ਹਰਿੰਦਰ ਸਿੰਘ ਗੋਗਨਾ
ਦੀਵਾਲੀ ਦੇ ਤਿਉਹਾਰ ਵਿੱਚ ਅਜੇ ਚਾਰ-ਪੰਜ ਦਿਨ ਰਹਿੰਦੇ ਸਨ। ਸੰਜੂ ਨੇ ਪਾਪਾ ਨੂੰ ਕਿਹਾ, ‘‘ਪਾਪਾ, ਮੈਂ ਇਸ ਵਾਰ ਦੀਵਾਲੀ ’ਤੇ ਵੱਡੇ ਪਟਾਕੇ ਲਵਾਂਗਾ। ਦਸਹਿਰੇ ’ਤੇ ਤੁਸੀਂ ਮੈਨੂੰ ਇੱਕ ਵੀ ਪਟਾਕਾ ਨਹੀਂ ਲੈ ਕੇ ਦਿੱਤਾ।’’
ਪਰ ਸੰਜੂ ਦੇ ਪਾਪਾ ਨੇ ਸਾਫ਼ ਕਹਿ ਦਿੱਤਾ, ‘‘ਬੇਟਾ, ਯਾਦ ਹੈ ਪਿਛਲੀ ਦੀਵਾਲੀ ’ਤੇ ਅਨਾਰ ਬੰਬ ਚਲਾਉਂਦੇ ਸਮੇਂ ਤੇਰਾ ਹੱਥ ਜ਼ਖ਼ਮੀ ਹੋ ਗਿਆ ਸੀ। ਮੈਂ ਤੈਨੂੰ ਚਰਖੀ, ਫੁਲਝੜੀ ਤੇ ਹੋਰ ਨਿੱਕੇ ਬੰਬ ਹੀ ਲੈ ਕੇ ਦੇਣੇ ਹਨ।’’
ਸੰਜੂ ਉਸ ਦਿਨ ਪਾਪਾ ਨਾਲ ਕਾਫ਼ੀ ਦੇਰ ਤੱਕ ਨਾਰਾਜ਼ ਰਿਹਾ। ਉਸ ਦੇ ਦੋਸਤ ਰੌਕੀ ਤੇ ਰੂਬਲ ਨੇ ਉਸ ਨੂੰ ਦੱਸਿਆ ਕਿ ਉਨ੍ਹਾਂ ਦੇ ਪਾਪਾ ਨੇ ਉਨ੍ਹਾਂ ਨੂੰ ਵੱਡੇ ਪਟਾਕੇ ਲੈ ਕੇ ਦੇਣ ਦਾ ਵਾਅਦਾ ਹੀ ਨਹੀਂ ਕੀਤਾ ਸਗੋਂ ਆਪਣੀ ਨਿਗਰਾਨੀ ਵਿੱਚ ਉਹ ਉਨ੍ਹਾਂ ਨਾਲ ਮਿਲ ਕੇ ਪਟਾਕੇ ਚਲਾਉਣਗੇ। ਸੰਜੂ ਦੇ ਮਨ ਵਿੱਚ ਇੱਕ ਸ਼ੈਤਾਨੀ ਖ਼ਿਆਲ ਆਇਆ। ਉਸ ਨੂੰ ਪਤਾ ਸੀ ਕਿ ਉਸ ਦੇ ਪਾਪਾ ਹਰ ਦੀਵਾਲੀ ਦੀ ਰਾਤ ਲੱਛਮੀ ਪੂਜਨ ਮਗਰੋਂ ਆਪਣੇ ਕਈ ਦੋਸਤਾਂ ਦੇ ਘਰ ਮਠਿਆਈ ਤੇ ਵਧਾਈ ਦੇਣ ਜਾਂਦੇ ਹਨ। ਉਹ ਚਾਹੁੰਦਾ ਸੀ ਕਿ ਉਹ ਪਾਪਾ ਦੀ ਗ਼ੈਰ ਮੌਜੂਦਗੀ ਵਿੱਚ ਵੱਡੇ ਧਮਾਕੇ ਵਾਲੇ ਪਟਾਕੇ ਚਲਾ ਲਵੇਗਾ ਤੇ ਪਾਪਾ ਨੂੰ ਪਤਾ ਵੀ ਨਹੀਂ ਚੱਲੇਗਾ। ਪਰ ਹੁਣ ਸਮੱਸਿਆ ਇਹ ਸੀ ਕਿ ਵੱਡੇ ਪਟਾਕਿਆਂ ਲਈ ਤਾਂ ਉਸ ਕੋਲ ਪੈਸੇ ਨਹੀਂ ਸਨ। ਇਸ ਲਈ ਯੋਜਨਾ ਤਹਿਤ ਉਹ ਸ਼ਾਮ ਸਮੇਂ ਪਾਪਾ ਦੀ ਕਿੱਲੀ ’ਤੇ ਟੰਗੀ ਪੈਂਟ ਦੀ ਜੇਬ ਵਿੱਚੋਂ ਪੈਸੇ ਕੱਢਣ ਆਇਆ।
ਅਚਾਨਕ ਉਸ ਦੇ ਪਾਪਾ ਕਮਰੇ ਵਿੱਚ ਆਏ ਤਾਂ ਸੰਜੂ ਘਬਰਾ ਗਿਆ ਤੇ ਜਾਣਬੁੱਝ ਕੇ ਇੱਧਰ ਉੱਧਰ ਦੇਖਣ ਲੱਗਾ। ਫਿਰ ਬਾਹਰ ਚਲਾ ਗਿਆ। ਕੁਝ ਸਮੇਂ ਬਾਅਦ ਉਸ ਨੇ ਦੇਖਿਆ ਕਿ ਪਾਪਾ ਕੰਪਿਊਟਰ ’ਤੇ ਕੁਝ ਟਾਈਪ ਕਰ ਰਹੇ ਹਨ। ਬਸ ਇਹੋ ਮੌਕਾ ਸੀ ਕਿ ਉਸ ਨੇ ਪਾਪਾ ਦੀ ਪੈਂਟ ਦੀ ਜੇਬ ਵਿੱਚ ਰੱਖੇ ਪਰਸ ਵਿੱਚੋਂ ਦੋ ਸੌ ਰੁਪਏ ਦਾ ਨੋਟ ਕੱਢ ਲਿਆ ਤੇ ਫਿਰ ਰੋਟੀ ਖਾ ਕੇ ਸੌਂ ਗਿਆ।
ਅਗਲੀ ਸਵੇਰ ਜਦੋਂ ਉਸ ਦੀ ਅੱਖ ਖੁੱਲ੍ਹੀ ਤਾਂ ਉਸ ਦੇ ਪਾਪਾ ਉਸ ਦੇ ਕੋਲ ਬੈਠੇ ਸਨ ਤੇ ਮੁਸਕਰਾ ਰਹੇ ਸਨ। ਇਹ ਵੇਖ ਕੇ ਸੰਜੂ ਉੱਠ ਕੇ ਬਹਿ ਗਿਆ ਤੇ ਆਖਣ ਲੱਗਾ, ‘‘ਗੁੱਡ ਮੌਰਨਿੰਗ ਪਾਪਾ…ਹੈਪੀ ਦੀਵਾਲੀ।’’
‘‘ਪਰ ਬੇਟਾ, ਇਸ ਵਾਰ ਦੀ ਦੀਵਾਲੀ ਮੇਰੇ ਲਈ ਖ਼ੁਸ਼ੀ ਵਾਲੀ ਨਹੀਂ।’’ ਸੰਜੂ ਦੇ ਪਾਪਾ ਨੇ ਕਿਹਾ।
‘‘ਕਿਉਂ ਪਾਪਾ…? ਕੀ ਹੋਇਐ…?’’ ਸੰਜੂ ਆਪਣੇ ਪਾਪਾ ਦੀ ਗੱਲ ਸੁਣ ਕੇ ਥੋੜ੍ਹਾ ਹੈਰਾਨ ਜਿਹਾ ਹੋ ਗਿਆ।
‘‘ਬੇਟਾ, ਪਿਛਲੀ ਦੀਵਾਲੀ ’ਤੇ ਜਦੋਂ ਤੂੰ ਵੱਡੇ ਪਟਾਕੇ ਚਲਾਉਣ ਦੀ ਜ਼ਿੱਦ ਕੀਤੀ ਸੀ ਤਾਂ ਮੈਂ ਤੇਰੀ ਜ਼ਿੱਦ ਕਰਕੇ ਤੇਰੀ ਪਸੰਦ ਦੇ ਪਟਾਕੇ ਦਿਵਾਏ ਸਨ। ਫਿਰ ਤੇਰਾ ਹੱਥ ਜ਼ਖ਼ਮੀ ਹੋ ਗਿਆ ਸੀ ਯਾਦ ਹੈ ਨਾ?’’
‘‘ਜੀ ਪਾਪਾ…।’’ ਸੰਜੂ ਪਾਪਾ ਦੀ ਗੱਲ ਨੂੰ ਸਮਝਣ ਦੀ ਜਿਵੇਂ ਕੋਸ਼ਿਸ਼ ਕਰਨ ਲੱਗਾ। ਉਸ ਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਪਾਪਾ ਪਹੇਲੀਆਂ ਕਿਉਂ ਬੁਝਾ ਰਹੇ ਹਨ?
‘‘ਬੇਟਾ, ਅੱਜ ਤੇਰੇ ਦੋਵੇਂ ਹੱਥ ਜ਼ਖ਼ਮੀ ਵੇਖ ਕੇ ਮੈਨੂੰ ਪਿਛਲੀ ਦੀਵਾਲੀ ਤੋਂ ਵੀ ਜ਼ਿਆਦਾ ਦੁੱਖ ਹੋ ਰਿਹੈ।’’
‘‘ਮੈਂ ਕੁਝ ਸਮਝਿਆ ਨਹੀਂ ਪਾਪਾ…ਮੇਰੇ ਹੱਥ ਜ਼ਖ਼ਮੀ…?’’ ਸੰਜੂ ਇਹ ਕਹਿ ਕੇ ਆਪਣੇ ਹੱਥਾਂ ਵੱਲ ਦੇਖਣ ਲੱਗਾ।
‘‘ਕੱਲ੍ਹ ਸ਼ਾਮ ਜਦੋਂ ਤੂੰ ਕਿੱਲੀ ਟੰਗੀ ਮੇਰੀ ਪੈਂਟ ਕੋਲ ਕੁਝ ਘਬਰਾਇਆ ਖੜ੍ਹਾ ਸੀ ਤਾਂ ਮੈਨੂੰ ਕੁਝ ਸ਼ੱਕ ਹੋਇਆ। ਮੈਂ ਪਰਸ ਵਿਚਲੇ ਰੁਪਏ ਗਿਣੇ ਤੇ ਫਿਰ ਆਪਣੇ ਕਮਰੇ ਵਿੱਚ ਚਲਾ ਗਿਆ। ਸਵੇਰੇ ਰੁਪਏ ਗਿਣੇ ਤਾਂ ਪਰਸ ਵਿੱਚੋਂ ਦੋ ਸੌ ਰੁਪਏ ਦਾ ਨੋਟ ਘੱਟ ਸੀ। ਮੈਂ ਤੇਰਾ ਬਸਤਾ ਵੇਖਿਆ ਤਾਂ ਉਸ ਦੀ ਜੇਬ ਵਿੱਚੋਂ ਇਹ ਦੋ ਸੌ ਰੁਪਏ ਦਾ ਨੋਟ ਨਿਕਲਿਆ। ਇਸੇ ਲਈ ਕਹਿ ਰਿਹਾ ਸੀ ਕਿ ਤੇਰੇ ਹੱਥ ਹੁਣ ਜ਼ਖ਼ਮੀ ਹੋ ਚੁੱਕੇ ਹਨ ਭਾਵ ਕਿ ਚੋਰੀ ਕਰਨਾ ਸਿੱਖ ਗਏ ਹਨ।’’
ਸੰਜੂ ਦੀ ਚੋਰੀ ਫੜੀ ਗਈ ਸੀ। ਉਹ ਸਿਰ ਝੁਕਾਈ ਕਿਸੇ ਅਪਰਾਧੀ ਵਾਂਗ ਬੈਠਾ ਸੀ। ਉਸ ਦੇ ਪਾਪਾ ਉਸ ਨੂੰ ਹੋਰ ਕੁਝ ਵੀ ਕਹੇ ਬਿਨਾਂ ਉੱਠ ਕੇ ਜਾਣ ਲੱਗੇ ਤਾਂ ਸੰਜੂ ਨੇ ਆਪਣੇ ਪਾਪਾ ਦਾ ਹੱਥ ਫੜ ਲਿਆ ਤੇ ਉਨ੍ਹਾਂ ਤੋਂ ਆਪਣੇ ਕੀਤੇ ਅਪਰਾਧ ਲਈ ਖਿਮਾ ਮੰਗਣ ਲੱਗਾ।
ਉਸ ਦੇ ਪਾਪਾ ਉਸ ਕੋਲ ਫਿਰ ਬੈਠ ਗਏ ਤੇ ਉਸ ਨੂੰ ਸਮਝਾਉਂਦੇ ਬੋਲੇ, ‘‘ਬੇਟਾ, ਮੈਂ ਤੇਰੇ ਭਲੇ ਲਈ ਹੀ ਕਿਸੇ ਗੱਲ ਤੋਂ ਤੈਨੂੰ ਰੋਕਦਾ ਹਾਂ। ਆਪਣੀ ਇੱਛਾ ਨੂੰ ਪੂਰਾ ਕਰਨ ਲਈ ਗ਼ਲਤ ਰਸਤਾ ਚੁਣਨਾ ਵੱਡੇ ਅਪਰਾਧਾਂ ਨੂੰ ਜਨਮ ਦਿੰਦਾ ਹੈ। ਉਮੀਦ ਹੈ ਭਵਿੱਖ ਵਿੱਚ ਤੂੰ ਅਜਿਹੀ ਗ਼ਲਤੀ ਨਹੀਂ ਕਰੇਂਗਾ।’’ ਸੰਜੂ ਨੇ ਵੀ ਪਾਪਾ ਨਾਲ ਵਾਅਦਾ ਕੀਤਾ ਕਿ ਉਹ ਫਿਰ ਕਦੇ ਵੀ ਚੋਰੀ ਨਹੀਂ ਕਰੇਗਾ।
ਦੀਵਾਲੀ ਦੀ ਸ਼ਾਮ ਜਦੋਂ ਉਸ ਦੇ ਪਾਪਾ ਨੇ ਉਸ ਨੂੰ ਨਿੱਕੇ ਪਟਾਕਿਆਂ ਲਈ ਪੈਸੇ ਦੇਣੇ ਚਾਹੇ ਤਾਂ ਸੰਜੂ ਨੇ ਇਹ ਕਹਿ ਕਿ ਪਟਾਕੇ ਚਲਾਉਣ ਤੋਂ ਮਨ੍ਹਾਂ ਕਰ ਦਿੱਤਾ ਕਿ ਉਹ ਪਟਾਕੇ ਨਹੀਂ ਚਲਾਵੇਗਾ ਸਗੋਂ ਮੰਮੀ-ਪਾਪਾ ਤੇ ਵੱਡੀ ਭੈਣ ਨਾਲ ਦੇਰ ਰਾਤ ਤੱਕ ਕੈਰਮ ਬੋਰਡ ਖੇਡੇਗਾ। ਇਹ ਸੁਣ ਕੇ ਉਸ ਦੇ ਮੰਮੀ-ਪਾਪਾ ਬਹੁਤ ਖ਼ੁਸ਼ ਹੋਏੇ। ਪਹਿਲੀ ਵਾਰ ਸੰਜੂ ਬਿਨਾਂ ਪਟਾਕਿਆਂ ਤੋਂ ਦੀਵਾਲੀ ਸੱਚੀ ਖ਼ੁਸ਼ੀ ਨਾਲ ਮਨਾ ਰਿਹਾ ਸੀ।
ਸੰਪਰਕ: 98723-25960