ਮੁੰਬਈ: ਗਾਇਕ ਅਤੇ ਕੰਪੋਜ਼ਰ ਵਿਸ਼ਾਲ ਡਡਲਾਨੀ ਨੇ ਅਮਿਤਾਭ ਬੱਚਨ, ਐਸ਼ਵਰਿਆ ਰਾਏ ਬੱਚਨ, ਅਭਿਸ਼ੇਕ ਬੱਚਨ ਅਤੇ ਟੀਮ ਨਾਲ ਇੱਕ ਸੰਗੀਤ ਸਫ਼ਰ ਨੂੰ ਯਾਦ ਕਰਦਿਆਂ ਦੱਸਿਆ ਕਿ ਕਿਵੇਂ ਐਸ਼ਵਰਿਆ ਨੇ ਪੂਰੀ ਟੀਮ ਨੂੰ ਰਾਤ ਦਾ ਖਾਣਾ ਪਰੋਸਿਆ। ਅਭਿਸ਼ੇਕ ਬੱਚਨ ਅਤੇ ਚਿਤਰਾਂਗਦਾ ਸਿੰਘ ਗਾਇਕੀ ਨਾਲ ਸਬੰਧਤ ਰਿਐਲਿਟੀ ਸ਼ੋਅ ‘ਸਾ ਰੇ ਗਾ ਮਾ ਪਾ’ ਵਿੱਚ ਵਿਸ਼ੇਸ਼ ਮਹਿਮਾਨ ਹੋਣਗੇ। ਇਸ ਸ਼ੋਅ ਵਿੱਚ ਸ਼ੰਕਰ ਮਹਾਦੇਵਨ ਅਤੇ ਹਿਮੇਸ਼ ਰੇਸ਼ਮੱਈਆ ਨਾਲ ਵਿਸ਼ਾਲ ਵੀ ਜੱਜ ਹਨ, ਜਦ ਕਿ ਅਦਿੱਤਿਆ ਨਰਾਇਣ ਸ਼ੋਅ ਦੇ ਮੇਜ਼ਬਾਨ ਹਨ। ਜਦੋਂ ਮੇਜ਼ਬਾਨ ਆਦਿੱਤਿਆ ਨੇ ਅਭਿਸ਼ੇਕ ਨੂੰ ਪੁੱਛਿਆ ਕਿ ਕੀ ਐਸ਼ਵਰਿਆ ਕਦੇ ਘਰੇਲੂ ਕੰਮ ਕਰਦੀ ਹੈ ਤਾਂ ਵਿਸ਼ਾਲ ਡਡਲਾਨੀ ਨੇ ਵਿੱਚੋਂ ਟੋਕਦਿਆਂ ਜੁਆਬ ਦਿੱਤਾ, ‘‘ਇੱਕ ਵਾਰ ਅਸੀਂ ਸਾਰੇ ਇੱਕ ਸਫ਼ਰ ’ਤੇ ਸੀ ਅਤੇ ਸਾਡੇ ਬੈਂਡ ਵਿੱਚ 30 ਦੇ ਕਰੀਬ ਵਿਅਕਤੀ ਸਨ। ਇੱਕ ਦਿਨ ਪੂਰੀ ਟੀਮ ਸ੍ਰੀ ਬੱਚਨ ਨਾਲ ਖਾਣਾ ਖਾਣ ਬੈਠੀ ਤਾਂ ਐਸ਼ਵਰਿਆ ਨੇ ਜ਼ੋਰ ਦਿੱਤਾ ਕਿ ਉਹ ਸਭ ਨੂੰ ਖਾਣਾ ਪਰੋਸੇਗੀ। ਹਾਲਾਂਕਿ ਉੱਥੇ ਖਾਣਾ ਪਰੋਸਣ ਲਈ ਹੋਰ ਲੋਕ ਵੀ ਮੌਜੂਦ ਸਨ।’’ ਅਭਿਸ਼ੇਕ ਨੇ ਵੀ ਕਿਹਾ, ‘‘ਐਸ਼ਵਰਿਆ ਸੱਚਮੁਚ ਬਹੁਤ ਚੰਗੀ ਹੈ। ਉਸ ਨੂੰ ਸਾਡੀਆਂ ਭਾਰਤੀ ਕਦਰਾਂ-ਕੀਮਤਾਂ ਨਾਲ ਪਿਆਰ ਹੈ।’’ -ਆਈਏਐੱਨਐੱਸ