ਮਨਦੀਪ ਸਿੰਘ ਸਿੱਧੂ
ਹਮੀਦਾ ਬਾਨੋ ਦੀ ਪੈਦਾਇਸ਼ 19 ਅਕਤੂਬਰ 1928 ’ਚ ਲਾਹੌਰ ਦੇ ਪੰਜਾਬੀ ਮੁਸਲਿਮ ਪਰਿਵਾਰ ਵਿੱਚ ਹੋਈ। ਬਚਪਨ ਵਿੱਚ ਹੀ ਉਸ ਨੂੰ ਗਾਉਣ ਦਾ ਸ਼ੌਕ ਪੈਦਾ ਹੋ ਗਿਆ। ਜਦੋਂ ਵੱਡੀ ਹੋਈ ਤਾਂ ਗਾਇਨ ਕਲਾ ਵਿੱਚ ਮਾਹਿਰ ਹੋ ਗਈ। ਪੰਜਾਬੀ ਤੋਂ ਇਲਾਵਾ ਉਰਦੂ ਤੇ ਹਿੰਦੀ ਵੀ ਵਧੀਆ ਬੋਲ ਲੈਂਦੀ ਸੀ। ਹਮੀਦਾ ਦਾ ਭਰਾ ਬੰਬੇ ਦੇ ਥੀਏਟਰ ਵਿੱਚ ਕੰਮ ਕਰਦਾ ਸੀ ਜੋ ਆਪਣੀ ਭੈਣ ਦੀ ਕਾਬਲੀਅਤ ਤੋਂ ਚੰਗੀ ਤਰ੍ਹਾਂ ਵਾਕਿਫ਼ ਸੀ। ਲਿਹਾਜ਼ਾ 1942 ਵਿੱਚ ਉਸ ਨੇ ਪਰਿਵਾਰ ਸਮੇਤ ਹਮੀਦਾ ਬਾਨੋ ਨੂੰ ਬੰਬੇ ਸੱਦ ਲਿਆ ਤੇ ਉਸ ਨੂੰ ਫ਼ਿਲਮਾਂ ਵਿੱਚ ਗਾਉਣ ਲਈ ਉਤਸ਼ਾਹਿਤ ਕੀਤਾ।
ਜਦੋਂ ਆਨੰਦ ਸੁਭਰਾਮਨੀਅਮ ਨੇ ਆਪਣੇ ਫ਼ਿਲਮਸਾਜ਼ ਅਦਾਰੇ ਜਾਗ੍ਰਿਤੀ ਪਿਕਚਰਜ਼, ਬੰਬੇ ਦੇ ਬੈਨਰ ਹੇਠ ਭਗਵਾਨ ਦੀ ਹਿਦਾਇਤਕਾਰੀ ਵਿੱਚ ਹਿੰਦੀ ਫ਼ਿਲਮ ‘ਨਗ਼ਮ-ਏ-ਸਹਰਾ’ ਉਰਫ਼ ‘ਸੌਂਗ ਆਫ ਡੇਜ਼ਰਟ’ (1945) ਸ਼ੁਰੂ ਕੀਤੀ ਤਾਂ ਸੰਗੀਤਕਾਰ ਸੀ. ਰਾਮ ਚੰਦਰ (ਚਿਤਲਕਰ ਰਾਮ ਚੰਦਰ) ਨੇ ਲਾਹੌਰ ਦੀ ਪੰਜਾਬਣ ਗੁਲੂਕਾਰਾ ਹਮੀਦਾ ਬਾਨੋ ਨੂੰ ਨਵੀਂ ਗਾਇਕਾ ਵਜੋਂ ਪੇਸ਼ ਕੀਤਾ। ਹਮੀਦਾ ਬਾਨੋ ਨੇ ਇਸ ਫ਼ਿਲਮ ਵਿੱਚ ਅਹਿਸਾਨ ਰਿਜ਼ਵੀ ਦਾ ਲਿਖਿਆ ਗੀਤ ‘ਕਿਸੀ ਕੀ ਯਾਦ ਕਿਸੀ ਕੋ ਆਈ ਕੁਛ ਮੀਠਾ-ਮੀਠਾ ਦਰਦ ਉਠਾ’ (ਨਾਲ ਚਿਤਲਕਰ) ਗਾਇਆ ਜੋ ਅਦਾਕਾਰਾ ਖ਼ੁਰਸ਼ੀਦ ਜੂਨੀਅਰ (ਨਰਗਿਸ) ਤੇ ਮਾਸਟਰ ਵਿੱਠਲ (ਪ੍ਰਿੰਸ ਫ਼ਿਰੋਜ਼) ’ਤੇ ਫ਼ਿਲਮਾਇਆ ਗਿਆ ਜੋ ਬੜਾ ਪਸੰਦ ਕੀਤਾ ਗਿਆ। ਇਸ ਫ਼ਿਲਮ ਦੇ ਗੀਤ 1942 ਵਿੱਚ ਰਿਕਾਰਡ ਕਰ ਲਏ ਗਏ ਸਨ ਅਤੇ ਇਹ ਫ਼ਿਲਮ 1945 ਵਿੱਚ ਸੈਂਸਰ ਹੋਈ।
ਏ. ਆਰ. ਕਾਰਦਾਰ ਦੇ ਫ਼ਿਲਮਸਾਜ਼ ਅਦਾਰੇ ਕਾਰਦਾਰ ਪ੍ਰੋਡਕਸ਼ਨਜ਼, ਬੰਬੇ ਦੀ ਏ. ਆਰ. ਕਾਰਦਾਰ ਨਿਰਦੇਸ਼ਿਤ ਫ਼ਿਲਮ ‘ਸੰਜੋਗ’ (1943) ’ਚ ਨੌਸ਼ਾਦ ਅਲੀ (ਸਹਾਇਕ ਗ਼ੁਲਾਮ ਮੁਹੰਮਦ) ਦੇ ਸੰਗੀਤ ’ਚ ਡੀ. ਐੱਨ. ਮਧੋਕ ਦਾ ਲਿਖਿਆ ਇੱਕ ਗੀਤ ਹਮੀਦਾ ਬਾਨੋ ਨੇ ਗਾਇਆ ‘ਓ ਓ…ਕੌਨ ਗਲੀ ਕਾ ਛੋਰਾ ਪੁਕਾਰੇ ਏ’ (ਨਾਲ ਸ਼ਾਮ ਕੁਮਾਰ) ਜੋ ਬਹੁਤ ਹਿੱਟ ਹੋਇਆ ਸੀ। ਸਿਲਵਰ ਫ਼ਿਲਮਜ਼, ਬੰਬੇ ਦੀ ਵੇਦੀ ਨਿਰਦੇਸ਼ਿਤ ਫ਼ਿਲਮ ‘ਬੜੇ ਨਵਾਬ ਸਾਹਬ’ (1944) ’ਚ ਬਸ਼ੀਰ ਦੇਹਲਵੀ ਦੇ ਸੰਗੀਤ ’ਚ ਸ਼ਮਸ ਲਖਨਵੀ ਦੇ ਲਿਖੇ ਹਮੀਦਾ ਬਾਨੋ ਨੇ 5 ਗੀਤ ਗਾਏ, 2 ਗੀਤ ਜੀ. ਐੱਮ. ਦੁਰਾਨੀ ਨਾਲ ‘ਖੇਲ ਨਿਰਾਲੇ ਹਮ ਖੇਲੇਂ’ ਤੇ ‘ਜਾਗ ਗਈ ਜਾਗ ਗਈ’ ਤੇ 3 ਏਕਲ ਗੀਤ ਵੀ ਪਸੰਦ ਕੀਤੇ ਗਏ। ਭਾਰਤ ਪ੍ਰੋਡਕਸ਼ਨਜ਼, ਬੰਬੇ ਦੀ ਨੀਰੇਨ ਲਾਹਿੜੀ ਨਿਰਦੇਸ਼ਿਤ ਫ਼ਿਲਮ ‘ਅਨਬਨ’ (1944) ’ਚ ਗਿਆਨ ਦੱਤ ਦੇ ਸੰਗੀਤ ’ਚ ਹਮੀਦਾ ਨੇ 3 ਗੀਤ ਗਾਏ। ਮਜ਼ਹਰ ਖ਼ਾਨ ਦੇ ਫ਼ਿਲਮਸਾਜ਼ ਅਦਾਰੇ ਮਜ਼ਹਰ ਆਰਟਸ, ਬੰਬੇ ਦੀ ਮਜ਼ਹਰ ਖ਼ਾਨ ਨਿਰਦੇਸ਼ਿਤ ਫ਼ਿਲਮ ‘ਬੜੀ ਬਾਤ’ (1944) ’ਚ ਹਮੀਦਾ ਬਾਨੋ ਨੇ ਫ਼ਿਰੋਜ਼ ਨਿਜ਼ਾਮੀ ਦੇ ਸੰਗੀਤ ’ਚ ਇੱਕ ਗੀਤ ‘ਮੇਰੇ ਭੋਲੇ ਸੇ ਬਾਲਮ ਕਾ ਭੋਲਾ ਹੈ ਦਿਲ’ ਗਾਇਆ, ਜਿਸ ਦੇ ਬੋਲ ਸਵਾਮੀ ਰਾਮਾਨੰਦ ਸਰਸਵਤੀ ਨੇ ਲਿਖੇ ਸਨ। ਕਾਰਦਾਰ ਪ੍ਰੋਡਕਸ਼ਨਜ਼, ਬੰਬੇ ਦੀ ਐੱਮ ਸਾਦਿਕ ਨਿਰਦੇਸ਼ਿਤ ‘ਜੀਵਨ’ ਉਰਫ਼ ‘ਬਹਾਰ’ (1944) ’ਚ ਹਮੀਦਾ ਬਾਨੋ ਨੇ ਨੌਸ਼ਾਦ ਅਲੀ ਦੇ ਸੰਗੀਤ ’ਚ ਮਾਹਰ-ਉੱਲ-ਕਾਦਰੀ ਦਾ ਲਿਖਿਆ ਇੱਕ ਗੀਤ ਗਾਇਆ ‘ਆਜ ਮੋਰਾ ਮਨ ਮੋਰਾ ਮਨ ਨਾਚ ਰਹਾ ਹੈ’ ਜੋ ਅਦਾਕਾਰਾ ਮਹਿਤਾਬ ’ਤੇ ਫ਼ਿਲਮਾਇਆ ਗਿਆ ਸੀ। ਜੇਯੰਤ ਦੇਸਾਈ ਦੇ ਫ਼ਿਲਮਸਾਜ਼ ਅਦਾਰੇ ਜੇਯੰਤ ਦੇਸਾਈ ਪ੍ਰੋਡਕਸ਼ਨਜ਼, ਬੰਬੇ ਦੀ ਜੇਯੰਤ ਦੇਸਾਈ ਨਿਰਦੇਸ਼ਿਤ ਫ਼ਿਲਮ ‘ਲਲਕਾਰ’ (1944) ’ਚ ਸੀ. ਰਾਮ ਚੰਦਰ ਦੇ ਸੰਗੀਤ ’ਚ ਹਮੀਦਾ ਬਾਨੋ ਨੇ ਪੰਡਤ ਮਧੁਰ ਦੇ ਲਿਖੇ 2 ਗੀਤ ਗਾਏ ‘ਚਿੜੀਓਂ ਕੋ ਉੜਨਾ ਸਿਖਾਇਆ ਕਿਸ ਨੇ’ ਤੇ ‘ਯਾਦ ਨਹੀਂ ਜਾਤੀ’। ਚੰਦਰ ਆਰਟ ਪ੍ਰੋਡਕਸ਼ਨਜ਼, ਬੰਬੇ ਦੀ ਜੇਯੰਤ ਦੇਸਾਈ ਨਿਰਦੇਸ਼ਿਤ ਫ਼ਿਲਮ ‘ਮਨੋਰਮਾ’ (1944) ’ਚ ਸੀ. ਰਾਮ ਚੰਦਰ ਦੇ ਸੰਗੀਤ ਵਿੱਚ ਅੰਜੁਮ ਪੀਲੀਭੀਤੀ ਦਾ ਲਿਖਿਆ ਇੱਕ ਦੋਗਾਣਾ ਗੀਤ ‘ਉੜ ਜਾਏਂ ਉੜ ਜਾਏਂ ਦੂਰ ਦੇਸ ਉੜ ਜਾਏਂ’ ਨੂਰ ਮੁਹੰਮਦ ਚਾਰਲੀ ਨਾਲ ਗਾਇਆ। ਸੌਭਾਗਯ ਪਿਕਚਰਜ਼, ਬੰਬੇ ਦੀ ਦਵਾਰਕਾ ਖੋਸਲਾ ਨਿਰਦੇਸ਼ਿਤ ਫ਼ਿਲਮ ‘ਰੌਣਕ’ (1944) ’ਚ ਸੀ. ਰਾਮ ਚੰਦਰ ਦੇ ਸੰਗੀਤ ’ਚ ਈਸ਼ਵਰ ਚੰਦਰ ਕਪੂਰ ਦੇ ਲਿਖੇ 2 ਗੀਤ ਗਾਏ ‘ਹਮ ਦਿਲ ਕੋ ਲੂਟਾਤੇ ਹੈਂ ਔਰ ਲੂਟੇ ਜ਼ਮਾਨਾ’ ਤੇ ਦੂਜਾ ‘ਦੁਨੀਆ ਕਿਸੀ ਕੋ ਹਾਏ ਮਜਬੂਰ ਨਾ ਕਰੇ’।
ਰਣਜੀਤ ਮੂਵੀਟੋਨ, ਬੰਬੇ ਦੀ ਵਜ਼ਾਹਤ ਮਿਰਜ਼ਾ ਨਿਰਦੇਸ਼ਿਤ ਤਾਰੀਖ਼ੀ ਫ਼ਿਲਮ ‘ਸ਼ਹਿਨਸ਼ਾਹ ਬਾਬਰ’ (1944) ’ਚ ਖੇਮਚੰਦ ਪ੍ਰਕਾਸ਼ ਦੇ ਸੰਗੀਤ ’ਚ ਪੰਡਤ ਇੰਦਰ ਦੇ ਲਿਖੇ 2 ਗੀਤ ਹਮੀਦਾ ਬਾਨੋ ਨੇ ਗਾਏ ‘ਮੁਝੇ ਕਰੇ ਸਨਮ ਬਦਨਾਮ’ ਤੇ ‘ਛੇੜ ਗਯਾ ਬੇਦਰਦ ਮੇਰੀ ਦਿਲਰੂਬਾ ਕੇ ਤਾਰ ਕਯੂੰ’ ਜੋ ਅਦਾਕਾਰਾ ਖ਼ੁਰਸ਼ੀਦ ਬਾਨੋ ’ਤੇ ਫ਼ਿਲਮਾਏ ਗਏ ਸਨ। ਸੈਂਟਰਲ ਸਡੂਡੀਓਜ਼, ਬੰਬੇ ਦੀ ਫ਼ਿਲਮ ‘ਪਰਖ’ (1944) ’ਚ ਖ਼ੁਰਸ਼ੀਦ ਅਨਵਰ ਦੇ ਸੰਗੀਤ ’ਚ ਹਮੀਦਾ ਨੇ ਗ਼ਾਫ਼ਿਲ ਹਰਨਾਲਵੀ ਦਾ ਲਿਖਿਆ ਗੀਤ ‘ਪਯਾਸੇ ਸਾਜਨ ਪੀ ਲੇ’ ਗਾਇਆ। ਰਣਜੀਤ ਮੂਵੀਟੋਨ, ਬੰਬੇ ਦੀ ਚਤੁਰਭੁਜ ਏ. ਦੋਸ਼ੀ ਨਿਰਦੇਸ਼ਿਤ ਫ਼ਿਲਮ ‘ਮੂਰਤੀ’ (1945) ’ਚ ਹਮੀਦਾ ਨੇ ਬੁਲੋ ਸੀ. ਰਾਨੀ (ਬੁਲੋ ਚੰਦ ਰਾਨੀ) ਦੇ ਸੰਗੀਤ ’ਚ ਪੰਡਤ ਇੰਦਰ ਦੇ ਲਿਖੇ ‘ਸਾਵਨ ਆਯਾ ਸਾਵਨ ਆਯਾ’, ‘ਕਾਹੇ ਕੋ ਦੀਯਾ ਜਲਾਯਾ’, ‘ਭਲੀ ਨਿਭਾਈ ਪ੍ਰੀਤ ਰੇ’ ਤੋਂ ਇਲਾਵਾ ਖ਼ੁਰਸ਼ੀਦ ਬਾਨੋ ਤੇ ਮੁਕੇਸ਼ ਨਾਲ ਮਿਲ ਕੇ ਗਾਇਆ ਗੀਤ ‘ਬਦਰੀਆ ਬਰਸ ਗਈ ਉਸ ਪਾਰ’ ਗੀਤ ਖ਼ੂਬ ਚੱਲਿਆ। ਸਿਲਵਰ ਫ਼ਿਲਮਜ਼, ਬੰਬੇ ਦੀ ਵੇਦੀ ਨਿਰਦੇਸ਼ਿਤ ਫ਼ਿਲਮ ‘ਨਸੀਬ’ ਉਰਫ਼ ‘ਕੈਂਟ ਹੈਲਪ ਇਟ’ (1945) ’ਚ ਪੰਜਾਬੀ ਸੰਗੀਤਕਾਰ ਪੰਡਤ ਗੋਬਿੰਦਰਾਮ ਦੇ ਸੰਗੀਤ ’ਚ 3 ਗੀਤ ‘ਚਨਾ ਮਸਾਲੇਦਾਰ ਬਾਬੂ ਲੈ ਲੋ’ (ਨਾਲ ਜ਼ੌਹਰਾ ਬਾਈ ਅੰਬਾਲਾ) ਅਤੇ 2 ਗੀਤ ਖ਼ਾਨ ਮਸਤਾਨਾ ਨਾਲ ‘ਦੀਵਾਨੀ ਤੇਰੀ ਦੋ ਦਿਨ ਕੀ ਜ਼ਿੰਦਗਾਨੀ’ ਤੇ ‘ਹਮ ਪੰਛੀ ਹੈਂ ਆਜ਼ਾਦ’।
ਕ੍ਰਿਸ਼ਨ ਮੂਵੀਟੋਨ, ਬੰਬੇ ਦੀ ਰਾਮ ਦਰਯਾਨੀ ਨਿਰਦੇਸ਼ਿਤ ਫ਼ਿਲਮ ‘ਪ੍ਰੀਤ’ (1945) ’ਚ ਬੁਲੋ ਸੀ. ਰਾਨੀ ਦੇ ਸੰਗੀਤ ਵਿੱਚ ਫ਼ਿਲਮ ਦੇ 13 ਗੀਤਾਂ ’ਚੋਂ ਡੀ. ਐੱਨ. ਮਧੋਕ ਦਾ ਲਿਖਿਆ ਸਿਰਫ਼ ਇੱਕੋ ਗੀਤ ਹਮੀਦਾ ਨੇ ਸਨੇਹ ਪ੍ਰਭਾ ਨਾਲ ਮਿਲ ਕੇ ਗਾਇਆ ‘ਮਨ ਮੇਂ ਉਠੇਂ ਉਛਾਲੇ ਮੇਰੇ ਘੂੰਘਟ ਖੋਲ੍ਹ ਮਤਵਾਲੇ’ ਜੋ ਅਦਾਕਾਰਾ ਸਨੇਹ ਪ੍ਰਭਾ ਪ੍ਰਧਾਨ ਤੇ ਸਵਰਨ ਲਤਾ ’ਤੇ ਫ਼ਿਲਮਾਇਆ ਗਿਆ ਸੀ। ਸੰਜੀਵਨ ਆਰਟ ਪ੍ਰੋਡਕਸ਼ਨਜ਼, ਬੰਬੇ ਦੀ ਦਵਾਰਕਾ ਖੋਸਲਾ ਨਿਰਦੇਸ਼ਿਤ ਫ਼ਿਲਮ ‘ਸਾਵਨ’ (1945) ’ਚ ਹਮੀਦਾ ਨੇ ਸੀ. ਰਾਮ ਚੰਦਰ ਦੇ ਸੰਗੀਤ ’ਚ ‘ਹੰਸੋ ਗ਼ਰੀਬੋਂ ਪੇ’ ਗੀਤ ਖ਼ਾਨ ਮਸਤਾਨਾ ਨਾਲ ਮਿਲ ਕੇ ਗਾਇਆ। ਵਾਡੀਆ ਮੂਵੀਟੋਨ, ਬੰਬੇ ਦੀ ਹੋਮੀ ਵਾਡੀਆ ਨਿਰਦੇਸ਼ਿਤ ਫ਼ਿਲਮ ‘ਅਮਰ ਰਾਜ’ (1946) ’ਚ ਪੰਜਾਬੀ ਸੰਗੀਤਕਾਰ ਫ਼ਿਰੋਜ਼ ਨਿਜ਼ਾਮੀ ਦੇ ਸੰਗੀਤ ’ਚ ਹਮੀਦਾ ਬਾਨੋ ਨੇ ਈਸ਼ਵਰ ਚੰਦਰ ਕਪੂਰ ਦੇ ਲਿਖੇ 2 ਗੀਤ ਕ੍ਰਿਸ਼ਨ ਗਾਂਗੁਲੀ ਨਾਲ ਮਿਲ ਕੇ ਗਾਏ ‘ਏਕ ਚਾਂਦ ਵਹਾਂ ਏਕ ਚਾਂਦ ਯਹਾਂ’ ਤੇ ‘ਦਿਲ ਪੁਕਾਰੇ ਰੇ’ ਜੋ ਅਦਾਕਾਰਾ ਨਸੀਮ (ਜੂਨੀਅਰ) ਤੇ ਤਿਰਲੋਕ ਕਪੂਰ ’ਤੇ ਫ਼ਿਲਮਾਏ ਗਏ ਸਨ।
ਸਿਲਵਰ ਫ਼ਿਲਮਜ਼, ਬੰਬੇ ਦੀ ਐੱਸ. ਐੱਮ. ਯੂਸਫ਼ ਨਿਰਦੇਸ਼ਿਤ ਫ਼ਿਲਮ ‘ਦੇਵਰ’ (1946) ’ਚ ਹਮੀਦਾ ਨੇ ਗੁਲਸ਼ਨ ਸੂਫ਼ੀ ਦੇ ਸੰਗੀਤ ’ਚ ਖ਼ੁਮਾਰ ਬਾਰਾ ਬੰਕਵੀ ਦਾ ਲਿਖਿਆ ਇੱਕੋ ਗੀਤ ਸ਼ਮਸ਼ਾਦ ਬੇਗ਼ਮ ਤੇ ਜ਼ੌਹਰਾ ਬਾਈ ਅੰਬਾਲਾ ਨਾਲ ਮਿਲ ਕੇ ਗਾਇਆ ‘ਧੂਮ ਮਚਾਤੀ ਆਈ ਜਵਾਨੀ’। ਡੀ. ਆਰ. ਡੀ. ਪ੍ਰੋਡਕਸ਼ਨਜ਼, ਬੰਬੇ ਦੀ ਐੱਸ. ਐੱਮ. ਯੂਸਫ਼ ਨਿਰਦੇਸ਼ਿਤ ਫ਼ਿਲਮ ‘ਨੇਕ ਪਰਵੀਨ’ (1946) ’ਚ ਹਮੀਦਾ ਬਾਨੋ ਨੇ ਫ਼ਿਰੋਜ਼ ਨਿਜ਼ਾਮੀ ਦੇ ਸੰਗੀਤ ’ਚ ਵਾਹਿਦ ਕੁਰੈਸ਼ੀ ਦੀ ਲਿਖੀ ਨਾਅਤ ‘ਤੇਰੀ ਜ਼ਾਤ ਪਾਕ ਹੈ ਏ ਖ਼ੁਦਾ ਤੇਰੀ ਸ਼ਾਨ ਵੱਲਾ ਜਲਾਲ ਹੂ’ (ਨਾਲ ਕੋਰਸ) ਗਾਈ ਜੋ ਅਦਾਕਾਰਾ ਰੇਹਾਨਾ ਤੇ ਸਹੇਲੀਆਂ ’ਤੇ ਫ਼ਿਲਮਾਈ ਗਈ ਸੀ। ਇਸ ਤੋਂ ਇਲਾਵਾ ਹਮੀਦਾ ਦਾ ਗਾਇਆ ਇੱਕ ਪੁਰਸੋਜ਼ ਗੀਤ ‘ਦੁਨੀਆ ਗ਼ਰੀਬੋਂ ਕੋ ਕਯੂੰ ਜੀਨੇ ਨਹੀਂ ਦੇਤੀ’ ਅਦਾਕਾਰਾ ਰਾਗਿਨੀ ’ਤੇ ਫ਼ਿਲਮਾਇਆ ਗਿਆ ਸੀ। ਰਣਜੀਤ ਮੂਵੀਟੋਨ, ਬੰਬੇ ਦੀ ਅਸਪੀ ਨਿਰਦੇਸ਼ਿਤ ਫ਼ਿਲਮ ‘ਰਾਜਪੂਤਾਨੀ’ (1946) ’ਚ ਹਮੀਦਾ ਨੇ ਬੁਲੋ ਸੀ. ਰਾਨੀ ਦੇ ਸੰਗੀਤ ਵਿੱਚ 4 ਏਕਲ ਗੀਤ ਤੇ ਇੱਕ ਦੋਗਾਣਾ ਗੀਤ ਮੁਕੇਸ਼ ਨਾਲ ਗਾਇਆ ‘ਜਾ ਪਰਵਾਨੇ ਜਾ ਕਹੀਂ ਸ਼ਮਾ ਜਲ ਰਹੀ ਹੈ’ ਜੋ ਵੀਨਾ ਤੇ ਜੈਰਾਜ ’ਤੇ ਫ਼ਿਲਮਾਇਆ ਗਿਆ। ਇਸੇ ਬੈਨਰ ਦੀ ਹੀ ਫ਼ਿਲਮ ‘ਫੁੱਲਵਾੜੀ’ (1946) ’ਚ ਹੰਸਰਾਜ ਬਹਿਲ ਦੇ ਸੰਗੀਤ ’ਚ ਗੁਲੂਕਾਰਾ ਮੋਹਨਤਾਰਾ ਨਾਲ ਹਮੀਦਾ ਨੇ ਮਿਲ ਕੇ ਇੱਕੋ ਗੀਤ ਗਾਇਆ। ਰਣਜੀਤ ਮੂਵੀਟੋਨ ਦੀ ਹੀ ਅਸਪੀ ਨਿਰਦੇਸ਼ਿਤ ਫ਼ਿਲਮ ‘ਛੀਨ ਲੇ ਆਜ਼ਾਦੀ’ (1947) ’ਚ ਹੰਸਰਾਜ ਬਹਿਲ ਦੇ ਸੰਗੀਤ ’ਚ ਪੰਡਤ ਇੰਦਰ ਦੇ ਲਿਖੇ 3 ਏਕਲ ਗੀਤਾਂ ਨੂੰ ਆਪਣੇ ਸੁਰ ਪ੍ਰਦਾਨ ਕੀਤੇ।
ਰਣਜੀਤ ਮੂਵੀਟੋਨ ਦੀ ਫ਼ਿਲਮ ‘ਕੌਨ ਹਮਾਰਾ ਹੈ’ (1947) ’ਚ ਬੁਲੋ ਸੀ. ਰਾਨੀ ਦੇ ਸੰਗੀਤ ’ਚ ਹਮੀਦਾ ਨੇ ਪੰਡਤ ਇੰਦਰ ਦੇ ਲਿਖੇ 4 ਗੀਤ ਗਾਏ ਜੋ ਅਦਾਕਾਰਾ ਰੂਪਾ ’ਤੇ ਫ਼ਿਲਮਾਏ ਗਏ। ਇਸੇ ਬੈਨਰ ਦੀ ਹੀ ਤੈਮੂਰ ਬੈਹਰਾਮਾਸ਼ਾ ਨਿਰਦੇਸ਼ਿਤ ਫ਼ਿਲਮ ‘ਲਾਖੋਂ ਮੇਂ ਏਕ’ (1947) ’ਚ ਹਮੀਦਾ ਨੇ ਹੰਸਰਾਜ ਬਹਿਲ ਦੇ ਸੰਗੀਤ ’ਚ ਪੰਡਤ ਇੰਦਰ ਦੇ ਲਿਖੇ 5 ਖ਼ੂਬਸੂਰਤ ਏਕਲ ਗੀਤ ਗਾਏ। ਰਣਜੀਤ ਦੀ ਹੀ ਫ਼ਿਲਮ ‘ਦੁਨੀਆ ਏਕ ਸਰਾਏ’ (1947) ’ਚ ਹਮੀਦਾ ਨੇ ਹੰਸ ਰਾਜ ਬਹਿਲ ਦੇ ਸੰਗੀਤ ’ਚ ਮੁਕੇਸ਼ ਨਾਲ ਮਿਲ ਕੇ ਇੱਕੋ ਦੋਗਾਣਾ ਗੀਤ ਗਾਇਆ। ਓਰੀਐਂਟਲ ਪਿਕਚਰਜ਼, ਬੰਬੇ ਦੀ ਕੇਦਾਰ ਸ਼ਰਮਾ ਨਿਰਦੇਸ਼ਿਤ ਫ਼ਿਲਮ ‘ਨੀਲ ਕਮਲ’ (1947) ’ਚ ਹਮੀਦਾ ਨੇ ਰਸ਼ੀਦ ਅੱਤਰੇ (ਅੰਮ੍ਰਿਤਸਰ) ਦੇ ਸੰਗੀਤ ’ਚ ਕੇਦਾਰ ਸ਼ਰਮਾ ਦਾ ਲਿਖਿਆ ਦੋਗਾਣਾ ਗੀਤ ‘ਸੋਚਤਾ ਕਯਾ ਹੈ ਸੁਦਰਸ਼ਨ ਚਲਾਨੇ ਵਾਲੇ’ (ਨਾਲ ਮੁਕੇਸ਼) ਅਦਾਕਾਰ ਰਜਿੰਦਰ ਸਿੰਘ ਤੇ ਬਾਲ ਅਦਾਕਾਰ ’ਤੇ ਫ਼ਿਲਮਾਇਆ ਗਿਆ ਸੀ। ਡੀ. ਆਰ. ਡੀ. ਪ੍ਰੋਡਕਸ਼ਨਜ਼, ਬੰਬੇ ਦੀ ਐੱਸ. ਐੱਮ. ਯੂਸਫ਼ ਨਿਰਦੇਸ਼ਿਤ ਫ਼ਿਲਮ ‘ਪਤੀ ਸੇਵਾ’ ਉਰਫ਼ ‘ਔਰਤ ਕਾ ਪਯਾਰ’ (1947) ’ਚ ਹਮੀਦਾ ਨੇ ਗੁਲਸ਼ਨ ਸੂਫ਼ੀ ਦੇ ਸੰਗੀਤ ’ਚ ਵਾਹਿਦ ਕੁਰੈਸ਼ੀ ਦੇ ਲਿਖੇ 3 ਏਕਲ ਗੀਤਾਂ ਨੂੰ ਆਪਣੀ ਆਵਾਜ਼ ਦਿੱਤੀ। ਹਮੀਦਾ ਬਾਨੋ ਨੇ ਸੇਠ ਬ੍ਰਦਰਜ਼ ਪ੍ਰੋਡਕਸ਼ਨਜ਼, ਬੰਬੇ ਦੀ ਫ਼ਿਲਮ ‘ਤੋਹਫ਼ਾ’ (1947) ’ਚ ਐੱਮ. ਏ. ਰਾਊਫ਼ (ਉਸਮਾਨੀਆ) ਦੇ ਸੰਗੀਤ ’ਚ 2 ਦੋਗਾਣਾ ਗੀਤ ਮੁਕੇਸ਼ ਨਾਲ ਗਾਏ। ਨਵਾਜ਼ ਪਿਕਚਰਜ਼, ਬੰਬੇ ਦੀ ਫ਼ਿਲਮ ‘ਖ਼ੌਫ਼ਨਾਕ ਆਂਖੇਂ’ (1947) ’ਚ ਉਸ ਨੇ ਨਿਸਾਰ ਬਜ਼ਮੀ ਦੇ ਸੰਗੀਤ ’ਚ 2 ਗੀਤ ਗਾਏ। ਏ. ਐੱਚ. ਖ਼ਾਨ ਦੇ ਫ਼ਿਲਮਾਜ਼ ਅਦਾਰੇ ਬੁੱਤਕਦਾ ਪ੍ਰੋਡਕਸ਼ਨਜ਼, ਲਾਹੌਰ ਦੀ ਫ਼ਿਲਮ ‘ਬੁੱਤ ਤਰਾਸ਼’ (1947) ’ਚ ਉਸ ਨੇ ਭਾਈ ਗ਼ੁਲਾਮ ਹੈਦਰ ‘ਅੰਮ੍ਰਿਤਸਰੀ’ ਦੇ ਸੰਗੀਤ ’ਚ 2 ਗੀਤ ਗਾਏ, ਜਿਨ੍ਹਾਂ ਦੀ ਰਿਕਾਰਡਿੰਗ ਬੰਬਈ ਹੋਈ। ਮੋਹਨ ਪਿਕਚਰਜ਼, ਬੰਬੇ ਦੀ ਫ਼ਿਲਮ ‘ਜਾਦੂਈ ਅੰਗੂਠੀ’ (1948) ’ਚ ਉਸ ਨੇ ਉਸਤਾਦ ਅੱਲਾ ਰੱਖਾ ਕੁਰੈਸ਼ੀ ਦੇ ਸੰਗੀਤ ’ਚ ਕੁਝ ਗੀਤ ਗਾਏ। ਗ੍ਰੇਟ ਇੰਡੀਆ ਪਿਕਚਰਜ਼, ਬੰਬੇ ਦੀ ਫ਼ਿਲਮ ‘ਪਰਾਈ ਆਗ’ (1948) ’ਚ ਹਮੀਦਾ ਨੇ ਗ਼ੁਲਾਮ ਮੁਹੰਮਦ ਦੇ ਸੰਗੀਤ ’ਚ ਸਿਰਫ਼ 3 ਗੀਤ ਗਾਏ। ਆਈਨਾ ਪਿਕਚਰਜ਼, ਬੰਬੇ ਦੀ ਫ਼ਿਲਮ ‘ਗ੍ਰਹਿਸਥੀ’ (1948) ’ਚ ਉਸ ਨੇ 2 ਗੀਤ ਗਾਏ, ਜਿਨ੍ਹਾਂ ’ਚ ਇੱਕ ਗੀਤ ’ਚ ਸ਼ਮਸ਼ਾਦ ਬੇਗ਼ਮ ਨਾਲ ਆਵਾਜ਼ ਸਾਂਝੀ ਕੀਤੀ।
ਸ਼ਮਾ ਪ੍ਰੋਡਕਸ਼ਨਜ਼, ਬੰਬੇ ਦੀ ਫ਼ਿਲਮ ‘ਧੂਮ ਧਾਮ’ (1949) ’ਚ ਸੂਫ਼ੀ ਸਮਾਜ ਦੇ ਸੰਗੀਤ ’ਚ ਉਸ ਨੇ 2 ਗੀਤ ਗਾਏ। ਅਚਾਰੀਆ ਆਰਟ ਪ੍ਰੋਡਕਸ਼ਨਜ਼, ਬੰਬੇ ਦੀ ਫ਼ਿਲਮ ‘ਸ਼ੋਹਰਤ’ (1949) ’ਚ ਉਸ ਨੇ ਅਜ਼ੀਜ਼ ਹਿੰਦੀ ਦੇ ਸੰਗੀਤ ’ਚ 3 ਗੀਤ, ਜਿਨ੍ਹਾਂ ’ਚੋਂ ਇੱਕ ਰੁਮਾਨੀ ਗੀਤ ਮੁਹੰਮਦ ਰਫ਼ੀ ਨਾਲ ‘ਲੂਟ ਰਖਾ ਹੈ ਹਸੀਨੋਂ ਨੇ ਜ਼ਮਾਨਾ’ ਜੋ ਅਦਾਕਾਰਾ ਸੋਫ਼ੀਆ ਤੇ ਜੇਯੰਤ ’ਤੇ ਫ਼ਿਲਮਾਇਆ ਗਿਆ। ਹਿੰਦੋਸਤਾਨ ਚਿੱਤਰ, ਬੰਬੇ ਦੀ ਫ਼ਿਲਮ ‘ਰਿਮਝਿਮ’ (1949) ’ਚ ਪੰਡਤ ਖੇਮਚੰਦ ਪ੍ਰਕਾਸ਼ ਦੇ ਸੰਗੀਤ ’ਚ ਹਮੀਦਾ ਨੇ ਇੱਕ ਗੀਤ ‘ਆਏ ਹੈਂ ਦਿਨ ਸਾਵਨ ਕੇ’ (ਨਾਲ ਸ਼ਮਸ਼ਾਦ ਬੇਗ਼ਮ, ਸ਼ਾਂਤੀ) ਗਾਇਆ ਜੋ ਅਦਾਕਾਰਾ ਰਮੋਲਾ ਤੇ ਸਹੇਲੀਆਂ ਉੱਤੇ ਫ਼ਿਲਮਾਇਆ ਗਿਆ ਖ਼ੂਬਸੂਰਤ ਗੀਤ ਹੈ। ਨਿਊ ਬੰਬੇ ਥੀਏਟਰਜ਼, ਬੰਬੇ ਦੀ ਫ਼ਿਲਮ ‘ਤਾਰਾ’ (1949) ’ਚ ਵਿਨੋਦ ਦੇ ਸੰਗੀਤ ’ਚ ਹਜ਼ਰਤ ਅਜ਼ੀਜ਼ ਕਸ਼ਮੀਰੀ ਦਾ ਲਿਖਿਆ ਇੱਕ ਗੀਤ ਹਮੀਦਾ ਨੇ ਗਾਇਆ ‘ਤੇਰੇ ਮਨ ਕੀ ਕਲੀ ਮੁਸਕਾਈ ਜੀ’ ਜੋ ਅਦਾਕਾਰਾ ਸ਼ਿਆਮਾ ’ਤੇ ਫ਼ਿਲਮਾਇਆ ਗਿਆ। ਹਬੀਬ ਸਰਹੱਦੀ ਦੇ ਫ਼ਿਲਮਸਾਜ਼ ਅਦਾਰੇ ਹਬੀਬ ਪ੍ਰੋਡਕਸ਼ਨਜ਼, ਬੰਬੇ ਦੀ ਫ਼ਿਲਮ ‘ਜ਼ੇਵਰਾਤ’ (1949) ’ਚ ਹੰਸ ਰਾਜ ਬਹਿਲ ਦੇ ਸੰਗੀਤ ’ਚ ਉਸ ਨੇ ਹਬੀਬ ਸਰਹੱਦੀ ਦਾ ਲਿਖਿਆ ਇੱਕ ਗੀਤ ਸ਼ਾਂਤਾ ਕੁੰਵਰ ਤੇ ਸਾਥਣਾਂ ਨਾਲ ਗਾਇਆ ਸੀ।
1950ਵਿਆਂ ਦੇ ਦਹਾਕੇ ’ਚ ਬਣੀਆਂ ਹਿੰਦੀ ਫ਼ਿਲਮਾਂ ’ਚ ਆਕਾਸ਼ ਚਿੱਤਰ, ਬੰਬੇ ਦੀ ਫ਼ਿਲਮ ‘ਹੰਸਤੇ ਆਂਸੂ’ (1950) ’ਚ ਉਸ ਨੇ ਗ਼ੁਲਾਮ ਮੁਹੰਮਦ ਦੇ ਸੰਗੀਤ ’ਚ ਸ਼ਮਸ਼ਾਦ ਬੇਗ਼ਮ ਨਾਲ ਮਿਲ ਕੇ ਇੱਕੋ ਗੀਤ ਗਾਇਆ ‘ਓ ਜਾਨੇ ਵਾਲੇ ਠਹਿਰ ਜਾ’। ਜੁਬਿਲੀ ਪਿਕਚਰਜ਼, ਬੰਬੇ ਦੀ ਫ਼ਿਲਮ ‘ਰਾਜਪੂਤ’ (1951) ’ਚ ਉਸ ਨੇ ਹੰਸਰਾਜ ਬਹਿਲ ਦੇ ਸੰਗੀਤ ’ਚ ਇੱਕ ਗੀਤ ‘ਛੁਪਨੇ ਕੇ ਲੀਏ ਹੈ ਨਾ ਛੁਪਾਨੇ ਕੇ ਲੀਏ ਹੈ’ (ਨਾਲ ਗੀਤਾ ਰਾਏ) ਗਾਇਆ ਜੋ ਸੁਰੱਈਆ ਤੇ ਕੁਲਦੀਪ ਕੌਰ ’ਤੇ ਫ਼ਿਲਮਾਇਆ ਗਿਆ। ਸਨਰਾਈਜ਼ ਪਿਕਚਰਜ਼, ਬੰਬੇ ਦੀ ਫ਼ਿਲਮ ‘ਅੰਜਾਮ’ (1952) ’ਚ ਹਮੀਦਾ ਨੇ ਮਦਨ ਮੋਹਨ ਦੇ ਸੰਗੀਤ ’ਚ ਇੱਕ ਗੀਤ ਗਾਇਆ ‘ਮੱਕੀ ਕੇ ਖੇਤੋਂ ਮੇਂ ਆਨਾ ਹੋ ਪੀਆ’। ਮੁਰਲੀ ਮੂਵੀਟੋਨ, ਬੰਬੇ ਦੀ ਰਾਮ ਦਰਯਾਨੀ ਨਿਰਦੇਸ਼ਿਤ ਹਿੰਦੀ ਫ਼ਿਲਮ ‘ਮਜਬੂਰੀ’ ਉਰਫ਼ ‘ਛੋਟੀ ਬਹਨ’ (1954) ਹਮੀਦਾ ਬਾਨੋ ਦੀ ਪਸ-ਏ-ਪਰਦਾ ਗੁਲੂਕਾਰਾ ਵਜੋਂ ਆਖ਼ਰੀ ਫ਼ਿਲਮ ਕਰਾਰ ਪਾਈ। ਇਸ ਫ਼ਿਲਮ ਵਿੱਚ ਉਸ ਨੇ ਸੰਗੀਤਕਾਰ ਰੌਬਿਨ ਚੈਟਰਜੀ ਦੇ ਮੁਰੱਤਬਿ ਸੰਗੀਤ ਵਿੱਚ ਡੀ. ਐੱਨ. ਮਧੋਕ ਦਾ ਲਿਖਿਆ ਭਗਤੀ ਗੀਤ ਗਾਇਆ ‘ਤੇਰੇ ਪੂਜਨ ਕੋ ਭਗਵਾਨ ਬਨਾ ਮਨ ਮੰਦਿਰ ਆਲੀਸ਼ਾਨ’ (ਨਾਲ ਆਸ਼ਾ ਭੌਸਲੇ) ਜੋ ਬੜਾ ਪਸੰਦ ਕੀਤਾ ਗਿਆ।
ਇਸ ਤੋਂ ਇਲਾਵਾ ਹਮੀਦਾ ਬਾਨੋ ਨੇ ਫ਼ਿਲਮ ‘ਸਲਮਾ’ (1943), ‘ਰੰਗੀਲੇ ਦੋਸਤ’, ‘ਲੇਡੀ ਡਾਕਟਰ’, ‘ਮੌਜੀ ਜੀਵਨ’ (1944), ‘ਬਚਪਨ’, ‘ਰਾਮਾਯਣੀ’ (1944), ‘ਮਗਧਰਾਜ’, ‘ਦਰਬਾਨ’, ‘ਇਨਸਾਫ਼’ (1946), ‘ਮਹਿੰਦੀ’, ‘ਦੇਖੋ ਜੀ’, ‘ਪਹਿਲੀ ਪਹਿਚਾਨ’ (1947), ‘ਮਾਂਗ’, ‘ਚੋਰ’ (1950) ਆਦਿ ਫ਼ਿਲਮਾਂ ’ਚ ਸ਼ਾਹਕਾਰ ਗੀਤ ਗਾਏ।
ਹਮੀਦਾ ਨੇ ਸਿਰਫ਼ 2 ਭਾਰਤੀ ਪੰਜਾਬੀ ਫ਼ਿਲਮਾਂ ਵਿੱਚ ਨਗ਼ਮਾਸਰਾਈ ਕੀਤੀ। ਪਹਿਲੀ ਜੈਮਿਨੀ ਦੀਵਾਨ ਦੇ ਫ਼ਿਲਮਸਾਜ਼ ਅਦਾਰੇ ਜੈਮਿਨੀ ਦੀਵਾਨ ਪ੍ਰੋਡਕਸ਼ਨਜ਼, ਬੰਬੇ ਦੀ ਰੂਪ ਕੇ. ਸ਼ੋਰੀ ਨਿਰਦੇਸ਼ਿਤ ਪੰਜਾਬੀ ਫ਼ਿਲਮ ‘ਚਮਨ’ (1948), ਜਿਸ ਵਿੱਚ ਵਿਨੋਦ ਦੇ ਸੰਗੀਤ ’ਚ ਹਜ਼ਰਤ ਅਜ਼ੀਜ਼ ਕਸ਼ਮੀਰੀ ਦਾ ਲਿਖਿਆ ਇੱਕ ਗੀਤ ਹਮੀਦਾ ਬਾਨੋ ਨੇ ਗਾਇਆ ‘ਨਿੱਕੀ ਜਿੰਨੀ ਗੱਲੋਂ ਲਾਡੋ ਰਾਣੀ ਰੁੱਸ ਗਈ ਹਾਏ ਮੈਂ ਕੀ ਕਰਾਂ’ (ਨਾਲ ਪੁਸ਼ਪਾ ਚੋਪੜਾ, ਪ੍ਰੇਮ ਲਤਾ)। ਇਹ ਫ਼ਿਲਮ ਵਿੱਚ ਅਦਾਕਾਰਾ ਸੁਰੱਈਆ ਚੌਧਰੀ (ਲਾਹੌਰ), ਸ਼ਿਆਮਾ (ਲਾਹੌਰ) ਤੇ ਮੀਨਾ ਰਾਏ (ਰਾਏਵਿੰਡ) ’ਤੇ ਫ਼ਿਲਮਾਇਆ ਗਿਆ ਬੜਾ ਖ਼ੂਬਸੂਰਤ ਗੀਤ ਸੀ। ਪੰਜਾਬ ਵੰਡ ਤੋਂ ਬਾਅਦ ਬੰਬੇ ’ਚ ਸੈਂਸਰ ਤੇ ਲਾਹੌਰ ਦੇ ਰਤਨ ਸਿਨਮਾ ’ਚ 6 ਅਗਸਤ 1948 ਨੂੰ ਰਿਲੀਜ਼ ਹੋਣ ਵਾਲੀ ਇਹ ਪਹਿਲੀ ਬਲਾਕ ਬਸਟਰ ਪੰਜਾਬੀ ਫ਼ਿਲਮ ਸੀ। ਅੰਮ੍ਰਿਤ ਆਰਟ ਪ੍ਰੋਡਕਸ਼ਨਜ਼ ਲਿਮਟਿਡ, ਬੰਬੇ ਦੀ ਮਜ਼ਾਹੀਆ ਪੰਜਾਬੀ ਫ਼ਿਲਮ ‘ਫੁੱਮਣ’ (1951) ’ਚ ਸੰਗੀਤਕਾਰ ਏ. ਆਰ. ਕੁਰੈਸ਼ੀ ਉਰਫ਼ ਅੱਲਾ ਰੱਖਾ ਕੁਰੈਸ਼ੀ ਨੇ ਹਰੀ ਮਲਿਕ ਦਾ ਲਿਖਿਆ ਇੱਕੋ ਗੀਤ ਹਮੀਦਾ ਬਾਨੋ ਕੋਲੋਂ ਗਵਾਇਆ ‘ਊਈ…ਸੁਣ ਕੇ ਤੇਰੀ ਊਈ ਮੇਰਾ ਦਿਲ ਧੜਕ ਗਿਆ…ਵਾਂਗ ਚਿੜੀ ਦੇ ਫੜਕ ਪਿਆ’ (ਨਾਲ ਆਸ਼ਾ ਭੌਸਲੇ) ਜੋ ਫ਼ਿਲਮ ਵਿੱਚ ਗੀਤਾ ਬਾਲੀ ਤੇ ਸਹੇਲੀਆਂ ’ਤੇ ਫ਼ਿਲਮਾਇਆ ਗਿਆ। ਇਹ ਫ਼ਿਲਮ 4 ਮਈ 1951 ਨੂੰ ਹਰੀ ਪੈਲੇਸ, ਜਲੰਧਰ ਵਿਖੇ ਨੁਮਾਇਸ਼ ਹੋਈ।
1955 ਵਿੱਚ ਹਮੀਦਾ ਬਾਨੋ ਬੰਬਈ ਫ਼ਿਲਮ ਨਗਰੀ ਨੂੰ ਖ਼ੈਰਬਾਦ ਕਹਿ ਕੇ ਲਾਹੌਰ (ਪਾਕਿਸਤਾਨ) ਚਲੀ ਗਈ। ਪਾਕਿਸਤਾਨ ਫ਼ਿਲਮ ਸਨਅਤ ਵਿੱਚ ਉਸ ਨੇ ਗੁੱਡਵਿਲ ਪਿਕਚਰਜ਼, ਲਾਹੌਰ ਦੀ ਮੁਹੰਮਦ ਅਲੀ ਨਿਰਦੇਸ਼ਿਤ ਉਰਦੂ ਫ਼ਿਲਮ ‘ਮੁਮਤਾਜ਼’ (1958) ਵਿੱਚ ਸ਼ਹਿਰਯਾਰ ਦੇ ਸੰਗੀਤ ’ਚ ਇੱਕ ਗੀਤ ਗਾਇਆ ‘ਸੋਏ ਚਾਂਦ ਤਾਰੇ ਸੋਏ ਸਬ ਨਜ਼ਾਰੇ’ ਪਰ ਫ਼ਿਲਮ ਵਿੱਚ ਇਹ ਗੀਤ ਸ਼ਾਮਿਲ ਨਹੀਂ ਕੀਤਾ ਜਦੋਂਕਿ ਰਿਕਾਰਡਾਂ ’ਤੇ ਇਹ ਗੀਤ ਹਮੀਦਾ ਦੇ ਨਾਮ ਨਾਲ ਦਰਜ ਹੈ। ਉਪਰੰਤ ਇਹੀ ਗੀਤ ਸ਼ਹਿਰਯਾਰ ਨੇ ਨਸੀਮ ਬੇਗ਼ਮ ਕੋਲੋਂ ਗਵਾ ਕੇ ਫ਼ਿਲਮ ਵਿ਼ਚ ਸ਼ਾਮਿਲ ਕਰ ਲਿਆ ਸੀ। ਇਸ ਤੋਂ ਬਾਅਦ ਉਸ ਨੇ ਕਿਸੇ ਵੀ ਪਾਕਿਸਤਾਨੀ ਫ਼ਿਲਮ ਵਿੱਚ ਗੀਤ ਨਹੀਂ ਗਾਏ। ਉਹ ਰੇਡੀਓ ਸਟੇਸ਼ਨ, ਲਾਹੌਰ ਉੱਤੇ ਕੁਝ ਸਮੇਂ ਤੱਕ ਆਪਣੇ ਗੀਤ ਪੇਸ਼ ਕਰਦੀ ਰਹੀ, ਪਰ ਜੋ ਮਕਬੂਲੀਅਤ ਅਤੇ ਸ਼ੋਹਰਤ ਉਸ ਨੂੰ ਭਾਰਤੀ ਫ਼ਿਲਮ ਸਨਅਤ ਵਿੱਚ ਮਿਲੀ, ਉਹ ਮੁਕਾਮ ਪਾਕਿਸਤਾਨ ਫ਼ਿਲਮ ਸਨਅਤ ਵਿੱਚ ਨਾ ਪਾ ਸਕੀ। ਅਖ਼ੀਰਨ ਹਮੀਦਾ ਬਾਨੋ 11 ਸਤੰਬਰ 2007 ਨੂੰ 79 ਸਾਲਾਂ ਦੀ ਉਮਰ ’ਚ ਲਾਹੌਰ ਵਿੱਚ ਅਕਾਲ ਚਲਾਣਾ ਕਰ ਗਈ। ਉਸ ਦੇ ਪਰਿਵਾਰ ਵਿੱਚ ਇੱਕ ਪੁੱਤ ਅਰਸ਼ਦ ਭੱਟੀ (ਰੰਗਮੰਚ ਅਦਾਕਾਰ) ਹੈ ਤੇ ਇੱਕ ਧੀ ਵੀ ਹੈ।
ਸੰਪਰਕ: 97805-09545