ਮੁੰਬਈ, 22 ਫਰਵਰੀ
ਅਦਾਕਾਰਾ ਮਾਹੀ ਗਿੱਲ ਅਭੈ ਦਿਓਲ ਨਾਲ ਮੁੜ ਕੰਮ ਕਰਨ ’ਤੇ ਕਾਫ਼ੀ ਭਾਵੁਕ ਹੈ। ਅਦਾਕਾਰਾ ਨੇ ਦਿਓਲ ਨਾਲ ਬਾਰਾਂ ਸਾਲ ਪਹਿਲਾਂ ‘ਦੇਵ.ਡੀ’ ਵਿੱਚ ਕੰਮ ਕੀਤਾ ਸੀ। ਮਾਹੀ ਗਿੱਲ ਨੇ ਅੱਜ ਇੱਥੇ ਦੱਸਿਆ ਕਿ ਉਹ ਅਭੈ ਨਾਲ ਵੈੱਬ ਸੀਰੀਜ਼ ‘1962: ਦਿ ਵਾਰ ਇਨ ਦਿ ਹਿੱਲਜ਼’ ਵਿੱਚ ਸਕਰੀਨ ਸਾਂਝੀ ਕਰ ਰਹੀ ਹੈ। ਇਸ ਸੀਰੀਜ਼ ਵਿੱਚ ਅਭੈ ਦਿਓਲ ਫ਼ੌਜ ਦੇ ਅਧਿਕਾਰੀ ਮੇਜਰ ਸੂਰਜ ਸਿੰਘ ਦਾ ਕਿਰਦਾਰ ਨਿਭਾਉਣਗੇ, ਜਦ ਕਿ ਮਾਹੀ ਉਨ੍ਹਾਂ ਦੀ ਪਤਨੀ ਸ਼ਗੁਨ ਦਾ ਰੋਲ ਅਦਾ ਕਰੇਗੀ। ਮਾਹੀ ਨੇ ਦੱਸਿਆ, ‘‘ਮੈਂ ਹਮੇਸ਼ਾ ਤੋਂ ਅਭੈ ਨਾਲ ਕੰਮ ਕਰਨਾ ਚਾਹੁੰਦੀ ਸੀ ਪਰ ਕਦੇ ਇਹ ਮੌਕਾ ਨਹੀਂ ਮਿਲਿਆ। ਅਭੈ ਦਿਓਲ ਮੇਰੇ ਪਹਿਲੇ ਹੀਰੋ ਹਨ ਅਤੇ ਉਹ ਬਹੁਤ ਹੀ ਹੁਨਰਮੰਦ ਅਦਾਕਾਰ ਹਨ। ਜਦੋਂ ਮੈਨੂੰ ਪਤਾ ਲੱਗਿਆ ਕਿ ਸੀਰੀਜ਼ ਵਿੱਚ ਅਭੈ ਮੇਜਰ ਸੂਰਜ ਸਿੰਘ ਦਾ ਕਿਰਦਾਰ ਨਿਭਾ ਰਹੇ ਹਨ ਤਾਂ ਮੈਂ ਕਾਫ਼ੀ ਭਾਵੁਕ ਹੋਈ। ਇਸ ਦੇ ਨਾਲ ਹੀ ਮੈਂ ਉਨ੍ਹਾਂ ਨਾਲ ਕੰਮ ਕਰਕੇ ਬੇਹੱਦ ਖ਼ੁਸ਼ ਹਾਂ।’’ ਉਸ ਨੇ ਦੱਸਿਆ ਕਿ ਅਭੈ ਨਾ ਸਿਰਫ਼ ਚੰਗੇ ਅਦਾਕਾਰ ਹਨ ਸਗੋਂ ਆਪਣੇ ਸਹਿ-ਅਦਾਕਾਰਾਂ ਦੀਆਂ ਭਾਵਨਾਵਾਂ ਦੀ ਕਦਰ ਵੀ ਕਰਦੇ ਹਨ। ਮਾਹੇਸ਼ ਮਾਂਜੇਰਕਰ ਦੇ ਨਿਰਦੇਸ਼ਨ ਹੇਠ ਬਣ ਰਹੀ ਇਸ ਸੀਰੀਜ਼ ਵਿਚਲੇ ਆਪਣੇ ਕਿਰਦਾਰ ਗੱਲ ਕਰਦਿਆਂ ਮਾਹੀ ਨੇ ਦੱਸਿਆ ਕਿ ਸ਼ਗੁਨ ਇੱਕ ਬਹਾਦਰ ਔਰਤ ਹੈ। ਉਹ ਫ਼ੌਜ ਦੀ ਕੁਰਬਾਨੀ ਵਾਲੀ ਜ਼ਿੰਦਗੀ ਤੋਂ ਭਲੀ-ਭਾਂਤ ਜਾਣੂੰ ਹੈ ਪਰ ਫਿਰ ਵੀ ਉਹ ਹਮੇਸ਼ਾ ਆਪਣੇ ਪਤੀ ਮੇਜਰ ਸੂਰਜ ਸਿੰਘ ਦੇ ਫ਼ਰਜ਼ਾਂ ਨੂੰ ਅੱਗੇ ਰੱਖਦੀ ਹੈ। ਮਾਹੀ ਨੇ ਦੱਸਿਆ ਕਿ ਉਸ ਦੇ ਦਾਦਾ ਜੀ ਫੌਜੀ ਸਨ ਅਤੇ ਉਸ ਦੇ ਅਨੇਕਾਂ ਦੋਸਤ ਵੀ ਫ਼ੌਜ ਵਿੱਚ ਹਨ, ਜਿਸ ਕਰਕੇ ਉਹ ਉਨ੍ਹਾਂ ਦੇ ਦੇਸ਼ ਪਿਆਰ ਦੇ ਜਨੂੰਨ ਨੂੰ ਬਾਖੂਬੀ ਜਾਣਦੀ ਹੈ। ਉਸ ਨੇ ਉਨ੍ਹਾਂ ਦੀ ਹਿੰਮਤ ਅਤੇ ਹੌਸਲੇ ਨੂੰ ਧਿਆਨ ਵਿੱਚ ਰੱਖਦਿਆਂ ਇਹ ਕਿਰਦਾਰ ਨਿਭਾਇਆ। -ਆਈਏਐੱਨਐੱਸ