ਮੁੰਬਈ, 19 ਜੁਲਾਈ
ਫਿਲਮਸਾਜ਼ ਵਿਕਰਮ ਭੱਟ 26 ਜੁਲਾਈ ਨੂੰ ਪ੍ਰਸਾਰਿਤ ਹੋਣ ਵਾਲੇ ‘ਦਿ ਆਡੀਓ ਪ੍ਰਾਜੈਕਟ’ ਰਾਹੀਂ ਰੇਡੀਓ ਵਿੱਚ ਨਵੀਂ ਸ਼ੁਰੂਆਤ ਕਰਨ ਜਾ ਰਿਹਾ ਹੈ। ਵਿਕਰਮ ਨੇ ਕਿਹਾ, ‘ਮਨੁੱਖ ਦੇ ਮਨ ਅੰਦਰਲਾ ਹਨੇਰਾ ਦੁਨੀਆ ਦੀ ਸਭ ਤੋਂ ਡਰਾਉਣੀ ਚੀਜ਼ ਹੈ। ਹੁਣ ਮੈਂ ਦਰਸ਼ਕਾਂ ਨੂੰ ਸਿਰਫ ਆਵਾਜ਼ ਦੀ ਸ਼ਕਤੀ ਨਾਲ ਡਰਾਉਣੀ ਜਗ੍ਹਾ ’ਤੇ ਲਿਜਾ ਸਕਦਾ ਹਾਂ। ਡਰਾਉਣੀ ਸ਼ੈਲੀ ਮੈਨੂੰ ਬਹੁਤ ਪਸੰਦ ਹੈ। ਕਹਾਣੀਕਾਰ ਵਜੋਂ ਆਡੀਓ ਪਲੈਟਫਾਰਮ ’ਤੇ ਡਰਾਉਣੀ ਚੀਜ਼ ਪੇਸ਼ ਕਰਨਾ ਚੁਣੌਤੀ ਦੇ ਨਾਲ ਨਾਲ ਸਾਹਸੀ ਕੰਮ ਵੀ ਹੈ।’ ਉਸ ਨੇ ਕਿਹਾ, ‘ਜਿਸ ਜਗ੍ਹਾ ਮੈਂ ਪੈਰ ਧਰਨ ਜਾ ਰਿਹਾ ਹਾਂ, ਉਹ ਬਹੁਤ ਅਲੱਗ ਹੈ। ਮੈਂ ਆਪਣੇ ਸੁਣਨ ਵਾਲਿਆਂ ਨੂੰ ਭਾਵਨਾਵਾਂ ਦੇ ਉਤਰਾਅ-ਚੜ੍ਹਾਅ ਦੇ ਮਾਧਿਅਮ ਨਾਲ ਕਹਾਣੀ ਨਾਲ ਜੋੜਨ ਅਤੇ ਪਹਿਲਾਂ ਨਾਲੋਂ ਅਲੱਗ ਅਨੁਭਵ ਕਰਵਾਉਣ ਲਈ ਬਹੁਤ ਉਤਸੁਕ ਹਾਂ।’’ ਜ਼ਿਕਰਯੋਗ ਹੈ ਕਿ ਕੋਈ ਫਿਲਮਸਾਜ਼ ਪਹਿਲੀ ਵਾਰ ਰੇਡੀਓ ’ਤੇ ਕਹਾਣੀਆਂ ਸੁਣਾਉਣ ਜਾ ਰਿਹਾ ਹੈ। ਰੈੱਡ ਐੱਫਐੱਮ ਅਤੇ ਮੈਜਿਕ ਐੱਫਐੱਮ ਦੇ ਡਾਇਰਕੈਟਰ ਤੇ ਸੀਓਓ ਨਿਸ਼ਾ ਨਾਰਾਇਣਨ ਨੇ ਕਿਹਾ, ‘ਹੁਣ ਅਸੀਂ ਤੁਹਾਡੇ ਲਈ ਹਿੰਦੀ ਫਿਲਮੀ ਸਨਅਤ ਦੇ ਦਿੱਗਜਾਂ ਵਿੱਚੋਂ ਇੱਕ ਵਿਕਰਮ ਭੱਟ ਨਾਲ ‘ਦਿ ਆਡੀਓ ਪ੍ਰਾਜੈਕਟ’ ਲੈ ਕੇ ਆਏ ਹਾਂ। ਉਸ ਨੇ ਡਰਾਉਣੀਆਂ ਤੇ ਰੋਮਾਂਚਕ ਫਿਲਮਾਂ ਵਿੱਚ ਕਾਫੀ ਪ੍ਰਸਿੱਧੀ ਖੱਟੀ ਹੈ ਅਤੇ ਸਾਡੇ ਸਰੋਤੇ ਉਸ ਨੂੰ ਸੁਣਨ ਲਈ ਤਿਆਰ ਹਨ।’ -ਆਈਏਐੱਨਐੱਸ