ਅੰਗਰੇਜ ਸਿੰਘ ਵਿਰਦੀ
ਨਰਿੰਦਰ ਬੀਬਾ ਪੰਜਾਬੀ ਲੋਕ ਗਾਇਕੀ ਦੀ ਅਜਿਹੀ ਮਾਣਮੱਤੀ ਸ਼ਖ਼ਸੀਅਤ ਸੀ ਜਿਸ ਦੇ ਪੰਜਾਬੀ ਸੰਗੀਤ ਜਗਤ ਵਿੱਚ ਪਾਏ ਵਡਮੁੱਲੇ ਯੋਗਦਾਨ ਨੂੰ ਕਦੇ ਵੀ ਫ਼ਰਾਮੋਸ਼ ਨਹੀਂ ਕੀਤਾ ਜਾ ਸਕਦਾ। ਲੋਕ ਸੰਗੀਤ ਤੇ ਕਲਾਸੀਕਲ ਸੰਗੀਤ ਵਿੱਚ ਨਿਪੁੰਨ ਨਰਿੰਦਰ ਬੀਬਾ ਪੰਜਾਬੀ ਗਾਇਕੀ ਦਾ ਉਹ ਸਿਤਾਰਾ ਸੀ ਜਿਸ ਨੇ ਪੰਜਾਬੀ ਗਾਇਕੀ ਦੀ ਹਰ ਵੰਨਗੀ ਨੂੰ ਬਾਖੂਬੀ ਗਾਇਆ। ਸੋਲੋ ਗੀਤ, ਦੋਗਾਣੇ, ਲੋਕ ਗੀਤ, ਲੋਕ ਦਾਸਤਾਨਾਂ, ਓਪੇਰੇ ਅਤੇ ਧਾਰਮਿਕ ਗੀਤਾਂ ਨੂੰ ਰੂਹ ਨਾਲ ਗਾ ਕੇ ਬੀਬਾ ਨੇ ਹਰ ਵਰਗ ਦੇ ਸਰੋਤਿਆਂ ਦਾ ਮਨ ਮੋਹਿਆ। ਲੋਕ ਸਾਜ਼ ਅਲਗੋਜ਼ਿਆਂ ਨਾਲ ਲੰਮੀ ਹੇਕ ਲਾ ਕੇ ਬੁਲੰਦ ਆਵਾਜ਼ ਵਿੱਚ ਆਪਣੇ ਗੀਤਾਂ ਦਾ ਆਗਾਜ਼ ਕਰਨ ਵਾਲੀ ਇਸ ਗਾਇਕਾ ਦੇ ਗੀਤ ਅੱਜ ਵੀ ਪੰਜਾਬੀਆਂ ਦੇ ਦਿਲਾਂ ਵਿੱਚ ਵੱਸਦੇ ਹਨ।
ਜੇਕਰ ਪੰਜਾਬੀ ਲੋਕ ਗਾਇਕੀ ਦੇ ਇਤਿਹਾਸ ਵੱਲ ਨਜ਼ਰ ਮਾਰੀਏ ਤਾਂ 1960 ਤੋਂ ਬਾਅਦ ਪੰਜਾਬੀ ਲੋਕ ਗਾਇਕੀ ਵਿੱਚ ਕਾਫ਼ੀ ਬਦਲਾਅ ਵੇਖਣ ਨੂੰ ਮਿਲੇ। ਇਹ ਉਹ ਸਮਾਂ ਸੀ ਜਦੋਂ ਪਿੰਡਾਂ ਵਿੱਚ ਦੋਗਾਣਾ ਜੋੜੀਆਂ ਦੇ ਸਟੇਜੀ ਅਖਾੜਿਆਂ ਦੀ ਮੰਗ ਵਧਣ ਲੱਗੀ। ਮਰਦ ਗਾਇਕਾਂ ਦੇ ਬਰਾਬਰ ਔਰਤਾਂ ਵੀ ਸਟੇਜ ’ਤੇ ਮੋਢੇ ਨਾਲ ਮੋਢਾ ਜੋੜ ਕੇ ਗਾਉਣ ਲੱਗੀਆਂ। ਠੀਕ ਉਸ ਸਮੇਂ ਦੌਰਾਨ ਹੀ ਨਰਿੰਦਰ ਬੀਬਾ ਦੀ ਪੰਜਾਬੀ ਸੰਗੀਤ ਜਗਤ ਵਿੱਚ ਆਮਦ ਹੋਈ। ਉਸਤਾਦ ਲਾਲ ਚੰਦ ਯਮਲਾ ਜੱਟ ਦੀ ਲਾਡਲੀ ਸ਼ਾਗਿਰਦ ਨਰਿੰਦਰ ਬੀਬਾ ਪੰਜਾਬੀ ਸੰਗੀਤ ਜਗਤ ਦੀ ਪਹਿਲੀ ਅਜਿਹੀ ਲੋਕ ਗਾਇਕਾ ਸੀ ਜਿਨ੍ਹਾਂ ਅਖਾੜਾ ਗਾਇਕੀ ਵਿੱਚ ਮਰਦ ਗਾਇਕਾਂ ਦੇ ਏਕਾਧਿਕਾਰ ਨੂੰ ਚੁਣੌਤੀ ਦਿੱਤੀ। ਅਖਾੜਿਆਂ ਵਿੱਚ ਬੀਬਾ ਜੀ ਜਦੋਂ ਉੱਚੀ ਹੇਕ ਲਾ ਅਲਗੋਜ਼ਿਆਂ ਨਾਲ ਆਪਣਾ ਗਾਉਣ ਛੋਹਦੇਂ ਤਾਂ ਸੁਣਨ ਵਾਲੇ ਅਸ਼ ਅਸ਼ ਕਰ ਉੱਠਦੇ।
ਇਸੇ ਤਰ੍ਹਾਂ ਧਾਰਮਿਕ ਗਾਇਕੀ ਵਿੱਚ ਬੀਬਾ ਜੀ ਦਾ ਕੋਈ ਮੁਕਾਬਲਾ ਨਹੀਂ ਸੀ। ਪੰਜਾਬ ਦੀ ਫ਼ਿਜ਼ਾ ਵਿੱਚ ਜਦੋਂ ਬੀਬਾ ਜੀ ਦੇ ਗਾਏ ਧਾਰਮਿਕ ਉਪੇਰੇ ਗੂੰਜੇ ਤਾਂ ਸੁਣਨ ਵਾਲੇ ਹਰ ਸ਼ਖ਼ਸ ਦੀ ਅੱਖ ਨਮ ਹੋਏ ਬਗੈਰ ਨਾ ਰਹਿ ਸਕੀ। ਕੁਰਬਾਨੀਆਂ ਭਰੇ ਸਿੱਖ ਇਤਿਹਾਸ ਨੂੰ ਆਪਣੇ ਵੈਰਾਗਮਈ ਕੋਮਲ ਸੁਰਾਂ ਨਾਲ ਗਾਉਣਾ ਬੀਬਾ ਜੀ ਦੀ ਗਾਇਕੀ ਦਾ ਸਿਖਰ ਹੋ ਨਿੱਬੜਿਆ।
ਨਰਿੰਦਰ ਬੀਬਾ ਦਾ ਜਨਮ ਲਹਿੰਦੇ ਪੰਜਾਬ (ਪਾਕਿਸਤਾਨ) ਦੇ ਜ਼ਿਲ੍ਹਾ ਸਰਗੋਧਾ ਦੀ ਤਹਿਸੀਲ ਸਿੱਲਾਂਵਾਲੀ ਵਿੱਚ ਪੈਂਦੇ ਪਿੰਡ ਚੱਕ ਨੰਬਰ 120 ਵਿਖੇ 13 ਅਪਰੈਲ 1941 ਨੂੰ ਹੋਇਆ। ਮਾਂ ਮਹਿੰਦਰ ਕੌਰ ਅਤੇ ਪਿਤਾ ਫਤਿਹ ਸਿੰਘ ਦੀ ਲਾਡਲੀ ਧੀ ਨਰਿੰਦਰ ਬੀਬਾ ਦਾ ਪੂਰਾ ਨਾਂ ਨਰਿੰਦਰ ਕੌਰ ਸੀ, ਪਰ ਪਿਤਾ ਲਾਡ ਨਾਲ ਆਪਣੀ ਧੀ ਨੂੰ ਬੀਬਾ ਨਰਿੰਦਰ ਕਹਿ ਕੇ ਪੁਕਾਰਦੇ ਸਨ। ਇਸੇ ਕਰਕੇ ਇਨ੍ਹਾਂ ਦਾ ਨਾਂ ਨਰਿੰਦਰ ਬੀਬਾ ਹੀ ਪੱਕ ਗਿਆ। ਚਾਰ ਭਰਾਵਾਂ ਅਤੇ ਤਿੰਨ ਭੈਣਾਂ ਵਿੱਚੋਂ ਬੀਬਾ ਦਾ ਸਥਾਨ ਤੀਸਰਾ ਸੀ। ਸੰਤਾਲੀ ਦੀ ਵੰਡ ਤੋਂ ਬਾਅਦ ਉਨ੍ਹਾਂ ਦਾ ਪਰਿਵਾਰ ਇੱਧਰ ਆ ਗਿਆ। ਉਹ ਕੁਝ ਸਮਾਂ ਫ਼ਰੀਦਕੋਟ ਰਹਿਣ ਤੋਂ ਬਾਅਦ ਜ਼ਿਲ੍ਹਾ ਫ਼ਤਿਹਗੜ੍ਹ ਸਾਹਿਬ ਦੀ ਤਹਿਸੀਲ ਅਮਲੋਹ ਦੇ ਪਿੰਡ ਖੁੰਮਣਾਂ ਆ ਵੱਸੇ। ਬਚਪਨ ਤੋਂ ਹੀ ਬੀਬਾ ਦੀ ਸੰਗੀਤ ਵਿੱਚ ਰੁਚੀ ਨੂੰ ਦੇਖਦੇ ਹੋਏ ਇਨ੍ਹਾਂ ਦੇ ਪਿਤਾ ਨੇ ਇਨ੍ਹਾਂ ਨੂੰ ਹਾਰਮੋਨੀਅਮ ਸਿੱਖਣ ਲਈ ਆਪਣੇ ਮਾਮਾ ਜੀ ਜੋ ਰਾਗ ਵਿੱਦਿਆ ਦੇ ਚੰਗੇ ਗਿਆਤਾ ਰਾਗੀ ਸਿੰਘ ਸਨ, ਕੋਲ ਭੇਜਿਆ। ਸਕੂਲ ਵਿੱਚ ਪੜ੍ਹਦਿਆਂ ਵੀ ਬੀਬਾ ਦਾ ਸੰਗੀਤ ਪ੍ਰਤੀ ਲਗਾਅ ਵਧਦਾ ਹੀ ਗਿਆ। ਸਕੂਲੀ ਪੜ੍ਹਾਈ ਦੇ ਦੌਰਾਨ ਬੀਬਾ ਨੇ ਬੱਚਿਆਂ ਦੇ ਸ਼ਬਦ ਕੀਰਤਨ ਮੁਕਾਬਲਿਆਂ ਵਿੱਚ ਹਿੱਸਾ ਲੈ ਕੇ ਕਈ ਇਨਾਮ ਜਿੱਤੇ। ਮੁੱਢਲੀ ਪੜ੍ਹਾਈ ਪਿੰਡ ਖੁੰਮਣਾਂ ਦੇ ਸਰਕਾਰੀ ਸਕੂਲ ਤੋਂ ਪ੍ਰਾਪਤ ਕਰਕੇ ਦਸਵੀਂ ਖੰਨੇ ਦੇ ਸਰਕਾਰੀ ਸਕੂਲ ਤੋਂ ਪਾਸ ਕੀਤੀ। ਦਸਵੀਂ ਕਰਨ ਉਪਰੰਤ ਲੁਧਿਆਣਾ ਦੇ ਸਰਕਾਰੀ ਕਾਲਜ ਫਾਰ ਵਿਮੈਨ ਵਿੱਚ ਦਾਖਲਾ ਲੈ ਲਿਆ। ਇਸੇ ਸਮੇਂ ਦੌਰਾਨ ਬੀਬਾ ਦੇ ਪਿਤਾ ਜੀ ਜੋ ਪੇਸ਼ੇ ਤੋਂ ਭਲਾਈ ਅਫ਼ਸਰ ਵਜੋਂ ਨਿਯੁਕਤ ਸਨ ਅਤੇ ਖ਼ੁਦ ਵੀ ਸੰਗੀਤ ਦੀ ਚੰਗੀ ਸਮਝ ਰੱਖਦੇ ਸਨ, ਉਨ੍ਹਾਂ ਨੇ ਬੀਬਾ ਜੀ ਨੂੰ ਕਲਾਸੀਕਲ ਸੰਗੀਤ ਦੇ ਉਸਤਾਦ ਮਾਸਟਰ ਹਰੀ ਦੇਵ ਕੋਲ ਕਲਾਸੀਕਲ ਸੰਗੀਤ ਦੀ ਸਿਖਲਾਈ ਲਈ ਭੇਜਿਆ। ਲੋਕ ਗਾਇਕੀ ਵਿੱਚ ਆਪਣੇ ਆਪ ਨੂੰ ਪਰਿਪੱਕ ਕਰਨ ਲਈ ਬੀਬਾ ਨੇ ਲੋਕ ਗਾਇਕੀ ਦੇ ਬਾਦਸ਼ਾਹ ਲਾਲ ਚੰਦ ਯਮਲਾਂ ਜੱਟ ਨੂੰ ਆਪਣਾ ਉਸਤਾਦ ਧਾਰਿਆ।
ਦੋ ਉਸਤਾਦਾਂ ਤੋਂ ਸੰਗੀਤ ਵਿੱਚ ਮੁਹਾਰਤ ਹਾਸਲ ਕਰਨ ਦੇ ਨਾਲ ਨਾਲ ਉਹ ਪਹਿਲੀ ਅਜਿਹੀ ਫ਼ਨਕਾਰਾ ਸਨ ਜਿਨ੍ਹਾਂ ਨੇ ਪੰਜਾਬੀ ਸਾਹਿਤ ਅਤੇ ਸੰਗੀਤ ਦੀ ਬਾਕਾਇਦਾ ਪੜ੍ਹਾਈ ਕੀਤੀ। ਉਸ ਨੇ ਪੰਜਾਬ ਯੂਨੀਵਰਸਿਟੀ ਤੋਂ ਗਿਆਨੀ ਦਾ ਡਿਪਲੋਮਾ ਪਾਸ ਕਰਨ ਦੇ ਨਾਲ ਨਾਲ ਪ੍ਰਾਚੀਨ ਕਲਾ ਕੇਂਦਰ, ਚੰਡੀਗੜ੍ਹ ਤੋਂ ਸੰਗੀਤ ਵਿੱਚ ਮਾਸਟਰ ਡਿਗਰੀ ਪ੍ਰਾਪਤ ਕੀਤੀ। ਫੋਕ ਅਤੇ ਕਲਾਸੀਕਲ ਦੋਵੇਂ ਸੰਗੀਤਕ ਸ਼ੈਲੀਆਂ ਵਿੱਚ ਮੁਹਾਰਤ ਰੱਖਣ ਵਾਲੇ ਬੀਬਾ ਜੀ ਉਸ ਦੌਰ ਵਿੱਚ ਪੰਜਾਬੀ ਸੰਗੀਤ ਜਗਤ ਵਿੱਚ ਸਭ ਤੋਂ ਵੱਧ ਪੜ੍ਹੀ ਲਿਖੀ ਗਾਇਕਾ ਵਜੋਂ ਜਾਣੇ ਜਾਂਦੇ ਸਨ। ਨਰਿੰਦਰ ਬੀਬਾ ਦੀ ਗਾਇਕੀ ਦੇ ਸਫ਼ਰ ਦਾ ਆਗਾਜ਼ ਉਨ੍ਹਾਂ ਦੇ ਕਾਲਜ ਪੜ੍ਹਨ ਦੇ ਦੌਰਾਨ 1958 ਵਿੱਚ ਹੋਇਆ। ਬੀਬਾ ਨੇ ਆਲ ਇੰਡੀਆ ਰੇਡੀਓ ਜਲੰਧਰ ਦੇ ਗੋਰਾਇਆਂ ਟਰਾਂਸਮੀਟਰ ਦੇ ਉਦਘਾਟਨੀ ਸਮਾਗਮ ਦੌਰਾਨ ਰੇਡੀਓ ਤੋਂ ਆਪਣਾ ਪਹਿਲਾ ਗੀਤ ਗਾਇਆ ਜਿਸ ਦੇ ਬੋਲ ਸਨ, ‘ਖੁਸ਼ੀ ਦੀਆਂ ਵੰਗਾਂ ਨੀਂ ਮੈਂ ਕੱਲ੍ਹ ਨੂੰ ਚੜ੍ਹਾਉਣੀਆਂ।’ ਰੇਡੀਓ ’ਤੇ ਪਹਿਲੀ ਪੇਸ਼ਕਾਰੀ ਦੇਣ ਸਮੇਂ ਉਸ ਦੀ ਉਮਰ ਸਿਰਫ਼ 17 ਸਾਲ ਦੀ ਸੀ।
ਰੇਡੀਓ ’ਤੇ ਗਾਉਣ ਤੋਂ ਬਾਅਦ ਬੀਬਾ ਨੇ ਸਟੇਜ ਦੀ ਗਾਇਕੀ ਵੱਲ ਰੁਖ਼ ਕੀਤਾ। ਉਸਤਾਦ ਲਾਲ ਚੰਦ ਯਮਲਾ ਜੱਟ ਤੋਂ ਲੋਕ ਗਾਇਕੀ ਦੀਆਂ ਬਾਰੀਕੀਆਂ ਸਿੱਖ ਕੇ ਅਤੇ ਉਨ੍ਹਾਂ ਦੇ ਆਸ਼ੀਰਵਾਦ ਸਦਕਾ ਨਰਿੰਦਰ ਬੀਬਾ ਨੇ ਲੋਕਾਂ ਦੇ ਵਿਸ਼ਾਲ ਇਕੱਠਾਂ ਵਿੱਚ ਗਾਉਣਾ ਸ਼ੁਰੂ ਕੀਤਾ। ਉਸਤਾਦ ਯਮਲਾ ਜੱਟ ਦੇ ਹੀ ਸ਼ਾਗਿਰਦ ਪ੍ਰਸਿੱਧ ਲੋਕ ਗਾਇਕ ਜਗਤ ਸਿੰਘ ਜੱਗਾ ਜਿਨ੍ਹਾਂ ਦਾ ਪੰਜਾਬੀ ਲੋਕ ਗਾਇਕੀ ਵਿੱਚ ਵਿਲੱਖਣ ਸਥਾਨ ਰਿਹਾ, ਨਾਲ ਸਭ ਤੋਂ ਪਹਿਲਾਂ ਬੀਬਾ ਨੇ ਗਰੁੱਪ ਬਣਾ ਕੇ ਸਟੇਜ ਪ੍ਰੋਗਰਾਮ ਕਰਨੇ ਸ਼ੁਰੂ ਕੀਤੇ। ਬੀਬਾ ਨੇ ਉਸ ਨਾਲ ਲਗਭਗ ਦਸ ਸਾਲ ਤੱਕ ਗਾਇਆ। ਬੇਲੀਰਾਮ ਅਲਗੋਜ਼ਿਆਂ ਵਾਲਾ ਬੀਬਾ ਦੀ ਗਾਇਕੀ ਦੇ ਦੌਰਾਨ ਉਨ੍ਹਾਂ ਦਾ ਪ੍ਰਮੁੱਖ ਸਾਜ਼ੀ ਰਿਹਾ ਜੋ ਹਰ ਵਕਤ ਉਨ੍ਹਾਂ ਦੇ ਨਾਲ ਰਹਿੰਦਾ ਸੀ। ਜਦੋਂ ਬੀਬਾ ਲੰਬੀ ਹੇਕ ਲਾ ਕੇ ਆਪਣੀ ਬੁਲੰਦ ਆਵਾਜ਼ ਵਿੱਚ ਲੋਕ ਗੀਤ ਛੇੜਦੇ ਤਾਂ ਬੇਲੀਰਾਮ ਦੇ ਅਲਗੋਜ਼ਿਆਂ ਦੀ ਮਿੱਠੀ ਧੁੰਨ ਗੀਤਾਂ ਨੂੰ ਵੱਖਰੇ ਮੁਕਾਮ ’ਤੇ ਲੈ ਜਾਂਦੀ।
27 ਜਨਵਰੀ 1960 ਨੂੰ 19 ਸਾਲ ਦੀ ਉਮਰ ਵਿੱਚ ਬੀਬਾ ਦਾ ਵਿਆਹ ਲੁਧਿਆਣਾ ਵਾਸੀ ਅਤੇ ਇੰਡੀਅਨ ਰੇਲਵੇ ਵਿੱਚ ਮੁਲਾਜ਼ਮ ਜਸਪਾਲ ਸਿੰਘ ਪਾਲੀ ਨਾਲ ਹੋਇਆ। ਬੀਬਾ ਨੂੰ ਗਾਇਕੀ ਵਿੱਚ ਅਗਵਾਈ ਦੇਣ ਵਾਲੇ ਅਤੇ ਉਨ੍ਹਾਂ ਨੂੰ ਗਾਇਕੀ ਦੇ ਖੇਤਰ ਵਿੱਚ ਉਤਸ਼ਾਹਿਤ ਕਰਨ ਵਾਲੇ ਪਾਲੀ ਖ਼ੁਦ ਵੀ ਬਹੁਤ ਵਧੀਆ ਕਲਾਕਾਰ ਅਤੇ ਕਮਾਲ ਦੇ ਸਟੇਜ ਅਨਾਉਂਸਰ ਸਨ। ਬੀਬਾ ਦੀ ਗਾਇਕੀ ਨੂੰ ਉੱਚੇ ਮੁਕਾਮ ’ਤੇ ਪਹੁੰਚਾਉਣ ਵਿੱਚ ਉਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ। ਬੀਬਾ ਦੇ ਗਾਏ ਉਪੇਰਿਆਂ ਵਿੱਚ ਪਾਲੀ ਨੇ ਸੂਤਰਧਾਰ ਵਜੋਂ ਆਪਣੀ ਆਵਾਜ਼ ਦਾ ਹੁਨਰ ਪੇਸ਼ ਕੀਤਾ। ਇਨ੍ਹਾਂ ਦੇ ਘਰ ਚਾਰ ਬੱਚਿਆਂ ਦਾ ਜਨਮ ਹੋਇਆ ਦੋ ਲੜਕੇ ਅਤੇ ਦੋ ਲੜਕੀਆਂ।
ਰੇਡੀਓ ਅਤੇ ਸਟੇਜ ’ਤੇ ਚੰਗੀ ਪਛਾਣ ਬਣਾਉਣ ਤੋਂ ਬਾਅਦ ਪ੍ਰਸਿੱਧ ਸੰਗੀਤ ਕੰਪਨੀ ਐੱਚ.ਐੱਮ.ਵੀ. ਨੇ ਬੀਬਾ ਦਾ ਪਹਿਲਾ ਦੋਗਾਣਿਆਂ ਦਾ ਤਵਾ (ਪੱਥਰ ਦਾ) ਪੰਜਾਬੀ ਸੰਗੀਤ ਜਗਤ ਨੂੰ ਦਿੱਤਾ। 1962 ਵਿੱਚ ਬੀਬਾ ਦਾ ਪਹਿਲਾ ਦੋਗਾਣਾ ਗੀਤਕਾਰ ਗੁਰਦੇਵ ਮਾਨ ਦੁਆਰਾ ਲਿਖਤ ਤਵੇ ਦੇ ਰਿਕਾਰਡ ਦੇ ਰੂਪ ਵਿੱਚ ਸੰਗੀਤ ਪ੍ਰੇਮੀਆਂ ਨੂੰ ਸੁਣਨ ਨੂੰ ਮਿਲਿਆ। ਪ੍ਰਸਿੱਧ ਲੋਕ ਗਾਇਕ ਹਰਚਰਨ ਗਰੇਵਾਲ ਨਾਲ ਗਾਇਆ ਬੀਬਾ ਦਾ ਇਹ ਪਹਿਲਾ ਦੋਗਾਣਾ ਜਿਸ ਦੇ ਬੋਲ ਸਨ, ‘ਊੜਾ, ਆੜਾ ਈੜੀ, ਸੱਸਾ ਹਾਹਾ, ਮੈਨੂੰ ਜਾਣ ਦੇ ਸਕੂਲੇ ਇੱਕ ਵਾਰ ਹਾੜ੍ਹਾ ਵੇ’ ਏਨਾ ਮਸ਼ਹੂਰ ਹੋਇਆ ਕਿ ਰੇਡੀਓ ਤੇ ਪੰਜਾਬੀ ਸੰਗੀਤ ਪ੍ਰੋਗਰਾਮਾਂ ਵਿੱਚ ਸਰੋਤਿਆਂ ਵੱਲੋਂ ਇਸ ਗੀਤ ਨੂੰ ਸੁਣਾਉਣ ਦੀ ਸਭ ਤੋਂ ਵੱਧ ਫ਼ਰਮਾਇਸ਼ ਆਉਂਦੀ ਸੀ। ਇਸ ਤੋਂ ਬਾਅਦ ਬੀਬਾ ਦੇ ਗਾਏ ਪਹਿਲੇ ਸੋਲੋ ਗੀਤਾਂ ਦੇ ਰਿਕਾਰਡ ਰਿਲੀਜ਼ ਕੀਤੇ ਗਏ ਜਿਨ੍ਹਾਂ ਦੇ ਬੋਲ ਸਨ, ‘ਰਾਤੀ ਸੀ ਉਡੀਕਾਂ ਤੇਰੀਆਂ’ ਅਤੇ ‘ਲਾਗੇ ਬੈਠ ਦਿਲਾਂ ਦੀਆਂ ਫੋਲ।’ ਇਨ੍ਹਾਂ ਗੀਤਾਂ ਦੀ ਕਾਮਯਾਬੀ ਤੋਂ ਬਾਅਦ ਐੱਚ.ਐੱਮ.ਵੀ. ਕੰਪਨੀ ਨੇ ਬੀਬਾ ਦੀ ਆਵਾਜ਼ ਵਿੱਚ ਅਣਗਿਣਤ ਗੀਤ ਰਿਕਾਰਡ ਕੀਤੇ ਜਿਨ੍ਹਾਂ ਨੂੰ ਪੰਜਾਬੀ ਸਰੋਤਿਆਂ ਦਾ ਅਥਾਹ ਪਿਆਰ ਮਿਲਦਾ ਰਿਹਾ।
ਆਪਣੇ ਚਾਰ ਦਹਾਕੇ ਦੀ ਗਾਇਕੀ ਦੇ ਸਫ਼ਰ ਦੌਰਾਨ ਬੀਬਾ ਨੇ ਲਗਭਗ 7000 ਦੇ ਕਰੀਬ ਗੀਤ ਗਾਏ। ਪੰਜਾਬੀ ਗਾਇਕੀ ਦੀ ਹਰ ਵੰਨਗੀ ਨੂੰ ਬਾਖੂਬੀ ਗਾ ਕੇ ਉਸ ਨੇ ਪੰਜਾਬੀ ਸੰਗੀਤ ਜਗਤ ਵਿੱਚ ਆਪਣੀ ਕਲਾ ਦਾ ਲੋਹਾ ਮਨਵਾਇਆ। ਉਸ ਨੇ ਦੋਗਾਣਾ ਗਾਇਕੀ, ਸੋਲੋ ਗਾਇਕੀ, ਧਾਰਮਿਕ ਗਾਇਕੀ, ਲੋਕ ਦਾਸਤਾਨਾਂ ਅਤੇ ਵਾਰਾਂ ਨੂੰ ਇੰਨੀ ਸਹਿਜਤਾ ਨਾਲ ਗਾਇਆ ਕਿ ਹਰ ਕੋਈ ਉਸ ਦੀ ਗਾਇਕੀ ਦਾ ਮੁਰੀਦ ਹੋ ਗਿਆ। ਉਸ ਨੇ ਮੁਹੰਮਦ ਰਫ਼ੀ, ਹਰਚਰਨ ਗਰੇਵਾਲ, ਕਰਨੈਲ ਗਿੱਲ, ਕਰਮਜੀਤ ਧੂਰੀ, ਜਗਤ ਸਿੰਘ ਜੱਗਾ, ਫ਼ਕੀਰ ਸਿੰਘ ਫ਼ਕੀਰ, ਮੁਹੰਮਦ ਸਦੀਕ, ਬੀਰ ਚੰਦ ਗੋਪੀ, ਅਮੀਰ ਸਿੰਘ ਰਾਣਾ, ਰਣਬੀਰ ਸਿੰਘ ਰਾਣਾ, ਗੁਰਚਰਨ ਪੋਹਲੀ, ਮਾਸਟਰ ਹਰੀਦੇਵ, ਕੇ.ਦੀਪ, ਕੇ.ਐੱਲ. ਅਗਨੀਹੋਤਰੀ, ਗੁਰਦਿਆਲ ਨਿਰਮਾਣ, ਕੁਲਦੀਪ ਸਿੰਘ ਪ੍ਰਦੇਸੀ, ਪਿਆਰਾ ਸਿੰਘ ਪੰਛੀ, ਅਜੈਬ ਸਿੰਘ ਰਾਏ, ਸਾਬਰ ਹੁਸੈਨ ਸਾਬਰ, ਸੁਰਿੰਦਰ ਛਿੰਦਾ, ਜਗਜੀਤ ਜੀਰਵੀ, ਰਮੇਸ਼ ਰੰਗੀਲਾ ਅਤੇ ਸਰੂਪ ਸਿੰਘ ਸਰੂਪ ਨਾਲ ਗੀਤ ਰਿਕਾਰਡ ਕਰਵਾਏ। ਸੋਲੋ ਗਾਇਕੀ ਵਿੱਚ ਵੀ ਬੀਬਾ ਦੇ ਗਾਏ ਬੇਸ਼ੁਮਾਰ ਗੀਤ ਹਿੱਟ ਹੋਏ। ਇਹ ਗੀਤ ਸ਼ਾਇਰੀ, ਆਵਾਜ਼ ਅਤੇ ਸਾਜ਼ਾਂ ਦਾ ਖੂਬਸੂਰਤ ਸੁਮੇਲ ਹੁੰਦੇ ਸਨ। ਬੀਬਾ ਨੇ ਆਪਣੇ ਗੀਤਾਂ ਵਿੱਚ ਪੰਜਾਬ ਦੇ ਖੇਤਾਂ, ਖਲਵਾੜਾਂ, ਖੂਹਾਂ, ਟੋਭਿਆਂ, ਤੀਆਂ, ਤ੍ਰਿੰਝਣਾਂ, ਸੱਥਾਂ, ਪੇਂਡੂ ਰਹਿਣੀ ਬਹਿਣੀ, ਪੰਜਾਬੀਆਂ ਦੇ ਸਿੱਧੇ ਸਾਧੇ ਤੇ ਖੁੱਲ੍ਹੇ ਡੁੱਲੇ ਸੁਭਾਅ ਨੂੰ ਅਤੇ ਕਿਰਤੀ ਲੋਕਾਂ ਦੇ ਜੀਵਨ ਨੂੰ ਬੇਹੱਦ ਸਾਦਗੀ ਤੇ ਖੂਬਸੂਰਤੀ ਨਾਲ ਬਿਆਨ ਕੀਤਾ। ਬੀਬਾ ਦੇ ਗਾਏ ਕੁਝ ਮਸ਼ਹੂਰ ਗੀਤ :
* ਆਹ ਲੈ ਮਾਏ ਸਾਂਭ ਕੁੰਜੀਆਂ
ਧੀਆਂ ਕਰ ਚੱਲੀਆਂ ਸਰਦਾਰੀ
* ਚਰਖੀ ਰੰਗੀਲੀ ਦਾਜ ਦੀ ਮੇਰੇ ਵੀਰ ਨੇ ਵਲੈਤੋਂ
* ਗਿੱਧਾ ਪਾਓ ਕੁੜੀਓ ਨੀਂ ਮਜਾਜਾਂ ਪੱਟੀਓ
* ਕਾਹਨੂੰ ਮਾਰਦਾ ਚੰਦਰਿਆ ਛਮਕਾਂ
ਮੈਂ ਕੱਚ ਦੇ ਗਲਾਸ ਵਰਗੀ
* ਉਨਾਬੀ ਪੱਗ ਤੇ ਜ਼ਹਿਰ ਮੋਰ੍ਹੀ ਵਰਦੀ
ਚੰਨਾਂ ਤੈਨੂੰ ਬੜੀ ਸੱਜਦੀ
* ਰਾਤੀ ਸੀ ਉਡੀਕਾਂ ਤੇਰੀਆਂ
* ਲਾਗੇ ਬੈਠ ਦਿਲਾਂ ਦੀਆਂ ਫੋਲ
* ਚਿੱਟੀਆਂ ਕਪਾਹ ਦੀਆਂ ਫੁੱਟੀਆਂ
ਨਰਿੰਦਰ ਬੀਬਾ ਪਹਿਲੀ ਅਜਿਹੀ ਗਾਇਕਾ ਸਨ ਜਿਨ੍ਹਾਂ ਓਪੇਰਾ ਗਾਇਕੀ ਨੂੰ ਆਪਣੀ ਗਾਇਕੀ ਦਾ ਹਿੱਸਾ ਬਣਾਇਆ। ਓਪੇਰਾ ਗਾਇਕੀ ਵਿੱਚ ਬੀਬਾ ਨੂੰ ਸਭ ਤੋਂ ਵੱਧ ਮਾਣ ਸਤਿਕਾਰ ਅਤੇ ਸ਼ੋਹਰਤ ਹਾਸਲ ਹੋਈ। ਉਨ੍ਹਾਂ ਦੇ ਗਾਏ ਲੋਕ ਦਾਸਤਾਨਾਂ ’ਤੇ ਆਧਾਰਿਤ ਓਪੇਰਿਆਂ ਵਿੱਚ ਹੀਰ ਰਾਂਝਾ, ਸੱਸੀ ਪੁੰਨੂ, ਮਿਰਜ਼ਾ ਸਾਹਿਬਾ ਅਤੇ ਸੋਹਣੀ ਮਹੀਂਵਾਲ ਨੂੰ ਸੰਗੀਤ ਪ੍ਰੇਮੀਆਂ ਨੇ ਬੇਹੱਦ ਪਸੰਦ ਕੀਤਾ। ਧਾਰਮਿਕ ਓਪੇਰਿਆਂ ਵਿੱਚ ਸਭ ਤੋਂ ਹਿੱਟ ‘ਸਾਕਾ ਸਰਹੰਦ’ ਸੀ। ਇਸ ਨੂੰ ਬੀਬਾ ਨੇ ਬਹੁਤ ਸ਼ਰਧਾ ਭਾਵਨਾ, ਪਿਆਰ ਅਤੇ ਰਸਭਿੰਨੀ ਆਵਾਜ਼ ਵਿੱਚ ਗਾਇਆ ਹੈ। ਸਿੱਖ ਇਤਿਹਾਸ ਨੂੰ ਜਿਸ ਤਰ੍ਹਾਂ ਬੀਬਾ ਨੇ ਗਾਇਆ ਉਹ ਸਾਰੀ ਸਿੱਖ ਕੌਮ ਵਿੱਚ ਜੋਸ਼ ਭਰਨ ਵਾਲਾ ਹੈ। ਬੀਬਾ ਦੇ ਧਾਰਮਿਕ ਗੀਤਾਂ ਵਿੱਚ ਸ਼ਾਮਲ ਸੀ:
- ਚੰਨ ਮਾਤਾ ਗੁਜਰੀ ਦਾ,
- ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ,
- ਦਾਦੀ ਪੋਤਿਆਂ ਦਾ ਦਿਲ,
- ਦੱਸ ਵੇ ਜਲਾਦਾ
- ਆਰੇ ਦੀਆਂ ਦੰਦੀਆਂ
- ਗਿਆ ਹੈ ਅਜੀਤ ਹੁਣ ਜਾਏਗਾ ਜੁਝਾਰ
ਪੰਜਾਬੀ ਗਾਇਕੀ ਦੀ ਹਰ ਵੰਨਗੀ ਨੂੰ ਗਾਉਣ ਤੋਂ ਬਾਅਦ ਬੀਬਾ ਨੂੰ ਪੰਜਾਬੀ ਫ਼ਿਲਮਾਂ ਵਿੱਚ ਬਤੌਰ ਪਿੱਠਵਰਤੀ ਗਾਇਕਾ ਵਜੋਂ ਗੀਤ ਗਾਉਣ ਦਾ ਮੌਕਾ ਮਿਲਿਆ। ਫ਼ਿਲਮ ‘ਤੇਰੀ ਮੇਰੀ ਇੱਕ ਜਿੰਦੜੀ’ ਵਿੱਚ ਬੀਬਾ ਨੇ ਪੰਜ ਗੀਤ ਗਾਏ ਤੇ ਪੰਜੇ ਗੀਤ ‘ਤੇਰੀ ਮੇਰੀ ਇੱਕ ਜਿੰਦੜੀ’, ‘ਤੇਰੀਆਂ ਮੁਹੱਬਤਾਂ ਨੇ ਮਾਰ ਸੁੱਟਿਆ’, ‘ਪਿਆਰ ਇੰਜ ਪਾਈ ਦਾ’, ‘ਐਨੇ ਜ਼ੋਰ ਦੀ ਮਰੋੜੀ ਮੇਰੀ ਬਾਂਹ ਜੱਟ ਨੇ’ ਅਤੇ ‘ਊਈ ਮੈਂ ਮਰ ਗਈ’ ਬੇਹੱਦ ਪਸੰਦ ਕੀਤੇ ਗਏ। ਇਸ ਫ਼ਿਲਮ ਤੋਂ ਬਾਅਦ ਜਿਨ੍ਹਾਂ ਹੋਰ ਫ਼ਿਲਮਾਂ ਵਿੱਚ ਬੀਬਾ ਨੇ ਗਾਇਆ ਉਹ ਸਨ, ‘ਧਰਮਜੀਤ’, ‘ਦਾਜ’, ‘ਸੰਤੋ ਬੰਤੋ’ ਅਤੇ ‘ਪੁੱਤ ਜੱਟਾਂ ਦੇ’।
ਸਾਲ 1976 ਵਿੱਚ ਪਤੀ ਜਸਪਾਲ ਸਿੰਘ ਪਾਲੀ ਦੀ ਮੌਤ ਨੇ ਬੀਬਾ ਨੂੰ ਗਹਿਰਾ ਸਦਮਾ ਦਿੱਤਾ। ਘਰ ਦੀਆਂ ਜ਼ਿੰਮੇਵਾਰੀਆਂ ਦਾ ਬੋਝ ਵਧਣ ਕਾਰਨ ਬੀਬਾ ਨੇ ਫ਼ਿਲਮਾਂ ਵਿੱਚ ਗਾਉਣ ਤੋਂ ਕਿਨਾਰਾ ਕਰ ਲਿਆ। ਘਰ ਦਾ ਗੁਜ਼ਾਰਾ ਗਾਇਕੀ ਸਿਰੋਂ ਚਲਾਉਣ ਵਾਲੀ ਬੀਬਾ ਨੇ ਜ਼ਿੰਦਗੀ ਦੀ ਹਰ ਔਕੜ ਦਾ ਮਜ਼ਬੂਤੀ ਨਾਲ ਸਾਹਮਣਾ ਕੀਤਾ ਅਤੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਵਧੀਆ ਢੰਗ ਨਾਲ ਕੀਤਾ। ਬੀਬਾ ਨੇ ਆਪਣੀ ਗਾਇਕੀ ਦੇ ਸਫ਼ਰ ਦੌਰਾਨ ਗਾਇਕੀ ਦਾ ਸੁਨਹਿਰੀ ਦੌਰ ਵੀ ਵੇਖਿਆ ਅਤੇ ਪੰਜਾਬ ਦੇ ਮਾੜੇ ਹਾਲਾਤ ਵੇਲੇ ਦਮ ਤੋੜ ਰਹੀ ਪੰਜਾਬੀ ਗਾਇਕੀ ਦੀ ਪੀੜ ਨੂੰ ਵੀ ਆਪਣੇ ਪਿੰਡੇ ’ਤੇ ਹੰਢਾਇਆ। ਗਾਇਕੀ ਦੇ ਚਲਦੇ ਸਫ਼ਰ ਵਿੱਚ ਹੀ ਅਖੀਰ 27 ਜੂਨ 1997 ਨੂੰ ਸਿਰਫ਼ 56 ਸਾਲ ਦੀ ਉਮਰ ਵਿੱਚ ਲੋਕਾਂ ਦੇ ਦਿਲਾਂ ’ਤੇ ਰਾਜ ਕਰਨ ਵਾਲੀ ਮਹਾਨ ਹਸਤੀ ਦਿਲ ਦੀ ਧੜਕਣ ਰੁਕਣ ਕਾਰਨ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ ਗਈ।
ਸੰਪਰਕ: 94646-28857