ਮੁੰਬਈ, 18 ਜੁਲਾਈ
ਅਦਾਕਾਰਾ ਟਵਿੰਕਲ ਖੰਨਾ ਨੇ ਅੱਜ ਆਪਣੇ ਸੁਪਰਸਟਾਰ ਪਿਤਾ ਰਾਜੇਸ਼ ਖੰਨਾ ਨੂੰ ਉਸ ਦੀ ਨੌਵੀਂ ਬਰਸੀ ਮੌਕੇ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਹ ਆਪਣੇ ਚਾਹੁਣ ਵਾਲਿਆਂ ਦੇ ਦਿਲਾਂ ਵਿੱਚ ਜ਼ਿੰਦਾ ਰਹਿਣਗੇ। 60ਵਿਆਂ ਅਤੇ 70ਵਿਆਂ ਵਿੱਚ ਵੱਡੀਆਂ ਕਾਮਯਾਬ ਫ਼ਿਲਮਾਂ ਦੇਣ ਵਾਲੇ ਰਾਜੇਸ਼ ਖੰਨਾ ਭਾਰਤ ਦੇ ਪਹਿਲੇ ਸੁਪਰਸਟਾਰ ਹਨ। ਅਦਾਕਾਰਾ ਤੋਂ ਲੇਖਕ ਬਣੀ ਟਵਿੰਕਲ ਨੇ ਇੰਸਟਾਗ੍ਰਾਮ ’ਤੇ 1974 ਦੀ ਫ਼ਿਲਮ ‘‘ਆਪ ਕੀ ਕਸਮ’’ ਦੇ ਆਈਕਨ ਵਾਲਾ ਵੀਡੀਓ ਸਾਂਝਾ ਕੀਤਾ ਹੈ, ਜਿਸ ਵਿੱਚ ਸਿਤਾਰੇ ਮੁਮਤਾਜ਼ ਤੇ ਸੰਜੀਵ ਕੁਮਾਰ ਸਨ।
ਟਵਿੰਕਲ ਖੰਨਾ ਨੇ ਲਿਖਿਆ,‘‘ਮੇਰੇ ਕੋਲ ਉਨ੍ਹਾਂ ਦੀਆਂ ਅੱਖਾਂ ਹਨ ਤੇ ਮੇਰੇ ਪੁੱਤਰ ਕੋਲ ਉਨ੍ਹਾਂ ਦੀ ਮੁਸਕਰਾਹਟ ਹੈ ਅਤੇ ਲੋਕਾਂ ਦੇ ਦਿਲ ਵਿੱਚ ਉਨ੍ਹਾਂ ਦੇ ਜਜ਼ਬਾਤ ਹਨ, ਜਿਥੇ ਉਹ ਅੱਜ ਵੀ ਜ਼ਿੰਦਾ ਹਨ। ਵੀਡੀਓ ਵਿੱਚ ਰਾਜੇਸ਼ ਖੰਨਾ ਪ੍ਰਸਿੱਧ ਗਾਇਕਾ ਲਤਾ ਮੰਗੇਸ਼ਕਰ ਤੇ ਕਿਸ਼ੋਰ ਕੁਮਾਰ ਦੇ ਗੀਤ ‘‘ਸੁਨੋ,ਕਹੋ.. ਕਹਾ, ਸੁਨਾ’’ ਨੂੰ ਫਿਲਮਾਉਂਦੇ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਉਹ ਇਕ ਪੱਤਰਕਾਰ ਨਾਲ ਗੱਲਬਾਤ ਕਰਦੇ ਦਿਖਾਈ ਦੇ ਰਹੇ ਹਨ।
ਜ਼ਿਕਰਯੋਗ ਹੈ ਕਿ ਰਾਜੇਸ਼ ਖੰਨਾ ਦਾ 69 ਸਾਲ ਦੀ ਉਮਰ ਵਿੱਚ ਆਪਣੀ ਬਾਂਦਰਾ ਸਥਿਤ ਰਿਹਾਇਸ਼ ’ਤੇ ਦੇਹਾਂਤ ਹੋ ਗਿਆ ਸੀ। -ਪੀਟੀਆਈ