ਸਾਂਵਲ ਧਾਮੀ
ਅਸੀਂ ਮੈਦਾਨੀ ਇਲਾਕਿਆਂ ਦੇ ਜੰਮੇ-ਜਾਏ ਕਦੇ-ਕਦਾਈਂ ਪਹਾੜਾਂ ਵੱਲ ਗੇੜਾ ਮਾਰਨ ਤੁਰ ਜਾਂਦੇ ਹਾਂ। ਦੋ-ਚਾਰ ਦਿਨ ਕੁਦਰਤ ਦੇ ਰੰਗਾਂ ਨੂੰ ਮਾਣਦੇ ਹਾਂ। ਸਫ਼ਰ ਦੀਆਂ ਖ਼ੂਬਸੂਰਤ ਯਾਦਾਂ ਅਤੇ ਬੋਝਲ ਜਿਹੀ ਥਕਾਵਟ ਲਈ ਘਰ ਪਰਤ ਆਉਂਦੇ ਹਾਂ। ਉੱਚੇ-ਉੱਚੇ ਪਹਾੜ, ਡਰਾਉਣੀਆਂ ਖੱਡਾਂ, ਅੰਬਰ ਛੂੰਹਦੇ ਦਰਖੱਤ, ਜੱਫੀਆਂ ਪਾਉਂਦੇ ਘੁੱਗੀ-ਰੰਗੇ ਬੱਦਲ ਤੇ ਉੱਘੜ-ਦੁੱਘੜ ਰਾਹਵਾਂ ਸਾਨੂੰ ਕਈ ਦਿਨ ਆਪਣੇ ਚੌਗਿਰਦੇ ਮਹਿਸੂਸ ਹੁੰਦੀਆਂ ਰਹਿੰਦੀਆਂ ਹਨ।
ਕੁਝ ਦਿਨ ਪਹਿਲਾਂ ਮੈਂ ਵੀ ਪਹਾੜਾਂ ਵੱਲ ਗਿਆ ਸਾਂ। ਕੁਦਰਤ ਦੀ ਖ਼ੂਬਸੂਰਤੀ ਮਾਨਣ ਨਹੀਂ ਸਗੋਂ ਮੁਬਾਰਕ ਅਲੀ ਦੀ ਦਰਦ-ਕਹਾਣੀ ਸੁਣਨ। ਉਸ ਦਿਨ ਤੋਂ ਮੈਂ ਮਹਿਸੂਸ ਕਰ ਰਿਹਾ ਹਾਂ ਕਿ ਫ਼ਿਜ਼ਾ ’ਚ ਕੁਝ ਸ਼ਿਕਵੇ ਪੌਣੀ ਸਦੀ ਤੋਂ ਰੁਮਕ ਰਹੇ ਨੇ। ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਕਾਂਗੜਾ ਦੀ ਇਕ ਤਹਿਸੀਲ ਹੈ ਇੰਦੌਰਾ। ਨਿੱਕੀਆਂ-ਨਿੱਕੀਆਂ ਪਹਾੜੀਆਂ ਵਾਲਾ ਇਹ ਇਲਾਕਾ ਪੰਜਾਬ ਦੇ ਨਾਲ ਲੱਗਦਾ ਹੈ। ਇੰਦੌਰ ਤੋਂ ਸੱਪਣੀ ਵਰਗੀ ਨਿੱਕੀ ਜਿਹੀ ਵਲੇਵੇਦਾਰ ਸੜਕ ਮੈਨੂੰ ਘੰਡਰਾਅ ਪਿੰਡ ਤਕ ਲੈ ਗਈ। ਸੜਕ ਦੇ ਦੋਵੇਂ ਕਿਨਾਰਿਆਂ ’ਤੇ ਖੜ੍ਹੇ ਅੰਬਾਂ ਦੇ ਟਾਂਵੇਂ-ਟਾਂਵੇਂ ਦਰੱਖਤ ਮੈਨੂੰ ਪਹਿਰਾ ਦੇ ਰਹੇ ਸਿਪਾਹੀਆਂ ਜਿਹੇ ਮਹਿਸੂਸ ਹੋਏ।
ਮੈਂ ਪਿੰਡ ’ਚ ਦਾਖਲ ਹੋਇਆ। ਪਿੱਪਲ ਦੀ ਛਾਵੇਂ ਸਿਰ ਸੁੱਟੀ ਕੁਝ ਬਜ਼ੁਰਗ ਤਾਸ਼ ਖੇਡ ਰਹੇ ਸਨ। ਮੈਂ ਉਨ੍ਹਾਂ ਨੂੰ ਸਮੂਹਿਕ ਤੌਰ ’ਤੇ ਨਮਸਕਾਰ ਆਖੀ ਤੇ ਮੁਬਾਰਕ ਅਲੀ ਦੇ ਘਰ ਦਾ ਰਾਹ ਪੁੱਛਿਆ। ਪਹਿਲਾਂ ਸੜਕ, ਫਿਰ ਉੱਘੜ-ਦੁੱਘੜ ਗਲੀ ਤੇ ਆਖ਼ਰ ਪਗਡੰਡੀ; ਮੁਬਾਰਕ ਅਲੀ ਦੇ ਘਰ ਤਕ ਪਹੁੰਚਣ ਲਈ ਮੇਰੇ ਪੈਰਾਂ ਨੂੰ ਕਈ ਰੰਗ ਵੇਖਣੇ ਪਏ।
ਦੁਨੀਆਂ ਦੀ ਭੀੜ ਤੋਂ ਦੂਰ, ਨਿੱਕੇ-ਨਿੱਕੇ ਪਹਾੜਾਂ ’ਚ ਵਸਿਆ ਕੋਈ ਸ਼ਖ਼ਸ ਕਿਸੇ ਓਪਰੇ ਬੰਦੇ ਨੂੰ ਆਪਣਾ ਦਰਦ ਕਿਉਂ ਸੁਣਾਏਗਾ? ਬਾਂਸਾਂ ਵਾਲੇ ਗੇਟ ਮੂਹਰੇ ਖੜ੍ਹਾ ਮੈਂ ਸੋਚ ਰਿਹਾ ਸਾਂ।
ਨੁਕੀਲੀਆਂ ਛੱਤਾਂ ਵਾਲੇ ਘਰ ਮੂਹਰੇ ਬੈਠਾ ਮੁਬਾਰਕ ਅਲੀ ਬੜੇ ਤਪਾਕ ਨਾਲ ਮਿਲਿਆ। ਪਰਿਵਾਰ ਦੇ ਸਾਰੇ ਜੀਅ ਹੱਥਲੇ ਕੰਮ ਛੱਡ ਕੇ ਮੈਨੂੰ ਜਗਿਆਸਾ ਨਾਲ ਵੇਖਣ ਲੱਗੇ। ਮੁਬਾਰਕ ਅਲੀ ਨੇ ਮੇਰਾ ਅਤੇ ਮੇਰੇ ਟੱਬਰ ਦਾ ਹਾਲ ਪੁੱਛਿਆ। ਜਿਉਂ ਮੈਂ ਉਹਦਾ ਨੇੜੇ ਦਾ ਰਿਸ਼ਤੇਦਾਰ ਹੋਵਾਂ, ਪਰ ਬੜੀ ਦੇਰ ਬਾਅਦ ਮਿਲਿਆ ਹੋਵੇ। ਗੱਲ ਤੁਰੀ। ਮੈਂ ਆਪਣਾ ਨਾਂ-ਪਤਾ ਦੱਸਿਆ। ਆਉਣ ਦਾ ਮਕਸਦ ਵੀ ਦੱਸਿਆ।
“ਤੁਹਾਨੂੰ ਮੇਰੇ ਬਾਰੇ ਕਿੱਥੂ ਪਤਾ ਲੱਗਿਆ?” ਸਲੀਕੇ ਭਰੀ ਜਗਿਆਸਾ ਨੂੰ ਹਲਕੀ ਜਿਹੀ ਮੁਸਕਾਨ ’ਚ ਗੁੰਨ੍ਹ ਕੇ ਉਹਨੇ ਸਵਾਲ ਕੀਤਾ।
ਕੁਝ ਮਹੀਨੇ ਪਹਿਲਾਂ ਮੈਂ ਮੁਬਾਰਕ ਅਲੀ ਦੀ ਸੱਸ ਬੀਬੀ ਬਰਕਤੇ ਨੂੰ ਮਿਲਿਆ ਸਾਂ। ਉਹ ਵੀ ਕਾਂਗੜੇ ਦੇ ਖ਼ੂਬਸੂਰਤ ਪਿੰਡ ਰੇਅ ’ਚ ਰਹਿੰਦੀ ਹੈ। ਉਸ ਪਿੰਡ ਲਾਗਿਓਂ ਬਿਆਸ ਦਰਿਆ ਲੰਘਦਾ ਹੈ। ਦਰਿਆ ਦੇ ਕੰਢੇ ਮੁਸਲਮਾਨ ਮਲਾਹਾਂ ਦੀ ਬਸਤੀ ਹੈ। ਇਸ ਬਸਤੀ ’ਚ ਬੀਬੀ ਬਰਕਤੇ ਦਾ ਆਪਣਾ ਘਰ ਅਤੇ ਹੱਸਦਾ-ਵੱਸਦਾ ਪਰਿਵਾਰ ਹੈ।
ਉਹ ਸੰਤਾਲੀ ਤੋਂ ਪਹਿਲਾਂ ਵਿਆਹੀ ਹੋਈ ਸੀ। ਦੇਸ਼ ਦੀ ਵੰਡ ਸਮੇਂ ਉਹਦੇ ਮਾਪੇ ਅਤੇ ਭੈਣ-ਭਾਈ ਜਦੋਂ ਪਿੰਡ ਛੱਡ ਕੇ ਤੁਰੇ ਤਾਂ ਉਨ੍ਹਾਂ ’ਤੇ ਹਮਲਾ ਹੋ ਗਿਆ। ਉਹਦੇ ਮਾਪੇ ਤੇ ਭੈਣ ਭਾਈ ਮਾਰੇ ਗਏ। ਸਿਰਫ਼ ਉਹਦਾ ਚਾਚਾ ਪਾਕਿਸਤਾਨ ਪਹੁੰਚਿਆ। ਬੜੇ ਵਰ੍ਹਿਆਂ ਬਾਅਦ ਉਹਨੇ ਆਪਣੀ ਭਤੀਜੀ ਨੂੰ ਖ਼ਤ ਲਿਖਵਾਇਆ। ਆਪਣੀ ਦਰਦ-ਕਹਾਣੀ ਲਿਖੀ। ਬਰਕਤੇ ਬੀਬੀ ਨੂੰ ਉਸ ਦਿਨ ਆਪਣੇ ਮਾਪਿਆਂ ਦੀ ਮੌਤ ਦੀ ਮਨਹੂਸ ਖ਼ਬਰ ਮਿਲੀ। ਉਹਨੇ ਆਪਣੇ ਘਰ ’ਚ ਸੱਥਰ ਵਿਛਾਇਆ। ਦਰਿਆ ਕਿਨਾਰੇ ਮਲਾਹਾਂ ਦੇ ਵੀਹ-ਪੰਝੀ ਘਰ ਵੱਸਦੇ ਨੇ। ਉਹ ਕਈ ਦਿਨ ਬੀਬੀ ਬਰਕਤੇ ਕੋਲ ਉਹਦੇ ਮਾਪਿਆਂ ਦਾ ਅਫ਼ਸੋਸ ਕਰਨ ਆਉਂਦੇ ਰਹੇ। ਉਨ੍ਹਾਂ ਦੀ ਮੌਤ ਤੋਂ ਤਕਰੀਬਨ ਦਸ ਵਰ੍ਹੇ ਬਾਅਦ।
ਚਾਚੇ ਦਾ ਵੀ ਓਧਰ ਕੋਈ ਹੋਰ ਨਹੀਂ ਸੀ। ਉਹ ਆਪਣੀ ਭਤੀਜੀ ਨੂੰ ਇਕ ਵਾਰ ਮਿਲ ਕੇ ਜਾਣ ਲਈ ਆਖਣ ਲੱਗਾ। ਵੰਡ ਤੋਂ ਕੋਈ ਚਾਲੀ ਵਰ੍ਹੇ ਬਾਅਦ ਬਰਕਤੇ ਬੀਬੀ ਓਧਰ ਗਈ। ਕਈ ਦੇਰ ਚਾਚੇ ਦੇ ਗਲ਼ ਲੱਗ ਕੇ ਰੋਂਦੀ ਰਹੀ। ਚਾਚੇ ਕੋਲੋਂ ਹਮਲੇ ਦੀ ਪੂਰੀ ਕਹਾਣੀ ਸੁਣੀ। ਚਾਚੇ ਨੇ ਉਸ ਨੂੰ ਮੰਜੇ ’ਤੇ ਬਿਠਾ ਦਿੱਤਾ। ਆਪਣੇ ਹੱਥੀਂ ਚਾਹ ਬਣਾ ਕੇ ਪਿਲਾਈ। ਫਿਰ ਆਟਾ ਗੁੰਨ੍ਹਿਆ। ਰੋਟੀ ਖਿਲਾਈ। ਬਰਕਤੇ ਬੀਬੀ ਨੇ ਬਥੇਰਾ ਆਖਿਆ ਕਿ ਇਹ ਕੰਮ ਉਹ ਕਰ ਦਿੰਦੀ ਹੈ। ਉਹ ਨਾ ਮੰਨਿਆ। ਇਕੋ ਗੱਲ ਕਹਿੰਦਾ ਰਿਹਾ-ਇਸ ਦੁਨੀਆਂ ’ਚ ਅੱਧੀ ਸਦੀ ਬਾਅਦ ਮੈਨੂੰ ਮੇਰਾ ਕੋਈ ਆਪਣਾ ਮਿਲ਼ਣ ਆਇਆ। ਉਹਨੂੰ ਮੈਂ ਰੋਟੀ ਵੀ ਨਹੀਂ ਖੁਆ ਸਕਦਾ!
ਰੋਟੀ ਖਾਣ ਬਾਅਦ ਉਹ ਗੱਲਾਂ ਕਰਨ ਬੈਠ ਗਏ। ਚਾਚੇ ਨੇ ਹਉਕਾ ਭਰਦਿਆਂ ਆਖਿਆ-ਕੁੜੇ ਬਰਕਤੇ, ਕਿੱਡਾ ਵੱਡਾ ਟੱਬਰ ਹੁੰਦਾ ਸੀ ਆਪਣਾ। ਚੰਦਰੇ ਸੰਤਾਲੀ ਨੇ ਖਾ ਸਾਰਾ ਲਿਆ।
ਮਾਰਨ ਵਾਲੇ ਕੌਣ ਸਨ- ਬਰਕਤੇ ਨੇ ਸਵਾਲ ਕੀਤਾ।
ਚਾਚਾ ਕੁਝ ਪਲ ਚੁੱਪ ਰਿਹਾ। ਫਿਰ ਉਦਾਸ ਆਵਾਜ਼ ’ਚ ਬੋਲਿਆ-ਬਹੁਤੇ ਤਾਂ ਬਾਹਰਲੇ ਸਨ। ਨਾਲ ਪਿੰਡ ਵਾਲੇ ਵੀ ਰਲੇ ਹੋਏ ਸਨ।
ਪਿੰਡ ਵਾਲੇ ਕੌਣ ਸਨ-ਬੀਬੀ ਬਰਕਤੇ ਨੇ ਅਗਾਂਹ ਸਵਾਲ ਕੀਤਾ।
ਚਾਚਾ ਨਹੀਂ ਸੀ ਚਾਹੁੰਦਾ ਕਿ ਭਤੀਜੀ ਨੂੰ ਉਹਦੇ ਮਾਪਿਆਂ ਅਤੇ ਭੈਣ-ਭਰਾਵਾਂ ਦੇ ਕਾਤਲਾਂ ਦਾ ਨਾਂ ਦੱਸੇ। ਉਹ ਕੁਝ ਦੇਰ ਆਸੇ-ਪਾਸੇ ਦੀਆਂ ਗੱਲਾਂ ਕਰਦਾ ਰਿਹਾ। ਬਰਕਤੇ ਬੀਬੀ ਬੱਚਿਆਂ ਵਾਂਗ ਜ਼ਿੱਦ ਕਰਨ ਲੱਗੀ। ਆਖ਼ਰ ਉਹਨੇ ਨਾਂ ਦੱਸੇ। ਬਰਕਤੇ ਚੁੱਪ ਹੋ ਗਈ।
ਉਹ ਪੰਦਰਾਂ ਦਿਨ ਆਪਣੇ ਚਾਚੇ ਕੋਲ ਰਹੀ। ਜਦੋਂ ਮੁੜੀ ਤਾਂ ਡਾਹਢੀ ਉਦਾਸ ਸੀ। ਪੁੱਤਰਾਂ ਨੇ ਕਾਰਨ ਪੁੱਛਿਆ ਤਾਂ ਧਾਹ ਮਾਰਕੇ ਬੋਲੀ- ‘ਪਹਿਲਾਂ ਮੈਂ ਜਾਂਦੀ ਥੀ। ਓਥੋਂ ਦੇ ਹਿੰਦੂ-ਸਿੱਖ ਮੈਨੂੰ ਧੀਆਂ ਵਾਂਗ ਮੰਨਦੇ ਥੇ, ਪਰ ਚਾਚੇ ਨੇ ਜੋ ਦੱਸਿਆ ਮੇਰਾ ਦਿਲ ਟੁੱਟੀ ਗਿਆ। ਹੁਣ ਕਦੇ ਨਹੀਂ ਜਾਣਾ ਓਥੇ। ਬਸ ਇੱਥੇ ਮਰੀ ਜਾਣਾ।’
ਬੀਬੇ ਬਰਕਤੇ ਨੇ ਆਪਣੇ ਬੱਚਿਆਂ ਦੀਆਂ ਗੱਲਾਂ ਕਰਦਿਆਂ ਆਪਣੀ ਧੀ ਦਾ ਜ਼ਿਕਰ ਕੀਤਾ ਸੀ ਜੋ ਮੁਬਾਰਕ ਅਲੀ ਨਾਲ ਵਿਆਹੀ ਹੋਈ ਸੀ। ਮੈਂ ਮੁਬਾਰਕ ਹੋਰਾਂ ਦੀ ਥੋੜ੍ਹੀ ਜਿਹੀ ਕਹਾਣੀ ਉਹਦੀ ਸੱਸ ਕੋਲੋਂ ਵੀ ਸੁਣੀ ਹੋਈ ਸੀ, ਪਰ ਮੈਂ ਉਹ ਸਭ ਕੁਝ ਮੁਬਾਰਕ ਹੁਰਾਂ ਦੇ ਮੂੰਹੋਂ ਸੁਣਨਾ ਚਾਹੁੰਦਾ ਸਾਂ।
ਜਦੋਂ ਮੈਂ ਮੁਬਾਰਕ ਹੁਰਾਂ ਨੂੰ ਰੇਅ ਜਾਣ ਦੀ ਕਹਾਣੀ ਸੁਣਾਈ ਤਾਂ ਉਹ ਆਪਣਾ ਦੁਖ ਸੁਣਾਉਣ ਲਈ ਮੰਨ ਗਏ।
“ਇਹ ਮੇਰਾ ਨਾਨਕਾ ਪਿੰਡ ਏ। ਮੇਰੇ ਮਾਤਾ ਦਾ ਨਿਕਾਹ ਹੋਇਆ ਥਾ, ਚਨੌਰ। ਇੰਦੌਰੇ ਤੋਂ ਇਕ ਕਿਲੋਮੀਟਰ ਦੂਰ। ਮੇਰੇ ਅੱਬਾ ਕਾ ਨਾਂ ਥਾ ਦੀਨ ਮੁਹੰਮਦ। ਦਾਦਾ ਥਾ ਫ਼ਕੀਰ ਮੁਹੰਮਦ। ਸੰਤਾਲੀ ਮੇਂ ਮੇਰਾ ਜਨਮ ਹੋਣਾ ਥਾ। ਮਾਰਸ਼ਾਲਾ ਪਈ ਗਿਆ। ਵੱਢ-ਟੁੱਕ ਸ਼ੁਰੂ ਹੋਈ ਗਈ। ਮੇਰਾ ਨਾਨਾ ਇਸ ਪਿੰਡ ਦੇ ਕੁਝ ਬੰਦਿਆਂ ਕੋ ਨਾਲ ਲੈ ਕੇ ਮੇਰੀ ਮਾਂ ਨੂੰ ਇੱਥੇ ਲਈ ਆਇਆ। ਮੇਰਾ ਅੱਬਾ, ਮੇਰੀਆਂ ਫੁੱਫੀਆਂ, ਮੇਰੇ ਦਾਦੀ-ਦਾਦਾ ਚਨੌਰ ਤੋਂ ਚਲੀ ਗਏ ਪਾਕਿਸਤਾਨ।
ਮੇਰੇ ਨਾਨਕੇ ਇੱਥੇ ਟਿਕੇ ਰਹੇ। ਇੱਥੇ ਹੀ ਮੇਰਾ ਜਨਮ ਹੋਇਆ। ਮੈਂ ਜਦੋਂ ਥੋੜ੍ਹਾ ਵੱਡਾ ਹੋਇਆ ਤਾਂ ਮਾਂ ਨੂੰ ਆਪਣੇ ਅੱਬਾ ਬਾਰੇ ਪੁੱਛਣ ਲੱਗਾ। ਬੜੇ ਸਾਲ ਮਾਂ ਕਹਿੰਦੀ ਰਹੀ ਕਿ ਉਹ ਕਿਸੇ ਹੋਰ ਦੇਸ਼ ਮੇਂ ਨੌਕਰੀ ਕਰੀਦਾ ਏ। ਫਿਰ ਪਾਕਿਸਤਾਨ ਤੋਂ ਮੇਰੀ ਭੂਆ ਸਾਨੂੰ ਮਿਲਣ ਆਈ। ਉਹਨੇ ਜਦੋਂ ਮੈਨੂੰ ਬੁੱਕਲ ’ਚ ਲੈ ਕੇ ਧਾਹਾਂ ਮਾਰੀਆਂ ਤਾਂ ਮੈਂ ਹੈਰਾਨ ਹੋਈ ਗਿਆ। ਉਹਨੇ ਮੇਰਾ ਮੁੱਖ ਚੁੰਮਿਆ ਅਤੇ ਬੋਲੀ- ਤੂੰ ਤਾਂ ਨਿਰਾ ਦੀਨ ਮੁਹੰਮਦ ਵਰਗਾ ਏਂ।
ਉਹ ਸਾਡੇ ਕੋਲ ਵੀਹ-ਬਾਈ ਦਿਨ ਰਹੀ। ਉਸ ਕੋਲੋਂ ਮੈਨੂੰ ਅੱਬਾ ਦੀ ਕਹਾਣੀ ਪਤਾ ਲੱਗੀ ਕਿ ਮੇਰਾ ਅੱਬਾ ਮੇਰੀ ਮਾਂ ਨਾਲੋਂ ਨਰਾਜ਼ ਥਾ। ਸੰਤਾਲੀ ਮੇਂ ਜਦੋਂ ਮੇਰਾ ਨਾਨਾ ਘੰਡਰਾਅ ਦੇ ਕੁਝ ਹਿੰਦੂਆਂ ਨੂੰ ਨਾਲ ਲਈ ਕੇ ਚਨੌਰ ਗਿਆ ਥਾ। ਮੇਰਾ ਅੱਬਾ ਰੋਕਦਾ ਰਿਹਾ। ਮੇਰਾ ਦਾਦਾ ਰੋਕਦਾ ਰਿਹਾ, ਪਰ ਉਹ ਨਾ ਮੰਨੇ। ਮੇਰਾ ਨਾਨਾ ਤਾਂ ਇਹ ਵੀ ਚਾਹੁੰਦਾ ਥਾ ਕਿ ਉਹਦਾ ਜਵਾਈ ਵੀ ਆਪਣੀ ਮਾਪੇ ਔਰ ਭੈਣ-ਭਾਈਆਂ ਕੀ ਛੋਡੀ ਕੇ ਉਨ੍ਹਾਂ ਨਾਲ ਤੁਰੀ ਪਏ।
ਮੇਰਾ ਅੱਬਾ ਮਜਬੂਰ ਥਾ। ਨਾ ਉਹ ਮਾਪਿਆਂ ਕੀ ਛੋਡੀ ਸਕਦਾ ਸੀ ਨਾ ਆਪਣੀ ਪਤਨੀ ਕੋ। ਉਹ ਆਪਣੇ ਸਹੁਰੇ ਕੋ ਸਮਝਾਉਂਦਾ ਰਿਹਾ। ਮੇਰੇ ਅੱਬਾ ਨੇ ਹੱਥ ਜੋੜੀ ਲਏ, ਪਰ ਮੇਰਾ ਨਾਨਾ ਨਾ ਮੰਨਿਆ। ਆਖ਼ਰ ਮੇਰੇ ਅੱਬਾ ਨੇ ਬੜੇ ਮਾਣ ਨਾਲ ਆਖਿਆ ਥਾ ਕਿ ਅਗਰ ਉਹਦੀ ਧੀ ਆਪਣੇ ਪਤੀ ਨੂੰ ਛੋਡੀ ਕੇ ਅੱਬਾ ਕੇ ਨਾਲੇ ਜਾਣੇ ਕੋ ਤਿਆਰ ਹੈ ਤਾਂ ਮੈਨੂੰ ਕੋਈ ਇਤਰਾਜ਼ ਨਹੀਂ। ਸ਼ਰਤ ਇਹ ਹੈ ਕਿ ਕੋਈ ਉਹਨੂੰ ਚਨੌਰ ਤੋਂ ਜਾਣ ਨੂੰ ਮਜਬੂਰ ਨਾ ਕਰੇ।
ਨਾਨੇ ਨੇ ਇਹ ਗੱਲ ਮਾਂ ਕੋ ਪੁੱਛੀ ਤਾਂ ਉਹ ਰੋਂਦੀ-ਰੋਂਦੀ ਆਪਣੇ ਅੱਬਾ ਪਿੱਛੇ ਤੁਰੀ ਪਈ। ਮੇਰਾ ਅੱਬਾ ਬੇਵਸ ਖੜ੍ਹਾ ਰਿਹਾ। ਮਾਂ ਨੇ ਤਾਂ ਇਕ ਨਜ਼ਰ ਮੁੜ ਕੇ ਵੀ ਨਾ ਵੇਖਿਆ। ਹਾਲਾਤ ਅਜਿਹੇ ਸਨ ਕਿ ਮੇਰਾ ਅੱਬਾ ਹਿੰਮਤ ਕਰਕੇ ਉਨ੍ਹਾਂ ਦਾ ਰਾਹ ਵੀ ਨਹੀਂ ਸੀ ਰੋਕ ਸਕਦਾ।
ਅੱਬਾ ਆਪਣੇ ਟੱਬਰ ਨਾਲ ਪਾਕਿਸਤਾਨ ਚਲੀ ਗਿਆ। ਓਥੇ ਜਾ ਕੇ ਉਹਨੇ ਮੁੜ ਤੋਂ ਖੱਡੀਆਂ ਲਗਾ ਲਈਆਂ। ਥੋੜ੍ਹਾ ਪੈਰਾਂ ’ਤੇ ਹੋਇਆ ਤਾਂ ਵਿਆਹ ਵੀ ਕਰਵਾਈ ਲਿਆ। ਬੱਚੇ ਹੋਈ ਗਏ, ਪਰ ਉਹਨੇ ਮੇਰੀ ਮਾਂ ਨੂੰ ਕਦੇ ਕੋਈ ਚਿੱਠੀ ਨਾ ਲਿਖੀ।
ਮੈਂ ਭੂਆ ਤੋਂ ਪਤਾ ਲੈ ਕੇ ਖ਼ਤ ਲਿਖਵਾਇਆ। ਕੋਈ ਜਵਾਬ ਨਾ ਆਇਆ। ਫਿਰ ਇਕ ਖ਼ਤ ਹੋਰ ਲਿਖਵਾਇਆ। ਉਹਦਾ ਵੀ ਕੋਈ ਜਵਾਬ ਨਾ ਆਇਆ। ਤੀਜੇ ਖ਼ਤ ’ਤੇ ਅੱਬਾ ਦਾ ਜਵਾਬ ਆਇਆ। ਉਹਨੇ ਲਿਖਿਆ-ਤੂੰ ਮੇਰਾ ਲਹੂ ਏਂ। ਮੇਰਾ ਅੰਸ਼ ਏਂ। ਮੈਂ ਤੈਨੂੰ ਮਰਨ ਤੋਂ ਪਹਿਲਾਂ ਇਕ ਵਾਰ ਹਿੱਕ ਨਾਲ ਲਾਉਣਾ ਚਾਹੁੰਦਾਂ, ਪਰ ਮੈਂ ਉਸ ਔਰਤ ਦੇ ਮੱਥੇ ਨਹੀਂ ਲੱਗਣਾ ਚਾਹੁੰਦਾ। ਉਹ ਮੈਥੋਂ ਓਸ ਵੇਲੇ ਮੂੰਹ ਮੋੜ ਗਈ ਥੀ ਜਦੋਂ ਚੁਫ਼ੇਰੇ ਮੌਤ ਕਾ ਪਹਿਰਾ ਸੀ।
ਮੈਂ ਮਾਂ ਨੂੰ ਆਖਿਆ ਕਿ ਉਹ ਆਪਣੇ ਵੱਲੋਂ ਪਤੀ ਕੋਲੋਂ ਮੁਆਫ਼ੀ ਮੰਗੀ ਲਏ। ਉਹ ਨਾ ਮੰਨੀ। ਉਹਨੇ ਆਖਿਆ ਕਿ ਉਹ ਗਰਭਵਤੀ ਸੀ। ਉਹ ਖਾਵੰਦ ਨਾਲ ਪਾਕਿਸਤਾਨ ਵੱਲ ਕਿਵੇਂ ਤੁਰ ਪੈਂਦੀ! ਉਹਨੂੰ ਮੇਰੀ ਮਜਬੂਰੀ ਸਮਝਣੀ ਚਾਹੀਦੀ ਸੀ। ਉਹਦੇ ਮਾਪਿਆਂ ਕੋਲ ਤਾਂ ਤਿੰਨ ਪੁੱਤਰ ਹੋਰ ਵੀ ਸਨ। ਮੇਰਾ ਤਾਂ ਉਹੀ ਇਕੋ-ਇਕ ਆਸਰਾ ਸੀ। ਉਹਨੇ ਤਾਂ ਓਧਰ ਜਾਈ ਕਿ ਨਿਕਾਹ ਵੀ ਕਰਵਾ ਲਿਆ। ਮੈਂ ਤਾਂ ਸਾਰੀ ਉਮਰ ਇਕੱਲਿਆਂ ਕੱਟੀ ਏ।
ਫਿਰ ਮੈਂ ਬਾਪੂ ਨੂੰ ਮਾਂ ਬਾਰੇ ਲਿਖਵਾਇਆ ਕਿ ਉਹ ਮਾਂ ਦੀ ਮਜਬੂਰੀ ਨੂੰ ਸਮਝੇ ਤੇ ਇਕ ਵਾਰ ਗੇੜਾ ਮਾਰੀ ਜਾਏ। ਮੁੜ ਉਹਦਾ ਕੋਈ ਜਵਾਬ ਨਾ ਆਇਆ। ਥੋੜ੍ਹੂ ਦੇਰ ਬਾਅਦ ਭੂਆ ਦੇ ਪੁੱਤਰ ਕਾ ਖ਼ਤ ਆਇਆ। ਅੱਬਾ ਫੌਤ ਹੋਈ ਗਿਆ ਥਾ। ਮਾਂ ਉਸ ਦਿਨ ਬੜਾ ਰੋਈ ਥੀ। ਆਖਣ ਲੱਗੀ-ਅੱਜ ਰੰਡੀ ਹੋਈ ਤਾਂ ਪਤਾ ਲੱਗਿਆ ਕਿ ਮੈਂ ਵੀ ਸੁਹਾਗਣ ਥੀ। ਹੁਣ ਤਾਂ ਉਹ ਦੋਵੇਂ ਕਬਰੀਂ ਪੈ ਗਏ ਨੇ, ਪਰ ਉਨ੍ਹਾਂ ਇਕ-ਦੂਜੇ ਨੂੰ ਕਦੇ ਮੁਆਫ਼ ਨਾ ਕੀਤਾ।” ਗੱਲ ਮੁਕਾਉਂਦਿਆਂ ਉਹਦਾ ਗੱਚ ਭਰ ਆਇਆ।
“ਤੇ ਤੁਸੀਂ?” ਇਹ ਮੇਰਾ ਆਖ਼ਰੀ ਸਵਾਲ ਸੀ।
“ਮੈਂ ਉਨ੍ਹਾਂ ਦੋਹਾਂ ਨੂੰ ਮੁਆਫ਼ ਨਹੀਂ ਕੀਤਾ!” ਇਹ ਆਖ ਉਹ ਉਦਾਸ ਜਿਹਾ ਹੱਸਿਆ ਤੇ ਭੁੱਬੀਂ ਰੋ ਪਿਆ।
ਸੰਪਰਕ: 97818-43444