ਨਵਦੀਪ ਸਿੰਘ ਗਿੱਲ
ਭਾਰਤ ਵਿੱਚ ਹਾਕੀ ਖੇਡਣ ਦਾ ਮੁੱਢ ਅੰਗਰੇਜ਼ੀ ਹਕੂਮਤ ਦੌਰਾਨ ਬੱਝਿਆ ਸੀ। ਮੁੱਢਲੇ ਸਮੇਂ ਵਿੱਚ ਅੰਗਰੇਜ਼ਾਂ ਦੀਆਂ ਫ਼ੌਜੀ ਛਾਉਣੀਆਂ ਨੇੜਲੇ ਇਲਾਕਿਆਂ ਵਿੱਚ ਇਹ ਖੇਡ ਮਕਬੂਲ ਹੋਈ ਜਿਨ੍ਹਾਂ ਵਿੱਚ ਜਲੰਧਰ, ਫਿਰੋਜ਼ਪੁਰ, ਝਾਂਸੀ, ਅਲਾਹਾਬਾਦ ਵੱਡੇ ਹਾਕੀ ਕੇਂਦਰ ਵਜੋਂ ਉੱਭਰੇ। ਬਿਟ੍ਰਿਸ਼ ਰਾਜ ਵਿੱਚ ਭਾਰਤ ਵੱਲੋਂ ਓਲੰਪਿਕ ਖੇਡਾਂ ਵਿੱਚ ਹਿੱਸਾ ਲੈਣਾ ਸ਼ੁਰੂ ਕੀਤਾ ਗਿਆ ਅਤੇ 1928 ਦੀਆਂ ਐਮਸਟਰਡਮ ਓਲੰਪਿਕ ਵਿੱਚ ਸੋਨ ਤਗ਼ਮਾ ਜਿੱਤ ਕੇ ਭਾਰਤ ਨੇ ਆਪਣਾ ਪਹਿਲਾ ਓਲੰਪਿਕ ਤਗ਼ਮਾ ਜਿੱਤਿਆ। ਹਾਲਾਂਕਿ ਭਾਰਤ ਨੂੰ ਗੌਲਫ ਤੇ ਕ੍ਰਿਕਟ ਵਾਂਗ ਹਾਕੀ ਖੇਡ ਬਰਤਾਨੀਆ ਤੋਂ ਮਿਲੀ ਸੀ, ਪਰ ਓਲੰਪਿਕ ਖੇਡਾਂ ਵਿੱਚ ਬਰਤਾਨੀਆ ਦੇ ਹਿੱਸਾ ਨਾ ਲੈਣ ਕਾਰਨ ਭਾਰਤ ਚੈਂਪੀਅਨ ਬਣਦਾ ਰਿਹਾ। ਭਾਰਤ ਵਿੱਚ ਹਾਕੀ ਪੂਰੇ ਪੈਰ ਪਸਾਰਨ ਲੱਗੀ। 1932 ਵਿੱਚ ਲਾਸ ਏਂਜਲਸ ਅਤੇ 1936 ਵਿੱਚ ਬਰਲਿਨ ਵਿਖੇ ਹੋਈਆਂ ਓਲੰਪਿਕ ਖੇਡਾਂ ਵਿੱਚ ਭਾਰਤ ਨੇ ਚੈਂਪੀਅਨ ਬਣ ਕੇ ਪਹਿਲੀ ਗੋਲਡਨ ਹੈਟ੍ਰਿਕ ਪੂਰੀ ਕੀਤੀ। ਧਿਆਨ ਚੰਦ ਨੂੰ ਹਾਕੀ ਦਾ ਜਾਦੂਗਰ ਆਖਿਆ ਜਾਣ ਲੱਗਾ ਜਿਸ ਦੀ ਖੇਡ ਤੋਂ ਜਰਮਨੀ ਦਾ ਤਾਨਾਸ਼ਾਹ ਹਿਟਲਰ ਵੀ ਬਹੁਤ ਪ੍ਰਭਾਵਿਤ ਹੋਇਆ ਸੀ। ਦੂਜੀ ਆਲਮੀ ਜੰਗ ਕਾਰਨ 1940 ਤੇ 1944 ਵਿੱਚ ਓਲੰਪਿਕ ਖੇਡਾਂ ਕਰਵਾਈਆਂ ਨਾ ਗਈਆਂ, ਨਹੀਂ ਤਾਂ ਭਾਰਤ ਅਤੇ ਧਿਆਨ ਚੰਦ ਦੇ ਰਿਕਾਰਡ ਹੋਰ ਵੀ ਬਿਹਤਰ ਹੋਣੇ ਸਨ।
ਦੇਸ਼ ਦੀ ਵੰਡ ਤੋਂ ਬਾਅਦ ਹਾਕੀ ਦਾ ਜ਼ਰਖ਼ੇਜ਼ ਇਲਾਕਾ ਭਾਰਤ ਤੇ ਪਾਕਿਸਤਾਨ ਦੋ ਮੁਲਕਾਂ ਵਿੱਚ ਵੰਡਿਆ ਗਿਆ ਜਿਸ ਦੇ ਸਿੱਟੇ ਵਜੋਂ ਓਲੰਪਿਕ ਜਾਂ ਵਿਸ਼ਵ ਕੱਪ ਜਿਹੇ ਮੁਕਾਬਲਿਆਂ ਦੇ ਸਿਖਰਲੇ ਮੈਚ ਭਾਰਤ ਤੇ ਪਾਕਿਸਤਾਨ ਵਿਚਾਲੇ ਖੇਡੇ ਜਾਣ ਲੱਗੇ, ਪਰ ਹਾਕੀ ਦੀ ਸਰਦਾਰੀ ਭਾਰਤ ਤੇ ਪਾਕਿਸਤਾਨ ਦੇ ਹੀ ਹੱਥ ਰਹੀ। 1948 ਵਿੱਚ ਲੰਡਨ ਵਿਖੇ ਹੋਈਆਂ ਓਲੰਪਿਕ ਖੇਡਾਂ ਵਿੱਚ ਬਰਤਾਨੀਆ ਨੇ 28 ਸਾਲਾਂ ਬਾਅਦ ਹਿੱਸਾ ਲਿਆ। ਭਾਰਤ ਨੇ ਬਰਤਾਨੀਆ ਨੂੰ ਹਰਾ ਕੇ ਸੋਨ ਤਮਗ਼ਾ ਜਿੱਤਿਆ ਅਤੇ ਪਹਿਲੀ ਵਾਰ ਤਿਰੰਗਾ ਝੰਡਾ ਓਲੰਪਿਕ ਵਿੱਚ ਲਹਿਰਾਇਆ ਗਿਆ। ਹਾਕੀ ਦੇ ਮਹਾਨ ਖਿਡਾਰੀ ਬਲਬੀਰ ਸਿੰਘ ਸੀਨੀਅਰ ਇਸ ਜਿੱਤ ਨੂੰ ਆਪਣੀ ਜ਼ਿੰਦਗੀ ਦਾ ਸਭ ਤੋਂ ਸੁਨਹਿਰੀ ਪਲ ਦੱਸਦੇ ਹਨ। 1952 ਦੀਆਂ ਹੇਲਸਿੰਕੀ ਓਲੰਪਿਕ ਖੇਡਾਂ ਦੇ ਫਾਈਨਲ ਵਿੱਚ ਬਲਬੀਰ ਸਿੰਘ ਸੀਨੀਅਰ ਨੇ ਹਾਲੈਂਡ ਖ਼ਿਲਾਫ਼ 6-1 ਦੀ ਜਿੱਤ ਵਿੱਚ ਪੰਜ ਗੋਲ ਦਾਗੇ ਜੋ ਕਿ ਗਿੰਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਵਿੱਚ ਰਿਕਾਰਡ ਵਜੋਂ ਦਰਜ ਹੋਇਆ। ਹਾਕੀ ਫਾਈਨਲ ਵਿੱਚ ਪੰਜ ਗੋਲ ਕਰਨ ਦਾ ਰਿਕਾਰਡ ਓਲੰਪਿਕ ਖੇਡਾਂ ਦੇ ਇਤਿਹਾਸ ਦਾ ਸਭ ਤੋਂ ਪੁਰਾਣਾ ਰਿਕਾਰਡ ਹੈ ਜੋ ਕਿ ਹੁਣ ਤੱਕ ਨਹੀਂ ਟੁੱਟਿਆ। 1956 ਵਿੱਚ ਮੈਲਬਰਨ, 1960 ਵਿੱਚ ਰੋਮ ਅਤੇ 1964 ਵਿੱਚ ਟੋਕੀਓ ਵਿਖੇ ਓਲੰਪਿਕ ਖੇਡਾਂ ਦੇ ਤਿੰਨੋਂ ਫਾਈਨਲ ਭਾਰਤ ਤੇ ਪਾਕਿਸਤਾਨ ਵਿਚਾਲੇ ਖੇਡੇ ਗਏ। ਭਾਰਤ ਨੇ ਦੋ ਵਾਰ ਅਤੇ ਪਾਕਿਸਤਾਨ ਨੇ ਇੱਕ ਵਾਰ ਫਾਈਨਲ ਜਿੱਤਿਆ। ਇਹ ਦੋਵੇਂ ਗੁਆਂਢੀ ਮੁਲਕਾਂ ਦੀ ਹਾਕੀ ਦਾ ਸਿਖਰਲਾ ਦੌਰ ਸੀ।
ਭਾਰਤ ਨੇ ਓਲੰਪਿਕ ਖੇਡਾਂ ਵਿੱਚ ਸਭ ਤੋਂ ਵੱਧ ਅੱਠ ਸੋਨ ਤਗ਼ਮੇ ਜਿੱਤੇ ਹਨ। 1928 ਤੋਂ 1964 ਤੱਕ ਲਗਾਤਾਰ ਅੱਠ ਵਾਰ ਤਾਂ ਭਾਰਤੀ ਹਾਕੀ ਟੀਮ ਨੇ ਓਲੰਪਿਕ ਖੇਡਾਂ ਦਾ ਫਾਈਨਲ ਖੇਡਿਆ ਅਤੇ 1928 ਤੋਂ 1972 ਤੱਕ ਲਗਾਤਾਰ 10 ਵਾਰ ਭਾਰਤ ਨੇ ਓਲੰਪਿਕ ਖੇਡਾਂ ਵਿੱਚ ਕੋਈ ਨਾ ਕੋਈ ਤਗ਼ਮਾ ਜ਼ਰੂਰ ਜਿੱਤਿਆ। ਹਾਕੀ ਵਿਸ਼ਵ ਕੱਪ ਦੀ ਸ਼ੁਰੂਆਤ 1971 ਵਿੱਚ ਹੋਈ ਅਤੇ ਪਹਿਲੇ ਤਿੰਨ ਵਿਸ਼ਵ ਕੱਪ ਮੁਕਾਬਲਿਆਂ ਵਿੱਚ ਭਾਰਤ ਨੇ ਤਗ਼ਮੇ ਜਿੱਤੇ ਅਤੇ ਤਿੰਨੋਂ ਹੀ ਵੱਖ-ਵੱਖ ਰੰਗ: ਸੋਨੇ, ਚਾਂਦੀ ਤੇ ਕਾਂਸੀ ਦੇ ਤਗ਼ਮੇ ਸਨ। 1975 ਹਾਕੀ ਵਿਸ਼ਵ ਕੱਪ ਦਾ ਫਾਈਨਲ ਵੀ ਭਾਰਤ ਤੇ ਪਾਕਿਸਤਾਨ ਵਿਚਾਲੇ ਖੇਡਿਆ ਗਿਆ ਜਿਸ ਵਿੱਚ ਭਾਰਤ ਨੇ ਅਜੀਤ ਪਾਲ ਸਿੰਘ ਦੀ ਕਪਤਾਨੀ ਹੇਠ ਜਿੱਤ ਦਰਜ ਕੀਤੀ ਸੀ। ਕਿਸੇ ਵਿਸ਼ਵ ਪੱਧਰੀ ਮੁਕਾਬਲੇ ਵਿੱਚ ਇਹ ਆਖ਼ਰੀ ਮੌਕਾ ਸੀ ਜਦੋਂ ਭਾਰਤ ਤੇ ਪਾਕਿਸਤਾਨ ਵਿਚਾਲੇ ਫਾਈਨਲ ਖੇਡਿਆ ਗਿਆ ਸੀ।
ਸੱਤਰ੍ਹਵਿਆਂ ਤੱਕ ਭਾਰਤ ਤੇ ਪਾਕਿਸਤਾਨ ਦਾ ਵਿਸ਼ਵ ਹਾਕੀ ਉਪਰ ਦਬਦਬਾ ਰਿਹਾ। ਸਮਾਂ ਬੀਤਣ ਨਾਲ ਹਾਕੀ ਖੇਡ ਵਿੱਚ ਆਏ ਬਦਲਾਅ ਅਤੇ ਨਵੇਂ ਨਿਯਮਾਂ ਨਾਲ ਭਾਰਤੀ ਹਾਕੀ ਨਿਵਾਣ ਵੱਲ ਜਾਣੀ ਸ਼ੁਰੂ ਹੋ ਗਈ। ਹਾਕੀ ਘਾਹ ਵਾਲੇ ਮੈਦਾਨ ਦੀ ਬਜਾਏ ਐਸਟ੍ਰੋਟਰਫ ਉੱਪਰ ਖੇਡੀ ਜਾਣ ਲੱਗੀ। ਆਫਸਾਈਡ ਦਾ ਨਿਯਮ ਬੰਦ ਹੋਣ ਨਾਲ ਡਰਿਬਲਿੰਗ ਵਾਲੀ ਸਕਿੱਲ ਭਰਪੂਰ ਹਾਕੀ ਦੀ ਵੁੱਕਤ ਘਟਣ ਲੱਗੀ। ਪੈਨਲਟੀ ਕਾਰਨਰ ਦੇ ਨਿਯਮ ਬਦਲਣ ਨਾਲ ਹਿੱਟ ਦੀ ਬਜਾਏ ਡਰੈਗ ਫਲਿੱਕ ਦੀ ਵਰਤੋਂ ਸ਼ੁਰੂ ਹੋ ਗਈ। ਇਸ ਬਦਲਦੇ ਦੌਰ ਵਿੱਚ ਯੂਰੋਪੀਅਨ ਟੀਮਾਂ ਅਤੇ ਆਸਟਰੇਲੀਆ ਨੇ ਵਿਸ਼ਵ ਹਾਕੀ ਉਪਰ ਆਪਣੀ ਸਰਦਾਰੀ ਕਾਇਮ ਕਰ ਲਈ।
ਅੱਸੀਵਿਆਂ ਤੋਂ ਬਾਅਦ ਭਾਰਤੀ ਹਾਕੀ ਵੱਡੇ ਮੁਕਾਬਲਿਆਂ ਵਿੱਚ ਜੂਝਣ ਲੱਗੀ। ਇਸ ਸਮੇਂ ਦੌਰਾਨ ਕੁਝ ਕੁ ਮੌਕੇ ਅਜਿਹੇ ਆਏ ਜਦੋਂ ਜਾਪਣ ਲੱਗਿਆ ਕਿ ਹੁਣ ਭਾਰਤੀ ਟੀਮ ਵਾਪਸੀ ਕਰ ਰਹੀ ਹੈ ਜਿਵੇਂ ਕਿ 1980 ਵਿੱਚ ਮਾਸਕੋ ਵਿਖੇ ਓਲੰਪਿਕ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਣਾ, 1982 ਵਿੱਚ ਚੈਂਪੀਅਨਜ਼ ਟਰਾਫੀ ਵਿੱਚ ਕਾਂਸੀ ਦਾ ਤਗ਼ਮਾ ਜਿੱਤਣਾ, 1998 ਵਿੱਚ ਏਸ਼ਿਆਈ ਖੇਡਾਂ ਦਾ ਸੋਨ ਤਮਗ਼ਾ ਜਿੱਤਣਾ, 2000 ਸਿਡਨੀ ਓਲੰਪਿਕ ਖੇਡਾਂ ਵਿੱਚ ਸੈਮੀ ਫਾਈਨਲ ਦੇ ਨੇੜੇ ਤੱਕ ਪੁੱਜਣਾ, 2001 ਵਿੱਚ ਜੂਨੀਅਰ ਵਿਸ਼ਵ ਕੱਪ ਤੇ 2003 ਵਿੱਚ ਏਸ਼ੀਆ ਕੱਪ ਜਿੱਤਣਾ। ਕੋਈ ਸਮਾਂ ਅਜਿਹਾ ਵੀ ਆਇਆ ਜਦੋਂ ਖੇਡ ਪ੍ਰੇਮੀਆਂ ਨੂੰ ਮਹਿਸੂਸ ਹੋਣ ਲੱਗਿਆ ਕਿ ਹੁਣ ਭਾਰਤ ਦੇ ਹਾਕੀ ਵਿੱਚ ਦਿਨ ਪੁੱਗ ਗਏ। 1986 ਦੇ ਵਿਸ਼ਵ ਕੱਪ ਵਿੱਚ ਭਾਰਤ ਆਖ਼ਰੀ ਸਥਾਨ 12ਵੇਂ ਨੰਬਰ ਉੱਤੇ ਆਇਆ। ਭਾਰਤ ਨਾਲ ਕਿਸੇ ਵੇਲੇ ਫਾਈਨਲ ਖੇਡਣ ਵਾਲਾ ਪਾਕਿਸਤਾਨ 11ਵੇਂ ਸਥਾਨ ਉੱਤੇ ਸੀ। 2001 ਵਿੱਚ ਜੂਨੀਅਰ ਵਿਸ਼ਵ ਕੱਪ ਜਿੱਤਣ ਤੋਂ ਲੈ ਕੇ 2003 ਵਿੱਚ ਸੀਨੀਅਰ ਏਸ਼ੀਆ ਕੱਪ ਦੀ ਜਿੱਤ ਤੱਕ ਭਾਰਤੀ ਹਾਕੀ ਚੰਗੇ ਦੌਰ ਵਿੱਚ ਪਰਤ ਰਹੀ ਸੀ, ਪਰ ਉਸ ਵੇਲੇ ਭਾਰਤੀ ਹਾਕੀ ਫੈਡਰੇਸ਼ਨ ਦੇ ਮੌਕੇ ਦੇ ਅਧਿਕਾਰੀਆਂ ਨੇ ਖਿਡਾਰੀਆਂ ਅਤੇ ਫਿਰ ਕੋਚ ਦੀ ਅਜਿਹੀ ਛੁੱਟੀ ਕੀਤੀ ਕਿ ਭਾਰਤੀ ਹਾਕੀ ਦੀ ਕਿਸਮਤ ਹੀ ਰੁੱਸ ਗਈ। 2006 ਵਿੱਚ ਭਾਰਤ ਪਹਿਲੀ ਵਾਰ ਚੀਨ ਹੱਥੋਂ ਹਾਰਨ ਕਰਕੇ ਏਸ਼ਿਆਈ ਖੇਡਾਂ ਵਿੱਚ ਪਹਿਲੀ ਵਾਰ ਖਾਲੀ ਹੱਥ ਪਰਤਿਆ। 2008 ਵਿੱਚ ਪਹਿਲੀ ਵਾਰ ਪੇਈਚਿੰਗ ਵਿੱਚ ਹੋਈਆਂ ਓਲੰਪਿਕ ਖੇਡਾਂ ਲਈ ਭਾਰਤ ਕੁਆਲੀਫਾਈ ਨਾ ਕਰ ਸਕਿਆ। 2010 ਵਿੱਚ ਰਾਸ਼ਟਰਮੰਡਲ ਖੇਡਾਂ ਦੇ ਚਾਂਦੀ ਦੇ ਤਗ਼ਮੇ ਅਤੇ 2011 ਵਿੱਚ ਚੀਨ ਵਿਖੇ ਖੇਡੀ ਗਈ ਪਹਿਲੀ ਏਸ਼ੀਅਨ ਚੈਂਪੀਅਨਜ਼ ਟਰਾਫੀ ਦੀ ਜਿੱਤ ਨੇ ਹਾਕੀ ਪ੍ਰੇਮੀਆਂ ਦੇ ਅੱਲੇ ਜ਼ਖਮਾਂ ਉੱਤੇ ਮੱਲ੍ਹਮ ਲਾਉਣ ਦਾ ਕੰਮ ਕੀਤਾ।
ਹਾਕੀ ਦਾ ਮੌਜੂਦਾ ਦੌਰ ਪਿਛਲੇ ਪੰਜ ਦਹਾਕਿਆਂ ਵਿੱਚ ਭਾਰਤੀ ਹਾਕੀ ਦਾ ਸਭ ਤੋਂ ਸੁਨਹਿਰੀ ਦੌਰ ਹੈ। ਤਕਰੀਬਨ ਪਿਛਲੇ ਇਕ ਦਹਾਕੇ ਵਿੱਚ ਭਾਰਤ ਨੇ ਵੱਡੇ ਮੁਕਾਬਲਿਆਂ ਵਿੱਚ ਮੁੜ ਛਾਪ ਛੱਡਣੀ ਸ਼ੁਰੂ ਕੀਤੀ ਹੈ। 2014 ਦੀਆਂ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਣ ਤੋਂ ਬਾਅਦ 2016 ਵਿੱਚ ਜੂਨੀਅਰ ਵਿਸ਼ਵ ਕੱਪ ਜਿੱਤਿਆ। ਐਫ.ਆਈ.ਐਚ. ਵੱਲੋਂ ਸ਼ੁਰੂ ਕੀਤੀ ਹਾਕੀ ਵਿਸ਼ਵ ਲੀਗ ਵਿੱਚ ਭਾਰਤ ਨੇ 2014-15 ਅਤੇ 2016-17 ਵਿੱਚ ਦੋ ਕਾਂਸੀ ਦੇ ਤਮਗ਼ੇ ਜਿੱਤੇ। 2016 ਤੇ 2018 ਵਿੱਚ ਲਗਾਤਾਰ ਦੋ ਵਾਰ ਚੈਂਪੀਅਨਜ਼ ਟਰਾਫੀ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। ਚੈਂਪੀਅਨਜ਼ ਟਰਾਫ਼ੀ ਦੇ ਇਤਿਹਾਸ ਵਿੱਚ ਭਾਰਤ ਨੇ ਪਹਿਲੀ ਵਾਰ ਫਾਈਨਲ ਖੇਡਿਆ ਅਤੇ 1982 ਤੋਂ ਬਾਅਦ ਕੋਈ ਤਗ਼ਮਾ ਜਿੱਤਿਆ। 2016 ਤੇ 2018 ਵਿੱਚ ਲਗਾਤਾਰ ਦੋ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਸੋਨ ਤਗ਼ਮਾ ਜਿੱਤਿਆ। 2017 ਵਿੱਚ ਏਸ਼ੀਆ ਕੱਪ ਜਿੱਤਿਆ।
ਇਹ ਉਹ ਸਮਾਂ ਸੀ ਜਦੋਂ ਭਾਰਤੀ ਹਾਕੀ ਵਿਸ਼ਵ ਦੇ ਵੱਡੇ ਟੂਰਨਾਮੈਂਟ ਜਿੱਤਣ ਲੱਗੀ। ਭਾਰਤ ਨੂੰ ਸਿਰਫ਼ ਓਲੰਪਿਕ ਤੇ ਵਿਸ਼ਵ ਕੱਪ ਦੇ ਤਗ਼ਮੇ ਦੀ ਕਮੀ ਸੀ। 1980 ਮਾਸਕੋ ਓਲੰਪਿਕਸ ਤੋਂ ਬਾਅਦ ਭਾਰਤ ਹਾਕੀ ਟੀਮ ਨੇ ਓਲੰਪਿਕ ਖੇਡਾਂ ਵਿੱਚ ਕੋਈ ਤਗ਼ਮਾ ਨਹੀਂ ਜਿੱਤਿਆ ਸੀ। ਇੱਥੋਂ ਤੱਕ ਕਿ ਭਾਰਤ ਸੈਮੀ ਫਾਈਨਲ ਤੱਕ ਪੁੱਜਣ ਵਿੱਚ ਵੀ ਸਫਲ ਨਹੀਂ ਹੋ ਰਿਹਾ ਸੀ। ਕੋਵਿਡ ਮਹਾਮਾਰੀ ਕਾਰਨ 2021 ਵਿੱਚ ਟੋਕੀਓ ਵਿਖੇ ਇੱਕ ਸਾਲ ਦੇਰ ਨਾਲ ਹੋਈਆਂ ਓਲੰਪਿਕ ਖੇਡਾਂ ਵਿੱਚ ਭਾਰਤੀ ਹਾਕੀ ਟੀਮ ਨੇ ਖੇਡ ਪ੍ਰੇਮੀਆਂ ਦਾ ਇਹ ਉਲਾਂਭਾ ਵੀ ਲਾਹੁੰਦਿਆਂ ਪਹਿਲਾਂ ਸੈਮੀ ਫਾਈਨਲ ਵਿੱਚ ਦਾਖਲਾ ਪਾਇਆ ਅਤੇ ਕਪਤਾਨ ਮਨਪ੍ਰੀਤ ਸਿੰਘ ਦੀ ਅਗਵਾਈ ਹੇਠ ਕਾਂਸੀ ਦਾ ਤਮਗ਼ਾ ਜਿੱਤ ਕੇ 41 ਸਾਲ ਦਾ ਸੋਕਾ ਖ਼ਤਮ ਕੀਤਾ। ਟੋਕੀਓ ਓਲੰਪਿਕ ਦੀ ਜਿੱਤ ਨੇ ਭਾਰਤੀ ਹਾਕੀ ਵਿੱਚ ਨਵੀਂ ਰੂਹ ਫੂਕ ਦਿੱਤੀ। ਹਾਕੀ ਵਿੱਚ ਭਲੇ ਦਿਨ ਯਾਦ ਆਉਣ ਲੱਗੇ। 2016 ਵਿੱਚ ਜੂਨੀਅਰ ਵਿਸ਼ਵ ਕੱਪ ਜਿੱਤਣ ਵਾਲੀ ਟੀਮ ਦੇ ਬਹੁਤੇ ਖਿਡਾਰੀ ਸੀਨੀਅਰ ਟੀਮ ਦਾ ਹਿੱਸਾ ਸਨ।
2021-22 ਵਿੱਚ ਐਫ.ਆਈ.ਐਚ. ਪ੍ਰੋ-ਲੀਗ ਜਿਸ ਵਿੱਚ ਵਿਸ਼ਵ ਦੀਆਂ ਸਿਖਰਲੀਆਂ 10 ਟੀਮਾਂ ਖੇਡਦੀਆਂ ਹਨ, ਵਿੱਚ ਭਾਰਤ ਨੇ ਪਹਿਲੀ ਵਾਰ ਸੋਨ ਤਗ਼ਮਾ ਜਿੱਤਿਆ। 2022 ਵਿੱਚ ਬਰਮਿੰਘਮ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ। 2022-23 ਵਿੱਚ ਪ੍ਰੋ-ਲੀਗ ਵਿੱਚ ਚੌਥੇ ਸਥਾਨ ਉੱਤੇ ਰਿਹਾ। 2021 ਤੇ 2023 ਵਿੱਚ ਜੂਨੀਅਰ ਵਿਸ਼ਵ ਕੱਪ ਦੇ ਸੈਮੀ ਫਾਈਨਲ ਤੱਕ ਪੁੱਜਾ ਅਤੇ ਚੌਥੇ ਸਥਾਨ ਉੱਤੇ ਰਿਹਾ। 2023 ਵਿੱਚ ਚੇਨੱਈ ਵਿਖੇ ਹੋਈ ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਸੋਨ ਤਗ਼ਮਾ ਜਿੱਤਿਆ। ਇਸੇ ਸਾਲ ਹਾਂਗਜ਼ੂ ਵਿਖੇ ਏਸ਼ਿਆਈ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਿਆ। ਭਾਰਤ ਨੇ ਏਸ਼ਿਆਈ ਟੀਮਾਂ ਨੂੰ ਵੱਡੇ ਫ਼ਰਕ ਨਾਲ ਹਰਾਇਆ। ਪਾਕਿਸਤਾਨ ਖ਼ਿਲਾਫ਼ 10-2 ਦੀ ਵੱਡੀ ਜਿੱਤ ਦਰਜ ਕੀਤੀ। ਹਾਲਾਂਕਿ ਇਸ ਸਾਲ ਭੁਬਨੇਸ਼ਵਰ ਵਿਖੇ ਖੇਡੇ ਗਏ ਵਿਸ਼ਵ ਕੱਪ ਵਿੱਚ ਭਾਰਤੀ ਟੀਮ ਨੌਕ ਆਊਟ ਦੌਰ ਵਿੱਚ ਨਹੀਂ ਪੁੱਜ ਸਕੀ।
ਮੌਜੂਦਾ ਸਾਲ 2024 ਵਿੱਚ ਭਾਰਤ ਅੱਗੇ ਪੈਰਿਸ ਓਲੰਪਿਕ ਸੀ। 52 ਵਰ੍ਹਿਆਂ ਬਾਅਦ ਲਗਾਤਾਰ ਦੋ ਓਲੰਪਿਕ ਤਗ਼ਮੇ ਜਿੱਤਣ ਦੀ ਚੁਣੌਤੀ ਭਾਰਤ ਸਾਹਮਣੇ ਸੀ। ਯੂਰੋਪੀਅਨ ਹਾਲਾਤ ਵਿੱਚ ਖੇਡੀਆਂ ਓਲੰਪਿਕ ਖੇਡਾਂ ਵਿੱਚ ਭਾਰਤ ਇਕਲੌਤਾ ਏਸ਼ਿਆਈ ਮੁਲਕ ਸੀ। ਓਲੰਪਿਕ ਤੇ ਵਿਸ਼ਵ ਕੱਪ ਜਿੱਤਣ ਵਾਲਾ ਪਾਕਿਸਤਾਨ ਓਲੰਪਿਕ ਤੋਂ ਬਾਹਰ ਸੀ। ਪਿਛਲੀ ਓਲੰਪਿਕ ਦੇ ਸੋਨੇ ਤੇ ਚਾਂਦੀ ਦੇ ਤਗ਼ਮਾ ਜੇਤੂ ਮੁਲਕ ਬੈਲਜੀਅਮ ਤੇ ਆਸਟਰੇਲੀਆ ਤਗ਼ਮੇ ਦੀ ਦੌੜ ਵਿੱਚੋਂ ਬਾਹਰ ਹੋ ਗਏ। ਸਿਰਫ਼ ਭਾਰਤ ਹੀ ਇਕੱਲਾ ਪਿਛਲਾ ਤਗ਼ਮਾ ਜੇਤੂ ਮੁਲਕ ਦੌੜ ਵਿੱਚ ਸੀ। ਭਾਰਤ ਨੇ ਕਪਤਾਨ ਹਰਮਨਪ੍ਰੀਤ ਸਿੰਘ ਦੀ ਅਗਵਾਈ ਵਿੱਚ ਪੈਰਿਸ ਵਿਖੇ ਕਾਂਸੀ ਦਾ ਤਗ਼ਮਾ ਜਿੱਤ ਕੇ ਇਤਿਹਾਸ ਸਿਰਜਦਿਆਂ 52 ਸਾਲ ਬਾਅਦ ਲਗਾਤਾਰ ਦੋ ਤਗ਼ਮੇ ਜਿੱਤੇ। ਐਸਟ੍ਰੋਟਰਫ ਦੇ ਇਤਿਹਾਸ ਵਿੱਚ ਭਾਰਤ ਨੇ ਪਹਿਲੀ ਵਾਰ ਆਸਟਰੇਲੀਆ ਨੂੰ ਓਲੰਪਿਕ ਖੇਡਾਂ ਵਿੱਚ ਹਰਾਇਆ।
ਚੀਨ ਦੇ ਸ਼ਹਿਰ ਹੁਲੂਨਬਿਓਰ ਵਿਖੇ ਹਾਲ ਹੀ ਵਿਖੇ ਖੇਡੀ ਗਈ ਏਸ਼ੀਅਨ ਚੈਂਪੀਅਨਜ਼ ਟਰਾਫੀ ਵਿੱਚ ਭਾਰਤ ਨੇ ਸੱਤੇ ਮੈਚਾਂ ਵਿੱਚ ਜੇਤੂ ਰਹਿੰਦਿਆਂ ਸ਼ਾਨ ਨਾਲ ਸੋਨ ਤਮਗ਼ਾ ਜਿੱਤਿਆ ਅਤੇ ਪੰਜਵੀਂ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫੀ ਜਿੱਤੀ। ਭਾਰਤ ਦਾ ਕਪਤਾਨ ਹਰਮਨਪ੍ਰੀਤ ਸਿੰਘ ਪਲੇਅਰ ਆਫ ਦਿ ਟੂਰਨਾਮੈਂਟ ਐਲਾਨਿਆ ਗਿਆ। ਏਸ਼ੀਆ ਪੱਧਰ ਉੱਤੇ ਇਹ ਭਾਰਤ ਦਾ 12ਵਾਂ ਖਿਤਾਬ ਸੀ। ਪੰਜ ਵਾਰ ਏਸ਼ੀਅਨ ਚੈਂਪੀਅਨਜ਼ ਟਰਾਫੀ, ਚਾਰ ਵਾਰ ਏਸ਼ਿਆਈ ਖੇਡਾਂ ਤੇ ਤਿੰਨ ਵਾਰ ਏਸ਼ੀਆ ਕੱਪ ਜਿੱਤਿਆ ਹੈ।
ਭਾਰਤੀ ਹਾਕੀ ਨੂੰ ਸੁਨਹਿਰੀ ਦੌਰ ਵਿੱਚ ਪਰਤਾਉਣ ਵਾਲੇ ਮੌਜੂਦਾ ਸਮੇਂ ਦੇ ਖਿਡਾਰੀ ਵੀ ਵੱਡੇ ਮਾਅਰਕੇ ਮਾਰ ਰਹੇ ਹਨ। 2019 ਵਿੱਚ ਮਨਪ੍ਰੀਤ ਸਿੰਘ, 2020-21 ਤੇ 2022 ਵਿੱਚ ਦੋ ਵਾਰ ਹਰਮਨਪ੍ਰੀਤ ਸਿੰਘ ਅਤੇ 2023 ਵਿੱਚ ਹਾਰਦਿਕ ਸਿੰਘ ਐਫ.ਆਈ.ਐਚ. ਵੱਲੋਂ ਸਾਲ ਦੇ ਵਿਸ਼ਵ ਦੇ ਸਰਵੋਤਮ ਖਿਡਾਰੀ ਐਲਾਨੇ ਗਏ। ਮਨਪ੍ਰੀਤ ਸਿੰਘ ਤੇ ਸ੍ਰੀਜੇਸ਼ ਨੇ ਚੌਥੀ-ਚੌਥੀ ਓਲੰਪਿਕ ਖੇਡੀ। ਹਰਮਨਪ੍ਰੀਤ ਸਿੰਘ ਨੇ 200 ਗੋਲਾਂ ਦਾ ਅੰਕੜਾ ਪਾਰ ਕੀਤਾ ਅਤੇ ਉਹ ਧਿਆਨ ਚੰਦ ਤੇ ਬਲਬੀਰ ਸਿੰਘ ਸੀਨੀਅਰ ਤੋਂ ਬਾਅਦ ਇਹ ਪ੍ਰਾਪਤੀ ਕਰਨ ਵਾਲਾ ਤੀਜਾ ਭਾਰਤੀ ਅਤੇ ਵਿਸ਼ਵ ਹਾਕੀ ਦਾ 12ਵਾਂ ਖਿਡਾਰੀ ਬਣਿਆ। ਭਾਰਤੀ ਹਾਕੀ ਅੱਗੇ ਹੁਣ ਇੱਕੋ ਚੁਣੌਤੀ ਵਿਸ਼ਵ ਕੱਪ ਵਿੱਚ ਤਗ਼ਮਾ ਜਿੱਤਣਾ ਹੈ। 1975 ਤੋਂ ਬਾਅਦ ਭਾਰਤ ਨੇ ਵਿਸ਼ਵ ਕੱਪ ਵਿੱਚ ਕੋਈ ਤਗ਼ਮਾ ਨਹੀਂ ਜਿੱਤਿਆ। ਇਹ ਕਮੀ ਪੂਰੀ ਕਰਨ ਦਾ ਹੁਣ ਸੁਨਹਿਰੀ ਸਮਾਂ ਹੈ।
ਸੰਪਰਕ: 97800-36216