ਮੁੰਬਈ: ਪ੍ਰੋਡਕਸ਼ਨ ਕੰਪਨੀ ਯਸ਼ ਰਾਜ ਫ਼ਿਲਮਜ਼ (ਵਾਈਆਰਐਫ) ਨੇ ਮਲਟੀਪਲੈਕਸ ਲੜੀ ਪੀਵੀਆਰ, ਆਈਨੌਕਸ ਤੇ ਸਿਨੇਪੋਲਿਸ ਨਾਲ ਮਿਲ ਕੇ ਆਪਣੀਆਂ ਕੁਝ ਸੁਪਰਹਿੱਟ ਫ਼ਿਲਮਾਂ ਨੂੰ ਇਸ ਵਰ੍ਹੇ ਦੀਵਾਲੀ ਮੌਕੇ ਵੱਡੇ ਪਰਦੇ ’ਤੇ ਮੁੜ ਲਿਆਉਣ ਦਾ ਫ਼ੈਸਲਾ ਕੀਤਾ ਹੈ। ਇਹ ਕਵਾਇਦ ਲੋਕਾਂ ਨੂੰ ਸਿਨੇਮਾ ਹਾਲ ਵੱਲ ਮੁੜ ਖਿੱਚਣ ਲਈ ਕੀਤੀ ਗਈ ਹੈ। ਮੁਲਕ ਦੇ ਬਹੁਤ ਹਿੱਸਿਆਂ ਵਿਚ ਥੀਏਟਰ ਅਕਤੂਬਰ ਵਿਚ ਖੋਲ੍ਹ ਦਿੱਤੇ ਗਏ ਸਨ। ਛੇ ਮਹੀਨੇ ਬੰਦ ਰਹਿਣ ਮਗਰੋਂ ਮੁੰਬਈ ਵਿਚ ਵੀ ਸਿਨੇਮਾ ਹਾਲ ਪੰਜ ਨਵੰਬਰ ਤੋਂ ਖੁੱਲ੍ਹ ਗਏ ਹਨ। ਯਸ਼ ਰਾਜ ਫ਼ਿਲਮਜ਼ ਆਪਣੀ ਲਾਇਬਰੇਰੀ ਵਿਚੋਂ ‘ਕਭੀ ਕਭੀ’, ‘ਸਿਲਸਿਲਾ’, ‘ਦਿਲਵਾਲੇ ਦੁਲਹਨੀਆ ਲੇ ਜਾਏਂਗੇ’, ‘ਦਿਲ ਤੋਂ ਪਾਗਲ ਹੈ’, ‘ਵੀਰ-ਜ਼ਾਰਾ’, ‘ਬੰਟੀ ਔਰ ਬਬਲੀ’, ‘ਰਬ ਨੇ ਬਨਾ ਦੀ ਜੋੜੀ’, ‘ਏਕ ਥਾ ਟਾਈਗਰ’, ‘ਬੈਂਡ ਬਾਜਾ ਬਾਰਾਤ’ ਤੇ ਹੋਰ ਫ਼ਿਲਮਾਂ ਰਿਲੀਜ਼ ਕਰੇਗਾ। ਇਹ ਪੂਰੇ ਮੁਲਕ ਦੇ ਥੀਏਟਰਾਂ ਵਿਚ ਦੇਖੀਆਂ ਜਾ ਸਕਣਗੀਆਂ। ਜ਼ਿਕਰਯੋਗ ਹੈ ਕਿ ਵਾਈਆਰਐਫ ਨੇ ਹਾਲ ਹੀ ਵਿਚ ਆਪਣੇ 50 ਸਾਲ ਪੂਰੇ ਕੀਤੇ ਹਨ ਤੇ ਟਿਕਟ ਦੀ ਕੀਮਤ ਹਰ ਫ਼ਿਲਮ ਲਈ 50 ਰੁਪਏ ਰੱਖੀ ਗਈ ਹੈ। -ਪੀਟੀਆਈ