ਮੁੰਬਈ, 7 ਅਪਰੈਲ
ਬੌਲੀਵੁੱਡ ਵਿੱਚ ਪਿਛਲੇ 25 ਸਾਲਾਂ ਤੋਂ ਕੰਮ ਕਰ ਰਹੀ ਅਦਾਕਾਰਾ ਰਾਣੀ ਮੁਖਰਜੀ ਨੇ ਕਿਹਾ ਕਿ ਸਿਨੇ ਜਗਤ ਦਾ ਹਿੱਸਾ ਬਣਨਾ ਚੁਣੌਤੀਪੂਰਨ ਕੰਮ ਹੈ। ਉਸ ਨੇ ਨਵੇਂ ਅਦਾਕਾਰਾਂ ਨੂੰ ਸਲਾਹ ਦਿੰਦਿਆਂ ਆਖਿਆ ਕਿ ਉਨ੍ਹਾਂ ਨੂੰ ਇਹ ਗੱਲ ਸਮਝਣੀ ਚਾਹੀਦੀ ਹੈ ਕਿ ਇਸ ਇੰਡਸਟਰੀ ਵਿੱਚ ਉਨ੍ਹਾਂ ਤੋਂ ਬਹੁਤ ਸਾਰੀਆਂ ਉਮੀਦਾਂ ਹਨ। ਰਾਣੀ ਨੇ ਕਿਹਾ, ‘ਮੈਂ ਇਹੀ ਸਲਾਹ ਦੇਣਾ ਚਾਹਾਂਗੀ ਕਿ ਫ਼ਿਲਮੀ ਜਗਤ ਵਿੱਚ ਬਤੌਰ ਅਦਾਕਾਰਾ ਸੌਖਾ ਕੰਮ ਨਹੀਂ ਹੈ। ਇਹ ਬਹੁਤ ਹੀ ਮੁਸ਼ਕਿਲ ਪੇਸ਼ਾ ਹੈ ਕਿਉਂਕਿ ਜਦੋਂ ਤੁਸੀਂ ਸਟਾਰ ਬਣ ਜਾਂਦੇ ਹੋ ਤਾਂ ਦਰਸ਼ਕਾਂ ਨੂੰ ਤੁਹਾਡੇ ਤੋਂ ਬਹੁਤ ਉਮੀਦਾਂ ਹੁੰਦੀਆਂ ਹਨ। ਵੱਖ-ਵੱਖ ਹਾਲਾਤ ਵਿੱਚ ਕੰਮ ਕਰਨ ਦੇ ਯੋਗ ਹੋਣਾ ਸੌਖਾ ਨਹੀਂ ਹੈ। ਬੇਸ਼ੱਕ ਪਰਦੇ ’ਤੇ ਇਹ ਸਭ ਕੁਝ ਸੋਹਣਾ ਤੇ ਸੌਖਾ ਜਾਪਦਾ ਹੈ, ਖ਼ਾਸ ਤੌਰ ’ਤੇ ਉਹ ਸਥਾਨ ਜਿੱਥੇ ਅਸੀਂ ਸ਼ੂਟਿੰਗ ਕਰਦੇ ਹਾਂ ਪਰ ਅਸਲ ਵਿੱਚ ਇੰਡਸਟਰੀ ਵਿੱਚ ਕੰਮ ਕਰਨਾ ਬਹੁਤ ਔਖਾ ਹੈ।’
ਉਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਤਾਂ ਹੀ ਇਹ ਕਿੱਤਾ ਅਪਣਾਉਣ ਜੇਕਰ ਉਹ ਇਸ ਪ੍ਰਤੀ ਸੰਜੀਦਾ ਹੋਣ। ਉਸ ਨੇ ਕਿਹਾ, ‘ਜੇ ਤੁਸੀਂ ਸਖ਼ਤ ਮਿਹਨਤ ਕਰਨ ਲਈ ਤਿਆਰ ਹੋ ਤੇ ਸਚਮੁੱਚ ਅਦਾਕਾਰੀ ਨੂੰ ਪਿਆਰ ਕਰਦੇ ਹੋ ਤਾਂ ਤੁਹਾਨੂੰ ਇੱਥੇ ਹੋਣਾ ਚਾਹੀਦਾ ਹੈ। ਸਫ਼ਲਤਾ, ਨਾਮਣਾ ਤੇ ਪ੍ਰਸਿੱਧੀ ਉਦੋਂ ਹੀ ਮਿਲਦੀ ਹੈ ਜਦੋਂ ਦਰਸ਼ਕ ਤੁਹਾਨੂੰ ਪਿਆਰ ਕਰਦੇ ਹਨ। ਸਭ ਤੋਂ ਜ਼ਰੂਰੀ ਚੀਜ਼ ਹੈ ਇਮਾਨਦਾਰੀ ਨਾਲ ਕੰਮ ਕਰਨਾ ਤਾਂ ਕਿ ਤੁਸੀਂ ਜ਼ਿੰਦਗੀ ਭਰ ਲਈ ਇਮਾਨਦਾਰ ਪ੍ਰਸ਼ੰਸਕਾਂ ਦਾ ਪਿਆਰ ਕਮਾ ਸਕੋ।’ ਦੱਸਣਯੋਗ ਹੈ ਕਿ ਰਾਣੀ ਮੁਖਰਜੀ ਜਲਦੀ ਫਿਲਮ ‘ਬੰਟੀ ਔਰ ਬਬਲੀ 2’ ਤੇ ‘ਮਿਸਿਜ਼ ਚੈਟਰਜੀ ਬਨਾਮ ਨਾਰਵੇ’ ਵਿੱਚ ਦਿਖਾਈ ਦੇਵੇਗੀ। -ਆਈਏਐੱਨਐੱਸ