ਚੇਨੱਈ: ਵਿਗਨੇਸ਼ ਸ਼ਿਵਨ ਤੇ ਨਯਨਤਾਰਾ ਅੱਜ ਵਿਆਹ ਬੰਧਨ ’ਚ ਬੱਝ ਗਏ। ਇਸ ਤੋਂ ਪਹਿਲਾਂ ਨਿਰਦੇਸ਼ਕ ਵਿਗਨੇਸ਼ ਸ਼ਿਵਨ ਨੇ ਅੱਜ ਆਪਣੀ ਮੰਗੇਤਰ ਅਤੇ ਅਦਾਕਾਰਾ ਨਯਨਤਾਰਾ ਲਈ ਵਿਆਹ ਤੋਂ ਪਹਿਲਾਂ ਦਿਲ ਦੀਆਂ ਗਹਿਰਾਈਆਂ ਵਿਚੋਂ ਸੰਦੇਸ਼ ਲਿਖਿਆ ਹੈ। ਸ਼ਿਵਨ (36) ਅਤੇ ਨਯਨਤਾਰਾ (37) ਪਿਛਲੇ ਸੱਤ ਸਾਲਾਂ ਤੋਂ ਇਕ-ਦੂਜੇ ਨੂੰ ਮਿਲ ਰਹੇ ਹਨ। ਸ਼ਿਵਨ ਨੇ ਇੰਸਟਾਗਰਾਮ ’ਤੇ ਪੋਸਟ ਪਾ ਕੇ ਆਪਣੇ ਵਿਆਹ ਦੇ ਦਿਨ ਨੂੰ ਆਪਣੇ ‘ਥੰਗਾਮੇ’ (ਪਿਆਰੇ) ਨੂੰ ਸਮਰਪਿਤ ਕੀਤਾ ਹੈ, ਇਹ ਸ਼ਬਦ ਉਨ੍ਹਾਂ ਦੀ ਪਹਿਲੀ ਫਿਲਮ ‘ਨਾਨੁਮ ਰਾਉਡੀ ਧਾਨ’ (2015) ਦੇ ਗੀਤ ਦੇ ਸਿਰਲੇਖ ਤੋਂ ਪ੍ਰੇਰਿਤ ਹੈ। ਉਸ ਨੇ ਨਯਨਤਾਰਾ ਦੀ ਤਸਵੀਰ ਨਾਲ ਲਿਖਿਆ ਹੈ ਕਿ ਅੱਜ 9 ਜੂਨ ਹੈ ਅਤੇ ਉਹ ਨਯਨ, ਪਰਮਾਤਮਾ, ਬ੍ਰਹਿਮੰਡ, ਸਾਰੇ ਪਿਆਰੇ ਮਨੁੱਖਾਂ ਦਾ ਧੰਨਵਾਦੀ ਹੈ ਜੋ ਉਸ ਦੀ ਜ਼ਿੰਦਗੀ ਵਿੱਚ ਆਏ। ਮੀਡੀਆ ਰਿਪੋਰਟਾਂ ਅਨੁਸਾਰ ਦੋਵਾਂ ਦਾ ਦੁਪਹਿਰ ਵੇਲੇ ਮਹਾਬਲੀਪੁਰਮ ਦੇ ਇੱਕ ਪੰਜ-ਤਾਰਾ ਹੋਟਲ ਵਿੱਚ ਰਵਾਇਤੀ ਦੱਖਣੀ ਭਾਰਤੀ ਰਸਮਾਂ ਅਨੁਸਾਰ ਵਿਆਹ ਹੋਇਆ। ਵਿਆਹ ਸਮਾਗਮ ਵਿੱਚ ਨਿਰਦੇਸ਼ਕ ਮਣੀ ਰਤਨਮ, ਐਟਲੀ, ਅਤੇ ਸੁਪਰਸਟਾਰ ਰਜਨੀਕਾਂਤ ਅਤੇ ਸ਼ਾਹਰੁਖ ਖਾਨ ਸ਼ਾਮਲ ਹੋਏ। ਨਯਨਤਾਰਾ ਨੇ ਤਾਮਿਲ, ਤੇਲਗੂ ਅਤੇ ਮਲਿਆਲਮ ਫਿਲਮਾਂ ਚੰਦਰਮੁਖੀ, ਗਜਨੀ ਅਤੇ ਪੁਥੀਆ ਨਿਆਮਮ ਵਿੱਚ ਕੰਮ ਕੀਤਾ ਹੈ। -ਪੀਟੀਆਈ