ਭਾਈ ਅਸ਼ੋਕ ਸਿੰਘ ਬਾਗੜੀਆਂ
ਸਿੱਖਾਂ ਦੀ ਸਿਰਮੌਰ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪ੍ਰਤੀ ਸਿੱਖਾਂ ਦੇ ਦਿਲਾਂ ਵਿੱਚ ਅਥਾਹ ਸ਼ਰਧਾ ਹੈ ਕਿਉਂਕਿ ਇਹ ਤਖ਼ਤ ਗੁਰੂ ਪ੍ਰਤੀ ਉਨ੍ਹਾਂ ਦੀ ਸ਼ਰਧਾ ਅਤੇ ਵਚਨਬੱਧਤਾ ਨੂੰ ਦਰਸਾਉਂਦਾ ਹੈ। ਅਕਾਲ ਤਖ਼ਤ ਸਾਹਿਬ ਵਲੋਂ ਦਿੱਤੇ ਗਏ ਫੈਸਲੇ ਸਾਰੇ ਸਿੱਖਾਂ ਨੂੰ ਮੰਨਣੇ ਚਾਹੀਦੇ ਹਨ ਅਤੇ ਕਿਸੇ ਬਹਾਨੇ ਨਾਲ ਵੀ ਇਨ੍ਹਾਂ ਦੀ ਆਲੋਚਨਾ ਨਹੀਂ ਕੀਤੀ ਜਾਣੀ ਚਾਹੀਦੀ। ਜਿਹੜੇ ਲੋਕ ਇਸ ਦੇ ਫੈਸਲਿਆਂ ਦਾ ਸਤਿਕਾਰ ਜਾਂ ਪਾਲਣ ਨਹੀਂ ਕਰਦੇ, ਉਨ੍ਹਾਂ ਦੀ ਪੰਥ ਵਿੱਚ ਕੋਈ ਥਾਂ ਨਹੀਂ। ਇਸ ਦੇ ਨਾਲ ਹੀ ਇਹ ਵੀ ਯਾਦ ਰੱਖਣਾ ਚਾਹੀਦਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਰਫ਼ ਅਜਿਹੇ ਫੈਸਲਿਆਂ ਦਾ ਸਤਿਕਾਰ ਹੋਣਾ ਚਾਹੀਦਾ ਹੈ ਜੋ ਸਮੁੱਚੇ ਪੰਥ ਵਲੋਂ ਪੂਰੀ ਤਰ੍ਹਾਂ ਵਿਚਾਰ-ਵਟਾਂਦਰਾ ਕਰਨ ਤੋਂ ਬਾਅਦ ਲਏ ਜਾਣ। ਇਹ ਨਹੀਂ ਹੋਣਾ ਚਾਹੀਦਾ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਰਾਜਨੀਤਕ ਲੀਡਰਾਂ ਵਲੋਂ ਪ੍ਰਭਾਵਿਤ ਕਰ ਕੇ ਜਾਂ ਦਬਾਅ ਬਣਾ ਕੇ ਆਪਣੇ ਰਾਜਨੀਤਕ ਹਿੱਤਾਂ ਦੀ ਪੂਰਤੀ ਕਰਨ ਹਿੱਤ ਇਸ ਸਿਰਮੌਰ ਸਿੱਖ ਸੰਸਥਾ ਦੀ ਗ਼ਲਤ ਵਰਤੋਂ ਕੀਤੀ ਜਾਵੇ, ਜਿਵੇਂ ਕਿ ਪਿਛਲੇ ਦੋ ਤਿੰਨ ਦਹਾਕਿਆਂ ਤੋਂ ਹੁੰਦਾ ਆ ਰਿਹਾ ਹੈ।
ਸ੍ਰੀ ਅਕਾਲ ਤਖ਼ਤ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਕਾਲੀ ਲੀਡਰ ਵਿਰਸਾ ਸਿੰਘ ਵਲਟੋਹਾ ਨੇ ਬੋਲ-ਕੁਬੋਲ ਬੋਲੇ ਹਨ, ਜਿਸ ਦੀ ਭਰਪੂਰ ਨਿੰਦਾ ਹਰੇਕ ਸਿੱਖ ਨੂੰ ਕਰਨੀ ਚਾਹੀਦੀ ਹੈ। ਪ੍ਰੈੱਸ ਜਾਂ ਸੋਸ਼ਲ ਮੀਡੀਆ ਤੋਂ ਜਿਸ ਤਰ੍ਹਾਂ ਪਤਾ ਲੱਗਾ ਹੈ ਕਿ ਅਕਾਲੀ ਲੀਡਰ ਨੇ ਆਪਣੇ ਬਿਆਨਾਂ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੀ ‘ਅਖੌਤੀ ਜਾਤ’ ਦਾ ਜ਼ਿਕਰ ਕੀਤਾ ਹੈ ਅਤੇ ਜਥੇਦਾਰ ਸਾਹਿਬ ਦੀਆਂ ਧੀਆਂ ਬਾਰੇ ਵੀ ਅਪਸ਼ਬਦ ਬੋਲੇ ਹਨ ਤਾਂ ਇਹ ਮਾਮਲਾ ਹੋਰ ਵੀ ਗੰਭੀਰ ਹੋ ਜਾਂਦਾ ਹੈ। ਇਹ ਘਟਨਾ ਕਈ ਤਰ੍ਹਾਂ ਦੀਆਂ ਗੱਲਾਂ ਵੱਲ ਸਾਫ ਇਸ਼ਾਰਾ ਕਰਦੀ ਹੈ। ਇਹ ਘਟਨਾ ਦੱਸਦੀ ਹੈ ਕਿ ਸਿੱਖ ਸਮਾਜ ਵਿੱਚ ਜਾਤੀਵਾਦ ਦਾ ਕੋਹੜ ਮੁੜ ਕਿੰਨੀ ਤੇਜ਼ੀ ਨਾਲ ਪਨਪ ਰਿਹਾ ਹੈ, ਜਿਸ ਨੂੰ ਗੁਰੂ ਸਹਿਬਾਨ ਨੇ ਖਤਮ ਕਰਨ ਲਈ 240 ਸਾਲ ਤੋਂ ਵੀ ਵੱਧ ਦਾ ਸਮਾਂ ਲਗਾ ਦਿੱਤਾ। ਵਿਰਸਾ ਸਿੰਘ ਵਲਟੋਹਾ ਵਲੋਂ ਜੇਕਰ ਜਥੇਦਾਰ ਸਾਹਿਬ ਲਈ ਜਾਤੀ ਸੂਚਕਾਂ ਦੀ ਵਰਤੋਂ ਕੀਤੀ ਗਈ ਹੈ ਤਾਂ ਸਿੱਖ ਸਮਾਜ ਲਈ ਇਹ ਅੰਦਾਜ਼ਾ ਲਗਾਉਣਾ ਮੁਸ਼ਕਿਲ ਨਹੀਂ ਹੋਵੇਗਾ ਕਿ ਹੁਣ ‘ਅਖੌਤੀ ਉੱਚ ਜਾਤੀ ਸਿੱਖਾਂ’ ਦੇ ਦਿਲਾਂ ਵਿੱਚ ਜਾਤੀਵਾਦ ਦਾ ਫਤੂਰ ਕਿਸ ਤਰ੍ਹਾਂ ਘਰ ਗਿਆ ਹੈ। ਸਿੱਖ ਦਾ ਕਿਰਦਾਰ ਇਸ ਹੱਦ ਤੱਕ ਡਿੱਗ ਰਿਹਾ ਹੈ ਕਿ ਦੂਸਰਿਆਂ ਦੀਆਂ ਧੀਆਂ-ਭੈਣਾਂ ਦੀ ਰਾਖੀ ਕਰਨ ਵਾਲੇ ਬੱਚੀਆਂ ਬਾਰੇ ਗਲਤ ਸ਼ਬਦਾਵਲੀ ਖੁੱਲ੍ਹੇ ਆਮ ਵਰਤਣ ਲੱਗ ਪਏ ਹਨ।
ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਸਿੱਖਾਂ ਦੇ ਮੁੱਦਿਆਂ ਨੂੰ ਹੱਲ ਕਰਨ ਲਈ ਲਈ ਸਾਡੀ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਜਨਮ ਹੋਇਆ ਸੀ। ਇਸ ਵਿੱਚ ਵੀ ਕੋਈ ਸ਼ੱਕ ਨਹੀਂ ਸਾਡੀ ਇਸ ਪੰਥਕ ਪਾਰਟੀ ਕੋਲੋਂ ਸਿੱਖ ਮੁੱਦੇ ਹੱਲ ਨਹੀਂ ਹੋ ਸਕੇ ਸਗੋਂ ਇਨ੍ਹਾਂ ਮੁੱਦਿਆਂ ਵਿੱਚ ਲਗਾਤਾਰ ਵਾਧਾ ਹੀ ਹੋਇਆ ਹੈ। ਕੇਂਦਰ ਸਰਕਾਰ ਵਿੱਚ ਕਈ ਸਾਲ ਐਮ.ਪੀ. ਜਾਂ ਮੰਤਰੀ ਦੇ ਅਹੁਦੇ ਮਾਣਨ ਵਾਲੇ ਸਾਡੇ ਧਾਰਮਿਕ ਲੀਡਰਾਂ ਵਲੋਂ ਲੋਕ ਸਭਾ ਜਾਂ ਰਾਜ ਸਭਾ ਵਿੱਚ ਇਕ ਮੁੱਦਾ ਵੀ ਉਠਾਇਆ ਨਾ ਗਿਆ। ਸ਼੍ਰੋਮਣੀ ਅਕਾਲ ਦਲ ਕਈ ਦਹਾਕੇ ਭਾਜਪਾ ਦਾ ਭਾਈਵਾਲ ਰਿਹਾ ਪਰ ਸਿੱਖਾਂ ਅਤੇ ਪੰਜਾਬ ਦੇ ਮੁੱਦਿਆਂ ਨੂੰ ਹੱਲ ਕਰਵਾਉਣ ਵਿਚ ਹਮੇਸ਼ਾਂ ਹੀ ਨਾਕਾਮਯਾਬ ਰਿਹਾ। ਸ਼੍ਰੋਮਣੀ ਅਕਾਲੀ ਦਲ ਨੇ ਸੱਤਾ ਵਿਚ ਰਹਿਣ ਲਈ ਲਈ ਸਿੱਖ ਸਿਧਾਂਤਾਂ ਨੂੰ ਢਾਹ ਲਾਈ ਹੈ ਅਤੇ ਸਿੱਖਾਂ ਨਾਲ ਧੋਖਾ ਕੀਤਾ ਹੈ। ਸਿਰਸਾ ਦੇ ਸੌਦਾ ਸਾਧ ਦਾ ਮੁਆਫੀਨਾਮਾ, ਬਰਗਾੜੀ ਕਾਂਡ ਤਾਂ ਅਕਾਲੀ ਦਲ ਦੇ ਗੁਨਾਹਾਂ ਦਾ ਸਿਖਰ ਹੋ ਨਿਬੜਿਆ। ਗੁਰੂ ਸਾਹਿਬਾਨ ਦੇ ਦਿਖਾਏ ਰਸਤੇ ਨੂੰ ਇਸ ਦੇ ਮੋਹਤਬਰ ਪੈਰੋਕਾਰਾਂ ਵਲੋਂ ਅਣਗੌਲਿਆ ਕੀਤਾ ਗਿਆ। ਪੰਥ ਦੇ ਨੇਤਾ ਧਰਮ ਕਰਮ ਭੁੱਲ ਗਏ, ਗੁਰੂ ਦੀਆਂ ਗੋਲਕਾਂ ਦੀ ਦੁਰਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਅਤੇ ਨਿਘਾਰ ਇੱਥੋਂ ਤੱਕ ਚਲਾ ਗਿਆ ਕਿ ਵੋਟਾਂ ਖਾਤਰ ਹਰ ਕਿਸਮ ਦੀ ਸੀਨਾਜ਼ੋਰੀ ਅਤੇ ਹੇਰਾਫੇਰੀ ਕਰਨ ਤੋਂ ਵੀ ਸੰਕੋਚ ਨਾ ਕੀਤਾ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਕਈ ਦਹਾਕੇ ਪੰਥਕ ਪਾਰਟੀ ਵਲੋਂ ਆਪਣੇ ਸਿਆਸੀ ਲਾਹੇ ਲਈ ਦੁਰਵਰਤੋਂ ਕੀਤੀ ਗਈ ਅਤੇ ਇਸ ਦੇ ਜਥੇਦਾਰਾਂ ਦੀ ਚੋਣ ‘ਲਿਫਾਫੇ’ ਵਿੱਚ ਕੱਢ ਕੇ ਇਸ ਸਿਰਮੌਰ ਸਿੱਖ ਸੰਸਥਾ ਦੇ ਵੱਕਾਰ ਨੂੰ ਬਹੁਤ ਹੇਠਲੇ ਪੱਧਰ ’ਤੇ ਲਿਜਾਣ ਵਿੱਚ ਕੋਈ ਕਸਰ ਨਹੀਂ ਛੱਡੀ। ਇੱਥੋਂ ਤੱਕ ਕਿ ਐਸ.ਜੀ.ਪੀ.ਸੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਕਈ ਅਜਿਹੇ ਸਿਆਸੀ ਬਿਆਨ ਦਿਵਾਏ ਗਏ, ਜਿਸ ਨੇ ਸਿੱਖ ਸਮਾਜ ਨੂੰ ਦੋਫ਼ਾੜ ਕਰ ਦਿੱਤਾ ਹੈ।
ਹੁਣ ਜਦੋਂ ਸਿੱਖ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੁਰਾਤਨ ਰੁਤਬੇ ਨੂੰ ਬਹਾਲ ਕਰਨ ਅਤੇ ਇਸ ਨੂੰ ਇਨ੍ਹਾਂ ਅਖੌਤੀ ਪੰਥਕ ਲੀਡਰਾਂ ਦੇ ਪ੍ਰਭਾਵ ਹੇਠੋਂ ਬਾਹਰ ਲਿਆਉਣ ਲਈ ਭਰਪੂਰ ਜੱਦੋਜਹਿਦ ਕਰ ਰਹੇ ਹਨ ਅਤੇ ਅਕਾਲੀ ਦਲ ਵਲੋਂ ਕੀਤੇ ਸਿੱਖੀ ਵਿਰੋਧੀ ਕੰਮਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਲਿਜਾ ਕੇ ਇਨ੍ਹਾਂ ਅਕਾਲੀ ਲੀਡਰਾਂ ’ਤੇ ਰੋਕ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਆਪਣੇ ਹੱਥੋਂ ਖੁੱਸਦੀ ਜਾ ਰਹੀ ਤਾਕਤ ਨੂੰ ਦੇਖ ਕੇ ਇਹ ਅੱਗ ਬਬੂਲਾ ਹੋ ਰਹੇ ਹਨ। ਇਸੇ ਕਾਰਨ ਹੀ ‘ਅਖੌਤੀ ਉੱਚ ਸ਼੍ਰੇਣੀ ਸਿੱਖ’ ਦੂਸਰਿਆਂ ਲਈ ਜਾਤੀਸੂਚਕ ਵਰਤਣ ਤੋਂ ਵੀ ਸੰਕੋਚ ਨਹੀਂ ਕਰ ਰਹੇ, ਚਾਹੇ ਉਹ ਕਿੰਨੀ ਵੀ ਵੱਡੀ ਸਿੱਖ ਧਾਰਮਿਕ ਪਦਵੀ ਉਤੇਂ ਹੀ ਕਿਉਂ ਨਾ ਬੈਠਾ ਹੋਵੇ। ਜਿੱਥੋਂ ਤੱਕ ਗਿਆਨੀ ਹਰਪ੍ਰੀਤ ਸਿੰਘ ਦਾ ਸਵਾਲ ਹੈ, ਉਹ ਇਕ ਸੂਝਵਾਨ ਅਤੇ ਵਿਦਵਾਨ ਧਾਰਮਿਕ ਸਿੱਖ ਨੇਤਾ ਹਨ, ਭਾਵੇਂ ਕਿ ਉਨ੍ਹਾਂ ਦੇ ਕਈ ਸਿੱਖਾਂ ਨਾਲ ਵਿਚਾਰਕ ਮੱਤਭੇਦ ਵੀ ਹਨ।
ਸ੍ਰੀ ਅਕਾਲ ਤਖ਼ਤ ਸਾਹਿਬ ਸਾਰੇ ਸਿੱਖ ਜਗਤ ਦੀ ਇਕ ਸਾਂਝੀ ਸਿਰਮੌਰ ਸੰਸਥਾ ਹੈ, ਉਸ ਦੇ ਜਥੇਦਾਰ ਕਿਸੇ ਵੀ ਸਿੱਖ ਨੂੰ ਰਾਜਨੀਤਕ ਪਾਰਟੀਬਾਜ਼ੀ ਤੋਂ ਉੱਪਰ ਉਠ ਕੇ ਮਿਲ ਸਕਦੇ ਹਨ। ਸਾਰੇ ਸਿੱਖਾਂ ਨੂੰ ਵੀ ਇਹ ਗੱਲ ਦਿਮਾਗ ਵਿੱਚ ਬਿਠਾ ਲੈਣੀ ਚਾਹੀਦੀ ਹੈ ਕਿ ਉਹ ਜਦੋਂ ਵੀ ਸ੍ਰੀ ਅਕਾਲ ਤਖ਼ਤ ਸਾਹਿਬ, ਸ੍ਰੀ ਹਰਿਮੰਦਰ ਸਾਹਿਬ ਜਾਂ ਕਿਸੇ ਵੀ ਹੋਰ ਗੁਰਦੁਆਰੇ ਸਾਹਿਬ ਜਾਣ ਤਾਂ ਉਹ ਆਪਣੇ ਦਿਮਾਗ ਵਿੱਚੋਂ ਲੀਡਰੀ ਦਾ ਭੂਤ ਬਾਹਰ ਰੱਖ ਕੇ ਜਾਣ। ਇਸ ਤਰ੍ਹਾਂ ਕਰਨ ਨਾਲ ਸਿੱਖਾਂ ਦੇ ਬਹੁਤ ਸਾਰੇ ਮਸਲੇ ਬਿਨਾਂ ਜ਼ੋਰ ਲਗਾਏ ਹੀ ਹੱਲ ਹੋ ਸਕਦੇ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਵੀ ਇਹ ਸੁਝਾਅ ਹੈ ਕਿ ਇਸ ਸਿਰਮੌਰ ਸੰਸਥਾ ਤੋਂ ਰਾਜਨੀਤਕ ਗੱਲ ਨਾ ਕਰਨ, ਸਿਆਸਤ ਤੋਂ ਬਣਦੀ ਦੂਰੀ ਕਾਇਮ ਰੱਖਣ ਕਿਉਂਕਿ ਤਖ਼ਤ ਸਮੁੱਚੇ ਸਿੱਖ ਸਮਾਜ ਲਈ ਹੈ ਨਾ ਕਿ ਮਹਿਜ਼ ਇਕ ਪਾਰਟੀ ਦੇ ਸਿੱਖਾਂ ਲਈ।
ਇਸ ਦੇ ਨਾਲ ਹੀ ਐਸ.ਜੀ.ਪੀ.ਸੀ. ਦੇ ਅਹੁਦੇਦਾਰਾਂ ਨੂੰ ਇਹ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਤੁਹਾਡੇ ਮਾਤਹਿਤ ਹੈ ਨਾ ਕਿ ਇਸ ਤੋਂ ਉਲਟ। ਇਸ ਹੈਸੀਅਤ ਵਿੱਚ ਉਨ੍ਹਾਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਹਰ ਇਕ ਸਰਗਰਮੀ ਉਤੇ ਨਜ਼ਰ ਰੱਖਣੀ ਚਾਹੀਦੀ ਹੈ ਅਤੇ ਉਸ ਦੇ ਲੀਡਰਾਂ ਵਲੋਂ ਸਿੱਖ ਸਿਧਾਂਤਾਂ ਖ਼ਿਲਾਫ਼ ਕੀਤੀਆਂ ਜਾਂਦੀਆਂ ਕਾਰਵਾਈਆਂ ਨੂੰ ਤੁਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਧਿਆਨ ਵਿੱਚ ਲਿਆ ਕੇ ਬਣਦੀ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਜੋ ਸਿੱਖ ਸਮਾਜ ਦੇ ਹੋਣ ਵਾਲੇ ਨੁਕਸਾਨ ਨੂੰ ਸਮੇਂ ਸਿਰ ਰੋਕਿਆ ਜਾ ਸਕੇ ਅਤੇ ਸਮਾਜ ਨੂੰ ਵੀ ਇਸ ਤੋਂ ਆਗਾਹ ਕੀਤਾ ਜਾਵੇ।
ਇਸ ਤੋਂ ਇਲਾਵਾ ਕਿਸੇ ਸਿੱਖ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਕਿਸੇ ਬਿਆਨ ਉਤੇ ਕੋਈ ਇਤਰਾਜ਼ ਹੈ ਤਾਂ ਉਸ ਦੀ ਗੱਲ ਸੁਣਨ ਲਈ ਵੀ ਸਦੀਵੀ ਕਮੇਟੀ ਦਾ ਬਣਨਾ ਲਾਜ਼ਮੀ ਹੈ ਤਾਂ ਜੋ ਲੋਕ ਪਬਲਿਕ ਜਾਂ ਪ੍ਰੈੱਸ ਵਿੱਚ ਨਾ ਜਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਬੰਧੀ ਆਪਣੀ ਸ਼ਿਕਾਇਤ, ਇਤਰਾਜ਼ ਜਾਂ ਸ਼ੰਕੇ ਇਸ ਕਮੇਟੀ ਕੋਲ ਦਰਜ ਕਰਵਾ ਸਕਣ। ਉਸ ਕਮੇਟੀ ਨੂੰ ਵੀ ਉਸ ਸ਼ਿਕਾਇਤ ਦਾ ਪੂਰਾ ਨੋਟਿਸ ਲੈ ਕੇ ਬਣਦੀ ਕਾਰਵਾਈ ਜ਼ਰੂਰ ਕਰਨੀ ਪਵੇਗੀ। ਜਥੇਦਾਰ ਸਮੁੱਚੇ ਸਿੱਖ ਸਮਾਜ ਦੇ ਧਾਰਮਿਕ ਨੁਮਾਇੰਦੇ ਦੇ ਤੌਰ ’ਤੇ ਹਰ ਸਿੱਖ ਨੂੰ ਮਿਲ ਸਕਦੇ ਹਨ, ਚਾਹੇ ਉਹ ਸਿੱਖ ਕਿਸੇ ਵੀ ਰਾਜਨੀਤਕ ਪਾਰਟੀ ਨਾਲ ਸਬੰਧਿਤ ਹੋਵੇ।
ਜਿਥੋਂ ਤੱਕ ਸ਼੍ਰੋਮਣੀ ਅਕਾਲੀ ਦਲ ਵਲੋਂ ਕੀਤੀਆਂ ਗ਼ਲਤੀਆਂ ਦੀ ਗੱਲ ਹੈ ਉਸ ਉਤੇ ਪੰਜ ਜਥੇਦਾਰ ਸਾਹਿਬਾਨ ਨੂੰ ਮਿਲਕੇ ਮਿਸਾਲੀ ਫੈਸਲਾ ਲੈਣਾ ਚਾਹੀਦਾ ਹੈ। ਇਹ ਸਮਾਂ ਹੈ ਜਥੇਦਾਰ ਸਾਹਿਬਾਨ ਵਾਸਤੇ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਬਾਕੀ ਤਖ਼ਤ ਸਾਹਿਬਾਨ ਨੂੰ ਰਾਜਨੀਤਕ ਲੀਡਰਾਂ ਦੇ ਚੁੰਗਲ ’ਚੋਂ ਆਜ਼ਾਦ ਕਰਵਾਉਣ ਅਤੇ ਇਸ ਦਾ ਪੁਰਾਤਨ ਜਾਹੋ-ਜਲਾਲ ਮੁੜ ਸਥਾਪਿਤ ਕਰਨ। ਫੈਸਲਾ ਅਜਿਹਾ ਹੋਣਾ ਚਾਹੀਦਾ ਹੈ ਜਿਸ ਨਾਲ ਇਨ੍ਹਾਂ ਸਾਰੇ ਲੀਡਰਾਂ ਨੂੰ ਸੰਦੇਸ਼ ਸਾਫ ਜਾਵੇ ਕਿ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਦੀ ਆਪਣੇ ਹਿੱਤ ਲਈ ਦੁਰਵਰਤੋਂ ਕਰਨੀ ਉਨ੍ਹਾਂ ਲਈ ਕਿੰਨੀ ਨੁਕਸਾਨਦਾਇਕ ਹੋ ਸਕਦੀ ਹੈ। ਸਿੱਖ ਸੰਗਤ ਦੀ ਇਹ ਨੈਤਿਕ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਆਪਣੇ ਨਿੱਜੀ ਅਤੇ ਰਾਜਨੀਤਕ ਝਗੜਿਆਂ ਤੋਂ ਉੱਪਰ ਉਠ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਕਾਰ ਨੂੰ ਮੁੜ ਸਥਾਪਿਤ ਕਰਨ ਵਿੱਚ ਭੂਮਿਕਾ ਨਿਭਾਉਣ ਤਾਂ ਜੋ ਭਵਿੱਖ ਵਿੱਚ ਰਾਜਨੀਤਕ ਪਾਰਟੀਆਂ ਸਿਰਮੌਰ ਸਿੱਖ ਸੰਸਥਾਵਾਂ ਨੂੰ ਆਪਣੀ ਰਾਜਨੀਤੀ ਲਈ ਮੋਹਰਾ ਨਾ ਬਣਾਉਣ। ਸਿੱਖ ਧਰਮ ਇਕ ਸੰਗਤੀ ਧਰਮ ਹੈ ਅਤੇ ਸੰਗਤ ਦੀ ਰਜ਼ਾਮੰਦੀ ਨਾਲ ਲਏ ਗਏ ਫੈਸਲੇ ਇਕ ਕਦੀਮੀ ਫਾਸਲਾ ਤੈਅ ਕਰਦੇ ਹਨ। ਜਥੇਦਾਰ, ਸੰਗਤ ਦੇ ਫੈਸਲੇ ਨੂੰ ਲਾਗੂ ਕਰਨ ਲਈ ਜ਼ਿੰਮੇਵਾਰ ਹੋਵੇ। 1947 ਤੋਂ ਪਹਿਲਾਂ ਸਿੱਖ ਜ਼ਿਆਦਾਤਰ ਪੰਜਾਬ ਵਿੱਚ ਹੀ ਵਸਦੇ ਸਨ, ਪਰ 1947 ਤੋਂ ਬਾਅਦ ਸਿੱਖ ਪੂਰੇ ਭਾਰਤ ਅਤੇ ਪੂਰੇ ਵਿਸ਼ਵ ਵਿੱਚ ਫੈਲ ਗਏ ਹਨ। ਸਾਡੇ ਧਾਰਮਿਕ ਆਗੂਆਂ ਵਲੋਂ ਕੋਈ ਸਰਬ ਸਾਂਝਾ ਫੈਸਲਾ ਲੈਣ ਤੋਂ ਪਹਿਲਾਂ ਵਿਸ਼ਵ ਭਰ ਵਿੱਚ ਫੈਲੇ ਸਿੱਖ ਭਾਈਚਾਰੇ ਨੂੰ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ, ਤਾਂ ਜੋ ਪੰਜਾਬ ਵਿੱਚ ਲਏ ਗਏ ਕਿਸੇ ਵੀ ਫੈਸਲੇ ਦਾ ਵਿਦੇਸ਼ਾਂ ਵਿੱਚ ਰਹਿੰਦੇ ਸਿੱਖਾਂ ਉਤੇ ਕੋਈ ਬੁਰਾ ਅਸਰ ਨਹੀਂ ਪਵੇ। ਇਸ ਦੇ ਨਾਲ ਹੀ ਬਾਹਰ ਬੈਠੇ ਸਿੱਖਾਂ ਨੂੰ ਅਪੀਲ ਹੈ ਕਿ ਪੰਜਾਬ ਤੋਂ ਬਾਹਰ ਬੈਠ ਕੇ ਕੋਈ ਐਸੀ ਬਿਆਨਬਾਜ਼ੀ ਨਾ ਕਰਨ ਜਿਸ ਦਾ ਨੁਕਸਾਨ ਭਾਰਤ ਵਿੱਚ ਵਸਦੇ ਸਿੱਖਾਂ ਨੂੰ ਹੋਵੇ।
ਸਿੱਖ ਤਖ਼ਤ ਸਾਹਿਬਾਨ ਉਤੇ ਸਿੱਖਾਂ ਦੇ ਵਿਸ਼ਵਾਸ ਨਾਲ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਵੱਕਾਰ ਨੂੰ ਉਪਰ ਚੁੱਕਿਆ ਜਾ ਸਕਦਾ ਹੈ ਅਤੇ ਇਸ ਨਾਲ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਜਥੇਦਾਰਾਂ ਬਾਰੇ ਗ਼ਲਤ ਬਿਆਨੀ ਨੂੰ ਰੋਕਿਆ ਜਾ ਸਕਦਾ ਹੈ।
ਸੰਪਰਕ-98140-95308