ਮੁੰਬਈ, 30 ਮਈ
ਗਾਇਕ ਕੈਲਾਸ਼ ਖੇਰ ਦਾ ਕਹਿਣਾ ਹੈ ਕਿ ਉਹ ਪੁਰਾਣੇ ਗੀਤਾਂ ਨੂੰ ਫਿਰ ਤੋਂ ਬਣਾਉਣ ਦੇ ਪੱਖ ਵਿੱਚ ਹੈ ਪਰ ਨਾਲ ਹੀ ਉਸ ਦਾ ਮੰਨਣਾ ਹੈ ਕਿ ਨਵੇਂ ਗੀਤਾਂ ਵਿੱਚ ਸਪੱਸ਼ਟ ਬੋਲ ਅਤੇ ਚੰਗਾ ਸੰਗੀਤ ਹੋਣਾ ਚਾਹੀਦਾ ਹੈੈ। ਅੱਜ ਇੱਥੇ ਆਈਏਐੱਨਐੱਸ ਨਾਲ ਗੱਲਬਾਤ ਕਰਦਿਆਂ ਕੈਲਾਸ਼ ਨੇ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਗੀਤਾਂ ਨੂੰ ਮੁੜ ਤੋਂ ਬਣਾਉਣ ਦਾ ਵਿਚਾਰ ਬੁਰਾ ਨਹੀਂ ਕਿਉਂਕਿ ਇੱਥੇ ਇੱਕ ਪੀੜ੍ਹੀ ਦਾ ਫਰਕ ਹੈ ਪਰ ਇੱਥੇ ਇਹ ਜਾਣਨਾ ਵੀ ਮਹੱਤਵਪੂਰਨ ਹੈ ਕਿ ਗਾਣੇ ਨੂੰ ਬਦਲਣਾ ਕਿੰਨਾ ਕੁ ਹੈ। ਗੀਤ ਨੂੰ ਮੁੜ ਬਣਾਉਣ ਦੇ ਨਾਂ ’ਤੇ ਤੁਸੀਂ ਰੌਲਾ ਨਹੀਂ ਪਾ ਸਕਦੇ, ਜਿੱਥੇ ਬੋਲ ਹੀ ਸਾਫ਼ ਨਾ ਸੁਣੇ ਜਾ ਸਕਣ। ਜੇਕਰ ਬੋਲ ਸਪੱਸ਼ਟ ਨਹੀਂ ਤਾਂ ਇਸ ਨੂੰ ਫਿਰ ਤੋਂ ਬਣਾਉਣ ਦਾ ਕੋਈ ਮਤਲਬ ਨਹੀਂ।’’ ਗਾਇਕ ਨੇ ਕਿਹਾ ਕਿ ਮਨੋਰੰਜਨ ਲਈ ਸਭ ਕੁਝ ਠੀਕ ਢੰਗ ਨਾਲ ਕਰਨ ਦੀ ਲੋੜ ਹੈ। ਉਸ ਨੇ ਕਿਹਾ, ‘‘ਹਰ ਚੀਜ਼ ਸੁਚੱਜੇ ਢੰਗ ਨਾਲ ਕਰਨ ਦੀ ਲੋੜ ਹੈ। ਗੀਤ ਚੰਗੀ ਤਰ੍ਹਾਂ ਗਾਇਆ ਜਾਣਾ ਚਾਹੀਦਾ ਹੈ। ਕੁਝ ਗਾਇਕ ਹਿੰਦੀ ਤੋਂ ਕੁਝ ਹੋਰ ਬਣਾਉਂਦੇ ਹਨ ਅਤੇ ਗਾਉਂਦੇ ਹਨ। ਪੱਛਮ ਵਿੱਚ ਵੀ ਹਿੰਦੀ ਦਾ ਬਹੁਤ ਸਨਮਾਨ ਕੀਤਾ ਜਾਂਦਾ ਹੈ। ਇਨ੍ਹਾਂ ਨੂੰ ਇਸ ਤਰ੍ਹਾਂ ਬਣਾਉਣ ਦੀ ਲੋੜ ਹੈ ਕਿ ਬੋਲ ਸਾਫ਼ ਸੁਣਾਈ ਦੇਣ। ਕੁਝ ਗਾਇਕ ਸ਼ਬਦ ਖਾ ਜਾਂਦੇ ਹਨ। ਉਹ ਅੰਗਰੇਜ਼ੀ ਸਿੱਖਦੇ ਹਨ ਪਰ ਨਾਲ ਹੀ ਹਿੰਦੀ ਵਿੱਚ ਕਮਜ਼ੋਰ ਹੋ ਜਾਂਦੇ ਹਨ। ਮੈਂ ਉਨ੍ਹਾਂ ਨੂੰ ਸਲਾਹ ਦਿਆਂਗਾ ਕਿ ਹਿੰਦੀ ਨੂੰ ਨਾ ਭੁੱਲੋ, ਖਾਸ ਕਰ ਜਦੋਂ ਤੁਸੀਂ ਹਿੰਦੀ ਗਾਣੇ ਗਾਉਂਦੇ ਹੋ।’’ -ਆਈਏਐੱਨਐੱਸ