ਸੁਰਿੰਦਰ ਕੌਰ ਮਾਨਸਾ
ਰਿਸ਼ਤੇ ਨਵਿਆਉਣ ਦੀ ਯੋਗਤਾ ਹਰ ਇੱਕ ਇਨਸਾਨ ਵਿੱਚ ਨਹੀਂ ਹੁੰਦੀ। ਇਸ ਤਰ੍ਹਾਂ ਵੀ ਕਿਹਾ ਜਾ ਸਕਦਾ ਹੈ ਕਿ ਹਰ ਇੱਕ ਰਿਸ਼ਤਾ ਸਾਰੀ ਜ਼ਿੰਦਗੀ ਪੂਰੇ ਪਿਆਰ ਅਤੇ ਸਤਿਕਾਰ ਨਾਲ ਬਣਿਆ ਰਹੇ, ਇਹ ਖੁਸ਼ੀ ਹਰ ਵਿਅਕਤੀ ਦੇ ਹਿੱਸੇ ਨਹੀਂ ਆਉਂਦੀ। ਹਾਂ! ਕੁਝ ਖੁਸ਼ ਕਿਸਮਤ ਇਨਸਾਨ ਵੀ ਹੁੰਦੇ ਹਨ, ਜਿਨ੍ਹਾਂ ਦੇ ਕਾਫ਼ੀ ਨਜ਼ਦੀਕੀ ਰਿਸ਼ਤੇ ਸਾਰੀ ਉਮਰ ਪਿਆਰ, ਨਿੱਘ ਅਤੇ ਸਤਿਕਾਰ ਭਰੇ ਬਣੇ ਰਹਿੰਦੇ ਹਨ। ਉਹ ਲੋਕ ਸਿਰਫ਼ ਉਂਗਲਾਂ ’ਤੇ ਗਿਣੇ ਜਾਣ ਜਿੰਨੇ ਹੀ ਹੁੰਦੇ ਹਨ।
ਰਿਸ਼ਤੇ ਆਮ ਤੌਰ ’ਤੇ ਦੋ ਤਰ੍ਹਾਂ ਦੇ ਹੁੰਦੇ ਹਨ-ਇੱਕ ਖੂਨ ਦੇ ਰਿਸ਼ਤੇ ਜੋ ਹਰ ਇੱਕ ਆਦਮੀ ਨੂੰ ਕੁਦਰਤ ਵੱਲੋਂ ਮਿਲਦੇ ਹਨ। ਦੂਜੀ ਕਿਸਮ ਦੇ ਰਿਸ਼ਤੇ ਉਹ ਹੁੰਦੇ ਹਨ, ਜਿਨ੍ਹਾਂ ਨੂੰ ਇਨਸਾਨ ਸਮਾਜ ਵਿੱਚ ਵਿਚਰਦੇ ਹੋਏ ਆਪਣੀਆਂ ਜ਼ਰੂਰਤਾਂ ਅਨੁਸਾਰ ਆਪ ਬਣਾਉਂਦਾ ਹੈ। ਹਰ ਰਿਸ਼ਤਾ ਚਾਹੇ ਉਹ ਖੂਨ ਦਾ ਹੈ ਜਾਂ ਆਪਣੇ ਆਪ ਬਣਾਇਆ ਹੋਵੇ, ਹਰ ਰਿਸ਼ਤੇ ਦੀ ਆਪਣੀ ਅਹਿਮੀਅਤ ਹੁੰਦੀ ਹੈ। ਹਰ ਇਨਸਾਨ ਨੂੰ ਚਾਹੀਦਾ ਤਾਂ ਇਹ ਹੈ ਕਿ ਆਪਣੇ ਸਾਰੇ ਰਿਸ਼ਤਿਆਂ ਨੂੰ ਬਣਦੇ ਮਾਣ ਸਤਿਕਾਰ ਨਾਲ ਨਿਭਾਉਂਦਾ ਹੋਇਆ, ਆਪ ਵੀ ਖੁਸ਼ ਰਹੇ ਅਤੇ ਦੂਸਰਿਆਂ ਨੂੰ ਵੀ ਖੁਸ਼ ਰੱਖੇ। ਇਹ ਤਾਂ ਹੀ ਸੰਭਵ ਹੋ ਸਕਦਾ ਹੈ, ਜੇਕਰ ਦੋਵੇਂ ਪਾਸਿਆਂ ਤੋਂ ਸਹਿਯੋਗ ਮਿਲੇ। ਇੱਕ ਤਰਫ਼ ਤੋਂ ਜਿੰਨਾ ਮਰਜ਼ੀ ਕੋਈ ਕੋਸ਼ਿਸ਼ ਕਰੇ, ਰਿਸ਼ਤੇ ਜੋੜ ਕੇ ਰੱਖਣੇ ਮੁਸ਼ਕਿਲ ਹੀ ਨਹੀਂ ਅਸੰਭਵ ਹੁੰਦੇ ਹਨ।
ਅੱਜ-ਕੱਲ੍ਹ ਸਮਾਜ ਵਿੱਚ ਇਨ੍ਹਾਂ ਦੋ ਰਿਸ਼ਤਿਆਂ ਤੋਂ ਇਲਾਵਾ ਤੀਸਰੀ ਕਿਸਮ ਦੇ ਰਿਸ਼ਤੇ ਦੇਖਣ ਵਿੱਚ ਆ ਰਹੇ ਹਨ। ਜਿਨ੍ਹਾਂ ਨੂੰ ਮਤਲਬੀ ਜਾਂ ਲਾਲਚ ਦੇ ਰਿਸ਼ਤੇ ਕਹਿ ਸਕਦੇ ਹਾਂ। ਇਸ ਤਰ੍ਹਾਂ ਬਣਾਏ ਜਾਣ ਵਾਲੇ ਰਿਸ਼ਤੇ ਟਿਕਾਊ ਨਾ ਹੋ ਕੇ ਥੋੜ੍ਹੇ ਸਮੇਂ ਲਈ ਬਣਾਏ ਜਾਂਦੇ ਹਨ। ਲਾਲਚ ਜਾਂ ਮਤਲਬ ਪੂਰਾ ਹੋਣ ਮਗਰੋਂ ਰਿਸ਼ਤੇ ਜਿੰਨੀ ਤੇਜ਼ੀ ਨਾਲ ਬਣਾਏ ਜਾਂਦੇ ਹਨ, ਉਸ ਤੋਂ ਵੀ ਜ਼ਿਆਦਾ ਤੇਜ਼ ਰਫ਼ਤਾਰ ਨਾਲ ਖਤਮ ਹੋ ਜਾਂਦੇ ਹਨ। ਅਜਿਹੇ ਰਿਸ਼ਤਿਆਂ ਵਿੱਚ ਇੱਕ ਧਿਰ ਆਪਣੀ ਚੁਸਤੀ ਕਰਕੇ ਖੁਸ਼ੀ ਮਹਿਸੂਸ ਕਰਦੀ ਹੈ ਅਤੇ ਦੂਜੀ ਧਿਰ ਆਪਣੇ ਆਪ ਨੂੰ ਠੱਗਿਆ ਹੋਇਆ ਸਮਝ ਕੇ ਆਪਣੀ ਬੇਵਕੂਫ਼ੀ ਉੱਪਰ ਪਛਤਾਉਂਦੀ ਹੋਈ ਨਜ਼ਰ ਆਉਂਦੀ ਹੈ। ਇਹ ਰਿਸ਼ਤੇ ਕਦੇ ਵੀ ਜ਼ਿਆਦਾ ਦੇਰ ਨਹੀਂ ਚੱਲਦੇ।
ਸਿਆਣੇ ਕਹਿੰਦੇ ਹਨ ਕਿ ਜ਼ਿੰਦਗੀ ਦੀ ਹਰ ਖੁਸ਼ੀ ਆਪਣਿਆਂ ਨਾਲ ਸਾਂਝੀ ਕਰਕੇ ਦੁੱਗਣੀ ਹੋ ਜਾਂਦੀ ਹੈ। ਜ਼ਿੰਦਗੀ ਦੇ ਦੁੱਖ ਜਾਂ ਗ਼ਮ ਆਪਣਿਆਂ ਨਾਲ ਵੰਡ ਕੇ ਅੱਧੇ ਰਹਿ ਜਾਂਦੇ ਹਨ। ਪਰ ਇਹ ਸਿਆਣਿਆਂ ਦੀਆਂ ਕਹੀਆਂ ਹੋਈਆਂ ਗੱਲਾਂ ਦਾ ਨਾ ਤਾਂ ਅੱਜ-ਕੱਲ੍ਹ ਦੀ ਪੀੜ੍ਹੀ ਕੋਲ ਸੁਣਨ ਦਾ ਸਮਾਂ ਹੈ ਅਤੇ ਨਾ ਹੀ ਸਮਝਣ ਦੀ ਸਮਰੱਥਾ ਹੈ। ਇਹੀ ਕਾਰਨ ਹੈ ਕਿ ਹਰ ਆਦਮੀ ਲੋਕਾਂ ਦੀ ਭੀੜ ਵਿੱਚ ਵੀ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰ ਰਿਹਾ ਹੈ ਅਤੇ ਡਿਪਰੈਸ਼ਨ ਦਾ ਸ਼ਿਕਾਰ ਹੋ ਰਿਹਾ ਹੈ। ਜੇਕਰ ਆਪਣੇ ਸਾਰੇ ਦਿਨ ਦਾ ਲੇਖਾ ਜੋਖਾ ਪਰਿਵਾਰ ਦੇ ਸਾਰੇ ਮੈਂਬਰ ਸ਼ਾਮ ਨੂੰ ਖਾਣੇ ਦੇ ਮੇਜ਼ ’ਤੇ ਬੈਠਦੇ ਸਮੇਂ ਆਪਸ ਵਿੱਚ ਸਾਂਝਾ ਕਰੇ ਤਾਂ ਜ਼ਿੰਦਗੀ ਦੀਆਂ ਅੱਧੀਆਂ ਤੋਂ ਜ਼ਿਆਦਾ ਮੁਸ਼ਕਲਾਂ ਤਾਂ ਆਰਾਮ ਨਾਲ ਹੀ ਖਤਮ ਹੋ ਜਾਂਦੀਆਂ ਹਨ। ਬਾਕੀ ਰਹਿੰਦੀਆਂ ਮੁਸ਼ਕਲਾਂ ਪਰਿਵਾਰ ਦੇ ਸਾਰੇ ਮੈਂਬਰ ਮਿਲ ਕੇ ਹੱਲ ਕਰ ਸਕਦੇ ਹਨ।
ਪੁਰਾਣੇ ਸਮੇਂ ਵਿੱਚ ਜਦੋਂ ਸਾਂਝੇ ਪਰਿਵਾਰ ਹੁੰਦੇ ਸਨ ਤਾਂ ਸਮਾਜ ਵਿੱਚ ਬਿਮਾਰੀਆਂ, ਪਰੇਸ਼ਾਨੀਆਂ, ਦੁੱਖ ਅਤੇ ਕਲੇਸ਼ ਨਾਂਮਾਤਰ ਹੁੰਦੇ ਸਨ। ਗ਼ਮ ਜਾਂ ਮੁਸ਼ਕਲਾਂ ਇੱਕ ਇਕੱਲੇ ਇਨਸਾਨ ਦੀਆਂ ਨਾ ਹੋ ਕੇ ਸਾਰੇ ਪਰਿਵਾਰ ਹੀ ਨਹੀਂ ਸਾਰੇ ਪਿੰਡ ਦੀਆਂ ਸਾਂਝੀਆਂ ਹੁੰਦੀਆਂ ਸਨ। ਇਸ ਕਰਕੇ ਉਨ੍ਹਾਂ ਦਾ ਭਾਰ ਵੀ ਸਭ ਉੱਪਰ ਇੱਕੋ ਜਿੰਨਾ ਪੈਣ ਕਾਰਨ ਇਕੱਲੇ ਆਦਮੀ ਦੇ ਹਿੱਸੇ ਬਹੁਤ ਘੱਟ ਪੈਂਦਾ ਸੀ। ਛੋਟੀ ਉਮਰ ਦੇ ਬੱਚੇ, ਜਵਾਨ ਜਾਂ ਨਵੇਂ ਵਿਆਹੇ ਜੋੜੇ ਤਾਂ ਚਿੰਤਾਵਾਂ ਤੋਂ ਮੁਕਤ ਵਰਗੇ ਹੀ ਹੁੰਦੇ ਸਨ ਕਿਉਂਕਿ ਪਰਿਵਾਰਾਂ ਦੇ ਬਜ਼ੁਰਗ ਇਨ੍ਹਾਂ ਸਭ ਮਸਲਿਆਂ ਦੇ ਹੱਲ ਆਪਣੀ ਉਮਰ ਦੇ ਲੋਕਾਂ ਦੀ ਸਲਾਹ ਨਾਲ ਅਤੇ ਆਪਣੇ ਲੰਬੀ ਉਮਰ ਦੇ ਤਜਰਬਿਆਂ ਤੋਂ ਸੇਧ ਲੈ ਕੇ ਕਰ ਲੈਂਦੇ ਸਨ। ਬਜ਼ੁਰਗਾਂ ਨੇ ਆਪਣੀ ਜੀਵਨ ਯਾਤਰਾ ਵਿੱਚ ਬਹੁਤ ਉਤਰਾਅ ਚੜ੍ਹਾਅ ਵੇਖੇ ਅਤੇ ਹੰਡਾਏ ਹੁੰਦੇ ਸਨ। ਸਿਆਣੇ ਬਜ਼ੁਰਗ ਆਪਣੀ ਜਵਾਨੀ ਸਮੇਂ ਅਣਜਾਣੇ ਵਿੱਚ ਕੀਤੀਆਂ ਗਲਤੀਆਂ ਤੋਂ ਵੀ ਸਿੱਖ ਕੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਰਾਹ ਦਰਸਾਉਣ ਦਾ ਕੰਮ ਕਰਦੇ ਸਨ। ਪਰ ਅੱਜਕੱਲ੍ਹ ਦੇ ਬੱਚੇ ਗਲਤੀਆਂ ਤੋਂ ਸਿੱਖ ਕੇ ਸੁਧਾਰ ਕਰਨ ਦੀ ਬਜਾਏ ਵਾਰ ਵਾਰ ਗਲਤੀਆਂ ਕਰਕੇ ਆਪਣੀ ਜ਼ਿੰਦਗੀ ਵਿੱਚ ਆਪ ਹੀ ਦੁੱਖਾਂ ਦੇ ਪਹਾੜ ਉਸਾਰਦੇ ਦੇਖੇ ਜਾਂਦੇ ਹਨ।
ਗਲਤੀ ਹਰ ਇੱਕ ਆਦਮੀ ਕਰਦਾ ਹੈ, ਪਰ ਜੇਕਰ ਗਲਤੀ ਤੋਂ ਵੀ ਕੁਝ ਸਿੱਖਿਆ ਜਾਵੇ ਤਾਂ ਉਹ ਗਲਤੀ ਨਾ ਹੋ ਕੇ ਆਪਣੇ ਲਈ ਤਾਂ ਸੁੱਖ ਦਾ ਸਾਧਨ ਬਣਦੀ ਹੀ ਹੈ ਸਗੋਂ ਦੂਸਰਿਆਂ ਲਈ ਵੀ ਨਸੀਹਤ ਦਾ ਕੰਮ ਕਰਦੀ ਹੈ। ਇਸ ਕਰਕੇ ਕਹਿੰਦੇ ਹਨ ਕਿ ਭੁੱਲਿਆ ਨਾ ਜਾਣੀਏ, ਜੇਕਰ ਸ਼ਾਮ ਨੂੰ ਘਰ ਮੁੜ ਆਵੇ। ਇਸ ਕਰਕੇ ਅੱਜ ਦੀ ਨੌਜਵਾਨ ਪੀੜ੍ਹੀ ਲਈ ਆਪਣੇ ਰਿਸ਼ਤਿਆਂ ਨੂੰ ਸਮਝਣ ਅਤੇ ਬਣਦਾ ਸਤਿਕਾਰ ਦੇਣ ਦੀ ਪਹਿਲ ਕਰਨ ਦੀ ਬਹੁਤ ਲੋੜ ਹੈ। ਆਪਣੇ ਮਾਤਾ-ਪਿਤਾ ਜਾਂ ਦਾਦੇ-ਦਾਦੀਆਂ, ਨਾਨੇ-ਨਾਨੀਆਂ ਦੇ ਨਾਲ ਸਮਾਂ ਗੁਜ਼ਾਰਦੇ ਹੋਏ ਉਨ੍ਹਾਂ ਦੀ ਜ਼ਿੰਦਗੀ ਦੇ ਚੰਗੇ ਤਜਰਬਿਆਂ ਨੂੰ ਗ੍ਰਹਿਣ ਕਰਨ ਅਤੇ ਮਾੜਿਆਂ ਤੋਂ ਆਪਣੇ ਆਪ ਨੂੰ ਦੂਰ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ, ਤਾਂ ਕਿ ਅਸੀਂ ਆਪਣੇ ਸਮਾਜ ਦੀਆਂ ਪੁਰਾਣੀਆਂ ਕਦਰਾ ਕੀਮਤਾਂ ਅਨੁਸਾਰ ਆਪਣੇ ਰੀਤੀ ਰਿਵਾਜਾਂ ਨੂੰ ਜਿਉਂਦਾ ਹੀ ਨਾ ਰੱਖੀਏ ਸਗੋਂ ਅੱਗੇ ਤੋਂ ਹੋਰ ਵੀ ਵਧੀਆ ਬਣਾ ਸਕੀਏ।
ਸੰਪਰਕ: 94630-20665