ਮੁੰਬਈ: ‘ਅਸੰਭਵ’ ਅਤੇ ‘ਏਕਾ ਲਗਨਾਚੀ ਤੀਸਰੀ ਗੋਸ਼ਤਾ’ ਵਰਗੇ ਸ਼ੋਅਜ਼ ਵਿੱਚ ਅਭਿਨੈ ਕਰਨ ਵਾਲੇ ਅਦਾਕਾਰ ਉਮੇਸ਼ ਕਾਮਤ ਨੇ ਆਖਿਆ ਕਿ ਉਸ ਨੂੰ ਕਾਰੋਬਾਰੀ ਰਾਜ ਕੁੰਦਰਾ ਦੇ ਮਾਮਲੇ ਵਿੱਚ ਬੇਲੋੜਾ ਘਸੀਟਣ ਵਾਲੇ ਮੀਡੀਆ ਅਦਾਰਿਆਂ ਖ਼ਿਲਾਫ਼ ਉਹ ਕਾਨੂੰਨੀ ਕਾਰਵਾਈ ਕਰੇਗਾ। ਉਸ ਨੇ ਕਿਹਾ, ‘ਮੈਂ ਉਮੇਸ਼ ਕਾਮਤ ਪੇਸ਼ੇ ਵਜੋਂ ਅਦਾਕਾਰ ਹਾਂ। ਕੁਝ ਚੈਨਲਾਂ ਤੇ ਮੀਡੀਆ ਪਲੇਟਫਾਰਮਜ਼ ਨੇ ਜਾਣਕਾਰੀ ਦੀ ਘਾਟ ਕਾਰਨ ਮੈਨੂੰ ਕਾਰੋਬਾਰੀ ਰਾਜ ਕੁੰਦਰਾ ਦੇ ਵਿਵਾਦ ਵਿੱਚ ਬਿਨਾ ਮਤਲਬ ਤੋਂ ਘਸੀਟ ਲਿਆ।’ ਉਸ ਨੇ ਅੱਗੇ ਕਿਹਾ, ‘ਰਾਜ ਕੁੰਦਰਾ ਅਤੇ ਉਸ ਦੇ ਸਹਿਯੋਗੀ ਉਮੇਸ਼ ਕਾਮਤ, ਜੋ ਸੰਯੋਗ ਨਾਲ ਮੇਰਾ ਸਿਰਨਾਵਾਂ ਹੈ, ਉੱਤੇ ਕਥਿਤ ਤੌਰ ’ਤੇ ਅਸ਼ਲੀਲ ਸਮੱਗਰੀ ਤਿਆਰ ਕਰਨ ਦਾ ਦੋਸ਼ ਲੱਗਿਆ ਹੈ। ਜਦੋਂ ਵੱਖ-ਵੱਖ ਨਿਊਜ਼ ਚੈਨਲਾਂ/ਮੀਡੀਆ ਪਲੇਟਫਾਰਮਾਂ ਵੱਲੋਂ ਇਸ ਖ਼ਬਰ ਦੀ ਰਿਪੋਰਟਿੰਗ ਕੀਤੀ ਗਈ ਤਾਂ ਪ੍ਰਮੁੱਖ ਮੀਡੀਆ ਪਲੇਟਫਾਰਮਾਂ ਨੇ ਮੇਰੀਆਂ ਤਸਵੀਰਾਂ, ਜੋ ਜਨਤਕ ਤੌਰ ’ਤੇ ਉਪਲੱਬਧ ਹਨ, ਦੀ ਦੁਰਵਰਤੋਂ ਕਰ ਕੇ ਰਾਜ ਕੁੰਦਰਾ ਮਾਮਲੇ ਵਿੱਚ ਮੈਨੂੰ ਮੁਲਜ਼ਮ ਵਜੋਂ ਪੇਸ਼ ਕੀਤਾ, ਜਿਸ ਨਾਲ ਮੇਰਾ ਨਾਮ ਤੇ ਅਕਸ ਖ਼ਰਾਬ ਹੋਇਆ ਹੈ।’ ਉਸ ਨੇ ਕਿਹਾ ਕਿ ਉਹ ਦੋ ਦਹਾਕਿਆਂ ਤੋਂ ਸਿਨੇ ਜਗਤ ’ਚ ਕੰਮ ਕਰ ਰਿਹਾ ਹੈ ਤੇ ਉਸ ਦਾ ਚੰਗਾ ਨਾਮ ਹੈ। ਕਿਉਂਕਿ ਸਬੰਧਤ ਨਿਊਜ਼ ਚੈਨਲ ਤੇ ਮੀਡੀਆ ਪਲੇਟਫਾਰਮ ਤੱਥਾਂ ਦੀ ਜਾਂਚ ਕਰਨ ਦੇ ਪ੍ਰੋਟੋਕੋਲ ਦੀ ਪਾਲਣਾ ਕਰਨ ਵਿੱਚ ਅਸਫ਼ਲ ਰਹੇ ਹਨ, ਇਸ ਲਈ ਉਸ ਨੇ ਸਾਰੀਆਂ ਜ਼ਿੰਮੇਵਾਰ ਸੰਸਥਾਵਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕਰਨ ਦਾ ਫ਼ੈਸਲਾ ਲਿਆ ਹੈ। -ਆਈਏਐੱਨਐੱਸ