ਮਨਦੀਪ ਸਿੰਘ ਸਿੱਧੂ
ਭਾਰਤੀ ਫਿਲਮ ਸਨਅਤ ਵਿੱਚ ਜ਼ੁਬੈਦਾ ਨਾਮ ਦੀਆਂ ਕਈ ਅਦਾਕਾਰਾਵਾਂ ਨੇ ਕੰਮ ਕੀਤਾ ਹੈ। ਇੱਕ ਅਦਾਕਾਰਾ ਭਾਰਤ ਦੀ ਪਹਿਲੀ ਬੋਲਦੀ ਹਿੰਦੀ ਫਿਲਮ ‘ਆਲਮਆਰਾ’ (1931) ਦੀ ਹੀਰੋਇਨ ਸੀ ਜ਼ੁਬੈਦਾ ਉਰਫ਼ ਜ਼ੁਬੈਦਾ ਬੇਗ਼ਮ (ਧੀ ਅਦਾਕਾਰਾ ਫ਼ਾਤਿਮਾ ਬੇਗ਼ਮ) ਅਤੇ ਦੂਜੀ ਵੰਡ ਤੋਂ ਪਹਿਲਾਂ ਬਣੀਆਂ ਪੰਜਾਬੀ ਫਿਲਮਾਂ ਦੀ ਚਰਿੱਤਰ ਅਦਾਕਾਰਾ ਜ਼ੁਬੈਦਾ ਬੇਗ਼ਮ (ਲਾਹੌਰ) ਸੀ। ਪਰ ਅੱਜ ਜਿਸ ਗੁੰਮਨਾਮ ਪੰਜਾਬਣ ਅਦਾਕਾਰਾ ਦਾ ਤਾਅਰੁਫ਼ ਕਰਵਾ ਰਿਹਾ ਹਾਂ ਉਸ ਦਾ ਨਾਮ ਵੀ ਜ਼ੁਬੈਦਾ ਹੀ ਹੈ। ਖ਼ੂਬਸੂਰਤ ਅਦਾਕਾਰਾ ਜ਼ੁਬੈਦਾ ਦੀ ਪੈਦਾਇਸ਼ 1927 ਵਿੱਚ ਲਾਹੌਰ ਦੇ ਪੰਜਾਬੀ ਪਰਿਵਾਰ ਵਿੱਚ ਹੋਈ। ਜਦੋਂ ਜਵਾਨ ਹੋਈ ਤਾਂ ਉਸ ਨੂੰ ਫਿਲਮਾਂ ਵਿੱਚ ਦਿਲਚਸਪੀ ਹੋ ਗਈ। ਉਸ ਦੇ ਜਾਣਕਾਰ ਮਜ਼ਾਹੀਆ ਅਦਾਕਾਰ ਤੇ ਹਿਦਾਇਤਕਾਰ ਮਜਨੂੰ ਉਸ ਦੇ ਅਦਾਕਾਰਾਨਾ ਇਸ਼ਕ ਤੋਂ ਵਾਕਿਫ਼ ਸਨ।
1945 ਵਿੱਚ ਜਦੋਂ ਸ਼ੋਰੀ ਪਿਕਚਰਜ਼, ਲਾਹੌਰ ਨੇ ਹੈਰੋਲਡ ਲੂਈਸ ਉਰਫ਼ ਮਜਨੂੰ ਦੀ ਹਿਦਾਇਤਕਾਰੀ ਵਿੱਚ ਹਿੰਦੀ ਫਿਲਮ ‘ਬਦਨਾਮੀ’ (1946) ਸ਼ੁਰੂ ਕੀਤੀ ਤਾਂ ਉਸ ਨੂੰ ਨਵੇਂ ਚਿਹਰੇ ਵਜੋਂ ਮੁਤਆਰਿਫ਼ ਕਰਵਾਇਆ। ਫਿਲਮ ’ਚ ਉਸ ਨੇ ਛੋਟਾ ਜਿਹਾ ਪਾਰਟ ਅਦਾ ਕੀਤਾ ਜਦੋਂ ਕਿ ਮਰਕਜ਼ੀ ਕਿਰਦਾਰ ਵਿੱਚ ਮਨੋਰਮਾ ਤੇ ਪ੍ਰਾਣ ਅਤੇ ਸਾਥੀ ਅਦਾਕਾਰਾ ਵਜੋਂ ਆਸ਼ਾ ਪੌਸਲੇ ਮੌਜੂਦ ਸੀ। ਦੀਗ਼ਰ ਫ਼ਨਕਾਰਾਂ ਵਿੱਚ ਅੰਜਨਾ, ਸੁੰਦਰ, ਦੀਪਕ, ਕਰਨ ਦੀਵਾਨ, ਜ਼ਹੂਰ ਸ਼ਾਹ, ਰਾਮ ਲਾਲ, ਗ਼ੁਲਾਮ ਕਾਦਰ, ਲੀਲਾ, ਸ਼ੇਖ਼ ਇਕਬਾਲ, ਜਾਨ (ਪੁੱਤਰ ਗ਼ੁਲਾਮ ਕਾਦਰ), ਰਾਨੀ ਕਿਰਨ, ਗੀਤਾ ਬਾਲੀ (ਪਹਿਲੀ ਫਿਲਮ) ਬੇਬੀ ਪਰਵੀਨ ਕੌਸਰ (ਭੈਣ ਆਸ਼ਾ ਪੌਸਲੇ), ਕੁੱਕੂ (ਨਾਚੀ) ਆਦਿ ਨੁਮਾਇਆ ਸਨ। ਕਹਾਣੀ ਤੇ ਮੁਕਾਲਮੇ ਆਈ. ਐੱਸ. ਜੌਹਰ (ਕਾਮੇਡੀਅਨ), ਗੀਤ ਹਜ਼ਰਤ ਅਜ਼ੀਜ਼ ਕਸ਼ਮੀਰੀ ਅਤੇ ਸੰਗੀਤਕ ਤਰਜ਼ਾਂ ਅਨੂਪਮ ਘਟਕ ਤੇ ਲੱਛੀ ਰਾਮ ਨੇ ਮੁਰੱਤਬਿ ਕੀਤੀਆਂ। ਇਸ ਫਿਲਮ ਵਿੱਚ ਆਗ਼ਾ ਫ਼ਿਆਜ਼ ਦੀ ਲਿਖੀ ਸਿਰਫ਼ ਇੱਕ ਗ਼ਜ਼ਲ ‘ਕਿਸੀ ਕੇ ਰੁਖ਼ ਮੇਂ ਨਿਗਾਹੇਂ ਜਮਾਏ ਬੈਠੇ ਹੈਂ’ ਵੀ ਬੇਹੱਦ ਮਕਬੂਲ ਹੋਈ। ਇਹ ਫਿਲਮ 1945 ਵਿੱਚ ਸ਼ੁਰੂ ਹੋਈ ਅਤੇ 1947 ਵਿੱਚ ਪੈਲੇਸ ਸਿਨਮਾ, ਲਾਹੌਰ ਵਿਖੇ ਨੁਮਾਇਸ਼ ਹੋਈ।
ਸੋਢੀ ਬਿਲਡਿੰਗ ਰਾਇਲ ਪਾਰਕ ’ਤੇ ਸਥਿਤ ਐਨ ਇੰਡੀਆ ਯੂਨਾਈਟਿਡ ਪਿਕਚਰਜ਼, ਲਾਹੌਰ ਨੇ ਪੰਚੋਲੀ ਆਰਟ ਸਟੂਡੀਓ ਵਿੱਚ ਦਾਊਦ ਚਾਂਦ ਦੀ ਹਿਦਾਇਤਕਾਰੀ (ਸਹਾਇਕ ਆਰ. ਪੀ. ਭੱਲਾ, ਅਬਦੁੱਲ ਸ਼ਕੂਰ, ਡਾ. ਸਈਅਦ ਅਖ਼ਤਰ, ਫਿਰਦੌਸ ਅਲੀ ਸ਼ਾਹ) ’ਚ ਫਿਲਮਸਾਜ਼ ਸੇਠ ਐੱਸ. ਐੱਲ. ਕਰਨਾਨੀ (ਸੰਪਤ ਲਾਲ ਕਰਨਾਨੀ) ਲਈ ਹਿੰਦੀ ਫਿਲਮ ‘ਪਰਾਏ ਬਸ ਮੇਂ’ (1946) ਸ਼ੁਰੂ ਕੀਤੀ। ਫਿਲਮ ’ਚ ਜ਼ੁਬੈਦਾ ਨੇ ‘ਬਨਵਾਰੀ ਲਾਲ’ ਦਾ ਪਾਰਟ ਨਿਭਾ ਰਹੇ ਚਰਿੱਤਰ ਅਦਾਕਾਰ ਮਾਸਟਰ ਗ਼ੁਲਾਮ ਕਾਦਰ ਦੀ ਧੀ ‘ਰੂਪਾ’ ਦਾ ਪਾਤਰ ਅਦਾ ਕੀਤਾ। ਮਰਕਜ਼ੀ ਕਿਰਦਾਰ ਵਿੱਚ ਆਸ਼ਾ ਪੌਸਲੇ (ਨੀਲੂ/ਨੀਲਮ) ਤੇ ਪ੍ਰਾਣ (ਪ੍ਰੇਮ) ਸਨ ਜਦੋਂ ਕਿ ਬਾਕੀ ਅਦਾਕਾਰਾਂ ਵਿੱਚ ਵਜ਼ੀਰ ਬੇਗ਼ਮ (ਲਕਸ਼ਮੀ ਦੇਵੀ), ਰਾਮ ਲਾਲ (ਜੀਵਨ ਦਾਸ), ਕੁੰਦਨ ਲਾਲ (ਜ਼ਹੂਰ ਸ਼ਾਹ), ਬੇਬੀ ਰਜ਼ੀਆ (ਪੁਸ਼ਪਾ) ਦੀਪਕ (ਠਾਕੁਰ ਜੀਵਨ ਦਾਸ) ਸਲੀਮ ਰਜ਼ਾ (ਡਾਕਟਰ ਕਪੂਰ), ਨਜ਼ਰ (ਰੰਗੀ), ਮਾਲਾ (ਮਾਲਾ), ਮਿਸ ਕਮਲਾ ਸ਼ਾਮਲ ਸਨ। ਮੁਸੱਨਫ਼ ਸ਼ਾਹ ਜਹਾਨ ਬੇਗ਼ਮ (ਪਤਨੀ ਦਾਊਦ ਚਾਂਦ), ਮੁਕਾਲਮੇ ਇਹਸਾਨ ਅਲੀ ਬੀ. ਏ., ਗੀਤ ਹਜ਼ਰਤ ਅਜ਼ੀਜ਼ ਕਸ਼ਮੀਰੀ ਤੇ ਤੁਫ਼ੈਲ ਹੁਸ਼ਿਆਰਪੁਰੀ ਅਤੇ ਮੌਸੀਕੀ ਦੀਆਂ ਧੁਨਾਂ ਨਿਆਜ਼ ਹੁਸੈਨ ਸ਼ਮੀ (ਆਲ ਇੰਡੀਆ ਰੇਡੀਓ, ਲਾਹੌਰ) ਤੇ ਵਿਨੋਦ (ਸਹਾਇਕ ਮੁਹੰਮਦ ਹੁਸੈਨ) ਨੇ ਤਾਮੀਰ ਕੀਤੀਆਂ। ਫਿਲਮ ਦੇ 7 ਗੀਤ ਜ਼ੀਨਤ ਬੇਗ਼ਮ, ਇਮਦਾਦ ਹੁਸੈਨ ਆਦਿ ਨੇ ਗਾਏ ਸਨ। ਇਹ ਫਿਲਮ 20 ਦਸੰਬਰ 1946 ਨੂੰ ਕਰਾਊਨ ਟਾਕੀਜ਼, ਲਾਹੌਰ ਵਿਖੇ ਪਰਦਾਪੇਸ਼ ਹੋਈ।
ਜੂਨ 1946 ਵਿੱਚ ਗੁਪਤਾ ਆਰਟ ਪ੍ਰੋਡਕਸ਼ਨਜ਼, ਲਾਹੌਰ ਨੇ ਪੰਚੋਲੀ ਆਰਟ ਸਟੂਡੀਓ ਵਿੱਚ ਦਾਊਦ ਚਾਂਦ ਦੀ ਹਿਦਾਇਤਕਾਰੀ (ਸਹਾਇਕ ਐੱਮ. ਜੇ. ਰਾਣਾ) ਵਿੱਚ ਹਿੰਦੀ ਫਿਲਮ ‘ਏਕ ਰੋਜ਼’ (1947) ਸ਼ੁਰੂ ਕੀਤੀ। ਫਿਲਮ ’ਚ ਜ਼ੁਬੈਦਾ ਨੇ ਸਹਾਇਕ ਅਦਾਕਾਰਾ ਦਾ ਪਾਰਟ ਅਦਾ ਕੀਤਾ ਜਦੋਂ ਕਿ ਮੁੱਖ ਕਿਰਦਾਰ ਵਿੱਚ ਅਲ ਨਾਸਿਰ ਤੇ ਨਸਰੀਨ ਤੇ ਦੀਗ਼ਰ ਅਦਾਕਾਰਾਂ ’ਚ ਆਸ਼ਾ ਪੌਸਲੇ, ਅਜਮਲ, ਨਫ਼ੀਸ ਬੇਗ਼ਮ, ਸਲੀਮ ਰਜ਼ਾ, ਰਾਣੀ ਕਿਰਨ (ਭੈਣ ਆਸ਼ਾ ਪੌਸਲੇ), ਸ਼ਾਹਿਦਾ, ਸ਼ਾਮ ਲਾਲ, ਸ਼ੇਖ਼ ਇਕਬਾਲ, ਲੀਲਾ, ਗੁਲ ਜ਼ਮਾਨ, ਇੰਦਰਾ (ਸੀਨੀ.), ਫ਼ਜ਼ਲ ਸ਼ਾਹ, ਬੇਬੀ ਜ਼ਰੀਨਾ, ਇਆਜ਼ ਤੇ ਨਜ਼ਰ ਬੁਖਾਰੀ ਸ਼ਾਮਲ ਸਨ। ਕਹਾਣੀ ਏ. ਰਹੀਮ, ਮੰਜ਼ਰਨਾਮਾ ਖ਼ਾਦਿਮ ਮੋਹਿਓਦੀਨ, ਮੁਕਾਲਮੇ ਸ਼ਾਤਿਰ ਗਜ਼ਨਵੀ, ਗੀਤ ਸਰਸ਼ਾਰ ਸੈਲਾਨੀ ਅਤੇ ਮੌਸੀਕੀ ਸ਼ਿਆਮ ਸੁੰਦਰ ਨੇ ਤਰਤੀਬ ਕੀਤੀ। ਫਿਲਮ ਦੇ 9 ਗੀਤ ਦਿਲਸ਼ਾਦ ਬੇਗ਼ਮ, ਨਸੀਮ ਅਖ਼ਤਰ, ਇਮਦਾਦ ਹੁਸੈਨ, ਜੀ. ਐੱਮ. ਦੁਰਾਨੀ ਤੇ ਮੁਨੱਵਰ ਸੁਲਤਾਨਾ ਨੇ ਗਾਏ ਜੋ ਬੜੇ ਮਕਬੂਲ ਹੋਏ। ਫਿਲਮ ਮੁਕੰਮਲ ਹੋਣ ਜਾ ਰਹੀ ਸੀ ਕਿ ਪੰਜਾਬ ਦੀ ਵੰਡ ਹੋ ਗਈ। 1947 ਵਿੱਚ ਗੁਪਤਾ ਆਰਟ ਪ੍ਰੋਡਕਸ਼ਨਜ਼ ਵਾਲੇ ਫਿਲਮ ਦੇ ਨੈਗੇਟਿਵ ਲੈ ਕੇ ਬੰਬਈ ਆ ਗਏ, ਜਿੱਥੇ ਇਹ ਮੁਕੰਮਲ ਹੋਈ। ਫਿਲਮ 1947 ਵਿੱਚ ਬੰਬਈ ਅਤੇ ਫਰਵਰੀ 1949 ਵਿੱਚ ਕੈਸਰ ਸਿਨਮਾ, ਲਾਹੌਰ ’ਚ ਨੁਮਾਇਸ਼ ਹੋਈ।
1947 ਵਿੱਚ ਜੀ. ਏੇ. ਠਾਕੁਰ ਨੇ ਪੰਚੋਲੀ ਸਟੂਡੀਓ ਵਿੱਚ ਆਪਣੇ ਫਿਲਮਸਾਜ਼ ਅਦਾਰੇ ਲਾਈਟ ਹਾਊਸ ਪ੍ਰੋਡਕਸ਼ਨਜ਼, ਲਾਹੌਰ ਦੇ ਬੈਨਰ ਹੇਠ ਮੋਤੀ ਬੀ. ਗਿਡਵਾਨੀ ਦੀ ਹਿਦਾਇਤਕਾਰੀ ’ਚ ਹਿੰਦੀ ਫਿਲਮ ‘ਨੇਕ ਦਿਲ’ (1948) ਸ਼ੁਰੂ ਕੀਤੀ। ਫਿਲਮ ’ਚ ਜ਼ੁਬੈਦਾ ਨੇ ਸਹਾਇਕ ਅਦਾਕਾਰਾ ਦਾ ਪਾਰਟ ਅਦਾ ਕੀਤਾ ਜਦੋਂ ਕਿ ਪ੍ਰਾਣ ਤੇ ਸਮ੍ਰਿਤੀ ਬਿਸਵਾਸ (ਪਤਨੀ ਐੱਸ. ਡੀ. ਨਾਰੰਗ) ਮਰਕਜ਼ੀ ਪਾਰਟ ਅਦਾ ਕਰ ਰਹੇ ਸਨ। ਬਾਕੀ ਫ਼ਨਕਾਰਾਂ ਵਿੱਚ ਬੇਗ਼ਮ ਪਰਵੀਨ, ਨਜ਼ਰ, ਜ਼ਲੀਮ ਰਜ਼ਾ, ਦੁਰਗਾ ਮੋਟਾ (ਕਾਮੇਡੀਅਨ), ਰਮੇਸ਼ ਠਾਕੁਰ ਸ਼ਾਮਲ ਸਨ। ਫਿਲਮ ਦੀ ਮੌਸੀਕੀ ਅਸਗਰ ਤੇ ਮੁਹੰਮਦ ਹੁਸੈਨ ਨੇ ਮੁਰੱਤਬਿ ਕੀਤੀ ਤੇ 10 ਗੀਤ ਇਮਦਾਦ ਹੁਸੈਨ, ਦਿਲਸ਼ਾਦ ਬੇਗ਼ਮ, ਫ਼ਕੀਰ ਮੁਹੰਮਦ ਤੇ ਜ਼ੀਨਤ ਬੇਗ਼ਮ ਨੇ ਗਾਏ ਸਨ। 1947 ਵਿੱਚ ਪੰਜਾਬ ਦੀ ਵੰਡ ਹੋ ਗਈ ਤੇ ਮੁਲਕ ਦੋ ਹਿੱਸਿਆਂ ਵਿੱਚ ਤਕਸੀਮ ਹੋ ਗਿਆ। ਜ਼ੁਬੈਦਾ ਨੇ ਆਪਣੇ ਆਬਾਈ ਸ਼ਹਿਰ ਲਾਹੌਰ ਰਹਿਣਾ ਪਸੰਦ ਕੀਤਾ।
ਵੰਡ ਤੋਂ ਬਾਅਦ 115 ਅਪਰ ਮਾਲ ਰੋਡ, ਲਾਹੌਰ ਵਿਖੇ ਫਿਲਮਸਾਜ਼ ਦੀਵਾਨ ਸਰਦਾਰੀ ਲਾਲ (ਸਹਾਇਕ ਦੀਵਾਨ ਡੀ. ਐੱਫ ਸਿੰਘਾ) ਨੇ ਆਪਣੇ ਫਿਲਮਸਾਜ਼ ਅਦਾਰੇ ਹੇਠ ਪਾਕਿਸਤਾਨ ਦੀ ਪਹਿਲੀ ਉਰਦੂ ਫਿਲਮ ‘ਤੇਰੀ ਯਾਦ’ (1948) ਬਣਾਈ। ਫਿਲਮ ਦੇ ਹਿਦਾਇਤਕਾਰ ਦਾਊਦ ਚਾਂਦ (ਪਹਿਲੀ ਪਾਕਿਸਤਾਨੀ ਫਿਲਮ/ਸਹਾਇਕ ਰਫ਼ੀਕ ਸਰਹੱਦੀ ਤੇ ਐੱਮ. ਅਸਰਫ਼) ਸਨ। ਸੰਗੀਤ ਨਿਰਦੇਸ਼ਕ ਮਾਸਟਰ ਨਾਥ (ਭਾਈ ਨਾਥ, ਪਿਤਾ ਆਸ਼ਾ ਪੌਸਲੇ), ਅਨਵਰ ਕਰੀਮ ਤੇ ਹੋਰ, ਗੀਤ ਕਤੀਲ ਸਿਫ਼ਾਈ (ਇੱਕ ਗੀਤ), ਤਨਵੀਰ ਨਕਵੀ, ਤੂਫ਼ੈਲ ਹੁਸ਼ਿਆਰਪੁਰੀ, ਫ਼ਸਾਨਾ, ਮੰਜ਼ਰਨਾਮਾ ਤੇ ਮੁਕਾਲਮੇ ਖ਼ਾਦਿਮ ਮੋਹਿਊਦੀਨ ਬੀ. ਏ. ਨੇ ਤਹਿਰੀਰ ਕੀਤੇ ਸਨ। ਫਿਲਮ ’ਚ ਜ਼ੁਬੈਦਾ ਨੇ ਸਹਾਇਕ ਅਦਾਕਾਰਾ ਦਾ ਕਿਰਦਾਰ ਨਿਭਾਇਆ ਜਦੋਂ ਕਿ ਮਰਜ਼ਕੀ ਕਿਰਦਾਰ ਵਿੱਚ ਆਸ਼ਾ ਪੌਸਲੇ ਤੇ ਨਾਸਿਰ ਖ਼ਾਨ (ਅਦਾਕਾਰ ਦਲੀਪ ਕੁਮਾਰ ਦਾ ਛੋਟਾ ਭਰਾ) ਮਰਕਜ਼ੀ ਕਿਰਦਾਰ ਨਿਭਾ ਰਹੇ ਸਨ। ਦੀਗ਼ਰ ਫ਼ਨਕਾਰਾਂ ਵਿੱਚ ਨਜਮਾ, ਰਾਣੀ ਕਿਰਨ (ਵੱਡੀ ਭੈਣ ਆਸ਼ਾ ਪੌਸਲੇ), ਨਜ਼ਰ (ਕਾਮੇਡੀਅਨ), ਜਹਾਂਗੀਰ, ਮਾਸਟਰ ਗ਼ੁਲਾਮ ਕਾਦਰ, ਸਰਦਾਰ ਮੁਹੰਮਦ ਆਦਿ ਆਪਣੇ ਫ਼ਨ ਦੀ ਨੁਮਾਇਸ਼ ਕਰ ਰਹੇ ਸਨ। ਫਿਲਮ ਦੇ ਗੀਤ ਆਸ਼ਾ ਪੌਸਲੇ, ਮੁਨੱਵਰ ਸੁਲਤਾਨਾ, ਅਲੀ ਬਖ਼ਸ਼ ਜ਼ਹੂਰ ਨੇ ਗਾਏ। ਇਹ ਫਿਲਮ 7 ਅਗਸਤ 1948 ਨੂੰ ਪ੍ਰਭਾਤ ਸਿਨਮਾ, ਲਾਹੌਰ ਵਿਖੇ ਰਿਲੀਜ਼ ਹੋਈ। ਬਾਅਦ ਵਿੱਚ ਇਸ ਸਿਨਮਾ ਦਾ ਨਾਮ ‘ਸਨੋਬਰ ਸਿਨਮਾ’ ਅਤੇ ਹੁਣ ‘ਇੰਪੀਰੀਅਲ ਸਿਨਮਾ’ (ਲਾਹੌਰ) ਦੇ ਨਾਮ ਨਾਲ ਮਸ਼ਹੂਰ ਹੈ।
ਜਦੋਂ ਫਿਲਮਸਾਜ਼ ਐੱਮ. ਐੱਸ. ਇਜਾਜ਼ (ਸਹਾਇਕ ਤਸੱਦੁਕ ਹੁਸੈਨ ਰਿਆਜ਼) ਨੇ ਸਕਰੀਨ ਐਂਡ ਸਾਊਂਡ ਸਟੂਡੀਓ ’ਚ ਆਪਣੇ ਫਿਲਮਸਾਜ਼ ਅਦਾਰੇ ਮੂਨ ਆਰਟ ਫਿਲਮ, ਲਾਹੌਰ ਦੇ ਬੈਨਰ ਹੇਠ ਆਪਣੀ ਹਿਦਾਇਤਕਾਰੀ ’ਚ ਪੰਜਾਬੀ ਫਿਲਮ ‘ਨੱਥ’ (1952) ਬਣਾਈ ਤਾਂ ਜ਼ੁਬੈਦਾ ਨੂੰ ਸਹਾਇਕ ਅਦਾਕਾਰਾ ਦਾ ਪਾਰਟ ਦਿੱਤਾ ਜਦੋਂ ਕਿ ਮੁੱਖ ਭੂਮਿਕਾ ਵਿੱਚ ਅਦਾਕਾਰਾ ਹਫ਼ੀਜ਼ ਜਹਾਂ ਤੇ ਹਸੀਬ (ਨਵਾਂ ਚਿਹਰਾ), ਦੀਗ਼ਰ ਫ਼ਨਕਾਰਾਂ ’ਚ ਸਾਦਿਕ ਅਲੀ, ਸ਼ੋਲਾ, ਅਜ਼ਮਲ, ਕਿਸ਼ਵਰ, ਜ਼ਰੀਫ਼, ਸ਼ਮਸ਼ਾਦ, ਏ. ਆਰ. ਕਸ਼ਮੀਰੀ ਨੁਮਾਇਆ ਸਨ। ਕਹਾਣੀ, ਮੁਕਾਲਮੇ ਤੇ ਗੀਤ ਹਜ਼ੀਨ ਕਾਦਰੀ ਅਤੇ ਸੰਗੀਤਕ ਤਰਜ਼ਾਂ ਮਾਸਟਰ ਇਨਾਇਤ ਹੁਸੈਨ ਨੇ ਤਿਆਰ ਕੀਤੀਆਂ ਸਨ। ਇਹ ਫਿਲਮ 24 ਅਕਤੂਬਰ 1952 ਨੂੰ ਕੈਸਰ ਸਿਨਮਾ, ਲਾਹੌਰ ’ਚ ਰਿਲੀਜ਼ ਹੋਈ।
ਜਦੋਂ ਐੱਮ. ਐੱਮ. ਖ਼ਾਨ ਤੇ ਏ. ਐੱਮ ਖ਼ਾਨ ਨੇ ਐਵਰੈਸਟ ਪਿਕਚਰਜ਼, ਲਾਹੌਰ ਦੇ ਬੈਨਰ ਹੇਠ ਇਕਬਾਲ ਹੁਸੈਨ ਦੀ ਹਿਦਾਇਤਕਾਰੀ ਵਿੱਚ ਕਰਾਚੀ ਵਿੱਚ ਉਰਦੂ ਫਿਲਮ ‘ਕਾਰਨਾਮਾ’ (1956) ਬਣਾਈ ਤਾਂ ਜ਼ੁਬੈਦਾ ਨੇ ਸਹਾਇਕ ਭੂਮਿਕਾ ਨਿਭਾਈ ਅਤੇ ਮਰਕਜ਼ੀ ਕਿਰਦਾਰ ਵਿੱਚ ਕਮਰ ਜਹਾਂ ਤੇ ਲੱਡਣ ਸਨ। ਬਾਕੀ ਅਦਾਕਾਰਾਂ ਵਿੱਚ ਕਲਾਵਤੀ, ਬਿੱਬੋ, ਸਾਵਨ (ਨਵਾਂ ਚਿਹਰਾ), ਸੁਲਤਾਨਾ, ਪੁਖਰਾਜ ਆਦਿ ਸ਼ਾਮਲ ਸਨ। ਕਹਾਣੀ ਇਕਬਾਲ ਹੁਸੈਨ, ਮੁਕਾਲਮੇ ਬੇਜ਼ਾਰ ਸਰਹੱਦੀ, ਗੀਤ ਬੇਜ਼ਾਰ ਸਰਹੱਦੀ ਅਤੇ ਸੰਗੀਤਕ ਧੁਨਾਂ ਉਸਤਾਦ ਨੱਥੂ ਖ਼ਾਨ ਨੇ ਬਣਾਈਆਂ। ਇਹ ਫਿਲਮ 30 ਮਾਰਚ 1956 ਨੂੰ ਲਾਹੌਰ ਤੇ ਕਰਾਚੀ ’ਚ ਰਿਲੀਜ਼ ਹੋਈ ਤੇ ਨਾਕਾਮ ਰਹੀ।
ਜਦੋਂ ਫਿਲਮਸਾਜ਼ ਨਜ਼ੀਰ ਨੇ ਆਪਣੇ ਫਿਲਮਸਾਜ਼ ਅਦਾਰੇ ਅਨੀਸ ਪਿਕਚਰਜ਼, ਲਾਹੌਰ ਦੇ ਬੈਨਰ ਹੇਠ ਸ਼ਾਹਨੂਰ ਸਟੂਡੀਓ ਵਿੱਚ ਰਫ਼ੀਕ ਚੌਧਰੀ ਦੀ ਹਿਦਾਇਤਕਾਰੀ ਵਿੱਚ ਉਰਦੂ ਫਿਲਮ ‘ਸਾਬਿਰਾ’ (1956) ਬਣਾਈ ਤਾਂ ਜ਼ੁਬੈਦਾ ਇੱਕ ਵਾਰ ਫਿਰ ਸਹਾਇਕ ਅਦਾਕਾਰਾ ਵਜੋਂ ਆਪਣੇ ਫ਼ਨ ਦੀ ਨੁਮਾਇਸ਼ ਕਰ ਰਹੀ ਸੀ। ਮਰਕਜ਼ੀ ਕਿਰਦਾਰ ਸਵਰਨ ਲਤਾ ਤੇ ਨਜ਼ੀਰ ਨੇ ਅਦਾ ਕੀਤੇ। ਕਹਾਣੀ ਅਰਸ਼ ਲਖਨਵੀ, ਮੁਕਾਲਮੇ ਸ਼ੌਕਤ ਥਾਨਵੀ, ਗੀਤ ਤੂਫ਼ੈਲ ਹੁਸ਼ਿਆਰਪੁਰੀ ਅਤੇ ਸੰਗੀਤਕਾਰ ਸ਼ਫ਼ਦਰ ਹੁਸੈਨ ਸਨ। ਇਹ ਫਿਲਮ 15 ਜੁਲਾਈ 1956 ਨੂੰ ਨੁਮਾਇਸ਼ ਹੋਈ, ਪਰ ਔਸਤ ਦਰਜੇ ਦੀ ਫਿਲਮ ਰਹੀ।
ਜ਼ੁਬੈਦਾ ਦੀ ਸਹਾਇਕ ਅਦਾਕਾਰਾ ਵਜੋਂ ਆਖ਼ਰੀ ਪੰਜਾਬੀ ਫਿਲਮ ਲਬਿਰਟੀ ਫਿਲਮਜ਼, ਲਾਹੌਰ ਦੀ ਐੱਮ. ਇਜਾਜ਼ ਨਿਰਦੇਸ਼ਿਤ ‘ਬਿੱਲੋ ਜੀ’ (1962) ਸੀ। ਇਸ ’ਚ ‘ਬਿੱਲੋ ਜੀ’ ਦਾ ਟਾਈਟਲ ਕਿਰਦਾਰ ਸਵਰਨ ਲਤਾ ਨੇ ਅਦਾ ਕੀਤਾ ਤੇ ਹੀਰੋ ਸਨ ਹਬੀਬ। ਬਾਕੀ ਅਦਾਕਾਰਾਂ ’ਚ ਨਜ਼ੀਰ, ਨਜ਼ਰ, ਠਾਕੁਰ, ਜੈਗਮ, ਅਨਵਰ ਸ਼ਾਹ, ਦੀਪਕ, ਨੀਲਮ, ਸ਼ੇਖ਼, ਅਨਵਰ ਬੇਗ਼ਮ ਨੁਮਾਇਆ ਸਨ। ਕਹਾਣੀ, ਮੰਜ਼ਰਨਾਮਾ ਤੇ ਮੁਕਾਲਮੇ ਜ਼ਹੀਰ ਅਹਿਮਦ ਨਕਸ਼, ਗੀਤ ਸਾਹਿਲ ਫ਼ਰਮਾਨੀ, ਇਸਮਾਇਲ ਮਤਵਾਲਾ, ਵਾਰਿਸ ਲੁਧਿਆਣਵੀ, ਪਰਵੇਜ਼ ਚਿਸ਼ਤੀ ਅਤੇ ਦਿਲਕਸ਼ ਤਰਜ਼ਾਂ ਆਸ਼ਿਕ ਹੁਸੈਨ (ਸਹਾਇਕ ਰਹਿਮਤ ਅਲੀ) ਨੇ ਤਿਆਰ ਕੀਤੀਆਂ ਸਨ। ਇਹ ਫਿਲਮ 13 ਜੁਲਾਈ 1962 ਨੂੰ ਰਿਲੀਜ਼ ਹੋਈ ਤੇ ਨਾਕਾਮ ਰਹੀ।
ਜ਼ੁਬੈਦਾ ਨੇ ਵੰਡ ਤੋਂ ਪਹਿਲਾਂ ਭਾਰਤੀ ਪੰਜਾਬ ਦੀ ਰਾਜਧਾਨੀ ਲਾਹੌਰ ਵਿੱਚ ਤਕਰੀਬਨ 4 ਹਿੰਦੀ ਫਿਲਮਾਂ ਅਤੇ ਵੰਡ ਤੋਂ ਬਾਅਦ ਲਾਹੌਰ (ਪਾਕਿਸਤਾਨ) ’ਚ ਵੀ 5 ਕੁ ਦੇ ਕਰੀਬ ਪੰਜਾਬੀ ਤੇ ਉਰਦੂ ਫਿਲਮਾਂ ’ਚ ਸਿਰਫ਼ ਸਹਾਇਕ ਅਦਾਕਾਰਾ ਵਜੋਂ ਕਿਰਦਾਰਨਿਗਾਰੀ ਕੀਤੀ। 1962 ਵਿੱਚ ਉਸ ਨੇ ਫਿਲਮਾਂ ਤੋਂ ਮੁਕੰਮਲ ਕਿਨਾਰਾਕਸ਼ੀ ਕਰ ਲਈ। ਇਸ ਤੋਂ ਬਾਅਦ ਉਹ ਕਿੱਥੇ ਗਈ, ਕੀਹਦੇ ਨਾਲ ਉਸ ਦਾ ਵਿਆਹ ਹੋਇਆ, ਕਦੋਂ ਫ਼ੌਤ ਹੋਈ? ਕਾਫ਼ੀ ਤਹਿਕੀਕ ਕਰਨ ਦੇ ਬਾਵਜੂਦ ਪਤਾ ਨਹੀਂ ਲੱਗ ਸਕਿਆ।
ਸੰਪਰਕ: 97805-09545