ਹਨ, ਜਿਨ੍ਹਾਂ ਦੇ ਘਰੋਗੀ ਮਸਲੇ ਸਨ ਅਤੇ ਹੁਣ ਉਨ੍ਹਾਂ ਔਰਤਾਂ ਦੀਆਂ ਕਹਾਣੀਆਂ ਦੱਸਣ ਦਾ ਸਮਾਂ ਹੈ ਜਿਨ੍ਹਾਂ ਦੇ ਹੋਰ ਮੁੱਦੇ ਹਨ। ਹਰ ਔਰਤ ਦੀ ਜੀਵਨ ਦੇ ਵੱਖ ਵੱਖ ਪੜਾਵਾਂ ’ਤੇ ਆਪਣੀ ਪਸੰਦ ਹੁੰਦੀ ਹੈ ਅਤੇ ਇਹ ਉਨ੍ਹਾਂ ਦੀ ਪਸੰਦ ਹੈ। ਉਹ ਆਪਣੀ ਪਸੰਦ ਨਾਲ ਚੰਗੀਆਂ ਜਾਂ ਮਾੜੀਆਂ ਨਹੀਂ ਬਣਦੀਆਂ।’’ -ਆਈਏਐੱਨਐੱਸ