ਕਰਨੈਲ ਸਿੰਘ ਸੋਮਲ
ਕਿਸੇ ਸੱਜਣ ਨੇ ਆਪਣੇ ਮਨ ਦੀ ਤਕਲੀਫ਼ ਸਾਂਝੀ ਕੀਤੀ। ਕਹਿਣ ਲੱਗਿਆ ਉਸ ਨੇ ਜਿਸ ਕਿਸੇ ਦੀ ਵੀ ਸਹਾਇਤਾ ਕੀਤੀ, ਅਗਲੇ ਦੇ ਮੂੰਹੋਂ ਕਦੇ ਨਾ ਧੰਨਵਾਦ ਦਾ ਕੋਈ ਸ਼ਬਦ ਨਿਕਲਿਆ ਅਤੇ ਨਾ ਸਿਫ਼ਤ ਦਾ। ਇਹ ਸ਼ਿਕਵਾ ਸਹੀ ਹੀ ਤਾਂ ਸੀ। ਸ਼ੁਕਰਾਨਾ ਕਰਨ ਦੀ ਗੱਲ ਹੋਵੇ ਜਾਂ ਕਿਸੇ ਦੇ ਕੀਤੇ ਦਾ ਅਹਿਸਾਨ ਮੰਨਣ ਦੀ, ਅਜਿਹੇ ਭਾਵ ਪ੍ਰਗਟ ਕਰਨ ਲਈ ਵਿਅਕਤੀ ਵਿਚ ਇਖਲਾਕੀ ਦਲੇਰੀ ਚਾਹੀਦੀ ਹੈ। ਕਿਸੇ ਦੀ ਸੱਚੀ ਸਿਫ਼ਤ ਕਰਨ ਲਈ ਵੀ ਮਨੁੱਖ ਵਿਚ ਸਦਾਚਾਰਕ ਸਾਹਸ ਦੀ ਲੋੜ ਹੁੰਦੀ ਹੈ। ਉਹ ਸਜੱਗ ਤੇ ਗੁਣਾਂ ਦਾ ਪਾਰਖੂ ਵੀ ਹੋਵੇ ਤਾਂ ਸੋਨੇ ’ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ।
ਕਿਸੇ ਦੀਆਂ ਅਸੀਸਾਂ ਹੋਣ ਜਾਂ ਸਿਫ਼ਤ ਦੇ ਬੋਲ ਬੜਾ ਬਲ ਹੁੰਦੈ ਇਨ੍ਹਾਂ ਵਿਚ। ਉਂਜ, ਅਸੀਂ ਕਿਸੇ ਦੀ ਤਾਰੀਫ਼ ਕਰਨ ਤੋਂ ਸੰਕੋਚ ਕਿਉਂ ਕਰਦੇ ਹਾਂ? ਕਈ ਕਾਰਨ ਹੋ ਸਕਦੇ ਹਨ। ਬੀਤੇ ਵਿਚ ਜਦੋਂ ਅਨਪੜ੍ਹਤਾ ਆਮ ਸੀ, ਲੋਕ ਥੋੜ੍ਹੇ ਜਿਹੇ ਸ਼ਬਦਾਂ ਨਾਲ ਗੱਲਬਾਤ ਦਾ ਕੰਮ ਸਾਰ ਲੈਂਦੇ ਸਨ। ਕਿਸੇ ਨੂੰ ਮਿਲਣ ਵੇਲੇ ਭਾਵਾਂ ਦਾ ਸ਼ਬਦੀ ਪ੍ਰਗਟਾਵਾ ਘੱਟ ਹੀ ਹੁੰਦਾ ਸੀ। ਇਸ ਹਾਲਤ ਵਿਚ ਕਿਸੇ ਦਾ ਸ਼ੁਕਰਗੁਜ਼ਾਰ ਹੋਣਾ ਜਾਂ ਵਡਿਆਈ ਕਰਨ ਲਈ ਅਗਲੇ ਨੂੰ ਸ਼ਬਦ ਨਹੀਂ ਸਨ ਅਹੁੜਦੇ। ਇਸ ਤੋਂ ਉਲਟ ਕੋਈ ਬੋਲਣ ਦੇ ਹੁਨਰ ਸਦਕਾ, ਮੌਕੇ ਅਨੁਸਾਰ ਬਹੁਤ ਢੁਕਵੇਂ ਅਤੇ ਕੀਲਵੇਂ ਸ਼ਬਦ ਵਰਤ ਸਕਦਾ ਹੈ, ਪਰ ਇਹ ਸਾਰਾ ਕੁਝ ਬਣਾਉਟੀ ਹੋਵੇ ਤਦ ਗੱਲ ਬੇਅਸਰ ਰਹਿੰਦੀ ਹੈ। ਬਹੁਤ ਦੇਰ ਪਹਿਲਾਂ ਲਿਓ ਟਾਲਸਟਾਏ ਦੀ ਸਵੈ-ਜੀਵਨੀ ਦੇ ਕੁਝ ਅੰਸ਼ ਪੜ੍ਹੇ ਸਨ। ਜਦੋਂ ਉਹ ਬਾਲ-ਅਵਸਥਾ ਵਿਚ ਸੀ, ਉਸ ਦੀ ਮਾਂ ਦੀ ਮੌਤ ਹੋ ਗਈ। ਉੱਥੇ ਸੋਗ ਕਰਨ ਬੜੇ ਲੋਕ ਆਏ। ਟਾਲਸਟਾਏ ਅਨੁਸਾਰ ਉਨ੍ਹਾਂ ਵਿਚੋਂ ਉਹ ਔਰਤ ਜਿਹੜੀ ਉਸ ਦੇ ਪਾਲਣ-ਪੋਸ਼ਣ ਵਿਚ ਉਸ ਦੀ ਮਾਂ ਦੀ ਸਹਾਇਕ ਸੀ, ਸਾਰਾ ਸਮਾਂ ਮੌਨ ਰਹੀ। ਬਸ, ਉਹੀ ਸੀ ਜਿਹੜੀ ਉਸ ਦੇ ਦੁੱਖ ਨੂੰ ਸਮਝਦੀ ਸੀ। ਸੋ, ਕਿਸੇ ਨੂੰ ਸ਼ੁਭ-ਇੱਛਾਵਾਂ ਦੇਣੀਆਂ ਹੋਣ, ਹਮਦਰਦੀ ਜਤਾਉਣੀ ਹੋਵੇ ਜਾਂ ਕਿਸੇ ਦੀ ਸੋਭਾ ਕਰਨੀ ਹੋਵੇ, ਜੇ ਬੋਲੇ ਜਾਂ ਲਿਖੇ ਸ਼ਬਦਾਂ ਵਿਚ ਸਚਿਆਈ ਤੇ ਸੁਹਿਰਦਤਾ ਹੈ ਤਾਂ ਪ੍ਰਭਾਵ ਦੂਜੀ ਧਿਰ ਦੇ ਨਾਲ ਤੁਰਦਾ ਹੈ। ਅਬੋਲ ਭਾਵ ਵੀ ਸੰਚਾਰਿਤ ਹੋਈ ਜਾਂਦੇ ਹਨ।
ਉਹ ਵੱਡੇ ਚਰਿੱਤਰ ਦਾ ਸੁਆਮੀ ਹੁੰਦਾ ਹੈ ਜਿਹੜਾ ਦੂਜਿਆਂ ਦੀ ਸੱਚੀ ਤਾਰੀਫ਼ ਉਮਾਹ ਨਾਲ ਕਰਦਾ ਹੈ। ਵੱਡੇ ਖਿਡਾਰੀ ਵਿਰੋਧੀ ਟੀਮ ਦੇ ਖਿਡਾਰੀਆਂ ਦੇ ਖੇਡ-ਹੁਨਰ ਦੀ ਤਾਰੀਫ਼ ਖੁੱਲ੍ਹ ਕੇ ਕਰਦੇ ਹਨ। ਦੁਨੀਆਂ ਭਰ ਦੇ ਮਹਾਨ ਕਲਾਕਾਰ, ਲਿਖਾਰੀ, ਵਿਗਿਆਨੀ ਆਦਿ ਵੀ ਉਸ ਖੇਤਰ ਵਿਚ ਝੰਡੇ ਗੱਡਣ ਵਾਲਿਆਂ ਦੀ ਦਿਲੋਂ ਵਡਿਆਈ ਕਰਦੇ ਹਨ। ਆਜ਼ਾਦੀ ਘੁਲਾਟੀਏ ਵਡੇਰੀਆਂ ਕੁਰਬਾਨੀਆਂ ਕਰਨ ਵਾਲਿਆਂ ਦਾ ਜ਼ਿਕਰ ਸਿਰ ਝੁਕਾ ਕੇ, ਉਨ੍ਹਾਂ ਲਈ ਡਾਢੇ ਸਤਿਕਾਰ ਭਰੇ ਸ਼ਬਦ ਉਚਾਰਦੇ ਰਹੇ ਹਨ। ਸੱਚੀ ਸ਼ਲਾਘਾ ਕਰਨ ਵਾਲੇ ਦੀ ਝੋਲੀ ਵੀ ਖਾਲੀ ਨਹੀਂ ਰਹਿੰਦੀ। ਕਿਸੇ ਦੀਆਂ ਜਿਨ੍ਹਾਂ ਖ਼ੂਬੀਆਂ ਦੀ ਪ੍ਰਸੰਸਾ ਕਦਰਦਾਨ ਕਰਦਾ ਹੈ, ਉਹ ਉਸ ਦੀ ਆਪਣੀ ਸ਼ਖ਼ਸੀਅਤ ਦਾ ਅੰਗ ਵੀ ਬਣਨ ਲੱਗਦੀਆਂ ਹਨ। ਦੁਨੀਆਂ ਵਿਚ ਬਥੇਰੇ ਗੁਣਵੰਤ ਲੋਕ ਹਨ। ਉਹ ਦੂਜਿਆਂ ਦੀਆਂ ਘਾਟਾਂ ਵੱਲ ਵੇਖਣ ਦੀ ਥਾਂ ਉਨ੍ਹਾਂ ਵਿਚ ਲੁਪਤ ਖ਼ੂਬੀਆਂ ਤੇ ਅੱਗੇ ਵਧਣ ਦੀਆਂ ਸੰਭਾਵਨਾਵਾਂ ਵੱਲ ਧਿਆਨ ਦਿੰਦੇ ਹਨ। ਉਨ੍ਹਾਂ ਵੱਲੋਂ ਕੀਤੀ ਸੱਚੀ ਤਾਰੀਫ਼ ਅਗਲੇ ਨੂੰ ਵਿਗਾਸ ਦੇ ਰਾਹ ਤੋਰਦੀ ਹੈ। ਸੱਚੀ ਸਲਾਹੁਣੀ ਸੰਸਾਰ ਦੇ ਸੁਹੱਪਣ ਨੂੰ ਬਲ ਦਿੰਦੀ ਹੈ। ਇਸ ਪੱਖੋਂ ਮਾਵਾਂ, ਅਧਿਆਪਕਾਵਾਂ ਅਤੇ ਅਧਿਆਪਕ ਮੀਰੀ ਭੂਮਿਕਾ ਨਿਭਾਉਂਦੇ ਹਨ। ਉਹ ਬੱਚੇ ਬਾਰੇ ਨਕਾਰਾਤਮਕ ਸ਼ਬਦ ਮੂੰਹ ’ਤੇ ਨਹੀਂ ਲਿਆਉਂਦੇ। ਉਹ ਉਸ ਦੇ ਥੋੜ੍ਹੇ ਕੀਤੇ ਦੀ ਸੋਭਾ ਸਭ ਦੇ ਸਾਹਮਣੇ ਕਰਦੇ ਹਨ। ਰਾਗੀ-ਢਾਢੀ ਤਦੇ ਨਾਇਕਾਂ ਤੇ ਨਾਇਕਾਵਾਂ ਦਾ ਜਸ ਤੇ ਕੀਰਤੀ ਦੀਵਾਨਾਂ ਵਿਚ ਗੱਜ-ਵੱਜ ਕੇ ਕਰਦੇ ਹਨ।
ਕਿਸੇ ਦੀ ਨਿੰਦਿਆ ਕਰਨ ਦਾ ਕੀ ਹੈ? ਉਸ ਲਈ ਕਿਸੇ ਸੂਝ ਜਾਂ ਹੋਰ ਸ਼ਖ਼ਸੀ ਗੁਣਾਂ ਦੀ ਲੋੜ ਨਹੀਂ ਹੁੰਦੀ। ਨਿੰਦਿਆ ਕਰਨ ਦੀ ਲੱਤ ਵੀ ਨਸ਼ੇ ਦੀ ਲੱਤ ਵਾਂਗ ਹੀ ਸਮਝੋ। ਨਿੰਦਕ ਆਪਣਾ ਹਥਲਾ ਕੰਮ ਛੱਡ ਕੇ ਦੂਜਿਆਂ ਦੇ ਭੈੜਾਂ ਨੂੰ ਮੁੜ ਮੁੜ ਉਘਾੜਦਾ ਹੈ। ਇੰਜ ਉਹ ਆਪਣਾ ਤੇ ਸੁਣਨ ਵਾਲੇ ਦਾ ਕੀਮਤੀ ਸਮਾਂ ਤੇ ਊਰਜਾ ਬਰਬਾਦ ਕਰਦਾ ਹੈ। ਅਜਿਹੇ ਰੁਝਾਨ ਵਿਚ ਆਪਣਾ ਕੁਝ ਨਹੀਂ ਸੰਵਰਦਾ। ਉਲਟਾ, ਨਿੰਦਿਆ ਰਸ ਵਿਚ ਗਰਕਦਿਆਂ ਬੰਦਾ ਆਪ ਹੌਲਾ ਪੈ ਜਾਂਦਾ ਹੈ।
ਮਾਨਵੀ ਰਿਸ਼ਤਿਆਂ ਵਿਚ ਸਿਫ਼ਤ ਕਰਨ ਦੀ ਬੜੀ ਮਹਿਮਾ ਹੈ। ਸੱਸ ਅਤੇ ਨੂੰਹ ਬੜੀ ਥਾਈਂ ਸਹੇਲੀਆਂ ਜਾਂ ਮਾਵਾਂ-ਧੀਆਂ ਵਾਂਗ ਰਹਿੰਦੀਆਂ ਹਨ। ਸੱਸ ਆਪਣੀ ਨੂੰਹ ਦੀ ਤਾਰੀਫ਼ ਕਰਦੀ ਨਹੀਂ ਥੱਕਦੀ ਤੇ ਨੂੰਹ ਆਪਣੇ ਪੇਕੀਂ ਵੀ ਸੱਸ ਦੇ ਸੋਹਲੇ ਗਾਉਂਦੀ ਹੈ। ਪੰਜਾਬੀ ਦੇ ਕਈ ਕਵੀਆਂ ਨੇ ਪੰਜਾਬ ਦੀ ਧਰਤੀ ਤੇ ਪੰਜਾਬੀ ਬੋਲੀ ਦੀ ਵਡਿਆਈ ਵਿਚ ਅਮਰ ਰਚਨਾਵਾਂ ਰਚੀਆਂ ਹਨ। ਗੁਰੂ ਨਾਨਕ ਦੇਵ ਜੀ ਨੇ ‘ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ’ ਵਾਲੀ ਰਚਨਾ ਵਿਚ ਕਾਦਰ ਤੇ ਉਸ ਦੀ ਕੁਦਰਤ ਦੀ ਜਿਹੜੀ ਉਸਤਤ ਕੀਤੀ ਹੈ, ਉਹ ਬੇਮਿਸਾਲ ਹੈ।
ਸੰਪਰਕ: 88476-47101