ਮੁੰਬਈ, 5 ਅਪਰੈਲ
ਬੌਲੀਵੁੱਡ ਅਦਾਕਾਰ ਵਿੱਕੀ ਕੌਸ਼ਲ, ਭੂਮੀ ਪੇਡਨੇਕਰ ਅਤੇ ਐਜਾਜ਼ ਖਾਨ ਦੀ ਕਰੋਨਾ ਰਿਪੋਰਟ ਅੱਜ ਪਾਜ਼ੇਟਿਵ ਆਈ ਹੈ। ਤਿੰਨਾਂ ਨੇ ਸੋਸ਼ਲ ਮੀਡੀਆ ਜ਼ਰੀਏ ਇਸ ਦੀ ਜਾਣਕਾਰੀ ਸਾਂਝੀ ਕੀਤੀ। ਵਿੱਕੀ ਨੇ ਇੰਸਟਾਗ੍ਰਾਮ ’ਤੇ ਲਿਖਿਆ, ‘ਦੇਖਭਾਲ ਤੇ ਧਿਆਨ ਰੱਖਣ ਦੇ ਬਾਵਜੂਦ ਬਦਕਿਸਮਤੀ ਨਾਲ ਮੇਰੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਫਿਲਾਹਲ ਮੈਂ ਘਰ ਵਿੱਚ ਇਕਾਂਤਵਾਸ ਹੋ ਗਿਆ ਹਾਂ ਅਤੇ ਡਾਕਟਰ ਵੱਲੋਂ ਦੱਸੀਆਂ ਗਈਆਂ ਦਵਾਈਆਂ ਲੈ ਰਿਹਾ ਹਾਂ। ਬੀਤੇ ਦਿਨੀਂ ਮੇਰੇ ਸੰਪਰਕ ਵਿੱਚ ਆਉਣ ਵਾਲੇ ਵਿਅਕਤੀ ਤੁਰੰਤ ਜਾਂਚ ਕਰਵਾਉਣ। ਧਿਆਨ ਰੱਖੋ ਤੇ ਸੁਰੱਖਿਅਤ ਰਹੋ।’ ਇਸ ਤੋਂ ਪਹਿਲਾਂ ਭੂਮੀ ਨੇ ਸੋਸ਼ਲ ਮੀਡੀਆ ਰਾਹੀਂ ਦੱਸਿਆ ਕਿ ਕਰੋਨਾ ਦੀ ਲਾਗ ਲੱਗਣ ਤੋਂ ਬਾਅਦ ਉਸ ਨੇ ਖ਼ੁਦ ਨੂੰ ਇਕਾਂਤਵਾਸ ਕਰ ਲਿਆ ਹੈ। ਇਸ ਤੋਂ ਇਲਾਵਾ ਬੀਤੇ ਦਿਨੀਂ ਐੱਨਸੀਬੀ ਵੱਲੋਂ ਨਸ਼ਿਆਂ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਅਦਾਕਾਰ ਐਜਾਜ਼ ਖਾਨ ਨੂੰ ਵੀ ਕਰੋਨਾ ਦੀ ਲਾਗ ਲੱਗੀ ਹੈ। ਇਸ ਬਾਰੇ ਅਦਾਕਾਰ ਤੇ ਫੋਟੋਗ੍ਰਾਫਰ ਵਾਇਰਲ ਭਾਇਆਨੀ ਨੇ ਟਵੀਟ ਕੀਤਾ, ‘ਅਦਾਕਾਰ ਐਜਾਜ਼ ਖਾਨ, ਜੋ ਐੱਨਸੀਬੀ ਵੱਲੋਂ ਨਸ਼ਿਆਂ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ, ਦੀ ਕਰੋਨਾ ਰਿਪੋਰਟ ਪਾਜ਼ੇਟਿਵ ਆਈ ਹੈ। ਉਸ ਨੂੰ ਹਸਪਤਾਲ ਭੇਜ ਦਿੱਤਾ ਗਿਆ ਹੈ। ਮਾਮਲੇ ਦੀ ਜਾਂਚ ਵਿੱਚ ਸ਼ਾਮਲ ਅਧਿਕਾਰੀ ਦਾ ਵੀ ਕਰੋਨਾ ਟੈਸਟ ਕਰਵਾਇਆਜਾਵੇਗਾ।’’ -ਆਈਏਐੱਨਐੱਸ
ਅਕਸ਼ੈ ਕੁਮਾਰ ਹਸਪਤਾਲ ਦਾਖਲ
ਕਰੋਨਾ ਪਾਜ਼ੇਟਿਵ ਆਏ ਬੌਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਨੂੰ ਅੱਜ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਇਸ ਸਬੰਧੀ ਉਸ ਨੇ ਟਵੀਟ ਕੀਤਾ, ‘ਤੁਹਾਡੀਆਂ ਸ਼ੁੱਭ ਕਾਮਨਾਵਾਂ ਅਤੇ ਅਰਦਾਸਾਂ ਲਈ ਧੰਨਵਾਦ। ਲੱਗਦਾ ਹੈ ਕਿ ਇਹ ਕੰਮ ਕਰ ਰਹੀਆਂ ਹਨ। ਮੈਂ ਠੀਕ ਹਾਂ ਪਰ ਸਾਵਧਾਨੀ ਵਜੋਂ ਡਾਕਟਰਾਂ ਦੀ ਸਲਾਹ ਅਨੁਸਾਰ ਮੈਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਉਮੀਦ ਹੈ ਕਿ ਜਲਦੀ ਘਰ ਚਲਾ ਜਾਵਾਂਗਾ। ਧਿਆਨ ਰੱਖੋ।’
ਕਾਰਤਿਕ ਆਰਿਅਨ ਦੀ ਕੋਵਿਡ-19 ਰਿਪੋਰਟ ਨੈਗੇਟਿਵ
ਮੁੰਬਈ: ਬੌਲੀਵੁੱਡ ਅਦਾਕਾਰ ਕਾਰਤਿਕ ਆਰਿਅਨ ਜੋ ਬੀਤੀ 22 ਮਾਰਚ ਨੂੰ ਕਰੋਨਾਵਾਇਰਸ ਦੀ ਲਪੇਟ ’ਚ ਆ ਗਿਆ ਸੀ, ਦੀ ਕੋਵਿਡ-19 ਰਿਪੋਰਟ ਨੈਗੇਟਿਵ ਆਉਣ ਮਗਰੋਂ ਹੁਣ ਉਹ ਆਪਣੇ ਕੰਮ ’ਤੇ ਪਰਤਣ ਲਈ ਤਿਆਰ ਹੈ। ਉਸ ਨੇ ਆਪਣੇ ਇੰਸਟਾਗ੍ਰਾਮ ਖਾਤੇ ’ਤੇ ਆਪਣੀ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿੱਚ ਉਸ ਨੇ ਘਟਾਓ ਜਾਂ ਨੈਗੇਟਿਵ ਵਾਲਾ ਚਿੰਨ੍ਹ ਬਣਾਇਆ ਹੋਇਆ ਹੈ। ਉਸ ਨੇ ਲਿਖਿਆ, ‘ਨੈਗੇਟਿਵ…14 ਦਿਨਾਂ ਦਾ ਵਨਵਾਸ ਖ਼ਤਮ, ਕੰਮ ’ਤੇ ਵਾਪਸੀ।’ -ਆਈਏਐੱਨਐੱਸ