ਮੁੰਬਈ:
ਬੌਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਜੋਨਸ ਨੇ ਹਾਲ ਹੀ ’ਚ ਪ੍ਰਸ਼ੰਸਕਾਂ ਨੂੰ ਆਪਣੇ ਕੰਮ ਤੋਂ ਘਰ ਆਉਣ ਤੱਕ ਦੀ ਰੁਟੀਨ ਬਾਰੇ ਦੱਸਿਆ ਹੈ। ਉਸ ਨੇ ਆਪਣੀ ਇੰਸਟਾਗ੍ਰਾਮ ਸਟੋਰੀ ’ਤੇ ਆਪਣੀ ਪਾਲਤੂ ਕੁੱਤੀ ਡਾਇਨਾ ਚੋਪੜਾ ਜੋਨਸ ਦਾ ਵੀਡੀਓ ਸਾਂਝਾ ਕੀਤਾ ਹੈ ਜਿਸ ਵਿੱਚ ਉਹ ਸੋਟੀ ਨਾਲ ਖੇਡਦੀ ਨਜ਼ਰ ਆ ਰਹੀ ਹੈ। ਇਸ ਦੀ ਕਲਿੱਪ ਨਾਲ ਪ੍ਰਿਯੰਕਾ ਨੇ ਲਿਖਿਆ, ‘ਜਦੋਂ ਮੈਂ ਕੰਮ ਤੋਂ ਘਰ ਆਉਂਦੀ ਹਾਂ @ਡਾਇਨਾਚੋਪੜਾਜੋਨਸ।’ ਅਦਾਕਾਰਾ ਅਕਸਰ ਆਪਣੇ ਪਾਲਤੂ ਜਾਨਵਰਾਂ ਦੀਆਂ ਫੋਟੋਆਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਉਸ ਨੇ ਵੀਡੀਓ ਵਿੱਚ ਐਰਿਕ ਕਾਰਮੇਨ ਦਾ ਗੀਤ ‘ਹੰਗਰੀ ਆਈਜ਼’ ਵੀ ਐਡ ਕੀਤਾ ਹੈ। ਪ੍ਰਿਯੰਕਾ ਅਤੇ ਉਸ ਦੇ ਪਤੀ ਨਿਕ ਜੋਨਸ ਤਿੰਨ ਕੁੱਤਿਆਂ ਦੇ ਮਾਪੇ ਹਨ ਜਿਨ੍ਹਾਂ ਦੇ ਨਾਂ ਡਾਇਨਾ, ਪਾਂਡਾ ਅਤੇ ਜੀਨੋ ਹਨ। ਹਾਲ ਹੀ ਵਿੱਚ ਇੰਟਰਵਿਊ ਵਿੱਚ ਪ੍ਰਿਯੰਕਾ ਨੇ ਦੱਸਿਆ ਸੀ ਕਿ ਭਾਵੇਂ ਉਹ ਆਪਣੇ ਤਿੰਨ ਪਾਲਤੂ ਜਾਨਵਰਾਂ ਨੂੰ ਬਹੁਤ ਪਿਆਰ ਕਰਦੀ ਹੈ ਪਰ ਡਾਇਨਾ ਦੀ ਉਸ ਦੇ ਦਿਲ ਵਿੱਚ ਖਾਸ ਥਾਂ ਹੈ। ਕੰਮ ਦੇ ਮੋਰਚੇ ਦੀ ਗੱਲ ਕਰੀਏ ਤਾਂ ਪ੍ਰਿਯੰਕਾ ਅਗਲੀ ਕਾਮੇਡੀ ਫਿਲਮ ‘ਹੈੱਡਜ਼ ਆਫ ਸਟੇਟ’ ਵਿੱਚ ਇਦਰੀਸ ਐਲਬਾ ਅਤੇ ਜੌਨ ਸੀਨਾ ਨਾਲ ਦਿਖਾਈ ਦੇਵੇਗੀ। ਉਹ ਕਾਰਲ ਅਰਬਨ ਨਾਲ ‘ਦਿ ਬਲੱਫ’ ਵਿੱਚ ਸਮੁੰਦਰੀ ਡਾਕੂ ਦੀ ਭੂਮਿਕਾ ਨਿਭਾਉਣ ਲਈ ਵੀ ਤਿਆਰ ਹੈ। ਇਸ ਤੋਂ ਇਲਾਵਾ ਅਦਾਕਾਰਾ ਆਪਣੀ ਪ੍ਰਾਈਮ ਵੀਡੀਓ ਸੀਰੀਜ਼ ‘ਸੀਟਾਡੈੱਲ’ ਦੇ ਦੂਜੇ ਸੀਜ਼ਨ ਵਿੱਚ ਵਾਪਸੀ ਕਰੇਗੀ। -ਆਈਏਐੱਨਐੱਸ