ਨਵੀਂ ਦਿੱਲੀ, 31 ਮਈ
ਬੌਲੀਵੁੱਡ ਅਦਾਕਾਰ ਅਰਜੁਨ ਕਪੂਰ ਦਾ ਕਹਿਣਾ ਹੈ ਕਿ ਉਸ ਦਾ ਡਿਜੀਟਲ ਪਲੈਟਫਾਰਮ ’ਤੇ ਕੰਮ ਲਈ ‘ਹੱਲਾ ਬੋਲਣ’ ਦਾ ਕੋਈ ਇਰਾਦਾ ਨਹੀਂ ਹੈ ਸਗੋਂ ਉਹ ਜਿਹੜਾ ਕੰਮ ਕਰ ਰਿਹਾ ਹੈ ਉਸ ਤੋਂ ਸੰਤੁਸ਼ਟ ਹੈ। ਅਰਜੁਨ ਦੀਆਂ ਆਖ਼ਰੀ ਤਿੰਨ ਫਿਲਮਾਂ ‘ਸੰਦੀਪ ਔਰ ਪਿੰਕੀ ਫਰਾਰ’, ‘ਸਰਦਾਰ ਕਾ ਗਰੈਂਡਸਨ’ ਅਤੇ ‘ਭੂਤ ਪੁਲੀਸ’ ਦਾ ਕ੍ਰਮਵਾਰ ਡਿਜੀਟਲ ਪਲੈਟਫਾਰਮ ਪ੍ਰਾਈਮ ਵੀਡੀਓ, ਨੈਟਫਲਿਕਸ ਅਤੇ ਡਿਜ਼ਨੀ ਪਲੱਸ ਹੌਟਸਟਾਰ ’ਤੇ ਪ੍ਰੀਮੀਅਰ ਹੋ ਚੁੱਕਿਆ ਹੈ ਪਰ ਉਸ ਨੇ ਹਾਲੇ ਕਿਸੇ ਸੀਰੀਜ਼ ਲਈ ਕੰਮ ਨਹੀਂ ਕੀਤਾ। ਅਦਾਕਾਰ ਨੇ ਕਿਹਾ, ‘‘ਮੈਂ ਲਗਾਤਾਰ ਸ਼ੂਟਿੰਗ ਕਰ ਰਿਹਾ ਹਾਂ। ਸਮੇਂ ਦੀ ਘਾਟ ਨੇ ਮੈਨੂੰ ਫੌਰੀ ਕੋਈ ਕੰਮ ਲੈਣ ਦੀ ਆਗਿਆ ਨਹੀਂ ਦਿੱਤੀ। ਇਸ ਵੇਲੇ ਮੇਰੇ ਕੋਲ ਕਈ ਪੇਸ਼ਕਸ਼ਾਂ ਆ ਰਹੀਆਂ ਹਨ ਪਰ ਮੈਨੂੰ ਇਹ ਦੇਖਣ ਦੀ ਲੋੜ ਹੈ ਕਿ ਕਿਹੜੀ ਚੀਜ਼ ਮੇਰੇ ਲਈ ਠੀਕ ਹੈ।’’ ਉਸ ਨੇ ਕਿਹਾ, ‘‘ਜਿਹੜਾ ਕੰਮ ਮੈਂ ਓਟੀਟੀ ’ਤੇ ਕਰਾਂਗਾ, ਮੈਂ ਉਹ ਸਿਨੇਮਾ ਵਿੱਚ ਨਹੀਂ ਕਰ ਸਕਦਾ। ਇਸ ਲਈ ਇਹ ਮੇਰੇ ਫ਼ਿਲਮਾਂ ਦੇ ਕੰਮ ਤੋਂ ਵੱਖਰਾ ਹੋਣਾ ਚਾਹੀਦਾ ਹੈ… ਕਈ ਵਾਰ ਤੁਹਾਨੂੰ ਕੁਝ ਦਿਲਚਸਪ ਲੱਭਣ ਲਈ ਉਡੀਕ ਕਰਨੀ ਪੈਂਦੀ ਹੈ।’’ ਅਦਾਕਾਰ ਇਨ੍ਹੀਂ ਦਿਨੀਂ ਸਹਿ-ਅਦਾਕਾਰ ਭੂਮੀ ਪੇਡਨੇਕਰ ਨਾਲ ‘ਦਿ ਲੇਡੀ ਕਿੱਲਰ’ ਦੀ ਸ਼ੂਟਿੰਗ ਕਰ ਰਿਹਾ ਹੈ। ਇਹ ਫ਼ਿਲਮ ‘ਸੈਕਸ਼ਨ 375’ ਦੇ ਨਿਰਦੇਸ਼ਕ ਅਜੈ ਬਹਿਲ ਦੇ ਨਿਰਦੇਸ਼ਨ ਹੇਠ ਬਣ ਰਹੀ ਹੈ ਅਤੇ ਇਸ ਦੀ ਸ਼ੂੁਟਿੰਗ ਹਿਮਾਚਲ ਪ੍ਰਦੇਸ਼ ਅਤੇ ਉੱਤਰਾਖੰਡ ਵਿੱਚ ਹੋ ਰਹੀ ਹੈ। -ਪੀਟੀਆਈ