ਸੰਦੀਪ ਆਰੀਆ
ਰੁੱਖ ਜੀਵਨ ਦਾ ਆਧਾਰ ਹਨ। ਇਹ ਧਰਤੀ ਦਾ ਸਰਮਾਇਆ ਹਨ। ਇਹ ਜੀਵਨ ਦਾ ਅਨਿੱਖੜਵਾਂ ਅੰਗ ਹਨ। ਇਨ੍ਹਾਂ ਬਗੈਰ ਧਰਤੀ ਉੱਤੇ ਜੀਵਨ ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ। ਰੁੱਖਾਂ ਕਾਰਨ ਹੀ ਮਨੁੱਖ ਨੂੰ ਆਪਣੀਆਂ ਲੋੜਾਂ ਪੂਰੀਆਂ ਕਰਨ ਦੇ ਸਰੋਤ ਪ੍ਰਾਪਤ ਹੁੰਦੇ ਹਨ। ਇਹ ਸਾਨੂੰ ਛਾਂ, ਹਵਾ, ਫ਼ਲ, ਫੁੱਲ, ਲੱਕੜ, ਕਾਗਜ਼, ਰਬੜ, ਜੜੀਆਂ-ਬੂਟੀਆਂ ਆਦਿ ਦਿੰਦੇ ਹਨ। ਇਹ ਸ਼ੁੱਧ ਵਾਤਾਵਰਨ ਲਈ ਅਤਿਅੰਤ ਮਹੱਤਵਪੂਰਨ ਹਨ। ਪਿੱਪਲ, ਬੋਹੜ, ਕਿੱਕਰ, ਅੰਬ, ਟਾਹਲੀ, ਸਫ਼ੈਦਾ, ਪਾਪੂਲਰ ਤੇ ਹੋਰ ਕਈ ਪ੍ਰਕਾਰ ਦੇ ਰੁੱਖ ਮਨੁੱਖ ਨੂੰ ਕਈ ਲਾਭ ਦੇ ਰਹੇ ਹਨ। ਇਨ੍ਹਾਂ ਉੱਤੇ ਕੀਟ ਪ੍ਰਜਾਤੀ ਅਤੇ ਕਈ ਜੀਵ-ਜੰਤੂ ਜਨਮ ਲੈਂਦੇ ਹਨ। ਇਸ ਤਰ੍ਹਾਂ ਰੁੱਖਾਂ ਨਾਲ ਜੀਵ-ਜੰਤੂ ਚੱਕਰ ਵੀ ਜੁੜਿਆ ਹੋਇਆ ਹੈ। ਰੁੱਖ ਧਰਤੀ ਨੂੰ ਸੁੰਦਰ ਬਣਾਉਂਦੇ ਹਨ ਅਤੇ ਰੁੱਖਾਂ ਕਰ ਕੇ ਹੀ ਵਾਤਾਵਰਨ ਸੰਤੁਲਨ ਬਣਿਆ ਹੋਇਆ ਹੈ। ਮਨੁੱਖ ਦੀ ਚੰਗੀ ਸਿਹਤ ਵੀ ਰੁੱਖਾਂ ਉੱਪਰ ਨਿਰਭਰ ਕਰਦੀ ਹੈ। ਰੁੱਖਾਂ ਤੋਂ ਮਨੁੱਖ ਨੂੰ ਕਈ ਪ੍ਰਕਾਰ ਦੀਆਂ ਦਵਾਈਆਂ ਪ੍ਰਾਪਤ ਹੁੰਦੀਆਂ ਹਨ ਜਿਨ੍ਹਾਂ ਨਾਲ ਮਨੁੱਖ ਦੇ ਰੋਗਾਂ ਦਾ ਇਲਾਜ ਕੀਤਾ ਜਾਂਦਾ ਹੈ। ਇਨ੍ਹਾਂ ਤੋਂ ਬਗੈਰ ਵਾਤਾਵਰਨ ਦਾ ਸੰਤੁਲਨ ਵਿਗੜ ਜਾਏਗਾ ਅਤੇ ਧਰਤੀ ’ਤੇ ਤਬਾਹੀ ਫੈਲ ਜਾਏਗੀ। ਮਨੁੱਖ ਵਿਕਾਸ ਦੇ ਨਾਂ ਹੇਠ ਰੁੱਖਾਂ ਦੀ ਬਲੀ ਲੈ ਕੇ ਕੰਕਰੀਟ ਦੇ ਜੰਗਲ ਦਾ ਵਿਸਥਾਰ ਕਰ ਰਿਹਾ ਹੈ। ਜਿਸ ਅਨੁਪਾਤ ਵਿਚ ਰੁੱਖ ਕੱਟੇ ਜਾ ਰਹੇ ਹਨ ਜੇਕਰ ਉਸੇ ਜਾਂ ਉਸ ਤੋਂ ਵੀ ਵੱਧ ਅਨੁਪਾਤ ਵਿਚ ਨਵੇਂ ਰੁੱਖ ਨਾ ਲਗਾਏ ਗਏ ਤਾਂ ਸਾਡੇ ਗ੍ਰਹਿ ਤੋਂ ਜੀਵਨ ਦੀਆਂ ਸੰਭਾਵਨਾਵਾਂ ਖ਼ਤਮ ਹੋ ਜਾਣਗੀਆਂ। ਰੁੱਖ ਕੁਦਰਤ ਦੀ ਉਹ ਦਾਤ ਹਨ ਜਿਸ ਦਾ ਕੋਈ ਬਦਲ ਮੌਜੂਦ ਨਹੀਂ ਹੈ। ਇਹ ਸਾਡੇ ਸਭ ਤੋਂ ਭਰੋਸੇਯੋਗ ਮਿੱਤਰ ਹਨ। ਸਾਡੇ ਦੁਆਰਾ ਲਗਾਇਆ ਗਿਆ ਇਕ ਰੁੱਖ ਸਿਰਫ਼ ਸਾਡੇ ਲਈ ਹੀ ਫਾਇਦੇਮੰਦ ਨਹੀਂ ਹੁੰਦਾ, ਸਗੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਲਾਭ ਪਹੁੰਚਾਉਂਦਾ ਹੈ। ਹਵਾ, ਪਾਣੀ, ਬਾਲਣ, ਖਾਣ-ਪੀਣ ਦੀ ਸਮੱਗਰੀ, ਕੱਪੜੇ, ਜਾਨਵਰਾਂ ਲਈ ਚਾਰਾ ਅਤੇ ਇਮਾਰਤੀ ਲੱਕੜ ਆਦਿ ਸਭ ਕੁਝ ਸਾਨੂੰ ਇਨ੍ਹਾਂ ਤੋਂ ਹੀ ਪ੍ਰਾਪਤ ਹੁੰਦਾ ਹੈ। ਰੁੱਖ ਅਤੇ ਜੰਗਲ ਸਿਰਫ਼ ਮਨੁੱਖ ਲਈ ਹੀ ਅਮੁੱਲ ਨਹੀਂ ਹਨ ਸਗੋਂ ਇਹ ਪੰਛੀਆਂ ਜੰਗਲੀ-ਜੀਵਾਂ ਦੇ ਵੀ ਰੈਣ-ਬਸੇਰੇ ਹਨ। ਇਨ੍ਹਾਂ ਤੋਂ ਬਗੈਰ ਅਸੀਂ ਕੁਦਰਤ ਵੱਲੋਂ ਮਿਲੇ ਰੰਗ-ਬਿਰੰਗੇ ਪੰਛੀਆਂ ਦੇ ਅਨਮੋਲ ਖਜ਼ਾਨੇ ਦੀ ਕਲਪਨਾ ਵੀ ਨਹੀਂ ਕਰ ਸਕਦੇ, ਪਰ ਕੀ ਮਨੁੱਖ ਇਨ੍ਹਾਂ ਕੁਦਰਤੀ ਸਾਧਨਾਂ ਦਾ ਲਾਭ ਹੀ ਲੈਣਾ ਚਾਹੁੰਦਾ ਹੈ ਜਾਂ ਇਨ੍ਹਾਂ ਵਸੀਲਿਆਂ ਦੀ ਸਾਂਭ-ਸੰਭਾਲ ਪ੍ਰਤੀ ਵੀ ਸੁਚੇਤ ਹੈ ? ਵਰਤਮਾਨ ਸਥਿਤੀ ਨੂੰ ਦੇਖ ਕੇ ਇੰਜ ਪ੍ਰਤੀਤ ਹੁੰਦਾ ਹੈ ਕਿ ਅਸੀਂ ਰੁੱਖਾਂ ਨੂੰ ਬਚਾਉਣਾ ਤਾਂ ਚਾਹੁੰਦੇ ਹਾਂ, ਪਰ ਇਸ ਪਾਸੇ ਅਸੀਂ ਉਸ ਪੱਧਰ ’ਤੇ ਤਰੱਦਦ ਨਹੀਂ ਕਰ ਰਹੇ ਜਿੰਨਾ ਕੀਤਾ ਜਾਣਾ ਚਾਹੀਦਾ ਹੈ। ਅਜਿਹੀ ਸਥਿਤੀ ’ਚ ਕੁਦਰਤ ਦਾ ਸੰਤੁਲਨ ਵਿਗੜਦਾ ਜਾਏਗਾ ਅਤੇ ਕੁਦਰਤ ਦੇ ਅਨਮੋਲ ਖਜ਼ਾਨੇ ਅਤੇ ਹੋਰ ਨੇਮਤਾਂ ਸਾਡੇ ਕੋਲੋਂ ਖੁੱਸ ਜਾਣਗੀਆਂ। ਇਸ ਤਰ੍ਹਾਂ ਧਰਤੀ ’ਤੇ ਜੀਵ ਜਗਤ ਦੀ ਹੋਂਦ ਖ਼ਤਰੇ ਵਿਚ ਪੈ ਜਾਵੇਗੀ। ਇਸ ਲਈ ਮਨੁੱਖ ਦਾ ਫ਼ਰਜ਼ ਬਣਦਾ ਹੈ ਕਿ ਉਹ ਵੱਧ ਤੋਂ ਵੱਧ ਪੌਦੇ ਲਗਾਏ ਅਤੇ ਕੁਦਰਤੀ ਵਸੀਲਿਆਂ ਦੀ ਸੰਭਾਲ ਕਰੇ। ਜੇਕਰ ਹਰ ਵਿਅਕਤੀ ਰੁੱਖਾਂ ਦੀ ਸਾਂਭ-ਸੰਭਾਲ ਪ੍ਰਤੀ ਸੁਚੇਤ ਹੋ ਜਾਵੇ ਤਾਂ ਧਰਤੀ ਅਤੇ ਮਨੁੱਖੀ ਜੀਵਨ ਖੁਸ਼ਹਾਲ ਹੋ ਜਾਏਗਾ। ਧਰਤੀ ’ਤੇ ਜੀਵਨ ਪ੍ਰਦਾਨ ਕਰਨ ਵਾਲੀ ਆਕਸੀਜਨ ਅਤੇ ਵਰਖਾ ਦਾ ਮੁੱਖ ਸਾਧਨ ਰੁੱਖ ਹੀ ਹਨ। ਇਸੇ ਕਰਕੇ ਰੁੱਖਾਂ ਨੂੰ ਹਰਾ ਸੋਨਾ ਵੀ ਕਿਹਾ ਜਾਂਦਾ ਹੈ। ਰੁੱਖਾਂ ਤੋਂ ਬਿਨਾਂ ਆਕਸੀਜਨ ਦੇਣ ਦਾ ਕੰਮ ਕੋਈ ਹੋਰ ਨਹੀਂ ਕਰ ਸਕਦਾ। ਇਨ੍ਹਾਂ ਬਿਨਾਂ ਪਾਣੀ ਦੀ ਕਲਪਨਾ ਕਰਨਾ ਮੁਸ਼ਕਲ ਹੀ ਨਹੀਂ ਸਗੋਂ ਅਸੰਭਵ ਹੈ। ਇਹ ਹਾਨੀਕਾਰਕ ਰਸਾਇਣਾਂ ਨੂੰ ਛਾਣ ਕੇ ਪਾਣੀ ਨੂੰ ਵੀ ਸਾਫ਼ ਕਰਦੇ ਹਨ। ਉਦਯੋਗਾਂ ’ਚ ਵੀ ਰੁੱਖਾਂ ਦਾ ਮਹੱਤਵਪੂਰਨ ਯੋਗਦਾਨ ਰਹਿੰਦਾ ਹੈ। ਸਾਡੇ ਰੋਜ਼ਾਨਾ ਜੀਵਨ ’ਚ ਪ੍ਰਯੋਗ ਹੋਣ ਵਾਲੀਆਂ ਵਸਤੂਆਂ ਦੇ ਨਿਰਮਾਣ ’ਚ ਵੀ ਇਨ੍ਹਾਂ ਦਾ ਮਹੱਤਵਪੂਰਨ ਯੋਗਦਾਨ ਹੁੰਦਾ ਹੈ। ਅੱਜਕਲ੍ਹ ਹਵਾ ਪ੍ਰਦੂਸ਼ਣ ਕਰਕੇ ਸਾਹ ਨਾਲ ਸਬੰਧਤ ਅਤੇ ਹੋਰ ਕਈ ਤਰ੍ਹਾਂ ਦੀਆਂ ਬਿਮਾਰੀਆਂ ਫੈਲ ਰਹੀਆਂ ਹਨ। ਜੇਕਰ ਅਸੀਂ ਰੁੱਖਾਂ ਦੀ ਸੰਭਾਲ ਕਰਾਂਗੇ ਅਤੇ ਵੱਧ ਪੌਦੇ ਲਗਾਵਾਂਗੇ ਤਾਂ ਹਵਾ ਸ਼ੁੱਧ ਰਹੇਗੀ ਅਤੇ ਇਸ ਨਾਲ ਬਿਮਾਰੀਆਂ ’ਤੇ ਵੀ ਰੋਕ ਲੱਗੇਗੀ। ਇਸ ਤਰ੍ਹਾਂ ਏਅਰ-ਕੰਡੀਸ਼ਨਰਾਂ ’ਚੋਂ ਨਿਕਲਣ ਵਾਲੀਆਂ ਹਾਨੀਕਾਰਕ ਗੈਸਾਂ ਦੇ ਬੁਰੇ ਪ੍ਰਭਾਵਾਂ ’ਤੇ ਵੀ ਰੋਕ ਲੱਗੇਗੀ। ਹਵਾ ਕੁਦਰਤੀ ਰੂਪ ’ਚ ਸਾਫ਼ ਅਤੇ ਸ਼ੁੱਧ ਪ੍ਰਾਪਤ ਹੋਵੇਗੀ। ਰੁੱਖਾਂ ਦੀਆਂ ਜੜਾਂ ਮਿੱਟੀ ਨੂੰ ਮਜ਼ਬੂਤੀ ਨਾਲ ਬੰਨ੍ਹ ਕੇ ਰੱਖਦੀਆਂ ਹਨ, ਇਸ ਤਰ੍ਹਾਂ ਰੁੱਖ ਭੌਂ-ਖੁਰ ਨੂੰ ਰੋਕਣ ’ਚ ਮਦਦ ਕਰਦੇ ਹਨ। ਇਸ ਤਰ੍ਹਾਂ ਜ਼ਮੀਨ ਵਰਖਾ ਦੇ ਪਾਣੀ ਨੂੰ ਚੰਗੀ ਤਰ੍ਹਾਂ ਸੋਖ ਲੈਂਦੀ ਹੈ ਅਤੇ ਇਹ ਪਾਣੀ ਮਨੁੱਖ ਦੀ ਪਿਆਸ ਬੁਝਾਉਂਦਾ ਹੈ। ਜੇਕਰ ਧਰਤੀ ’ਤੇ ਰੁੱਖਾਂ ਵਰਗਾ ਖਜ਼ਾਨਾ ਘੱਟ ਹੁੰਦਾ ਗਿਆ ਤਾਂ ਆਲਮੀ ਤਪਿਸ਼ ਅਤੇ ਸੋਕੇ ਵਰਗੀਆਂ ਸਮੱਸਿਆਵਾਂ ਵਿਕਰਾਲ ਰੂਪ ਧਾਰਨ ਕਰਨ ਲੈਣਗੀਆਂ। ਜੇਕਰ ਅਸੀਂ ਇਨ੍ਹਾਂ ਸਮੱਸਿਆਵਾਂ ਤੋਂ ਬਚਣਾ ਚਾਹੁੰਦੇ ਹਾਂ ਤਾਂ ਹਾਲੇ ਵੀ ਸਮਾਂ ਹੈ ਕਿ ਅਸੀਂ ਰੁੱਖਾਂ ਵਰਗੀ ਦਾਤ ਦੀ ਸਾਂਭ-ਸੰਭਾਲ ਕਰ ਲਈਏ। ਜੇਕਰ ਅਸੀਂ ਅੱਜ ਰੁੱਖਾਂ ਨੂੰ ਸੰਭਾਲਣ ਲਈ ਯਤਨ ਕਰਾਂਗੇ ਤਾਂ ਹੀ ਆਉਣ ਵਾਲੀ ਪੀੜ੍ਹੀ ਨੂੰ ਇਸ ਦਿਸ਼ਾ ਵਿਚ ਕੰਮ ਕਰਨ ਦੀ ਪ੍ਰੇਰਨਾ ਹਾਸਲ ਹੋਵੇਗੀ। ਜੇਕਰ ਘਰ ਵਿਚ ਖ਼ੁਸ਼ੀ ਦੇ ਮੌਕਿਆਂ ’ਤੇ ਅਸੀਂ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਦਾ ਪ੍ਰਣ ਕਰ ਲਈਏ ਤਾਂ ਇਹ ਮਨੁੱਖਤਾ ਦੀ ਮਹਾਨ ਸੇਵਾ ਹੋਵੇਗੀ। ਸਾਡੀ ਸੱਭਿਅਤਾ ਵਿਚ ਤਾਂ ਉਂਜ ਵੀ ਰੁੱਖਾਂ ਦੀ ਪੂਜਾ ਕੀਤੀ ਜਾਂਦੀ ਹੈ। ਰੁੱਖਾਂ ਦੀ ਪੂਜਾ ਕਰਨ ਵਾਲਾ ਮਨੁੱਖ ਰੁੱਖਾਂ ਦਾ ਦੁਸ਼ਮਣ ਕਿਵੇਂ ਹੋ ਸਕਦਾ ਹੈ? ਇਸ ਲਈ ਵਿਕਾਸ ਦੇ ਨਾਂ ’ਤੇ ਜੇਕਰ ਰੁੱਖਾਂ ਦੀ ਬਲੀ ਲਈ ਜਾ ਰਹੀ ਹੈ ਤਾਂ ਉਸ ਦੇ ਬਦਲੇ ਇਹ ਨਿਸ਼ਚਿਤ ਕੀਤਾ ਜਾਣਾ ਚਾਹੀਦਾ ਹੈ ਕਿ ਵਾਤਾਵਰਨ ਦਾ ਸੰਤੁਲਨ ਬਣਾਈ ਰੱਖਣ ਲਈ ਹੋਰ ਪੌਦੇ ਲਗਾਏ ਜਾਣ। ਇਹ ਕੁਦਰਤ ਵੱਲੋਂ ਪ੍ਰਾਪਤ ਹੋਏ ਵਰਦਾਨ ਹਨ। ਇਹ ਸਿਰਫ਼ ਹਰਿਆਲੀ, ਫੁੱਲ ਅਤੇ ਫ਼ਲ ਹੀ ਪ੍ਰਦਾਨ ਨਹੀਂ ਕਰਦੇ ਸਗੋਂ ਸਾਨੂੰ ਸਿਹਤਮੰਦ ਰੱਖਣ ’ਚ ਵੀ ਸਾਡੇ ਮਿੱਤਰ ਸਾਬਤ ਹੁੰਦੇ ਹਨ। ਵਿਗਿਆਨੀਆਂ ਅਨੁਸਾਰ ਰੁੱਖ ਅਤੇ ਪੌਦੇ ਮਨੁੱਖ ਨੂੰ ਸਿਹਤਮੰਦ ਅਤੇ ਖ਼ੁਸ਼ ਰੱਖਣ ’ਚ ਮਦਦਗਾਰ ਹੁੰਦੇ ਹਨ। ਇਹ ਕੁਦਰਤੀ ਤੌਰ ’ਤੇ ‘ਅਵਸਾਦ ਰੋਧੀ’ ਜਾਂ ‘ਨਿਰਾਸ਼ਾ ਰੋਧੀ’ ਵਜੋਂ ਕੰਮ ਕਰਦੇ ਹਨ। ਜਪਾਨ ’ਚ ਲੋਕ ਜੰਗਲਾਂ ’ਚ ਜਾ ਕੇ ‘ਫਾਰੈਸਟ ਬਾਥਿੰਗ’ ਕਰਦੇ ਹਨ। ਲੋਕ ਆਪਣੇ ਰੋਜ਼ਾਨਾ ਜੀਵਨ ਦੇ ਕੁਝ ਪਲ ਜੰਗਲਾਂ ’ਚ ਜਾ ਕੇ ਸ਼ਾਂਤੀ ਨਾਲ ਰੁੱਖਾਂ ਅਤੇ ਪੌਦਿਆਂ ਨਾਲ ਬਿਤਾਉਂਦੇ ਹਨ। ਸ਼ਾਇਦ ਇਸੇ ਕਰਕੇ ਜਪਾਨੀ ਲੋਕ ਖ਼ੁਸ਼ੀਆਂ ਭਰਿਆ ਅਤੇ ਸਿਹਤਮੰਦ ਜੀਵਨ ਜਿਉਂਦੇ ਹਨ। ਤਾਓਵਾਦ ’ਚ ਵੀ ਰੁੱਖਾਂ ਦੀ ਵਡਿਆਈ ਕੀਤੀ ਗਈ ਹੈ। ਤਾਓਵਾਦ ’ਚ ਰੁੱਖਾਂ ਅਤੇ ਪੇੜ-ਪੌਦਿਆਂ ਦਰਮਿਆਨ ਬੈਠ ਕੇ ਧਿਆਨ ਲਗਾਉਣ ਦੀ ਪਰੰਪਰਾ ਰਹੀ ਹੈ। ਆਯੁਰਵੇਦ ਮਨ ਦੀ ਪ੍ਰਸੰਨਤਾ ਨੂੰ ਚੰਗੀ ਸਿਹਤ ਦਾ ਆਧਾਰ ਮੰਨਦਾ ਹੈ। ਰੁੱਖ ਮਨ ਨੂੰ ਪ੍ਰਸੰਨ ਰੱਖਦੇ ਹਨ। ਆਯੁਰਵੇਦ ’ਚ ਵੀ ਰੁੱਖਾਂ ਦੇ ਮਹੱਤਵ ਦਾ ਵਰਨਣ ਕੀਤਾ ਗਿਆ ਹੈ। ਇਹ ਮੰਨਿਆ ਜਾਂਦਾ ਹੈ ਕਿ ਰੁੱਖ ਸਾਡੀ ਅੰਦਰੂਨੀ ਨਕਾਰਾਤਮਕ ਊਰਜਾ ਨੂੰ ਸੋਖ ਲੈਂਦੇ ਹਨ। ਜੇਕਰ ਅਸੀਂ ਰੁੱਖਾਂ ਨੂੰ ‘ਨੈਚੂਰਲ ਹੀਲਰ’ ਕਹੀਏ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ। ਅਮਰੀਕੀ ਵਿਗਿਆਨੀ ਨੇ ਆਪਣੀ ਖੋਜ ਰਾਹੀਂ ਇਹ ਸਿੱਧ ਕੀਤਾ ਹੈ ਕਿ ਜਿਨ੍ਹਾਂ ਖੇਤਰਾਂ ਵਿਚ ਰੁੱਖਾਂ ਦੀ ਅੰਨ੍ਹੇਵਾਹ ਕਟਾਈ ਕੀਤੀ ਗਈ ਹੈ, ਉੱਥੇ ਹਿਰਦੇ ਅਤੇ ਸਾਹ ਦੇ ਰੋਗਾਂ ਨਾਲ ਹੋਣ ਵਾਲੀਆਂ ਮੌਤਾਂ ਦੀ ਦਰ ਉਨ੍ਹਾਂ ਖੇਤਰਾਂ ਨਾਲੋਂ ਵੱਧ ਹੈ, ਜਿੱਥੇ ਰੁੱਖਾਂ ਅਤੇ ਜੰਗਲਾਂ ਦਾ ਕੋਈ ਨੁਕਸਾਨ ਨਹੀਂ ਕੀਤਾ ਗਿਆ। ਅਮਰੀਕੀ ਖੇਤੀ ਵਿਭਾਗ ਅਨੁਸਾਰ ‘ਜੰਗਲ ਦਾ ਇਕ ਏਕੜ 6 ਟਨ ਕਾਰਬਨ ਡਾਈਆਕਸਾਈਡ ਨੂੰ ਸੋਖ ਲੈਂਦਾ ਹੈ ਅਤੇ 4 ਟਨ ਆਕਸੀਜਨ ਪੈਦਾ ਕਰਦਾ ਹੈ। ਇਹ 18 ਲੋਕਾਂ ਲਈ ਆਕਸੀਜਨ ਦੀ ਸਾਲਾਨਾ ਜ਼ਰੂਰਤ ਨੂੰ ਪੂਰਾ ਕਰਨ ਲਈ ਕਾਫ਼ੀ ਹੈ।’ ਰੁੱਖ ਅਤੇ ਜੰਗਲ ਹਾਨੀਕਾਰਕ ਗੈਸਾਂ ਨੂੰ ਸੋਖ ਕੇ ਹਵਾ ਨੂੰ ਫਿਲਟਰ ਕਰਦੇ ਹਨ। ਰੁੱਖਾਂ ਤੋਂ ਪੱਤੇ ਟੁੱਟ ਕੇ ਮਿੱਟੀ ’ਚ ਮਿਲ ਕੇ ਖਾਦ ਦਾ ਕੰਮ ਕਰਦੇ ਹਨ ਅਤੇ ਮਿੱਟੀ ਨੂੰ ਉਪਜਾਊ ਬਣਾਉਂਦੇ ਹਨ। ਉਪਜਾਊ ਮਿੱਟੀ ਤੋਂ ਚੰਗੀ ਫ਼ਸਲ ਪ੍ਰਾਪਤ ਹੁੰਦੀ ਹੈ। ਇਸ ਤਰ੍ਹਾਂ ਰੁੱਖ ਸਾਡੇ ਮਹਾਨ ਦੋਸਤ ਹੋਣ ਦਾ ਸਬੂਤ ਦਿੰਦੇ ਹਨ। ਅਫ਼ਸੋਸ ਅੱਜ ਦਾ ਮਨੁੱਖ ਲਾਲਚ ਵਸ ਹੋ ਕੇ ਧਰਤੀ ਤੋਂ ਰੁੱਖਾਂ ਨੂੰ ਖ਼ਤਮ ਕਰ ਰਿਹਾ ਹੈ। ਮਨੁੱਖੀ ਹੋਂਦ ਲਈ ਰੁੱਖਾਂ ਦੀ ਸੰਭਾਲ ਬਹੁਤ ਜ਼ਰੂਰੀ ਹੈ। ਜੇਕਰ ਮਨੁੱਖ ਨੇ ਇਸ ਅਨਮੋਲ ਖਜ਼ਾਨੇ ਦੀ ਸੰਭਾਲ ਸਮਾਂ ਰਹਿੰਦੇ ਨਾ ਕੀਤੀ ਤਾਂ ਸਮੁੱਚਾ ਮਨੁੱਖੀ ਜੀਵਨ ਹੀ ਖ਼ਤਰੇ ਵਿਚ ਪੈ ਜਾਵੇਗਾ। ਰੁੱਖਾਂ ਦੀ ਕੀਤੀ ਜਾ ਰਹੀ ਅੰਨ੍ਹੇਵਾਹ ਕਟਾਈ ਕਾਰਨ ਅੱਜ ਮੌਸਮ ਦਾ ਸੰਤੁਲਨ ਵਿਗੜ ਗਿਆ ਹੈ ਅਤੇ ਇਸ ਦੇ ਨਾਲ ਹੀ ਵਾਤਾਵਰਨ ’ਚ ਪ੍ਰਦੂਸ਼ਣ ਵੀ ਵਧ ਗਿਆ ਹੈ। ਕੁਦਰਤ ਨੇ ਮਨੁੱਖ ਨੂੰ ਹੀ ਬੁੱਧੀ ਅਤੇ ਵਿਵੇਕ ਪ੍ਰਦਾਨ ਕੀਤਾ ਹੈ। ਜੇਕਰ ਮਨੁੱਖ ਇਸ ਬੁੱਧੀ ਦਾ ਪ੍ਰਯੋਗ ਵਿਕਾਸ ਦੇ ਨਾਂ ਹੇਠ ਕੁਦਰਤ ਨੂੰ ਨੁਕਸਾਨ ਪਹੁੰਚਾਉਣ ’ਚ ਕਰਦਾ ਹੈ ਤਾਂ ਇਹ ਉਸ ਦੀ ਬੁੱਧੀ ਅਤੇ ਵਿਵੇਕ ’ਤੇ ਸਵਾਲੀਆ ਨਿਸ਼ਾਨ ਹੋਵੇਗਾ। ਇਸ ਲਈ ਸਾਨੂੰ ਇਹ ਪ੍ਰਣ ਲੈਣਾ ਚਾਹੀਦਾ ਹੈ ਕਿ ਅਸੀਂ ਨਾ ਸਿਰਫ਼ ਆਪਣੇ ਲਈ ਸਗੋਂ ਆਉਣ ਵਾਲੀਆਂ ਪੀੜ੍ਹੀਆਂ ਲਈ ਰੁੱਖ ਲਗਾਵਾਂਗੇ ਅਤੇ ਉਨ੍ਹਾਂ ਦੀ ਸਾਂਭ-ਸੰਭਾਲ ਵੀ ਕਰਾਂਗੇ। ਮੌਸਮ ਵਿਚ ਲਗਾਤਾਰ ਆ ਰਹੀ ਅਸਮਾਨਤਾ ’ਤੇ ਕਾਬੂ ਪਾਉਣ ਲਈ ਵੱਧ ਤੋਂ ਵੱਧ ਪੌਦੇ ਲਗਾਉਣਾ ਸਮੇਂ ਦੀ ਮੁੱਖ ਲੋੜ ਹੈ ਤਾਂ ਕਿ ਉਹ ਰੁੱਖ ਬਣ ਕੇ ਸਾਡੇ ਭਵਿੱਖ ਨੂੰ ਸੋਹਣਾ ਬਣਾ ਸਕਣ।
ਸੰਪਰਕ: 94630-84565