ਮਨਦੀਪ ਰਿੰਪੀ
ਕਥਾ ਪ੍ਰਵਾਹ
ਉਹ ਆਪਣੀ ਸੱਤ ਕੁ ਸਾਲਾਂ ਦੀ ਧੀ ਨਾਲ ਬੱਸ ਸਟੈਂਡ ’ਤੇ ਬੈਠੀ ਉਦਾਸੀ ਭਰੀਆਂ ਅੱਖਾਂ ਨਾਲ ਏਧਰ-ਓਧਰ ਵੇਖੀ ਜਾ ਰਹੀ ਹੈ। ਉਸ ਨੇ ਕੱਪੜਿਆਂ ਦਾ ਤੁੰਨ ਤੁੰਨ ਕੇ ਭਰਿਆ ਹੋਇਆ ਬੈਗ ਚੁੱਕਿਆ ਹੋਇਆ ਹੈ। ਜਿਵੇਂ ਬੱਸਾਂ ਆ ਜਾ ਰਹੀਆਂ ਨੇ ਉਵੇਂ ਹੀ ਉਸ ਦੇ ਮਨ ਅੰਦਰ ਹਨੇਰੀਆਂ ਝੁੱਲ ਰਹੀਆਂ ਹਨ… ਸੋਚਾਂ ਦੀਆਂ ਹਨੇਰੀਆਂ। ਉਸ ਦੀਆਂ ਅੱਖਾਂ ਵੀ ਚਾਰ-ਚੁਫ਼ੇਰੇ ਇੰਝ ਘੁੰਮਦੀਆਂ ਨਜ਼ਰ ਆ ਰਹੀਆਂ ਨੇ ਜਿਵੇਂ ਬੱਸ ਸਟੈਂਡ ਦੀ ਭੀੜ ਵਿੱਚੋਂ ਕਿਸੇ ਨੂੰ ਲੱਭ ਰਹੀਆਂ ਹੋਣ। ਉਸ ਦੀ ਸੋਚ ਵੀ ਉਸ ਨਾਲ ਅਜਬ ਖੇਡ ਖੇਡ ਰਹੀ ਹੈ। ਉਹ ਕਦੇ ਆਪਣੇ ਮੋਬਾਈਲ ’ਤੇ ਮੈਸੇਜ ਚੈੱਕ ਕਰਦੀ ਹੈ ਅਤੇ ਕਦੇ ਵਾਰ ਵਾਰ ਫ਼ੋਨ ਵੱਲ ਵੇਖਦੀ ਹੈ ਖ਼ਬਰੇ ਕੋਈ ਉਸ ਨੂੰ ਫ਼ੋਨ ਕਰਕੇ ਪੂਰੇ ਹੱਕ ਨਾਲ ਇੱਥੇ ਹੀ ਰੁਕਣ ਲਈ ਕਹੇ, ‘‘ਝੱਲੀਏ! ਚੱਲ ਆਪਣੇ ਘਰ… ਆਪਣਾ ਘਰ ਵੀ ਕੋਈ ਛੱਡ ਕੇ ਜਾਂਦੈ। ਚੱਲ ਏਦਾਂ ਨੀ ਕਰੀਦਾ।’’ ਦੋ ਤਿੰਨ ਘੰਟੇ ਉੱਥੇ ਬੈਠਣ ਤੋਂ ਬਾਅਦ ਹੁਣ ਉਸ ਨੂੰ ਇੰਝ ਲੱਗ ਰਿਹਾ ਹੈ ਜਿਵੇਂ ਸਾਰੀ ਭੀੜ ਉਸ ਵੱਲ ਘੂਰਦੀ ਤੇ ਪੁੱਛ ਰਹੀ ਹੋਵੇ, ‘‘ਤੂੰ ਇੰਨੀ ਦੇਰ ਤੋਂ ਇੱਥੇ ਕਿਉਂ ਬੈਠੀ ਹੈਂ? ਤੇਰਾ ਘਰ ਕਿੱਥੇ ਹੈ? ਕੀ ਤੇਰਾ ਕੋਈ ਘਰ ਨਹੀਂ? ਕੀ ਗੱਲ ਹੈ?’’ ਅਜਿਹੇ ਸਵਾਲ ਹੁਣ ਉਸ ਦੇ ਮਨ ਅੰਦਰ ਸਿਰ ਚੁੱਕਣ ਲੱਗੇ। ਕਦੇ ਉਸ ਦਾ ਦਿਲ ਕਰੇ ਕਿ ਉਹ ਕਿਸੇ ਬੱਸ ਥੱਲੇ ਆ ਕੇ ਮਰ ਜਾਵੇ। ਪਰ ਫੇਰ ਸੋਚਦੀ ਹੈ ਕਿ ਉਸ ਦੀ ਧੀ ਦਾ ਕੀ ਹੋਵੇਗਾ? ਉਸ ਵਿਚਾਰੀ ਨੇ ਅਜੇ ਕੀ ਵੇਖਿਆ? ਉਹ ਆਪਣੇ ਜਜ਼ਬਾਤ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੀ ਹੈ। ਉਸ ਦੀ ਧੀ ਕਦੇ ਆਪਣੀ ਮਾਂ ਵੱਲ ਵੇਖਦੀ ਹੈ ਤੇ ਕਦੇ ਆਉਂਦੀਆਂ ਜਾਂਦੀਆਂ ਬੱਸਾਂ ਦੀ ਗਿਣਤੀ ਕਰਦਿਆਂ ਪੁੱਛਦੀ ਹੈ, ‘‘ਮੰਮੀ, ਬੱਸ ਕਦੋਂ ਆਵੇਗੀ?’’
‘‘ਆਉਣ ਵਾਲੀ ਹੀ ਹੈ,’’ ਉਹ ਆਪਣੀ ਧੀ ਦੇ ਮਾਸੂਮ ਚਿਹਰੇ ’ਤੇ ਟਿਕਟਿਕੀ ਲਗਾ ਕੇ ਵੇਖਦੀ ਹੈ ਤਾਂ ਉਸ ਨੂੰ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਹੁਣ ਉਹ ਵੀ ਪੁੱਛ ਰਹੀ ਹੋਵੇ, ‘‘ਮਾਂ, ਆਪਾਂ ਇੰਨੀ ਦੇਰ ਤੋਂ ਇੱਥੇ ਕਿਉਂ ਬੈਠੀਆਂ ਹਾਂ?’’
ਇੰਨੇ ਚਿਰ ਨੂੰ ਇੱਕ ਬੱਸ ਆਉਂਦੀ ਹੈ ਤੇ ਉਹ ਆਪਣੀ ਧੀ ਸਮੇਤ ਉਸ ਬੱਸ ਵਿਚ ਚੜ੍ਹ ਜਾਂਦੀ ਹੈ। ਬੱਸ ਰਫ਼ਤਾਰ ਫੜ ਲੈਂਦੀ ਹੈ ਤੇ ਉਸ ਦੀਆਂ ਸੋਚਾਂ ਵੀ। ਥੋੜ੍ਹੀ ਦੇਰ ਬਾਅਦ ਕੰਡਕਟਰ ਟਿਕਟ ਕਟਵਾਉਣ ਲਈ ਪੁੱਛਦਾ ਹੈ ਤਾਂ ਉਹ ਬਹੁਤ ਮੱਧਮ ਆਵਾਜ਼ ਵਿਚ ‘‘ਪਟਿਆਲਾ’’ ਆਖਦੀ ਹੈ। ਜਦੋਂ ਉਹ ਬੱਸ ਵਿੱਚ ਬੈਠੀਆਂ ਸਵਾਰੀਆਂ ਦੇ ਚਿਹਰਿਆਂ ਵੱਲ ਵੇਖਦੀ ਹੈ ਤਾਂ ਉਸ ਨੂੰ ਇੰਝ ਮਹਿਸੂਸ ਹੁੰਦਾ ਹੈ ਜਿਵੇਂ ਸਾਰੀਆਂ ਅੱਖਾਂ ਉਸ ਨੂੰ ਘੂਰ ਰਹੀਆਂ ਹੋਣ। ਉਸ ਦੀ ਧੀ ਉਸ ਕੋਲ ਬੈਠੀ ਤਾਕੀ ਵਿੱਚੋਂ ਬਾਹਰ ਦੇ ਦ੍ਰਿਸ਼ ਵੇਖ ਰਹੀ ਹੈ। ਉਹ ਆਪਣੀ ਮਾਂ ਨੂੰ ਕੁਝ ਨਾ ਕੁਝ ਪੁੱਛੀ ਜਾ ਰਹੀ ਹੈ। ਜਦੋਂ ਉਹ ਕੁਝ ਵੀ ਪੁੱਛਦੀ ਹੈ ਤਾਂ ਪ੍ਰੀਤੀ ਦੀਆਂ ਸੋਚਾਂ ਦੀ ਲੜੀ ਟੁੱਟ ਜਾਂਦੀ ਹੈ। ਪ੍ਰੀਤੀ ਖਿੱਝ ਜਾਂਦੀ ਹੈ। ਉਸ ਦੇ ਮੱਥੇ ’ਤੇ ਤਿਊੜੀਆਂ ਪੈ ਜਾਂਦੀਆਂ ਹਨ ਕਿ ਉਸ ਦੀ ਧੀ ਵਾਰ-ਵਾਰ ਉਸ ਦੀਆਂ ਸੋਚਾਂ ਦੀਆਂ ਤੰਦਾਂ ਨੂੰ ਕਿਉਂ ਤੋੜੀ ਜਾ ਰਹੀ ਹੈ?
ਉਸ ਦੇ ਸਾਹਮਣੇ ਇੱਕ ਨਵੀਂ ਸੋਚ ਖੜ੍ਹੀ ਹੈ ਕਿ ਉਹ ਪੇਕੇ ਘਰ ਜਾ ਕੇ ਕੀ ਕਹੇਗੀ ਕਿ ਉਹ ਕਿਉਂ ਆਈ ਹੈ? ਉਸ ਦੇ ਪਤੀ ਤੇ ਉਸ ਦੀ ਸੱਸ ਨੇ ਉਸ ਨੂੰ ਘਰੋਂ ਕੱਢ ਦਿੱਤਾ? ਉਸ ਦੇ ਮਾਂ ਬਾਪ ’ਤੇ ਕੀ ਬੀਤੇਗੀ? ਉਸ ਦੀ ਦਾਦੀ ਨੇ ਤਾਂ ਉਸ ਦੀ ਮਾਂ ਦਾ ਜਿਉਣਾ ਹੀ ਮੁਹਾਲ ਕਰ ਦੇਣਾ ਹੈ। ਉਹ ਤਾਂ ਪਹਿਲਾਂ ਹੀ ਮੇਰੀ ਮਾਂ ਨੂੰ ਨਹੀਂ ਝੱਲਦੀ। ਛੋਟੀ ਭੈਣ ਵੀ ਵਿਆਹੁਣ ਨੂੰ ਪਈ। ਮਸਾਂ ਤਾਂ ਮਾਪਿਆਂ ਨੇ ਕਰਜਾਈ ਹੋ ਕੇ ਮੇਰਾ ਵਿਆਹ ਕੀਤਾ… ਤੇ ਹੁਣ? ਥੋੜ੍ਹੀ ਦੇਰ ਬਾਅਦ ਉਹ ਆਪਣੇ ਛੋਟੇ ਭਰਾ ਨੂੰ ਫ਼ੋਨ ਕਰਦੀ ਹੈ, ‘‘ਹੈਲੋ! ਟਿੰਕੂ ਮੈਂ ਪਟਿਆਲੇ ਆ ਰਹੀ ਹਾਂ। ਮੈਨੂੰ ਬੱਸ ਸਟੈਂਡ ਤੋਂ ਲੈ ਜਾਵੀਂ।’’
ਬੱਸ ਵਿੱਚ ਬੈਠੀ ਫਿਰ ਤੋਂ ਆਪਣੀਆਂ ਯਾਦਾਂ ਦੇ ਘੋੜੇ ’ਤੇ ਸਵਾਰ ਹੋ ਜਾਂਦੀ ਹੈ। ‘ਕਿੰਨੇ ਲਾਡਾਂ ਨਾਲ ਮਾਪਿਆਂ ਨੇ ਪਾਲਿਆ। ਭਾਵੇਂ ਅਸੀਂ ਤਿੰਨ ਭੈਣਾਂ ਹਾਂ, ਪਰ ਫੇਰ ਵੀ ਮੰਮੀ ਪਾਪਾ ਨੇ ਕਦੇ ਮੱਥੇ ਵੱਟ ਨਹੀਂ ਪਾਇਆ ਸਾਨੂੰ ਵੇਖ ਕੇ।’ ਉਸ ਨੇ ਅਜੇ ਬਾਰ੍ਹਵੀਂ ਹੀ ਪਾਸ ਕੀਤੀ ਸੀ ਕਿ ਉਸ ਦੇ ਰਿਸ਼ਤੇਦਾਰਾਂ ਨੇ ਉਸ ਦੇ ਵਿਆਹ ਲਈ ਜ਼ੋਰ ਪਾਉਣਾ ਸ਼ੁਰੂ ਕਰ ਦਿੱਤਾ। ਅਖੇ, ਵੱਡੀ ਕਬੀਲਦਾਰੀ ਹੈ। ਕੁਝ ਭਾਰ ਹਲਕਾ ਹੋ ਜਾਊ। ਉਸ ਦੇ ਪਿਤਾ ਭਾਵੇਂ ਉਸ ਨੂੰ ਅੱਗੇ ਪੜ੍ਹਾਉਣਾ ਚਾਹੁੰਦੇ ਸਨ, ਪਰ ਘਰ ਦੀ ਮਾਲੀ ਹਾਲਤ ਬਹੁਤ ਵਧੀਆ ਨਾ ਹੋਣ ਕਾਰਨ ਉਸ ਦੀਆਂ ਦਾਦੀ ਦੀਆਂ ਦਲੀਲਾਂ ਅੱਗੇ ਉਸ ਦੀ ਤੇ ਉਸ ਦੇ ਮਾਪਿਆਂ ਦੀ ਇੱਕ ਨਾ ਚੱਲੀ। ਉਨ੍ਹਾਂ ਦੇ ਗੁਆਂਢ ’ਚ ਰਹਿੰਦੀ ਇੱਕ ਕੁੜੀ ਨੇ ਚੁੱਪਚਾਪ ਕੋਰਟ ਮੈਰਿਜ ਕਰਵਾ ਲਈ ਸੀ ਜਿਸ ਕਾਰਨ ਉਸ ਦੀ ਦਾਦੀ ਨੇ ਘਰ ਸਿਰ ’ਤੇ ਚੁੱਕ ਲਿਆ। ਗੱਲ ਗੱਲ ’ਤੇ ਉਸ ਨੂੰ ਕਹਿੰਦੀ, ‘‘ਮੇਰੇ ਧੌਲੇ ਝਾਟੇ ਦਾ ਖਿਆਲ ਰੱਖੀਂ। ਦੇਖੀ! ਉਂਝ ਹੀ ਨਾ ਕਿਧਰੇ ਲਾਡੋ ਵਾਂਗ ਸਾਡੀ ਇੱਜ਼ਤ ਰੋਲ ਕੇ ਧਰ ਦੇਈਂ। ਆਪਣੇ ਪਿਓ ਤੇ ਭਰਾ ਨੂੰ ਜਿਊਣ ਜੋਗਾ ਰਹਿਣ ਦੇਈਂ।’’ ਦਾਦੀ ਦੀਆਂ ਇਨ੍ਹਾਂ ਗੱਲਾਂ ਦਾ ਮੰਮੀ ਪਾਪਾ ਨੂੰ ਬਹੁਤ ਦੁੱਖ ਹੁੰਦਾ। ਭਾਵੇਂ ਉਹ ਦਾਦੀ ਨੂੰ ਬਹੁਤ ਸਮਝਾਉਂਦੇ ਕਿ ਸਾਨੂੰ ਆਪਣੀ ਧੀ ’ਤੇ ਪੂਰਾ ਭਰੋਸਾ ਹੈ, ਪਰ ਫਿਰ ਵੀ ਉਹ ਬਦਲਦੇ ਸਮੇਂ ਤੇ ਹਾਲਾਤ ਨੂੰ ਵੇਖ ਕੇ ਅੰਦਰੋਂ ਅੰਦਰੀ ਡਰਦੇ ਰਹਿੰਦੇ।
ਉਸ ਦੀ ਚਾਚੀ ਨੇ ਉਸ ਦਾ ਸਾਕ ਆਪਣੇ ਪੇਕਿਆਂ ’ਚ ਹੀ ਰਿਸ਼ਤੇ ’ਚ ਆਪਣੇ ਭਤੀਜੇ ਨਾਲ ਕਰਾ ਦਿੱਤਾ। ਮੁੰਡਾ ਇੱਕ ਫੈਕਟਰੀ ਵਿੱਚ ਪੱਕਾ ਮੁਲਾਜ਼ਮ ਸੀ। ਘਰ-ਬਾਰ ਵੀ ਚੰਗਾ ਸੀ। ਦੋ ਭੈਣ ਭਰਾ ਸਨ। ਛੋਟਾ ਜਿਹਾ ਪਰਿਵਾਰ ਸੀ। ਦਾਜ ਦੀ ਵੀ ਕੋਈ ਮੰਗ ਨਹੀਂ। ਉਸ ਦੇ ਪਿਤਾ ਦਾ ਭਾਵੇਂ ਹੱਥ ਤੰਗ ਸੀ, ਪਰ ਉਸ ਦੀ ਦਾਦੀ ਅਤੇ ਤਾਇਆਂ ਚਾਚਿਆਂ ਦੇ ਜ਼ੋਰ ਪਾਉਣ ’ਤੇ ਉਸ ਦੇ ਪਿਤਾ ਨੂੰ ਵਿਆਹ ਲਈ ਹਾਮੀ ਭਰਨੀ ਹੀ ਪਈ। ਉਸ ਦੇ ਪਿਤਾ ਨੇ ਵਿਆਹ ਲਈ ਪੈਸੇ ਵੀ ਆਪਣੇ ਰਿਸ਼ਤੇਦਾਰਾਂ ਤੋਂ ਉਧਾਰ ਲਏ ਅਤੇ ਵਿਆਜ ’ਤੇ ਵੀ ਪੈਸੇ ਫੜੇ। ਆਪਣੀ ਹੈਸੀਅਤ ਤੋਂ ਵੱਧ ਖਰਚ ਕਰ ਕੇ ਵਿਆਹ ਕੀਤਾ। ਵਿਆਹ ਤੋਂ ਪਹਿਲਾਂ ਤਾਂ ਸੱਸ ਬੜੀ ਮਿੱਠੀ ਬਣਦੀ ਸੀ, ਪਰ ਵਿਆਹ ਤੋਂ ਬਾਅਦ ਇਕਦਮ ਜਿਵੇਂ ਕੌੜਾ ਅੱਕ। ਗੱਲ-ਗੱਲ ’ਤੇ ਮਿਹਣੇ: ‘‘ਤੇਰੇ ਬਾਪ ਕੋਲੋਂ ਕੁਝ ਨੀ ਸਰਿਆ ਤੇਰੇ ਲਈ। ਅਨਪੜ੍ਹ ਗਵਾਰ ਚੁੱਕ ਕੇ ਸਾਡੇ ਮੱਥੇ ਮਾਰੀ। ਅਸੀਂ ਤਾਂ ਨੌਕਰੀ ਕਰਦੀ ਕੁੜੀ ਲੈਣੀ ਸੀ। ਉਹ ਤਾਂ ਤੇਰੀ ਚਾਚੀ ਸੀ ਜਿਹੜੀ ਮੇਰੇ ਖਹਿੜੇ ਪੈ ਗਈ ਰਿਸ਼ਤੇ ਲਈ। ਵਰਨਾ ਮੇਰੇ ਪੁੱਤ ਨੂੰ ਕੋਈ ਘਾਟਾ ਸੀ ਰਿਸ਼ਤਿਆਂ ਦਾ!’’ ਪ੍ਰੀਤੀ ਜਿਹੜੇ ਕੱਪੜੇ ਆਪਣੀ ਸੱਸ, ਨਣਦ ਅਤੇ ਪਤੀ ਲਈ ਲੈ ਕੇ ਆਈ ਸੀ ਉਹ ਵੀ ਉਨ੍ਹਾਂ ਦੇ ਨੱਕ ਹੇਠ ਨਹੀਂ ਸਨ ਆਏ। ਸੱਸ ਨੇ ਕਿਹਾ, ‘‘ਗੱਲ ਸੁਣ ਮੇਰੀ, ਆਹ ਲੀਰਾਂ ਕਚੀਰਾਂ ਜਿਹੀਆਂ ਅਸੀਂ ਨਹੀਂ ਪਾਉਂਦੇ। ਮੋੜ ਕੇ ਲੈ ਜਾ ਵਾਪਸ। ਤੇਰੀ ਮਾਂ ਤੇ ਤੇਰੀ ਭੈਣ ਦੇ ਕੰਮ ਆਉਣਗੀਆਂ। ਨਾਲੇ ਮੇਰਾ ਸੋਨੂੰ ਤਾਂ ਬ੍ਰੈਂਡਿਡ ਕੱਪੜੇ ਪਾਉਂਦਾ। ਸਾਨੂੰ ਤਾਂ ਲੀਰਾਂ ਕਚੀਰਾਂ ਦਿੱਤੀਆਂ, ਆਪਣੇ ਜਵਾਈ ਨੂੰ ਤਾਂ ਚੱਜ ਦੇ ਦੇ ਦਿੰਦੇ।’’ ਪ੍ਰੀਤੀ ਨੇ ਆਖਿਆ, ‘‘ਮੰਮੀ ਜੀ, ਮੈਂ ਮੰਮੀ ਪਾਪਾ ਨੂੰ ਆਖ ਕੇ ਹੋਰ ਕੱਪੜੇ ਮੰਗਵਾ ਦਿਆਂਗੀ, ਪਰ ਤੁਸੀਂ ਵਾਰ ਵਾਰ ਮੇਰੇ ਮੰਮੀ ਪਾਪਾ ਬਾਰੇ ਕੁਝ ਨਾ ਆਖੋ।’’
ਪ੍ਰੀਤੀ ਨੇ ਜਦੋਂ ਆਪਣੀ ਚਾਚੀ ਨਾਲ ਗੱਲ ਕੀਤੀ ਤਾਂ ਉਸ ਦੀ ਚਾਚੀ ਨੇ ਗੱਲਾਂ-ਗੱਲਾਂ ਵਿੱਚ ਪ੍ਰੀਤੀ ਦੇ ਮੰਮੀ ਪਾਪਾ ਨੂੰ ਹੋਰ ਵਧੀਆ ਤੇ ਮਹਿੰਗੇ ਕੱਪੜੇ ਦੇਣ ਲਈ ਰਾਜ਼ੀ ਕਰ ਹੀ ਲਿਆ। ਸੱਸ ਅਤੇ ਨਣਦ ਹਰ ਵੇਲੇ ਪ੍ਰੀਤੀ ਨੂੰ ਟੋਕਾ-ਟਾਕੀ ਕਰਦੀਆਂ ਰਹਿੰਦੀਆਂ, ‘‘ਤੈਨੂੰ ਤਾਂ ਚੱਜ ਨਾਲ ਤਿਆਰ ਵੀ ਨਹੀਂ ਹੋਣਾ ਆਉਂਦਾ। ਆਹ! ਗੁੱਤ ਜਿਹੀ ਕੀ ਕੀਤੀ ਐ? ਜੂੜਾ ਕਰ ਲੈ ਚੱਜ ਦਾ। ਥੋੜ੍ਹਾ ਉੱਚਾ ਜਿਹਾ। ਗਰਦਨ ਹੇਠਾਂ ਨੂੰ ਸੁੱਟੀ ਰੱਖਦੀ ਐ। ਜ਼ਰਾ ਉੱਪਰ ਨੂੰ ਰੱਖਿਆ ਕਰ। ਗਲੀ ਮੁਹੱਲੇ ਦੀਆਂ ਜ਼ਨਾਨੀਆਂ ਤੈਨੂੰ ਵੇਖਣ ਆ ਰਹੀਆਂ ਨੇ। ਚੱਜ ਨਾਲ ਬੈਠੀਂ।’’ ਪ੍ਰੀਤੀ ਜਿਵੇਂ ਕਿਸੇ ਪਿੰਜਰੇ ’ਚ ਕੈਦ ਹੋ ਕੇ ਰਹਿ ਗਈ ਹੋਵੇ। ਸੋਨੂੰ ਵੀ ਹਰ ਗੱਲ ’ਚ ਮਾਂ ਦੀ ਹਾਂ ’ਚ ਹਾਂ ਮਿਲਾਉਂਦਾ। ਪ੍ਰੀਤੀ ਦੀ ਤਾਂ ਭੋਰਾ ਭਰ ਵੀ ਪ੍ਰਵਾਹ ਨਹੀਂ ਸੀ ਕਿਸੇ ਨੂੰ। ਪ੍ਰੀਤੀ ਦੀ ਨਣਦ ਰਾਣੀ ਜੋ ਕਾਲਜ ਵਿੱਚ ਪੜ੍ਹਦੀ ਸੀ, ਪ੍ਰੀਤੀ ਦੀ ਹਰ ਗੱਲ, ਹਰ ਕੰਮ ’ਚ ਨਘੋਚਾਂ ਕੱਢਦੀ। ਜੇ ਪ੍ਰੀਤੀ ਕੋਈ ਜਵਾਬ ਦਿੰਦੀ ਤਾਂ ਆਪਣੀ ਮਾਂ ਤੋਂ ਖਰੀਆਂ ਖੋਟੀਆਂ ਸੁਣਵਾਉਂਦੀ। ਪ੍ਰੀਤੀ ਉਸ ਪਰਿਵਾਰ ਵਿੱਚ ਆਪਣੇ ਆਪ ਨੂੰ ਇੱਕ ਅਣਚਾਹਿਆ ਮੈਂਬਰ ਮਹਿਸੂਸ ਕਰਨ ਲੱਗੀ।
ਸੋਨੂੰ ਭਾਵੇਂ ਇਕੱਲੇ ਵਿੱਚ ਪ੍ਰੀਤੀ ਨਾਲ ਬਹੁਤ ਵਧੀਆ ਵਰਤਾਉ ਕਰਦਾ, ਪਰ ਆਪਣੀ ਮਾਂ ਸਾਹਮਣੇ ਹਮੇਸ਼ਾਂ ਉਸ ਨਾਲ ਰੁੱਖਾ ਹੀ ਬੋਲਦਾ। ਹਾਂ! ਸੱਚ ਬੋਲਣਾ ਕੀ? ਬੋਲਣ ਤੋਂ ਬਹੁਤ ਕਤਰਾਉਂਦਾ। ਜੇਕਰ ਕਦੇ ਇਕੱਲੇ ਬੈਠ ਕੇ ਕੋਈ ਗੱਲ ਵੀ ਕਰਦੇ ਤਾਂ ਸੱਸ ‘‘ਸ਼ਰਮ ਕਰੋ ਘਰ ਵਿੱਚ ਜਵਾਨ ਕੁੜੀ ਵੀ ਵੇਖ ਲਿਆ ਕਰੋ। ਉਸ ’ਤੇ ਕੀ ਅਸਰ ਹੋਵੇਗਾ?’’ ਅਜਿਹੀਆਂ ਗੱਲਾਂ ਨਾਲ ਉਨ੍ਹਾਂ ਦੇ ਮਨ ਦੇ ਵਲਵਲਿਆਂ ਨੂੰ ਜਿਵੇਂ ਸਾੜ ਬਾਲ ਦਿੰਦੀ। ਹੁਣ ਉਹ ਸੱਸ ਸਾਹਮਣੇ ਇੱਕ ਦੂਜੇ ਸਾਹਮਣੇ ਹੋਣ ਤੋਂ ਵੀ ਝਿਜਕਦੇ।
ਅਚਾਨਕ ਬੱਸ ਦੇ ਬ੍ਰੇਕ ਲੱਗੇ ਤੇ ਪ੍ਰੀਤੀ ਜਦੋਂ ਬੱਸ ’ਚੋਂ ਉਤਰੀ ਤਾਂ ਉਸ ਦਾ ਭਰਾ ਟਿੰਕੂ ਪਹਿਲਾਂ ਹੀ ਬੱਸ ਸਟੈਂਡ ’ਤੇ ਖੜ੍ਹਾ ਉਸ ਨੂੰ ਉਡੀਕ ਰਿਹਾ ਸੀ। ਉਹ ਆਪਣੀ ਵੱਡੀ ਭੈਣ ਤੇ ਭਾਣਜੀ ਨੂੰ ਬੜੇ ਚਾਅ ਨਾਲ ਮਿਲਿਆ। ਜਦੋਂ ਉਹ ਐਕਟਿਵਾ ’ਤੇ ਬੈਠੀ ਤਾਂ ਉਸ ਦੀਆਂ ਸੋਚਾਂ ਨੇ ਫਿਰ ਪੁਲਾਂਘਾਂ ਪੁੱਟਣੀਆਂ ਸ਼ੁਰੂ ਕਰ ਦਿੱਤੀਆਂ। ‘‘ਹਾਏ! ਮੈਂ ਕੀ ਦੱਸਾਂਗੀ ਘਰਦਿਆਂ ਨੂੰ? ਮੰਮੀ ਪਾਪਾ ’ਤੇ ਤਾਂ ਪਹਿਲਾਂ ਹੀ ਦੋ ਧੀਆਂ ਦਾ ਬੋਝ ਹੈ। ਟਿੰਕੂ ਨੂੰ ਵੀ ਕਿਧਰੇ ਸੈੱਟ ਕਰਨਾ ਹੈ ਤੇ ਹੁਣ ਮੈਂ ਵੀ!’ ਸੋਚਾਂ ਦੀ ਲੜੀ ਫਿਰ ਟੁੱਟੀ ਜਦੋਂ ਟਿੰਕੂ ਨੇ ਘਰ ਦੇ ਗੇਟ ਮੂਹਰੇ ਬ੍ਰੇਕ ਮਾਰੇ। ਹੁਣ ਤੱਕ ਤਾਂ ਉਹ ਮਨ ਹੀ ਮਨ ਵਿੱਚ ਮਿੱਥ ਚੁੱਕੀ ਸੀ ਕਿ ਮੁੜ ਕਦੇ ਉਸ ਘਰ ਪੈਰ ਨਹੀਂ ਪਾਏਗੀ। ਉੱਥੇ ਉਸ ਦੀ ਡੋਲੀ ਜ਼ਰੂਰ ਗਈ ਸੀ, ਪਰ ਅਰਥੀ ਉੱਥੋਂ ਨਹੀਂ ਉੱਠੇਗੀ। ਉਸ ਦੇ ਉਸ ਘਰ ਨਾਲ ਸਾਰੇ ਰਿਸ਼ਤੇ ਖ਼ਤਮ ਹੋ ਗਏ ਸਨ। ਉਸ ਨੇ ਆਪਣੇ ਮਨ ਨੂੰ ਪੱਕਾ ਕਰ ਲਿਆ ਸੀ।
ਘਰ ਪਹੁੰਚਣ ’ਤੇ ਮੰਮੀ ਪਾਪਾ ਤੇ ਭੈਣਾਂ ਸਾਰੇ ਬੜੇ ਪਿਆਰ ਨਾ ਮਿਲੇ। ਕਿਸੇ ਨੇ ਕੋਈ ਗੱਲ ਨਾ ਛੇੜੀ ਉਹਦੇ ਆਉਣ ਦੀ, ਪਰ ਦਾਦੀ ਕੁਝ ਘੁਟੀ ਘੁਟੀ ਆਵਾਜ਼ ਵਿੱਚ ਜ਼ਰੂਰ ਬੋਲੀ, ‘‘ਕੀ ਅਣਬਣ ਹੋ ਗਈ ਸੋਨੂੰ ਨਾਲ? ਆਦਮੀ ਤੀਵੀਂ ’ਚ ਕਾਹਦਾ ਰੋਸਾ?’’ ਉਸ ਦੀ ਮੰਮੀ ਨੇ ਕਿਹਾ, ‘‘ਜਾਣ ਦਿਓ ਬੇਜੀ। ਅਜੇ ਥੋੜ੍ਹਾ ਆਰਾਮ ਕਰ ਲੈਣ ਦਿਓ। ਫਿਰ ਗੱਲ ਕਰਦੇ ਹਾਂ।’’ ਪ੍ਰੀਤੀ ਨੇ ਕਿਸੇ ਵੀ ਗੱਲ ਦਾ ਕੋਈ ਜਵਾਬ ਨਾ ਦਿੱਤਾ। ਚਾਚੀ ਆਉਂਦਿਆਂ ਹੀ ਬੋਲੀ, ‘‘ਸੋਨੂੰ ਦਾ ਫ਼ੋਨ ਆਇਆ ਸੀ। ਨਿੱਕੀਆਂ ਨਿੱਕੀਆਂ ਗੱਲਾਂ ਤਾਂ ਘਰਾਂ ’ਚ ਆਮ ਹੁੰਦੀਆਂ ਨੇ।’’ ਪ੍ਰੀਤੀ ਦਾ ਮਨ ਨਹੀਂ ਸੀ ਕੁਝ ਵੀ ਕਹਿਣ ਸੁਣਨ ਦਾ। ਭਾਵੇਂ ਉਹ ਉਨ੍ਹਾਂ ਕੋਲ ਹੀ ਬੈਠੀ ਹੈ, ਪਰ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਵੀ ਅਣਸੁਣੀਆਂ ਕਰ ਰਹੀ ਹੈ। ਉਹ ਦਿਮਾਗ਼ੀ ਤੌਰ ’ਤੇ ਉੱਥੇ ਮੌਜੂਦ ਨਾ ਹੋ ਕੇ ਆਪਣੀਆਂ ਸੋਚਾਂ ਦੀਆਂ ਘੁੰਮਣਘੇਰੀਆਂ ਵਿੱਚ ਹੀ ਗੁਆਚੀ ਹੋਈ ਹੈ। ਸ਼ਾਮ ਵੇਲੇ ਜਦੋਂ ਪ੍ਰੀਤੀ ਦੇ ਪਾਪਾ ਘਰ ਆਏ। ਉਹ ਵੀ ਖ਼ਾਮੋਸ਼ ਜਿਹੇ ਹਨ। ਭਾਵੇਂ ਉਹ ਚੁੱਪ ਹਨ, ਪਰ ਉਨ੍ਹਾਂ ਦੇ ਚਿਹਰੇ ਦੀ ਉਦਾਸੀ ਪ੍ਰੀਤੀ ਨੂੰ ਸਵਾਲਾਂ ਦੇ ਜਾਲ ਵਿੱਚ ਉਲਝਾ ਰਹੀ ਪ੍ਰਤੀਤ ਹੁੰਦੀ ਹੈ। ਬਿਨਾਂ ਕੁਝ ਪੁੱਛੇ ਹੀ ਪਾਪਾ ਦੀ ਤੱਕਣੀ ਨੇ ਕਿੰਨਾ ਕੁਝ ਪੁੱਛ ਲਿਆ ਹੈ। ਉਨ੍ਹਾਂ ਦਾ ਚਿਹਰਾ ਵੀ ਇੰਝ ਲੱਗ ਰਿਹਾ ਹੈ ਜਿਵੇਂ ਉਹ ਕਹਿ ਰਹੇ ਹੋਣ, ‘‘ਧੀਆਂ ਤਾਂ ਵਿਆਹ ਤੋਂ ਬਾਅਦ ਸਹੁਰੇ ਘਰ ਹੀ ਜੱਚਦੀਆਂ ਨੇ। ਪੇਕੇ ਤਾਂ ਉਨ੍ਹਾਂ ਦਾ ਕਦੇ ਕਦਾਈਂ ਆਉਣਾ ਹੀ ਚੰਗਾ ਲੱਗਦਾ ਹੈ। ਜਾਹ ਧੀਏ! ਸਹੁਰੇ ਘਰ ਵੱਲ ਮੋੜਾ ਪਾ ਲੈ।’’ ਹੁਣ ਪ੍ਰੀਤੀ ਦੀ ਉਨ੍ਹਾਂ ਦੇ ਚਿਹਰੇ ਵੱਲ ਵੇਖਣ ਦੀ ਹਿੰਮਤ ਵੀ ਜਵਾਬ ਦੇ ਗਈ ਹੈ। ਖ਼ੈਰ, ਥੋੜ੍ਹੇ ਦਿਨ ਤਾਂ ਇਸੇ ਖਿੱਚੋਤਾਣ ਵਿੱਚ ਲੰਘ ਗਏ। ਪ੍ਰੀਤੀ ਦੀ ਮੰਮੀ ਸੋਚਦੀ, ‘ਦਿਲ ਦਾ ਉਬਾਲ ਹੈ। ਥੋੜ੍ਹੇ ਦਿਨਾਂ ਬਾਅਦ ਆਪੇ ਚਿੱਤ ਠੀਕ ਹੋ ਜਾਊ ਤੇ ਖ਼ੁਦ ਕਹੇਗੀ ਮੈਨੂੰ ਮੇਰੇ ਘਰ ਛੱਡ ਆਓ।’ ਥੋੜ੍ਹੇ ਦਿਨ ਬੀਤ ਜਾਣ ਤੋਂ ਬਾਅਦ ਵੀ ਨਾ ਤਾਂ ਪ੍ਰੀਤੀ ਨੇ ਵਾਪਸ ਜਾਣ ਦੀ ਗੱਲ ਕੀਤੀ ਤੇ ਨਾ ਹੀ ਸੋਨੂੰ ਦਾ ਕੋਈ ਫੋਨ ਆਇਆ। ਘਰ ਵਿੱਚ ਤਣਾਅ ਹੋਰ ਵਧਣ ਲੱਗਾ। ਹੁਣ ਤਾਂ ਆਂਢੀ ਗੁਆਂਢੀ ਵੀ ਪੁੱਛਣ ਲੱਗੇ, ‘‘ਕਿੰਨੇ ਦਿਨ ਹੋ ਗਏ ਪ੍ਰੀਤੀ ਨੂੰ ਆਈ ਨੂੰ! ਹੋਰ ਘਰ ਸਭ ਸੁੱਖ ਸਾਂਦ ਹੈ?’’ ਪ੍ਰੀਤੀ ਮੂੰਹ ’ਤੇ ਝੂਠੀ ਮੁਸਕਰਾਹਟ ਲਿਆਉਣ ਦੀ ਕੋਸ਼ਿਸ਼ ਕਰਦੀ ਤੇ ਆਖਦੀ, ‘‘ਹਾਂ ਜੀ! ਸਭ ਠੀਕ ਹੈ।’’ ਉਹ ਅੰਦਰੋਂ ਹੀ ਅੰਦਰ ਖੱਪਦੀ ਕਿ ਇਹ ਲੋਕ ਕਿਉਂ ਪੁੱਛ ਰਹੇ ਨੇ? ਜਦੋਂ ਮਹੀਨਾ ਕੁ ਬੀਤ ਗਿਆ ਤਾਂ ਪ੍ਰੀਤੀ ਦੇ ਪਾਪਾ ਤੇ ਚਾਚੇ ਨੇ ਸੋਨੂੰ ਨੂੰ ਫ਼ੋਨ ਕੀਤਾ। ਅੱਗੋਂ ਸੋਨੂੰ ਨੇ ਫੋਨ ਆਪਣੀ ਮੰਮੀ ਨੂੰ ਫੜਾ ਦਿੱਤਾ। ਜਦੋਂ ਪ੍ਰੀਤੀ ਦੇ ਪਾਪਾ ਨੇ ਕਿਹਾ, ‘‘ਪ੍ਰੀਤੀ ਨੂੰ ਲੈ ਜਾਓ।’’ ਤਾਂ ਅੱਗੋਂ ਸੋਨੂੰ ਦੀ ਮੰਮੀ ਦਾ ਜਵਾਬ ਸੀ, ‘‘ਜਿਵੇਂ ਗਈ ਹੈ ਉਵੇਂ ਹੀ ਆ ਜਾਵੇ। ਸਾਨੂੰ ਕਿਹੜਾ ਦੱਸ ਕੇ ਗਈ?’’ ਇੰਨਾ ਆਖ ਕੇ ਫੋਨ ਕੱਟ ਦਿੱਤਾ। ਪਾਪਾ ਤੇ ਮੰਮੀ ਨੇ ਪ੍ਰੀਤੀ ਨੂੰ ਸਮਝਾਉਣ ਦੀ ਬਹੁਤ ਕੋਸ਼ਿਸ਼ ਕੀਤੀ ਤੇ ਕਿਹਾ ਕਿ ਉਹ ਸਮਾਨ ਪੈਕ ਕਰੇ। ਉਸ ਨੂੰ ਉਹਦੇ ਸਹੁਰੇ ਘਰ ਛੱਡ ਕੇ ਆਉਣਾ ਹੈ, ਪਰ ਪ੍ਰੀਤੀ ਜਾਣ ਲਈ ਭੋਰਾ ਭਰ ਵੀ ਤਿਆਰ ਨਾ ਹੋਈ। ਪ੍ਰੀਤੀ ਦੀ ਧੀ ਗੁੱਡੂ ਆਖਦੀ ਹੈ, ‘‘ਮਮਾ! ਮੈਨੂੰ ਆਪਣੇ ਘਰ ਦੀ ਬਹੁਤ ਯਾਦ ਆਉਂਦੀ ਹੈ।’’ ਪ੍ਰੀਤੀ ਗੁੱਸੇ ਨਾਲ ਇੱਕੋ ਸਾਹ ਬੋਲੀ, ‘‘ਤੈਨੂੰ ਤੇਰੀ ਮੰਮੀ ਚਾਹੀਦੀ ਐ ਕਿ ਪਾਪਾ?’’ ‘‘ਮੰਮੀ ਵੀ ਤੇ ਪਾਪਾ ਵੀ ਜਾਂ ਫਿਰ ਕੋਈ ਵੀ ਨਹੀਂ।’’ ਇੰਨਾ ਆਖ ਕੇ ਗੁੱਡੂ ਦੀਆਂ ਅੱਖਾਂ ਵਿੱਚੋਂ ਹੰਝੂ ਮੋਤੀਆਂ ਦੀ ਤਰ੍ਹਾਂ ਛਲਕਣ ਲੱਗੇ। ਪ੍ਰੀਤੀ ਉਸ ਨੂੰ ਜੱਫੀ ’ਚ ਲੈ ਆਪਣੇ ਸੀਨੇ ਨਾਲ ਲਾ ਲੈਂਦੀ ਹੈ। ਆਪਣੀ ਧੀ ਦੀ ਗੱਲ ਸੁਣ ਕੇ ਉਸ ਦਾ ਕਲੇਜਾ ਫਟਣ ਨੂੰ ਆਉਂਦਾ ਹੈ। ਉਹ ਦੋਵੇਂ ਮਾਵਾਂ ਧੀਆਂ ਰੋ ਰਹੀਆਂ ਹਨ ਤੇ ਨਾਲ ਹੀ ਪ੍ਰੀਤੀ ਦੇ ਮੰਮੀ ਪਾਪਾ ਦੀਆਂ ਅੱਖਾਂ ਵੀ ਹੰਝੂਆਂ ਨਾਲ ਭਿੱਜੀਆਂ ਪਈਆਂ ਹਨ। ਰਾਤ ਨੂੰ ਸੌਣ ਸਮੇਂ ਪ੍ਰੀਤੀ ਨੂੰ ਆਪਣੀ ਸਹੇਲੀ ਰੌਸ਼ਨੀ ਦੀ ਅੱਜ ਬਹੁਤ ਯਾਦ ਆ ਰਹੀ ਹੈ। ਉਸ ਦਾ ਪਤੀ ਇੱਕ ਦੁਰਘਟਨਾ ਵਿੱਚ ਚੱਲ ਵਸਿਆ ਤੇ ਉਸ ਦੀ ਪੰਜ ਕੁ ਸਾਲਾਂ ਦੀ ਧੀ ਗੌਰੀ ਹਰ ਸਮੇਂ ਆਪਣੀ ਮਾਂ ਨੂੰ ਪੁੱਛਦੀ ਰਹਿੰਦੀ ਹੈ, ‘‘ਮੰਮੀ! ਪਾਪਾ ਨੂੰ ਕਿੰਨੇ ਦਿਨ ਹੋ ਗਏ ਗਿਆਂ ਨੂੰ। ਉਨ੍ਹਾਂ ਨੂੰ ਆਖੋ ਹੁਣ ਤਾਂ ਵਾਪਸ ਆ ਜਾਣ। ਮੈਨੂੰ ਉਨ੍ਹਾਂ ਦੀ ਬਹੁਤ ਯਾਦ ਆਉਂਦੀ ਹੈ। ਮੈਂ ਪਾਪਾ ਨੂੰ ਕਦੇ ਤੰਗ ਨਹੀਂ ਕਰਾਂਗੀ। ਪਾਪਾ ਆਪਣੀਆਂ ਖ਼ਬਰਾਂ ਸੁਣ ਲਿਆ ਕਰਨ, ਕਦੇ ਨਹੀਂ ਕਹਾਂਗੀ ਕਿ ਪਾਪਾ ਕਾਰਟੂਨ ਲਾ ਦਿਓ।’’ ਰੌਸ਼ਨੀ ਆਪਣੀ ਧੀ ਗੌਰੀ ਦੀਆਂ ਗੱਲਾਂ ਦੱਸਦੀ-ਦੱਸਦੀ ਭੁੱਬਾਂ ਮਾਰ ਮਾਰ ਕੇ ਰੋਂਦੀ। ਉਹ ਪ੍ਰੀਤੀ ਨੂੰ ਸਮਝਾਉਂਦੀ ਹੈ, ‘‘ਮੇਰੀ ਧੀ ਦੇ ਪਿਤਾ ਤਾਂ ਮੌਤ ਨੇ ਉਸ ਤੋਂ ਖੋਹ ਲਏ। ਤੂੰ ਜਿਉਂਦਿਆਂ ਜੀ ਆਪਣੀ ਧੀ ਤੋਂ ਉਸ ਦੇ ਪਿਤਾ ਨੂੰ ਵੱਖ ਨਾ ਕਰ। ਮੇਰੀ ਧੀ ਰੋਜ਼ ਰਾਤ ਨੂੰ ਆਪਣੇ ਪਾਪਾ ਨੂੰ ਯਾਦ ਕਰਕੇ ਸੌਂਦੀ ਹੈ ਤੇ ਕਈ ਵਾਰ ਤਾਂ ਅੱਧੀ ਅੱਧੀ ਰਾਤ ਉਨ੍ਹਾਂ ਨੂੰ ਵਾਜਾਂ ਮਾਰਦੀ ਉੱਠ ਬਹਿੰਦੀ ਐ।’’ ਰੌਸ਼ਨੀ ਦੀਆਂ ਗੱਲਾਂ ਸੁਣ ਪ੍ਰੀਤੀ ਗੁੱਡੂ ਬਾਰੇ ਸੋਚਦੀ ਹੈ ਕਿ ਉਸ ਨੂੰ ਵੀ ਆਪਣੇ ਪਾਪਾ ਦੀ ਯਾਦ ਆਉਂਦੀ ਹੀ ਹੋਵੇਗੀ। ਅੱਜ ਗੁੱਡੂ ਦੀ ਐਡੀ ਵੱਡੀ ਗੱਲ ਨੇ ਪ੍ਰੀਤੀ ਨੂੰ ਧੁਰ ਅੰਦਰੋਂ ਹਿਲਾ ਕੇ ਰੱਖ ਦਿੱਤਾ ਹੈ। ਉਸ ਦੇ ਮਨ ਅੰਦਰ ਝੱਖੜ ਹੀ ਝੱਖੜ ਝੁੱਲ ਰਹੇ ਹਨ। ਉਹ ਕੁਝ ਵੀ ਸਮਝ ਨਹੀਂ ਪਾ ਰਹੀ। ਉਸ ਦੀ ਸੌਣ ਦੀ ਕੋਸ਼ਿਸ਼, ਕੋਸ਼ਿਸ਼ ਹੀ ਬਣ ਕੇ ਰਹਿ ਜਾਂਦੀ ਹੈ। ਫਿਰ ਪਤਾ ਨਹੀਂ ਕਦੋਂ ਅੱਧੀ ਰਾਤ ਨੂੰ ਉਸ ਦੀ ਅੱਖ ਲੱਗ ਜਾਂਦੀ ਹੈ। ਉਹ ਸੁਪਨੇ ਵਿੱਚ ਵਾਰ ਵਾਰ ਆਪਣੇ ਪੈਰਾਂ ਵੱਲ ਵੇਖ ਰਹੀ ਹੈ। ਉਸ ਦੇ ਪੈਰਾਂ ਵਿੱਚ ਬੇੜੀਆਂ ਨਹੀਂ ਹਨ, ਪਰ ਉਹ ਆਜ਼ਾਦ ਵੀ ਨਹੀਂ। ਉਹ ਆਪਣੇ ਕਦਮ ਅੱਗੇ ਵਧਾਉਣ ਦੀ ਕੋਸ਼ਿਸ਼ ਕਰਦੀ ਹੈ, ਪਰ ਇਹ ਕੀ? ਉਸ ਦੇ ਪੈਰ ਬਹੁਤ ਭਾਰੀ ਹਨ ਜਿਵੇਂ ਕਿਸੇ ਚੀਜ਼ ਨੇ ਕੱਸ ਕੇ ਜਕੜੇ ਹੋਏ ਹੋਣ। ਜਿਵੇਂ ਮਿੱਟੀ ਵਿੱਚ ਪੂਰੀ ਤਰ੍ਹਾਂ ਧਸ ਚੁੱਕੇ ਹੋਣ। ਉਸ ਦੇ ਪੈਰ ਹਿੱਲ ਨਹੀਂ ਰਹੇ। ਉਸ ਦੇ ਕੰਨਾਂ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਆਵਾਜ਼ਾਂ ਗੂੰਜ ਰਹੀਆਂ ਹਨ। ਇੱਕ ਆਵਾਜ਼ ਉਸ ਦੀ ਧੀ ਗੁੱਡੂ ਦੀ ਹੈ, ‘‘ਮੰਮੀ, ਘਰ ਚੱਲੋ। ਘਰ ਦੀ ਬਹੁਤ ਯਾਦ ਆ ਰਹੀ ਹੈ। ਮੈਂ ਪਾਪਾ ਕੋਲ ਜਾਣਾ।’’ ਇੱਕ ਆਵਾਜ਼ ਉਸ ਦੇ ਪਿਤਾ ਦੀ ਹੈ ਜੋ ਕਹਿ ਰਹੀ ਹੈ, ‘‘ਚੱਲ ਪ੍ਰੀਤੀ, ਤੈਨੂੰ ਤੇਰੇ ਘਰ ਛੱਡ ਆਵਾਂ।’’ ਉਸ ਦੀ ਮਾਂ ਦੀ ਆਵਾਜ਼, ‘‘ਧੀਆਂ ਦੀ ਪੇਕੇ ਘਰ ਵਿੱਚ ਵੁੱਕਤ ਵੀ ਸਹੁਰੇ ਘਰ ਰਹਿਣ ਨਾਲ ਹੀ ਹੈ।’’ ਉਸ ਦੀ ਦਾਦੀ ਦੀ ਆਵਾਜ਼, ’’ਪੇਕੇ ਘਰ ਬੈਠੀਆਂ ਧੀਆਂ ਮਾਂ ਬਾਪ ਦੇ ਕਾਲਜੇ ’ਤੇ ਪੱਥਰ ਵਾਂਗ ਹੁੰਦੀਆਂ ਜਿਨ੍ਹਾਂ ਦਾ ਭਾਰ ਸਹਾਰਨਾ ਮਾਪਿਆਂ ਲਈ ਮਰਨ ਨਾਲੋਂ ਵੀ ਵੱਧ ਔਖਾ ਹੈ। ਉਹ ਪੱਥਰ ਹਰ ਵੇਲੇ ਮਾਪਿਆਂ ਦੇ ਕਾਲਜੇ ਨੂੰ ਜ਼ਖ਼ਮੀ ਕਰਦਾ ਰਹਿੰਦਾ ਹੈ ਤੇ ਜ਼ਖ਼ਮ ਅੰਦਰੋਂ ਅੰਦਰੀ ਰਿਸਦੇ ਰਹਿੰਦੇ ਨੇ। ਅੱਖਾਂ ਦੇ ਹੰਝੂ ਅੱਖਾਂ ਵਿੱਚ ਹੀ ਗੁੰਮ ਹੋ ਕੇ ਰਹਿ ਜਾਂਦੇ ਨੇ।’’ ਕਦੇ ਰੌਸ਼ਨੀ ਦੀ ਆਵਾਜ਼, ‘‘ਪ੍ਰੀਤੀ! ਤੈਨੂੰ ਕੋਈ ਹੱਕ ਨਹੀਂ ਆਪਣੀ ਧੀ ਤੋਂ ਉਸ ਦੇ ਪਿਓ ਦਾ ਪਿਆਰ ਖੋਹਣ ਦਾ।’’ ਕੰਨਾਂ ’ਤੇ ਹੱਥ ਧਰ ਉਹ ਉੱਚੀ ਉੱਚੀ ਚੀਕਣ ਦੀ ਕੋਸ਼ਿਸ਼ ਕਰਦੀ ਹੈ। ਪਰ ਇਹ ਕੀ? ਉਸ ਦੇ ਸੰਘ ’ਚੋਂ ਆਵਾਜ਼ ਕਿਧਰੇ ਗੁੰਮ ਗਈ ਲੱਗਦੀ ਹੈ। ਵਾਰ ਵਾਰ ਕੋਸ਼ਿਸ਼ ਕਰਨ ਦੇ ਬਾਵਜੂਦ ਕੁਝ ਵੀ ਬੋਲਣ ਤੋਂ ਅਸਮਰੱਥ ਹੈ। ਹੁਣ ਉਸ ਨੂੰ ਇੰਝ ਮਹਿਸੂਸ ਹੋ ਰਿਹਾ ਹੈ ਜਿਵੇਂ ਉਸ ਦਾ ਸਰੀਰ ਸੰਸਕਾਰਾਂ ਦੀਆਂ ਰੱਸੀਆਂ ਨਾਲ ਨੂੜਿਆ ਪਿਆ ਹੈ ਤੇ ਉਹ ਇੱਕ ਮੂਰਤੀ ਵਾਂਗੂੰ ਖੜ੍ਹੀ ਹੈ ਜਿਸ ਦੀਆਂ ਅੱਖਾਂ ਚਾਰ ਚੁਫ਼ੇਰੇ ਘੁੰਮ ਰਹੀਆਂ ਹਨ। ਉਹ ਹਰੇਕ ਚਿਹਰੇ ਨੂੰ ਅੱਖਾਂ ਰਾਹੀਂ ਟੋਹ ਰਹੀ ਹੈ ਤੇ ਸੁਆਲ ਕਰ ਰਹੀ ਹੈ ਕਿ ਉਸ ਦੀਆਂ ਖ਼ੁਦ ਦੀਆਂ ਇੱਛਾਵਾਂ? ਅੱਜ ਉਸ ਨੂੰ ਮਾਸ ਤੇ ਹੱਡੀਆਂ ਦੀ ਜਿਊਂਦੀ ਜਾਗਦੀ ਮੂਰਤ ਤੋਂ ਇਲਾਵਾ ਆਪਣਾ ਵਜੂਦ ਵੀ ਪਰਾਇਆ ਹੀ ਲੱਗ ਰਿਹਾ ਹੈ।
ਉਹ ਇਕਦਮ ਉੱਠਦੀ ਹੈ। ਉਸ ਦੀਆਂ ਅੱਖਾਂ ’ਚੋਂ ਵਗਦੇ ਹੰਝੂਆਂ ਦੀ ਧਾਰ ਨਾਲ ਉਸ ਦੇ ਸਿਰ ਥੱਲੇ ਰੱਖਿਆ ਸਰਾਹਣਾ ਗਿੱਲਾ ਹੋਇਆ ਪਿਆ ਹੈ। ਉਹ ਪਸੀਨੋ ਪਸੀਨਾ ਹੋਈ ਪਈ ਹੈ। ਆਪਣੇ ਕੋਲ ਪਿਆ ਪਾਣੀ ਦਾ ਗਿਲਾਸ ਉਹ ਇੱਕੋ ਘੁੱਟ ਵਿੱਚ ਪੀ ਗਈ। ਅੱਜ ਉਸ ਦੀ ਧੀ ਗੁੱਡੂ ਆਪਣੀ ਮਾਸੀ ਨਾਲ ਸੁੱਤੀ ਸੀ ਤੇ ਪ੍ਰੀਤੀ ਆਪਣੀ ਮਾਂ ਨਾਲ। ਪ੍ਰੀਤੀ ਬੈੱਡ ’ਤੇ ਪਈ ਤਾਂ ਅੱਧਸੁੱਤੀ ਹੋਣ ਕਾਰਨ ਗੁੱਡੂ ਦੇ ਭੁਲੇਖੇ ਪਿਆਰ ਨਾਲ ਆਪਣੀ ਮਾਂ ਨੂੰ ਥਾਪੜਣ ਅਤੇ ਲੋਰੀਆਂ ਸੁਣਾਉਣ ਲੱਗੀ। ਮਮਤਾ ਵੀ ਕੀ ਚੀਜ਼ ਹੈ! ਸੁੱਤਿਆਂ ਜਾਗਦਿਆਂ ਇੱਕ ਮਾਂ ਆਪਣੇ ਕਲੇਜੇ ਦੇ ਟੁਕੜਿਆਂ ਬਾਰੇ ਹੀ ਫ਼ਿਕਰਮੰਦ ਰਹਿੰਦੀ ਹੈ। ਭਾਵੇਂ ਬੱਚਾ ਨੇੜੇ ਹੋਵੇ ਜਾਂ ਦੂਰ, ਮਾਂ ਦਾ ਦਿਲ ਉਸ ਲਈ ਹਮੇਸ਼ਾਂ ਤੜਫਦਾ ਰਹਿੰਦਾ ਹੈ। ਸੌਂਦੇ ਜਾਗਦੇ ਮਾਂ ਦੇ ਮੂੰਹ ਆਪਣੇ ਬੱਚੇ ਲਈ ਹਮੇਸ਼ਾਂ ਦੁਆਵਾਂ ਹੀ ਨਿਕਲਦੀਆਂ ਹਨ। ਪ੍ਰੀਤੀ ਵੀ ਆਪਣੀ ਧੀ ਦੇ ਭੁਲੇਖੇ ਆਪਣੀ ਮਾਂ ਨੂੰ ਲਾਡ ਲੜਾ ਰਹੀ ਹੈ। ਅਚਾਨਕ ਉਹ ਤ੍ਰਬਕ ਕੇ ਉੱਠਦੀ ਹੈ ਕਿਉਂਕਿ ਉਸ ਨੂੰ ਪਤਾ ਲੱਗਿਆ ਕਿ ਉਸ ਦੇ ਨਾਲ ਉਸ ਦੀ ਧੀ ਦੀ ਥਾਂ ਉਸ ਦੀ ਮਾਂ ਪਈ ਹੈ। ਫਿਰ ਪ੍ਰੀਤੀ ਸੋਚਣ ਲੱਗੀ, ‘‘ਹਾਏ ਰੱਬਾ! ਜੇ ਕਦੇ ਮੇਰੀ ਧੀ ਮੈਥੋਂ ਦੂਰ ਹੋ ਗਈ ਤਾਂ ਮੈਂ ਕੀ ਕਰਾਂਗੀ?’’ ਉਸ ਦੇ ਦੂਰ ਹੋਣ ਦੇ ਨਾਂ ਤੋਂ ਹੀ ਉਹ ਕੰਬ ਉੱਠਦੀ ਹੈ। ਉਹ ਫਿਰ ਸੋਚਦੀ ਹੈ ਕਿ ਜੇਕਰ ਸੋਨੂੰ ਨੇ ਤਲਾਕ ਲੈਣ ਦੀ ਸ਼ਰਤ ਗੁੱਡੂ ਦੀ ਮੰਗ ’ਤੇ ਖੜ੍ਹੀ ਕਰ ਦਿੱਤੀ ਤਾਂ… ਕਿਵੇਂ ਜੀਵੇਗੀ ਆਪਣੀ ਬੱਚੀ ਤੋਂ ਬਿਨਾਂ? ਫਿਰ ਉਸ ਦੀਆਂ ਨਜ਼ਰਾਂ ਆਪਣੀ ਮਾਸੂਮ ਧੀ ਦੇ ਚਿਹਰੇ ’ਤੇ ਟਿਕ ਗਈਆਂ। ਉਸ ਨੂੰ ਪਤਾ ਹੀ ਨਾ ਲੱਗਾ ਕਿ ਕਦੋਂ ਦਿਨ ਚੜ੍ਹ ਆਇਆ। ਹੁਣ ਉਹ ਟਿਕਟਿਕੀ ਲਗਾ ਗੂੜ੍ਹੀ ਨੀਂਦਰ ਸੁੱਤੀ ਆਪਣੀ ਧੀ ਵੱਲ ਵੇਖੀ ਜਾ ਰਹੀ ਹੈ। ਅਚਾਨਕ ਉਸ ਦੀ ਧੀ ਦੇ ਬੋਲ ਉਸ ਦੇ ਕੰਨਾਂ ਵਿੱਚ ਪਏ, ‘‘ਪਾਪਾ! ਪਾਪਾ!’’ ਇਨ੍ਹਾਂ ਦੋ ਸ਼ਬਦਾਂ ਕਾਰਨ ਉਸ ਦੇ ਅੰਦਰ ਭਰੇ ਗੁਬਾਰ ਨੇ ਫਿਰ ਉਛਾਲਾ ਮਾਰਿਆ। ਉਹ ਆਪਣੇ ਪਿਤਾ ਦੇ ਗਲ ਲੱਗ ਰੋ ਪਈ ਤੇ ਆਖਣ ਲੱਗੀ, ‘‘ਡੈਡੀ ਜੀ! ਮੈਨੂੰ ਘਰ ਛੱਡ ਆਓ।’’ ਪ੍ਰੀਤੀ ਆਪਣਾ ਸਾਮਾਨ ਪੈਕ ਕਰਨ ਲੱਗੀ। ਉਹ ਸੋਚ ਰਹੀ ਸੀ ਕਿ ਇੱਕ ਧੀ ਕਿੰਨੇ ਰਿਸ਼ਤਿਆਂ ਨਾਲ ਬੰਨ੍ਹੀ ਹੁੰਦੀ ਹੈ ਤੇ ਉਨ੍ਹਾਂ ਸਾਰੇ ਰਿਸ਼ਤਿਆਂ ਨੂੰ ਤਨੋਂ ਮਨੋਂ ਨਿਭਾਉਂਦਿਆਂ ਵੀ ਆਪ ਕਿੰਨੀ ਅਧੂਰੀ ਰਹਿ ਜਾਂਦੀ ਹੈ ਤੇ ਜ਼ਿੰਦਗੀ ਵਿੱਚ ਆਏ ਖਲਾਅ ਨੂੰ ਭਰਨ ਦੀ ਕੋਸ਼ਿਸ਼ ਵੀ ਨਹੀਂ ਕਰ ਸਕਦੀ। ਇਸ ਖਲਾਅ, ਇਸ ਅਧੂਰੇਪਣ ਨਾਲ ਜੂਝਣਾ ਸਾਰੀ ਉਮਰ ਹੀ ਬਰਕਰਾਰ ਰਹਿੰਦਾ ਹੈ। ਉਹ ਆਪਣੇ ਆਪ ਵਿੱਚੋਂ ਆਪਣਾ ਆਪ ਵੀ ਕਦੇ ਖੋਜ ਨਹੀਂ ਸਕਦੀ। ਖੋਜ ਸਕਦੀ ਹੈ ਤਾਂ ਸਿਰਫ਼ ਤੇ ਸਿਰਫ਼ ਰਿਸ਼ਤਿਆਂ ਦੀਆਂ ਗੰਢਾਂ। ਅਚਾਨਕ ਗੁੱਡੂ ਨੀਂਦ ਤੋਂ ਜਾਗੀ ਤੇ ਪ੍ਰੀਤੀ ਨੂੰ ਬੈਗ ਪੈਕ ਕਰਦਿਆਂ ਪੁੱਛਣ ਲੱਗੀ, ‘‘ਮੰਮਾ! ਅੱਜ ਆਪਾਂ ਕਿਤੇ ਜਾ ਰਹੇ ਹਾਂ?’’ ‘‘ਹਾਂ ਬੇਟਾ! ਆਪਣੇ ਘਰ।’’ ਇਹ ਸੁਣ ਕੇ ਗੁੱਡੂ ਖ਼ੁਸ਼ੀ ’ਚ ਟੱਪਣ ਲੱਗੀ। ਪ੍ਰੀਤੀ ਗੁੱਡੂ ਦਾ ਚਾਅ ਵੇਖ ਕੇ ਆਪਣੇ ਪਤੀ ਨਾਲ ਸਾਰੇ ਰੋਸੇ ਭੁੱਲ ਗਈ। ਹੁਣ ਉਹ ਸਿਰਫ਼ ਤੇ ਸਿਰਫ਼ ਆਪਣੀ ਧੀ ਦਾ ਚਿਹਰਾ ਵੇਖ ਰਹੀ ਹੈ ਜੋ ਖ਼ੁਸ਼ੀ ਵਿੱਚ ਇੰਝ ਚਹਿਕ ਰਿਹਾ ਹੈ ਜਿਵੇਂ ਕੋਈ ਚਿੜੀ ਆਜ਼ਾਦ ਹਵਾ ਵਿੱਚ ਉਡਾਰੀ ਭਰਨ ਲੱਗੀ ਹੋਵੇ। ਉਹ ਅੱਜ ਬਹੁਤ ਦਿਨਾਂ ਬਾਅਦ ਏਨੀ ਖ਼ੁਸ਼ ਹੈ। ਪ੍ਰੀਤੀ ਬੈਗ ਪੈਕ ਕਰਦੀ ਕਰਦੀ ਕੁਝ ਸੋਚਣ ਲੱਗੀ। ਅਚਾਨਕ ਉਸ ਦੇ ਅੰਦਰੋਂ ਕੋਈ ਆਵਾਜ਼ ਉੱਠਦੀ ਹੈ, ‘ਪ੍ਰੀਤੀ ਤੂੰ ਐਨੀ ਕਮਜ਼ੋਰ? ਆਈ ਤਾਂ ਬੜੇ ਨਖਰੇ ਨਾਲ ਸੀ। ਕਿਉਂ ਆ ਗਈ ਅਕਲ ਟਿਕਾਣੇ? ਵੜਨ ਦੇਣਗੇ ਤੈਨੂੰ ਹੁਣ ਉਸ ਘਰ ’ਚ? ਤੇਰੇ ਪਾਪਾ ਵੀ ਨਾਲ ਜਾ ਰਹੇ ਨੇ। ਪਤਾ ਤਾਂ ਨਹੀਂ ਅਗਲਿਆਂ ਨੇ ਕੀ ਕੀ ਬੋਲਣਾ? ਕੀ ਰਹਿ ਜੂ ਤੇਰੇ ਪਿਓ ਦੀ?… ਨਹੀਂ, ਉਹ ਮੇਰਾ ਘਰ ਹੈ ਮੇਰਾ। ਵਿਆਹ ਕੇ ਗਈ ਸੀ ਉੱਥੇ। ਮੇਰਾ ਪੂਰਾ ਹੱਕ ਹੈ ਉਸ ਘਰ ’ਤੇ। ਏਨੀ ਆਸਾਨੀ ਨਾਲ ਆਪਣਾ ਹੱਕ ਕਿਵੇਂ ਛੱਡ ਦੇਵਾਂ? ਆਪਣੇ ਪੇਕੇ ਘਰ ਆਉਣ ਦਾ ਫ਼ੈਸਲਾ ਵੀ ਮੇਰਾ ਸੀ ਤੇ ਆਪਣੇ ਘਰ ਵਾਪਸ ਜਾਣ ਦਾ ਫ਼ੈਸਲਾ ਵੀ ਮੇਰਾ ਹੀ ਹੋਵੇਗਾ। ਮੈਂ ਕਮਜ਼ੋਰ ਨਹੀਂ ਹਾਂ। ਜੇ ਮੈਂ ਅੱਜ ਕਮਜ਼ੋਰ ਪੈ ਗਈ ਤਾਂ ਕੱਲ੍ਹ ਨੂੰ ਮੇਰੀ ਧੀ ਮੇਰੇ ਬਾਰੇ ਕੀ ਸੋਚੇਗੀ? ਮੈਂ ਉਸ ਘਰ ਵਿੱਚ ਵਾਪਸ ਜਾਵਾਂਗੀ। ਪਰ ਮੈਂ ਜ਼ੁਲਮ ਸਾਹਮਣੇ ਨਹੀਂ ਝੁਕਾਂਗੀ। ਸਾਹਮਣਾ ਕਰਾਂਗੀ ਹਾਲਾਤ ਦਾ। ਸੰਘਰਸ਼ ਕਰਾਂਗੀ ਆਪਣੇ ਹੱਕਾਂ ਲਈ। ਆਪਣੀ ਧੀ ਨੂੰ ਦੱਸਾਂਗੀ ਕਿ ਆਪਣੇ ਲਈ ਆਪਣਿਆਂ ਨਾਲ ਵੀ ਲੜਨਾ ਪੈਂਦਾ ਹੈ। ਮੈਂ ਉਸ ਨੂੰ ਚੁੱਪ ਰਹਿ ਕੇ ਜ਼ਿੰਦਗੀ ਹੰਢਾਉਣੀ ਨਹੀਂ ਸਿਖਾਉਣੀ। ਮੈਂ ਸਿਰ ਨੀਵਾਂ ਕਰ ਕੇ ਨਹੀਂ ਆਤਮ-ਵਿਸ਼ਵਾਸ ਨਾਲ ਜੀਵਾਂਗੀ ਤੇ ਆਪਣੀ ਧੀ ਨੂੰ ਵੀ ਜਿਉਣਾ ਸਿਖਾਵਾਂਗੀ।’
ਸੰਪਰਕ: 98143-98918