ਮੁੰਬਈ, 29 ਜੁਲਾਈ
ਜ਼ੀ5 ਵੱਲੋਂ ਅਗਸਤ ਮਹੀਨੇ ’ਚ ਪਹਿਲੀ ਪਾਕਿਸਤਾਨੀ ਸੀਰੀਜ਼- ‘ਚੁੜੈਲਜ਼’ ਸ਼ੁਰੂ ਕੀਤੀ ਜਾਵੇਗੀ। ਹਾਲ ਹੀ ’ਚ ਜ਼ੀ ਐਂਟਰਟੇਨਮੈਂਟ ਇੰਟਰਪ੍ਰਾਈਜ਼ਿਜ ਲਿਮਟਿਡ ਨੇ ਆਪਣੇ ਲੋਕਪ੍ਰਿਯ ਆਨਲਾਈਨ ਚੈਨਲ ‘ਜ਼ਿੰਦਗੀ’ ਨੂੰ ਜ਼ੀ5 ’ਤੇ ਲਿਆਉਣ ਦਾ ਐਲਾਨ ਕੀਤਾ ਸੀ। ਚੈਨਲ ਮੁਤਾਬਕ ਜ਼ੀ5 ’ਤੇ ਸੀਰੀਜ਼ ‘ਚੁੜੈਲਜ਼’ 11 ਅਗਸਤ ਤੋਂ ਪ੍ਰਸਾਰਿਤ ਹੋਣੀ ਸ਼ੁਰੂ ਹੋ ਜਾਵੇਗੀ। ਨਿਰਦੇਸ਼ਕ ਅਸੀਮ ਅੱਬਾਸੀ ਵੱਲੋਂ ਨਿਰਦੇਸ਼ਿਤ ਇਹ ਸ਼ੋਅ ਪੁਰਸ਼ ਪ੍ਰਧਾਨ ਸਮਾਜ ਦੇ ਦੋਹਰੇ ਕਿਰਦਾਰ ਨੂੰ ਚੁਣੌਤੀ ਦਿੰਦਾ ਹੈ, ਜੋ ਔਰਤਾਂ ਤੇ ਉਨ੍ਹਾਂ ਦੇ ਹੱਕਾਂ ’ਤੇ ਡਾਕਾ ਮਾਰਦੇ ਹਨ। ਸਾਲ 2018 ਵਿੱਚ ਆਸਕਰ ਐਵਾਰਡਜ਼ ਲਈ ਨਾਮਜ਼ਦ ਹੋਣ ਵਾਲੀ ਫ਼ਿਲਮ ‘ਕੇਕ’ ਦੇ ਨਿਰਦੇਸ਼ਕ ਸ੍ਰੀ ਅੱਬਾਸੀ ਨੇ ਕਿਹਾ ਕਿ ਇਹ ਸ਼ੋਅ ਔਰਤਾਂ ਦੇ ਹੱਕਾਂ ਬਾਰੇ ਲਗਾਤਾਰ ਸਵਾਲ ਕਰਦਾ ਹੈ ਤੇ ਉਨ੍ਹਾਂ ਨੂੰ ਆਸ ਹੈ ਕਿ ਇਹ ਆਲਮੀ ਪੱਧਰ ਦੇ ਦਰਸ਼ਕਾਂ ’ਤੇ ਆਪਣੀ ਛਾਪ ਛੱਡਣ ’ਚ ਸਫ਼ਲ ਰਹੇਗਾ। ਇਹ ਸ਼ੋਅ ਚਾਰ ਚੁੜੈਲਾਂ ਦੀ ਕਹਾਣੀ ਪੇਸ਼ ਕਰਦਾ ਹੈ, ਜੋ ਸ਼ਹਿਰ ਦੇ ਰਈਸ ਪਤੀਆਂ ਦੇ ਧੋਖੇਬਾਜ਼ ਕਿਰਦਾਰ ਨੂੰ ਬੇਪਰਦ ਕਰਨ ਲਈ ਇੱਕ ਗੁਪਤ ਏਜੰਸੀ ਖੋਲ੍ਹਣ ਲਈ ਇਕੱਠੀਆਂ ਹੁੰਦੀਆਂ ਹਨ। -ਪੀਟੀਆਈ