ਨਵੀਂ ਦਿੱਲੀ, 4 ਜੁਲਾਈ
ਹਿੰਦੂ ਵਿਰੋਧੀ ਸਮੱਗਰੀ ਖ਼ਿਲਾਫ਼ ਫਿਲਮਸਾਜ਼ਾਂ ਅਤੇ ਓਟੀਟੀ ਪਲੇਟਫਾਰਮਾਂ ਨੂੰ ਚਿਤਾਵਨੀ ਜਾਰੀ ਕਰਨ ਮਗਰੋਂ ਵਿਸ਼ਵ ਹਿੰਦੂ ਪ੍ਰੀਸ਼ਦ (ਵੀਐੱਚਪੀ) ਨੇ ਹੁਣ ਨੈੱਟਫਲਿਕਸ ਨੂੰ ਪੱਤਰ ਲਿਖ ਕੇ ਚਿਤਾਵਨੀ ਦਿੱਤੀ ਹੈ ਕਿ ਊਹ ਕਾਨੂੰਨੀ ਲੜਾਈ ਲਈ ਤਿਆਰ ਰਹੇ ਅਤੇ ਊਸ ਖਿਲਾਫ਼ ਸੜਕਾਂ ’ਤੇ ਪ੍ਰਦਰਸ਼ਨ ਵੀ ਕੀਤੇ ਜਾਣਗੇ। ਵੀਐੱਚਪੀ ਨੇ ਦਾਅਵਾ ਕੀਤਾ ਹੈ ਕਿ ਨੈੱਟਫਲਿਕਸ ਨੇ ਪੰਜ ਵਾਰ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ। ਊਨ੍ਹਾਂ ਲੀਲਾ, ਘੋਲ, ਛਿੱਪਾ, ਸੇਕਰਡ ਗੇਮਜ਼ ਅਤੇ ਕ੍ਰਿਸ਼ਨਾ ਤੇ ਲੀਲਾ ਦੀਆਂ ਮਿਸਾਲਾਂ ਦਿੰਦਿਆਂ ਕਿਹਾ ਕਿ ਊਸ ਦੇ ਪ੍ਰੋਡਿਊਸਰਾਂ ਅਤੇ ਡਾਇਰੈਕਟਰਾਂ ਨੇ ਰਚਨਾਤਮਕਤਾ ਦੇ ਨਾਮ ’ਤੇ ਸਿਰਫ਼ ਹਿੰਦੂ ਧਰਮ ਨੂੰ ਨਿਸ਼ਾਨਾ ਬਣਾਇਆ ਹੈ। ਵੀਐੱਚਪੀ ਦੇ ਤਰਜਮਾਨ ਸ੍ਰੀਰਾਜ ਨਾਇਰ ਨੇ ਕਿਹਾ ਕਿ ਜੇਕਰ ਅਜਿਹਾ ਰੁਝਾਨ ਜਾਰੀ ਰਿਹਾ ਤਾਂ ਊਹ ਅਦਾਲਤ ਜਾਣਗੇ ਅਤੇ ਊਨ੍ਹਾਂ ’ਤੇ ਪਾਬੰਦੀ ਲਾਊਣ ਲਈ ਸ਼ਾਂਤੀਪੂਰਨ ਢੰਗ ਨਾਲ ਪ੍ਰਦਰਸ਼ਨ ਵੀ ਕਰਨਗੇ। ਊਨ੍ਹਾਂ ਕਿਹਾ ਕਿ ਹਿੰਦੂ ਧਰਮ ਦੇ ਦੇਵੀ-ਦੇਵਤਿਆਂ ਅਤੇ ਇਤਿਹਾਸਕ ਹਸਤੀਆਂ ਨੂੰ ਮਖੌਲ ਦਾ ਪਾਤਰ ਬਣਾਇਆ ਜਾਂਦਾ ਹੈ ਜਿਸ ਨਾਲ ਹਿੰਦੂਆਂ ਦੀਆਂ ਧਾਰਮਿਕ ਭਾਵਨਾਵਾਂ ਵਲੂੰਧਰੀਆਂ ਜਾਂਦੀਆਂ ਹਨ।
-ਆਈਏਐਨਐਸ