ਇੱਕ ਸੰਸਥਾ ਦੇ ਨਾਲ ਚਲਦਿਆਂ ਚਲਦਿਆਂ ਮਨੁੱਖ ਦੇ ਤੌਰ ਤਰੀਕੇ ਉਸ ਸੰਸਥਾ ਦੀ ਆਤਮਾ ਨਾਲ ਰਲਗੱਡ ਹੋਣਾ ਸੁਭਾਵਿਕ ਹੈ। ‘ਪੰਜਾਬੀ ਟ੍ਰਿਬਿਊਨ’ ਸ਼ੁਰੂ ਹੋਣ ਤੋਂ ਪਹਿਲਾਂ ਮੈਂ ਅੰਗਰੇਜ਼ੀ ਅਖ਼ਬਾਰ ਹੀ ਪੜ੍ਹਿਆ ਕਰਦਾ ਸੀ। ਜਦ ਇਹ ਸ਼ੁਰੂ ਹੋਇਆ ਤਾਂ ਮੈਂ ਪੰਜਾਬ ਛੱਡ ਚੁੱਕਾ ਸੀ। ਵਿੱਚ ਵਿਚਾਲੇ ਗੇੜਾ ਮਾਰਨਾ ਤਾਂ ਇਸ ਨੂੰ ਪੜ੍ਹ ਕੇ ਚੰਗਾ ਲੱਗਦਾ ਸੀ ਕਿ ਮਾਂ-ਬੋਲੀ ਵਿੱਚ ਵੀ ਕੋਈ ਅਜਿਹਾ ਅਖ਼ਬਾਰ ਹੈ ਜਿਹੜਾ ਇਸ ਦੀਆਂ ਲੋੜਾਂ ਪੂਰੀਆਂ ਕਰਨ ਦੇ ਨਾਲ ਨਾਲ ਪੰਜਾਬ ਦੇ ਚਲੰਤ ਸਮਾਜਿਕ ਅਤੇ ਸਿਆਸੀ ਮਸਲਿਆਂ ’ਤੇ ਵੀ ਲਿਖਦਾ ਹੈ। ਵੀਹ ਸਾਲ ਬਾਅਦ ਪਰਤਿਆ ਤਾਂ ਫਿਰ ਕੋਈ ਚਾਰ ਕੁ ਸਾਲ ਲਗਾਤਾਰ ਪੜ੍ਹਨ ਦਾ ਸਬੱਬ ਬਣਿਆ ਰਿਹਾ। ਕੋਈ ਦਸ ਕੁ ਸਾਲ ਦਾ ਵਿਘਨ ਫੇਰ ਪੈ ਗਿਆ। ਹੁਣ ਮੈਂ ਰਿਟਾਇਰ ਹੋ ਚੁੱਕਾ ਸੀ। ਇਸ ਦੇ ਵਸੀਹ ਲੇਖਾਂ ਸਦਕਾ ਮੇਰਾ ਸਮਾਂ ਵਧੀਆ ਲੰਘਣ ਲੱਗਾ। ਹੌਲੀ ਹੌਲੀ ਅੰਦਰੋਂ ਆਵਾਜ਼ ਉੱਠਣ ਲੱਗੀ ਕਿ ਤੂੰ ਵੀ ਚਿੱਠੀ ਲਿਖ ਕੇ ਦੇਖ ਲੈ, ਹੋ ਸਕਦੈ ਤੇਰਾ ਵੀ ਨਾਂ ਅਖ਼ਬਾਰ ਵਿੱਚ ਛਪ ਜਾਵੇ। ਮੈਂ ਕਈ ਚਿੱਠੀਆਂ ਲਿਖੀਆਂ, ਪਰ ਨਾ ਛਪਣ ਕਰਕੇ ਥੋੜ੍ਹਾ ਨਿਰਾਸ਼ ਹੋਇਆ। ਕਦੇ ਤਾਂ ਛਾਪਣਗੇ ਦੇ ਖ਼ਿਆਲ ਨੇ ਟਿਕਣ ਨਾ ਦਿੱਤਾ। ਇੱਕ ਦਿਨ ‘ਪਾਠਕਾਂ ਦੇ ਖ਼ਤ’ ਵਿੱਚ ਨਾਂ ਛਪ ਹੀ ਗਿਆ। ਉਹ ਚਾਅ ਚੜ੍ਹਿਆ ਕਿ ਬਸ ਪੁੱਛੋ ਕੁਝ ਨਾ। ਮੇਰੇ ਤੋਂ ਵੱਡਾ ਮੇਰਾ ਚਚੇਰਾ ਭਰਾ ਕਦੇ ਫੋਨ ਕਰ ਕੇ ਆਖਦਾ; ‘‘ਜਗਰੂਪ, ਅੱਜ ਤੇਰਾ ਖ਼ਤ ਬਾਕਸ ਵਿੱਚ ਲਾਇਐ’’ ਤਾਂ ਥੋੜ੍ਹਾ ਹੋਰ ਚੰਗਾ ਲੱਗਦਾ। ਆਪਣੀ ਲਿਖਣ ਕਲਾ ’ਤੇ ਭਰੋਸਾ ਵਧਣ ਲੱਗਿਆ ਸੀ। ਇੱਕ ਦਿਨ ਮਿਡਲ ਕਾਲਮ ਲਈ ਲਿਖਿਆ ਹੋਇਆ ਮੈਟਰ ਮੇਲ ਕਰ ਦਿੱਤਾ। ਉਹ ਮਿਡਲ ‘ਅੰਗਰੇਜ਼ੀ ਦਾ ਜਾਦੂ’ ਵਜੋਂ ਛਪ ਗਿਆ। ਸਵੇਰ ਦੀ ਸੈਰ ਤੋਂ ਵਾਪਸ ਆਉਣ ਤੋਂ ਪਹਿਲਾਂ ਹੀ ਫੋਨ ਦੀ ਘੰਟੀ ਖੜਕਣੀ ਸ਼ੁਰੂ ਹੋ ਗਈ। ਫੇਰ ਇੱਕ ਮਿਡਲ ਅਜਿਹਾ ਛਪਿਆ ਕਿ ਮੈਨੂੰ ਦੁਪਹਿਰੇ ਆਰਾਮ ਕਰਨ ਲਈ ਫੋਨ ਬੰਦ ਕਰਨਾ ਪਿਆ ਤੇ ਮਿਸਡ ਕਾਲਾਂ ਦਾ ਜਵਾਬ ਦੇਣ ਵੇਲੇ ਮੁਆਫ਼ੀ ਮੰਗਣੀ ਪਈ। ਪਾਠਕ ਜਦ ਇਹ ਕਹਿੰਦੇ ਕਿ ‘ਤੁਸੀਂ ਤਾਂ ਮੇਰੀ ਹੀ ਕਹਾਣੀ ਲਿਖ ਦਿੱਤੀ ਹੈ’ ਤਾਂ ਉਹ ਘਰ ਦੇ ਮੈਂਬਰ ਲੱਗਣ ਲੱਗ ਪਏ ਸਨ। ਮੇਰਾ ਦਰਦ ਸਮਾਜ ਦਾ ਦਰਦ ਜਾਪਣ ਲੱਗਾ। ਮੈਂ ਆਪਣੇ ਆਪ ਨੂੰ ਜਿਊਂਦੀ ਜ਼ਮੀਰ ਸਮਝਣ ਲੱਗਾ। ਆਮ ਬੰਦਿਆਂ ਦੀ ਮਿਲਣੀ ਤੋਂ ਉਪਜੀਆਂ ਕਈ ਮਿੰਨੀ ਕਹਾਣੀਆਂ ਵੀ ਛਪੀਆਂ। ਇੱਕ ਦਿਨ ਇੱਕ ਮਿੱਤਰ ਨੇ ਕਿਹਾ, ‘‘ਪਾਠਕਾਂ ਦੇ ਖ਼ਤ ਕਾਲਮ ਤੋਂ ਮਿਡਲ ’ਤੇ ਆ ਗਏ ਹੋ, ਮੁੱਖ ਲੇਖ ਤੱਕ ਵੀ ਆ ਜਾਓਗੇ।’’ ਇੱਕ ਲੇਖ ਦੀ ਕੋਸ਼ਿਸ਼ ਕੀਤੀ, ਪਤਾ ਲੱਗਿਆ ਕਿ ਕਿਸੇ ਹੋਰ ਵਿਦਵਾਨ ਨੇ ਉਸ ਵਿਸ਼ੇ ’ਤੇ ਮੇਰੇ ਤੋਂ ਵਧੀਆ ਲਿਖਤ ਪੇਸ਼ ਕੀਤੀ ਸੀ, ਪਰ ਅਖ਼ਬਾਰ ਨੇ ਇਸ ਲੇਖ ਨੂੰ ਈ-ਐਡੀਸ਼ਨ ਵਿੱਚ ਛਾਪ ਦਿੱਤਾ। ਮੇਰੇ ਲਈ ਇਤਨਾ ਹੀ ਕਾਫ਼ੀ ਸੀ। ਇਸ ਲੇਖ ਨੇ ਵਿਦੇਸ਼ ਵਿੱਚ ਵੀ ਮੇਰੇ ਮਿੱਤਰ ਬਣਾ ਦਿੱਤੇ। ਲਿਖਣ ਦੀ ਚੇਟਕ ਲਾਉਣ ਲਈ ਮੈਂ ‘ਪੰਜਾਬੀ ਟ੍ਰਿਬਿਊਨ’ ਦਾ ਰਿਣ ਨਹੀਂ ਚੁਕਾ ਸਕਦਾ। ਇਸ ਵਿਚਲੀਆਂ ਰਚਨਾਵਾਂ ਪੜ੍ਹਨ ਨਾਲ ਸ਼ਖ਼ਸੀਅਤ ਦੇ ਕਈ ਪਹਿਲੂਆਂ ਵਿੱਚ ਵੀ ਨਿਖਾਰ ਆਉਂਦਾ ਹੈ। ਮੈਂ ਵੀ ਹੁਣ ਘੱਟ ਗੁਸੈਲੇ ਸ਼ਬਦ ਵਰਤਦਾ ਹਾਂ। ਇੱਕ ਵਿਗਿਆਨੀ ਨੂੰ ‘ਪੰਜਾਬੀ ਟ੍ਰਿਬਿਊਨ’ ਹੀ ਸਾਹਿਤਕ ਭਾਸ਼ਾ ਸਿਖਾ ਸਕਦਾ ਸੀ। ਦੁਆ ਕਰਦਾ ਹਾਂ ਇਹ ਅਦਾਰਾ ਲੋਕ-ਹਿੱਤਾਂ ਦੇ ਮੁੱਦੇ ਉਭਾਰਦਾ ਰਹੇ।
ਜਗਰੂਪ ਸਿੰਘ ਆਈ.ਆਰ.ਐੱਸ. (ਰਿਟਾ.), ਉੱਭਾਵਾਲ