ਰਾਮਚੰਦਰ ਗੁਹਾ
ਭਾਰਤੀ ਸਮਾਜਵਾਦੀ ਰਵਾਇਤ ਹੁਣ ਸਾਹਸੱਤਹੀਣ ਹੋ ਗਈ ਹੈ। ਕੋਈ ਸਮਾਂ ਹੁੰਦਾ ਸੀ ਜਦੋਂ ਇਸ ਧਾਰਾ ਦਾ ਸਮਾਜ ਅਤੇ ਸਿਆਸਤ ਉੱਪਰ ਭਰਵਾਂ ਤੇ ਮਾਣਮੱਤਾ ਅਸਰ ਹੋਇਆ ਕਰਦਾ ਸੀ। ਫਿਰ ਵੀ ਬਹੁਤ ਥੋੜ੍ਹੇ ਲੋਕ ਹੀ ਸਮਾਜਵਾਦੀਆਂ ਦੇ ਅਤੀਤ ਦੀ ਬੁਲੰਦੀ ਤੋਂ ਜਾਣੂ ਹਨ। ਕਾਂਗਰਸ, ਕਮਿਊਨਿਸਟਾਂ, ਖੇਤਰੀ ਪਾਰਟੀਆਂ, ਅੰਬੇਡਕਰਵਾਦੀਆਂ ਅਤੇ ਜਨ ਸੰਘ ਅਤੇ ਭਾਜਪਾ (ਖ਼ਾਸਕਰ ਹਾਲੀਆ ਸਾਲਾਂ ਵਿੱਚ) -ਇਨ੍ਹਾਂ ਸਾਰਿਆਂ ਦੇ ਆਪੋ ਆਪਣੇ ਇਤਿਹਾਸਕਾਰ ਅਤੇ ਧੁਤੂ ਮੰਡਲ ਰਹੇ ਹਨ ਜਿਨਾਂ ਨੇ ਇਨ੍ਹਾਂ ਧਿਰਾਂ ਦੇ ਪ੍ਰਮੁੱਖ ਆਗੂਆਂ ਦੀ ਵਿਚਾਰਧਾਰਕ ਬੰਸਾਵਲੀ ਦੀ ਖੋਜਬੀਨ ਕੀਤੀ, ਜੀਵਨੀਆਂ ਲਿਖੀਆਂ ਅਤੇ ਕਦੇ ਕਦੇ ਉਸਤਤੀ ਲੇਖਾਂ ਦੀ ਰਚਨਾ ਕੀਤੀ ਹੈ। ਪਰ ਭਾਰਤੀ ਸਮਾਜਵਾਦੀਆਂ ਨਾਲ ਅਜਿਹਾ ਕੁਝ ਨਹੀਂ ਹੋਇਆ ਅਤੇ ਇਤਿਹਾਸਕਾਰਾਂ ਨੇ ਬਹੁਤ ਦੂਰ ਦੂਰ ਤੱਕ ਇਨ੍ਹਾਂ ਨੂੰ ਵਿਸਾਰ ਹੀ ਦਿੱਤਾ।
ਦੇਸ਼ ਦੇ ਸਮਾਜਵਾਦੀਆਂ ਨੂੰ ਚੇਤੇ ਕਰਨ ਦਾ ਇਹ ਇੱਕ ਚੰਗਾ ਸਮਾਂ ਹੋ ਸਕਦਾ ਹੈ। ਇਹ ਮਹਿਜ਼ ਇਸ ਲਈ ਨਹੀਂ ਕਿ ਉਨ੍ਹਾਂ ਦੇ ਸਭ ਤੋਂ ਨਫ਼ੀਸ ਤਰਜਮਾਨਾਂ ’ਚ ਸ਼ੁਮਾਰ ਕੀਤੇ ਜਾਂਦੇ ਇੱਕ ਆਗੂ ਦੀ ਅੱਜ ਜਨਮ ਸ਼ਤਾਬਦੀ ਹੈ। ਇਹ ਆਗੂ ਸਨ ਮਧੂ ਦੰਡਵਤੇ ਜਿਨ੍ਹਾਂ ਦਾ ਜਨਮ 21 ਜਨਵਰੀ 1923 ਨੂੰ ਹੋਇਆ। ਬੰਬਈ (ਹੁਣ ਮੁੰਬਈ) ਵਿੱਚ ਵਿਦਿਆਰਥੀ ਹੁੰਦਿਆਂ ਮਧੂ ਦੰਡਵਤੇ ਕਾਂਗਰਸ ਸੋਸ਼ਲਿਸਟ ਪਾਰਟੀ (ਸੀਐੱਸਪੀ) ਦੇ ਆਦਰਸ਼ਾਂ ਅਤੇ ਜੈਪ੍ਰਕਾਸ਼ ਨਰਾਇਣ, ਰਾਮ ਮਨੋਹਰ ਲੋਹੀਆ ਤੇ ਯੂਸਫ਼ ਮਹਿਰੈਲੀ ਜਿਹੇ ਇਸ ਪਾਰਟੀ ਦੇ ਕ੍ਰਿਸ਼ਮਈ ਆਗੂਆਂ ਤੋਂ ਪ੍ਰਭਾਵਿਤ ਹੋਏ ਸਨ। ‘ਸੀਐੱਸਪੀ’ ਦਾ ਵਿਚਾਰ ਸੀ ਕਿ ਮੁੱਖਧਾਰਾ ਦੀ ਕਾਂਗਰਸ ਪਾਰਟੀ ਆਰਥਿਕ ਨਿਆਂ ਅਤੇ ਔਰਤਾਂ ਦੇ ਹੱਕਾਂ ਜਿਹੇ ਮੁੱਦਿਆਂ ’ਤੇ ਦਕੀਆਨੂਸ ਸੋਚ ਰੱਖਦੀ ਹੈ। ਇਸ ਦੇ ਨਾਲ ਹੀ ਇਸ ਨੇ ਭਾਰਤੀ ਕਮਿਊਨਿਸਟ ਪਾਰਟੀ ਤੋਂ ਵੀ ਦੂਰੀ ਬਣਾ ਕੇ ਰੱਖੀ ਸੀ ਜਿਸ ਨੇ ਆਪਣੇ ਪੱਲੇ ਦੀਆਂ ਤਣੀਆਂ ਸੋਵੀਅਤ ਸੰਘ ਨਾਲ ਬੰਨ੍ਹੀਆਂ ਹੋਈਆਂ ਸਨ। 1942 ਦੀ ‘ਭਾਰਤ ਛੱਡੋ’ ਲਹਿਰ ਦਾ ਸਮਾਜਵਾਦੀਆਂ ਨੇ ਸਾਥ ਦਿੱਤਾ ਸੀ ਜਦੋਂਕਿ ਕਮਿਊਨਿਸਟਾਂ ਨੇ ਵਿਰੋਧ ਕੀਤਾ ਸੀ ਜਿਸ ਕਰਕੇ ਦੋਵਾਂ ਵਿਚਕਾਰ ਪਾੜਾ ਸਾਫ਼ ਜ਼ਾਹਿਰ ਹੋ ਗਿਆ ਸੀ।
ਵਿਚਾਰਧਾਰਕ ਤੌਰ ’ਤੇ ਸਮਾਜਵਾਦੀ ਤਿੰਨ ਪੱਖਾਂ ਤੋਂ ਕਮਿਊਨਿਸਟਾਂ ਤੋਂ ਬਿਲਕੁੱਲ ਵੱਖਰੇ ਸਨ। ਪਹਿਲਾ, ਕਮਿਊਨਿਸਟ ਸਟਾਲਿਨ ਦਾ ਜਾਪ ਕਰਦੇ ਸਨ ਜਦੋਂਕਿ ਸਮਾਜਵਾਦੀ ਸਟਾਲਿਨ ਨੂੰ ਤਾਨਾਸ਼ਾਹ (ਜੋ ਕਿ ਸਹੀ ਵੀ ਸੀ) ਅਤੇ ਰੂਸ ਨੂੰ ਤਾਨਾਸ਼ਾਹੀ ਗਿਣਦੇ ਸਨ। ਦੂਜਾ, ਕਮਿਊਨਿਸਟ ਹਿੰਸਾ ਦੀ ਭੂਮਿਕਾ ਨੂੰ ਮਾਨਤਾ ਦਿੰਦੇ ਸਨ ਜਦੋਂਕਿ ਸਮਾਜਵਾਦੀ ਸਿਆਸੀ ਵਿਵਾਦ ਸੁਲਝਾਉਣ ਲਈ ਅਹਿੰਸਾ ਨੂੰ ਤਰਜੀਹ ਦਿੰਦੇ ਸਨ। ਤੀਜਾ, ਕਮਿਊਨਿਸਟ ਆਰਥਿਕ ਤੇ ਸਿਆਸੀ ਸ਼ਕਤੀ ਦੇ ਕੇਂਦਰੀਕਰਨ ਵਿੱਚ ਭਰੋਸਾ ਰੱਖਦੇ ਸਨ ਜਦੋਂਕਿ ਸਮਾਜਵਾਦੀ ਇਨ੍ਹਾਂ ਖੇਤਰਾਂ ਵਿੱਚ ਤਾਕਤਾਂ ਦੇ ਵਿਕੇਂਦਰੀਕਰਨ ਦੀ ਵਕਾਲਤ ਕਰਦੇ ਸਨ।
ਆਪਣੇ ਆਪ ਨੂੰ ਕਮਿਊਨਿਸਟਾਂ ਨਾਲੋਂ ਵੱਖਰੇ ਦਰਸਾਉਂਦਿਆਂ ਸਮਾਜਵਾਦੀ, ਮਹਾਤਮਾ ਗਾਂਧੀ ਤੋਂ ਪ੍ਰੇਰਨਾ ਲੈਂਦੇ ਸਨ। ਮਧੂ ਦੰਡਵਤੇ ਨੇ ਮਾਰਕਸ ਅਤੇ ਗਾਂਧੀ ਬਾਰੇ ਆਪਣੀ ਕਿਤਾਬ ਵਿੱਚ ਲਿਖਿਆ: ‘‘ਹਿੰਸਕ ਤੌਰ ਤਰੀਕਿਆਂ ਦੀ ਗਾਂਧੀ ਵੱਲੋਂ ਕੀਤੀ ਜਾਂਦੀ ਮੁਖ਼ਾਲਫ਼ਤ ਉਨ੍ਹਾਂ ਦੇ ਮਨੁੱਖੀ ਜੀਵਨ ਪ੍ਰਤੀ ਸਤਿਕਾਰ ’ਤੇ ਅਧਾਰਿਤ ਸੀ। ਵਿਅਕਤੀ ਕਿਸੇ ਸਿਸਟਮ ਦੇ ਅੰਗ ਵਜੋਂ ਕੰਮ ਕਰਦੇ ਹਨ ਅਤੇ ਸਿਸਟਮ ਦੀਆਂ ਗ਼ਲਤੀਆਂ ਬਦਲੇ ਉਸ ਦੇ ਅੰਗਾਂ ਨੂੰ ਹਰਗਿਜ਼ ਸਜ਼ਾ ਨਹੀਂ ਦਿੱਤੀ ਜਾਣੀ ਜਾਂ ਉਨ੍ਹਾਂ ਨੂੰ ਬਰਬਾਦ ਨਹੀਂ ਕੀਤਾ ਜਾਣਾ ਚਾਹੀਦਾ… ਗਾਂਧੀ ਨੇ ਤਜਰਬੇ ਤੋਂ ਸਿੱਖਿਆ ਸੀ ਕਿ ਹਿੰਸਕ ਇਨਕਲਾਬ ਵਿੱਚ ਲੋਕਾਂ ਦੇ ਬਹੁਤ ਵੱਡੇ ਹਿੱਸਿਆਂ ਦੀ ਕੋਈ ਹਕੀਕੀ ਸ਼ਮੂਲੀਅਤ ਨਹੀਂ ਹੁੰਦੀ; ਇਨਕਲਾਬ ਵਿੱਚ ਇੰਕ ਛੋਟੀ ਜਿਹੀ ਗਿਣਤੀ ਹਿੱਸਾ ਲੈਂਦੀ ਹੈ ਅਤੇ ਇਸ ਤੋਂ ਵੀ ਘੱਟ ਗਿਣਤੀ ਸੱਤਾ ’ਤੇ ਕਾਬਜ਼ ਹੋ ਜਾਂਦੀ ਹੈ ਜੋ ਲੋਕਾਂ ਦੇ ਨਾਂ ’ਤੇ ਤਾਨਾਸ਼ਾਹੀ ਚਲਾਉਂਦੀ ਹੈ।’’
ਇਸੇ ਕਿਤਾਬ ਵਿੱਚ ਦੰਡਵਤੇ ਅਗਾਂਹ ਲਿਖਦੇ ਹਨ: ‘‘ਗਾਂਧੀ ਦਾ ਸਿਆਸੀ ਅਤੇ ਆਰਥਿਕ ਦ੍ਰਿਸ਼ਟੀਕੋਣ ਇੱਕ ਖਰੇ ਅਹਿੰਸਕ ਲੋਕਰਾਜੀ ਸਮਾਜ ਦਾ ਨਿਰਮਾਣ ਕਰਨ ਦੀ ਖ਼ੁਆਹਿਸ਼ ’ਚੋਂ ਉਪਜਿਆ ਸੀ ਜਿੱਥੇ ਦਮਨ ਲਈ ਕੋਈ ਥਾਂ ਨਹੀਂ ਹੁੰਦੀ ਅਤੇ ਮਨੁੱਖ ਰਿਆਸਤ (ਸਟੇਟ) ਜਾਂ ਤਕਨਾਲੋਜੀ ਦਾ ਔਜ਼ਾਰ ਬਣ ਕੇ ਨਹੀਂ ਵਿਚਰਦਾ। ਇਸ ਕਰਕੇ ਉਹ ਕਮਿਊਨਿਜ਼ਮ ’ਤੇ ਫ਼ਿਦਾ ਨਹੀਂ ਹੋਏ ਜੋ ਪੂੰਜੀਵਾਦ ਤੋਂ ਤਕਨਾਲੋਜੀ ਦਾ ਉਤਪਾਦਨ ਉਧਾਰ ਲੈਂਦਾ ਹੈ, ਪਰ ਸਿਰਫ਼ ਉਤਪਾਦਨ ਦੇ ਸਬੰਧਾਂ ਨੂੰ ਤਬਦੀਲ ਕਰਨ ਦੀ ਜੱਦੋਜਹਿਦ ਕਰਦਾ ਹੈ।’’
ਆਜ਼ਾਦੀ ਤੋਂ ਬਾਅਦ ਸਮਾਜਵਾਦੀ ਮੂਲ ਪਾਰਟੀ ਕਾਂਗਰਸ ਨਾਲੋਂ ਤੋੜ ਵਿਛੋੜਾ ਕਰ ਗਏ ਅਤੇ ਉਨ੍ਹਾਂ ਆਪਣੀ ਵੱਖਰੀ ਪਾਰਟੀ ਬਣਾ ਲਈ। ਮਗਰਲੇ ਸਾਲਾਂ ਵਿੱਚ ਇਸ ਵਿੱਚ ਕਈ ਫੁੱਟਾਂ ਵੀ ਪਈਆਂ ਅਤੇ ਕਈ ਰਲੇਵੇਂ ਵੀ ਹੋਏ। ਸਮਾਜਵਾਦੀਆਂ ਨੇ 1950ਵਿਆਂ, 60ਵਿਆਂ ਅਤੇ 70ਵਿਆਂ ਦੇ ਦਹਾਕਿਆਂ ਵਿੱਚ ਸਿਆਸੀ ਬਹਿਸ ਨੂੰ ਅਮੀਰ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ, ਭਾਵੇਂ ਇਨ੍ਹਾਂ ਵਿੱਚ ਫੁੱਟ ਹੋਵੇ ਜਾਂ ਇਕਜੁੱਟ ਹੋਣ, ਸੱਤਾ ਵਿੱਚ ਹੋਣ ਜਾਂ ਸੱਤਾ ਤੋਂ ਬਾਹਰ, ਕੇਂਦਰ ਵਿੱਚ ਹੋਣ ਜਾਂ ਸੂਬਿਆਂ ਵਿੱਚ ਹੋਣ। ਲੋਹੀਆ ਅਤੇ ਜੇਪੀ ਜਿਹੇ ਸਮਾਜਵਾਦੀ ਆਗੂਆਂ ਨੂੰ ਦੇਸ਼ ਭਰ ਵਿੱਚ ਸਾਰੇ ਤਬਕੇ ਜਾਣਦੇ ਤੇ ਸਤਿਕਾਰਦੇ ਸਨ। ਲਿੰਗਕ ਸਮਾਨਤਾ ਲਈ ਪੁਰਜ਼ੋਰ ਹਮਾਇਤ ਕਾਂਗਰਸ ਸੋਸ਼ਲਿਸਟ ਪਾਰਟੀ ਦੀ ਵਿਲੱਖਣ ਪਛਾਣ ਸੀ। ਦਰਅਸਲ, ਕਾਂਗਰਸ, ਜਨ ਸੰਘ ਅਤੇ ਇੱਥੋਂ ਤੱਕ ਕਿ ਕਮਿਊਨਿਸਟਾਂ ਦੇ ਮੁਕਾਬਲੇ ਇਸ ਪਾਰਟੀ ਨੇ ਕਿਤੇ ਜ਼ਿਆਦਾ ਤਾਦਾਦ ਵਿੱਚ ਸ਼ਾਨਾਮੱਤੇ ਮਹਿਲਾ ਆਗੂ ਪੈਦਾ ਕੀਤੇ ਸਨ ਜਿਨ੍ਹਾਂ ਵਿੱਚ ਕਮਲਾਦੇਵੀ ਚਟੋਪਾਧਿਆਏ, ਮ੍ਰਿਣਾਲ ਗੋਰੇ ਅਤੇ ਮਧੂ ਦੰਡਵਤੇ ਦੀ ਪਤਨੀ ਪ੍ਰਮਿਲਾ ਸ਼ਾਮਿਲ ਸਨ। ਸਮਾਜਵਾਦੀ ਸੱਭਿਆਚਾਰਕ ਖੇਤਰਾਂ ਖ਼ਾਸਕਰ ਰੰਗਮੰਚ ਤੇ ਸੰਗੀਤ ਅਤੇ ਨਾਗਰਿਕ ਹੱਕਾਂ ਅਤੇ ਵਾਤਾਵਰਨ ਦੀਆਂ ਲਹਿਰਾਂ ਵਿੱਚ ਵੀ ਕਾਫ਼ੀ ਸਰਗਰਮ ਰਹੇ ਹਨ।
ਆਪਣੀ ਜਵਾਨੀ ਦੇ ਦਿਨਾਂ ਦੇ ਨਾਇਕ ਜੇਪੀ ਵਾਂਗੂ, ਮਧੂ ਦੰਡਵਤੇ ਇਖ਼ਲਾਕੀ ਤੇ ਜਿਸਮਾਨੀ ਦਲੇਰੀ ਵਾਲੇ ਵਿਅਕਤੀ ਰਹੇ ਹਨ। ਲੋਹੀਆ ਦੀ ਤਰ੍ਹਾਂ ਉਹ ਵਿਦਵਾਨ ਰਹੇ ਹਨ। ਐਨ ਜੀ ਗੋਰੇ, ਐੱਸ ਐਮ ਜੋਸ਼ੀ ਅਤੇ ਸਾਣੇ ਗੁਰੂਜੀ (ਜੋ ਕਿ ਸਾਰੇ ਉਨ੍ਹਾਂ ਲਈ ਆਦਰਸ਼ ਰਹੇ ਹਨ) ਵਾਂਗ ਹੀ ਉਨ੍ਹਾਂ ਮਹਾਰਾਸ਼ਟਰ ਲਈ ਆਪਣੇ ਪਿਆਰ ਨੂੰ ਭਾਰਤ ਲਈ ਪਿਆਰ ਨਾਲ ਇਕਮਿਕ ਕੀਤਾ ਸੀ। ਫਿਰ ਵੀ, ਉਨ੍ਹਾਂ ਦੀ ਵਿਹਾਰਕ ਦੇਣ ਕਰਕੇ ਉਨ੍ਹਾਂ ਦੀ ਆਪਣੇ ਸਾਥੀ ਸਮਾਜਵਾਦੀਆਂ ਅੰਦਰ ਵਿਲੱਖਣ ਪਛਾਣ ਰਹੀ ਹੈ। ਉਨ੍ਹਾਂ ਲੱਖਾਂ ਭਾਰਤੀਆਂ ਨੂੰ ਆਪਣੀ ਜ਼ਿੰਦਗੀ ਵਿੱਚ ਸੁਧਾਰਨ ਲਈ ਬਹੁਤ ਮਦਦ ਕੀਤੀ ਸੀ।
ਇਹ ਕੰਮ ਉਨ੍ਹਾਂ ਪਹਿਲੀ ਜਨਤਾ ਸਰਕਾਰ ਵੇਲੇ ਕੇਂਦਰੀ ਰੇਲ ਮੰਤਰੀ ਵਜੋਂ ਨਿਭਾਇਆ। ਦੋ ਸਾਲਾਂ ਦੇ ਸੰਖੇਪ ਜਿਹੇ ਅਰਸੇ ਵਿੱਚ ਦੰਡਵਤੇ ਨੇ ਭਰਵਾਂ ਅਸਰ ਪਾਇਆ। ਉਨ੍ਹਾਂ ਸਟੇਟ (ਰਿਆਸਤ) ਅਤੇ ਰੇਲਵੇ ਯੂਨੀਅਨ ਵਿਚਕਾਰ ਭਰੋਸਾ (ਜੋ 1974 ਦੀ ਹੜਤਾਲ ਅਤੇ ਇੰਦਰਾ ਗਾਂਧੀ ਸਰਕਾਰ ਵੱਲੋਂ ਇਸ ਨੂੰ ਕੁਚਲਣ ਕਰਕੇ ਟੁੱਟ ਗਿਆ ਸੀ) ਮੁੜ ਪੈਦਾ ਕੀਤਾ, ਕੰਪਿਊਟਰੀਕਰਨ ਦਾ ਅਮਲ ਸ਼ੁਰੂ ਕੀਤਾ ਅਤੇ ਸਭ ਤੋਂ ਅਹਿਮ ਇਹ ਕਿ ਮੁਸਾਫ਼ਰ ਰੇਲਗੱਡੀਆਂ ਵਿੱਚ ਸੈਕਿੰਡ ਕਲਾਸ ਵਿੱਚ ਲੱਕੜ ਦੀਆਂ ਸਖ਼ਤ ਸੀਟਾਂ ਉਪਰ ਫੋਮ ਵਾਲੇ ਨਰਮ ਗੱਦੇ ਲਗਾਏ। ਉਨ੍ਹਾਂ ਦੇ ਇਸ ਕੰਮ ਨਾਲ ਅਰਬਾਂ ਮੁਸਾਫ਼ਰਾਂ ਦਾ ਰੇਲ ਸਫ਼ਰ ਪਹਿਲਾਂ ਦੇ ਮੁਕਾਬਲੇ ਕਿਤੇ ਵੱਧ ਆਰਾਮਦਾਇਕ ਬਣ ਗਿਆ।
ਇਨ੍ਹਾਂ ਨਰਮ ਫੋਮ ਵਾਲੀਆਂ ਸੀਟਾਂ ਵਾਲੀ ਪਹਿਲੀ ਰੇਲਗੱਡੀ ਨੂੰ ਬੰਬਈ ਤੋਂ ਕਲਕੱਤੇ ਲਈ 26 ਦਸੰਬਰ 1977 ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ ਸੀ। ਰੇਲਵੇ ਬੋਰਡ ਦੀ ਇੱਛਾ ਸੀ ਕਿ ਇਸ ਨੂੰ ਈਸਟਰਨ ਐਕਸਪ੍ਰੈਸ ਦਾ ਨਾਂ ਦਿੱਤਾ ਜਾਵੇ, ਪਰ ਰੇਲ ਮੰਤਰੀ ਦੰਡਵਤੇ ਨੇ ਇਸ ਦਾ ਨਾਂ ਗੀਤਾਂਜਲੀ ਐਕਸਪ੍ਰੈਸ ਚੁਣਿਆ ਜਿਸ ਵਿੱਚ ਰਾਬਿੰਦਰਨਾਥ ਟੈਗੋਰ ਦੇ ਚਿੱਤਰ ਲੱਗੇ ਹੋਏ ਸਨ। ਬੇਸ਼ੱਕ, ਦੰਡਵਤੇ ਦੇਸ਼ ਦਾ ਬਿਹਤਰੀਨ ਰੇਲ ਮੰਤਰੀ ਸੀ। ਦਰਅਸਲ, ਉਹ ਉਨ੍ਹਾਂ ਗਿਣੇ ਚੁਣੇ ਕੈਬਨਿਟ ਮੰਤਰੀਆਂ ’ਚੋਂ ਸਨ ਜਿਨ੍ਹਾਂ ਭਾਰਤ ਅਤੇ ਭਾਰਤ ਦੇ ਲੋਕਾਂ ਦੀ ਬਿਹਤਰੀ ਲਈ ਪਰਿਵਰਤਨਕਾਰੀ ਅਸਰ ਪਾਇਆ ਸੀ। ਇਨ੍ਹਾਂ ਵਿੱਚ 1947 ਤੋਂ 1950 ਤੱਕ ਗ੍ਰਹਿ ਮੰਤਰੀ ਵਜੋਂ ਵੱਲਭਭਾਈ ਪਟੇਲ, 1964 ਤੋਂ 1967 ਤੱਕ ਖੇਤੀਬਾੜੀ ਮੰਤਰੀ ਵਜੋਂ ਸੀ. ਸੁਬਰਾਮਣੀਅਮ ਅਤੇ 1991 ਤੋਂ 1996 ਤੱਕ ਵਿੱਤ ਮੰਤਰੀ ਵਜੋਂ ਮਨਮੋਹਨ ਸਿੰਘ ਦਾ ਨਾਂ ਆਉਂਦਾ ਹੈ।
ਦੂਜੀ ਵਾਰ ਬਣੀ ਜਨਤਾ ਸਰਕਾਰ ਵੇਲੇ ਦੰਡਵਤੇ ਨੇ ਵਿੱਤ ਮੰਤਰੀ ਵਜੋਂ ਸੇਵਾਵਾਂ ਦਿੱਤੀਆਂ ਸਨ ਅਤੇ 1990 ਦੇ ਆਪਣੇ ਬਜਟ ਭਾਸ਼ਣ ਵਿੱਚ ਖ਼ਾਸ ਤੌਰ ’ਤੇ ਵਾਤਾਰਵਨ ਦੀਆਂ ਚੁਣੌਤੀਆਂ ਵੱਲ ਧਿਆਨ ਦਿਵਾਉਂਦਿਆਂ ਉਨ੍ਹਾਂ ਟਿੱਪਣੀ ਕੀਤੀ ਸੀ: ‘‘ਸਾਡੇ ਵਾਤਾਵਰਨ ਲਈ ਪੈਦਾ ਹੋ ਰਹੇ ਖ਼ਤਰੇ ਨੂੰ ਹੁਣ ਹੋਰ ਲੰਮਾ ਸਮਾਂ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਹ ਅਨੁਮਾਨ ਲਾਇਆ ਗਿਆ ਹੈ ਕਿ ਭੋਇੰ ਖੋਰ, ਖਾਰੇਪਣ ਅਤੇ ਸਮੁੱਚੇ ਜੰਗਲੀ ਖੇਤਰ ਦੀ ਬਰਬਾਦੀ ਆਦਿ ਕਾਰਨ ਅੰਦਾਜ਼ਨ 13.9 ਕਰੋੜ ਹੈਕਟੇਅਰ ਜ਼ਮੀਨ ਦੇ ਉਪਜਾਊਪਣ ਵਿੱਚ ਨਿਘਾਰ ਆਇਆ ਹੈ। ਵੱਖੋ ਵੱਖਰੇ ਸਰੋਤਾਂ ਤੋਂ ਸਾਡੇ ਜੰਗਲਾਂ ਉਪਰ ਦਬਾਅ ਪੈ ਰਿਹਾ ਹੈ। ਸ਼ਹਿਰੀ ਖੇਤਰਾਂ ਵਿੱਚ ਸਨਅਤ, ਟਰਾਂਸਪੋਰਟ ਅਤੇ ਹੋਰਨਾਂ ਸਰੋਤਾਂ ਕਰਕੇ ਹਵਾ ਅਤੇ ਪਾਣੀ ਦਾ ਪ੍ਰਦੂਸ਼ਣ ਬਹੁਤ ਜ਼ਿਆਦਾ ਵਧ ਗਿਆ ਹੈ। ਸਿਹਤਮੰਦ ਵਾਤਾਵਰਨ ਜੀਵਨ ਦੇ ਮਿਆਰ ਦਾ ਹਿੱਸਾ ਹੁੰਦਾ ਹੈ ਅਤੇ ਉਤਪਾਦਕ ਵਾਤਾਵਰਨ ਹੀ ਵਿਕਾਸ ਦਾ ਆਧਾਰ ਹੁੰਦਾ ਹੈ। ਦਿਹਾਤੀ ਵਿਕਾਸ ਅਤੇ ਵਿਕੇਂਦਰੀਕਰਨ ਉੱਪਰ ਸਾਡੇ ਜ਼ੋਰ ਸਦਕਾ ਸਾਨੂੰ ਵਾਤਾਵਰਨਕ ਸਰੋਕਾਰਾਂ ਨੂੰ ਵਿਕਾਸ ਦੇ ਡਿਜ਼ਾਈਨ ਨਾਲ ਇਕਮਿਕ ਕਰਨ ਦੀ ਖੁੱਲ੍ਹ ਮਿਲਦੀ ਹੈ।’’
ਦੁਰਭਾਗ ਇਹ ਹੈ ਕਿ ਬਾਅਦ ਵਿੱਚ ਆਈਆਂ ਸਰਕਾਰਾਂ ਨੇ ਇਨ੍ਹਾਂ ਚਿਤਾਵਨੀਆਂ ਨੂੰ ਦਰਕਿਨਾਰ ਕਰ ਦਿੱਤਾ ਅਤੇ ਉਹ ਅੰਨ੍ਹੇ ਪੂੰਜੀਵਾਦ ਤੇ ਮੈਗਾ ਪ੍ਰਾਜੈਕਟਾਂ ਦੇ ਖ਼ਬਤ ਦਾ ਸ਼ਿਕਾਰ ਹੋ ਗਈਆਂ ਜਿਨ੍ਹਾਂ ਨੇ ਸਾਡੇ ਵਾਤਾਵਰਨ ਨੂੰ ਮਲੀਆਮੇਟ ਕਰ ਦਿੱਤਾ ਅਤੇ ਹਵਾ ਤੇ ਪਾਣੀ ਦੇ ਪ੍ਰਦੂਸ਼ਣ, ਘਟਦੇ ਜਲ ਭੰਡਾਰਾਂ, ਜੰਗਲਾਂ ਦੀ ਬਰਬਾਦੀ, ਜ਼ਹਿਰੀਲੇ ਮਾਦਿਆਂ ਅਤੇ ਹੋਰ ਬਹੁਤ ਕਿਸਮ ਦਾ ਬੇਸ਼ੁਮਾਰ ਬੋਝ ਸਾਡੀਆਂ ਮੌਜੂਦਾ ਅਤੇ ਆਉਣ ਵਾਲੀਆਂ ਪੀੜ੍ਹੀਆਂ ’ਤੇ ਲੱਦ ਦਿੱਤਾ ਹੈ।
ਅੰਤ ਵਿੱਚ ਮੈਂ ਦੰਡਵਤੇ ਦੇ ਇੱਕ ਕਥਨ ਦਾ ਹਵਾਲਾ ਦੇਣਾ ਚਾਹੁੰਦਾ ਹਾਂ ਜਿਸ ਦਾ ਅਜੋਕੇ ਸਮਿਆਂ ਲਈ ਬਹੁਤ ਪ੍ਰਸੰਗਕ ਹੈ। ਇਹ ਉਨ੍ਹਾਂ ਦੇ ਪਹਿਲੀ ਜੁਲਾਈ 2005 ਨੂੰ ਆਏ ਸੰਸਮਰਣ ਦੀ ਭੂਮਿਕਾ ’ਚੋਂ ਲਿਆ ਗਿਆ ਹੈ ਜਦੋਂ ਉਹ ਆਪਣੀ ਉਮਰ ਦੇ ਅੱਸੀਵਿਆਂ ’ਚ ਸਨ। ਉਹ ਕਹਿੰਦੇ ਹਨ: ‘‘1984 ਦੇ ਸਿੱਖ ਵਿਰੋਧੀ ਦੰਗੇ, ਬਾਬਰੀ ਮਸਜਿਦ ਦੀ ਘਟਨਾ ਅਤੇ ਹਾਲੀਆ ਸਾਲਾਂ ’ਚ ਗੁਜਰਾਤ ਵਿੱਚ ਹੋਏ ਫ਼ਿਰਕੂ ਦੰਗਿਆਂ, ਅੱਗਜ਼ਨੀ ਤੇ ਲੁੱਟਮਾਰ ਨੇ ਧਰਮਨਿਰਪੱਖਤਾ ਨੂੰ ਬਹੁਤ ਗਹਿਰੀ ਢਾਹ ਲਾਈ ਹੈ। ਧਾਰਮਿਕ ਸਹਿਣਸ਼ੀਲਤਾ ਦਾ ਅਹਿਸਾਸ ਲੀਰੋ-ਲੀਰ ਹੋ ਗਿਆ ਹੈ ਜਿਸ ਨੂੰ ਭਾਰਤ ਦੀ ਆਜ਼ਾਦੀ ਦੀ ਲਹਿਰ ਦੌਰਾਨ ਬਹੁਤ ਪਿਆਰ ਨਾਲ ਸਿੰਜਿਆ ਗਿਆ ਸੀ। ਉਂਝ, ਇੱਕ ਦਿਨ ਇਸ ਖਲਾਰੇ ਵਿੱਚੋਂ ਹੀ ਸਦਭਾਵਨਾ ਵਾਲੇ ਭਾਰਤ ਦੀ ਡਿਉਢੀ ਦਾ ਨਿਰਮਾਣ ਕੀਤਾ ਜਾਵੇਗਾ। ਭਾਵੁਕਤਾ ਵਕਤੀ ਹੁੰਦੀ ਹੈ ਪਰ ਖਲੂਸ ਲੰਮਾ ਅਰਸਾ ਟਿਕਿਆ ਰਹਿੰਦਾ ਹੈ।’’
ਹੁਣ ਸਾਡੀ ਸਿਆਸਤ ਵਿੱਚ ਹਿੰਦੂਤਵ ਦੀ ਤੂਤੀ ਵੱਜ ਰਹੀ ਹੈ ਜਿਸ ਕਰਕੇ ਖਲੂਸ ਅਤੇ ਭਾਈਚਾਰੇ ਦੇ ਹੱਕ ਵਿੱਚ ਖਲੋਣ ਵਾਲੇ ਲੋਕਾਂ ਨੂੰ ਪਹਿਲਾਂ ਨਾਲੋਂ ਜ਼ਿਆਦਾ ਦ੍ਰਿੜ੍ਹਤਾ ਨਾਲ ਮਿਹਨਤ ਕਰਨੀ ਪਵੇਗੀ ਤਾਂ ਕਿ ਦੰਡਵਤੇ ਦੀ ਆਸ ਨੂੰ ਸਾਕਾਰ ਕੀਤਾ ਜਾ ਸਕੇ। ਮੈਂ ਆਪਣੇ ਕਾਲਮ ਦੀ ਸ਼ੁਰੂਆਤ ਵਿੱਚ ਇਹ ਜ਼ਿਕਰ ਕੀਤਾ ਸੀ ਕਿ ਕਾਂਗਰਸੀਆਂ, ਕਮਿਊਨਿਸਟਾਂ ਅਤੇ ਹਿੰਦੂਤਵਵਾਦੀਆਂ ਦੇ ਮੁਕਾਬਲੇ ਸਮਾਜਵਾਦੀਆਂ ਨੂੰ ਵਿਦਵਾਨਾਂ ਨੇ ਬਣਦੀ ਤਵੱਜੋ ਨਹੀਂ ਦਿੱਤੀ ਸੀ। ਸ਼ਾਇਦ ਇਸ ਦਾ ਕਾਰਨ ਇਹ ਹੋਵੇ ਕਿ ਉਨ੍ਹਾਂ ਦਾ ਹਾਲੀਆ ਇਤਿਹਾਸ ਬਹੁਤਾ ਸ਼ਾਨਾਮੱਤਾ ਨਹੀਂ ਰਿਹਾ ਜਿਸ ਵਿੱਚ ਅਖੌਤੀ ਸਮਾਜਵਾਦੀਆਂ ਦੇ ਇੱਕ ਖੇਮੇ ਵਲੋਂ ਹਿੰਦੂਤਵਵਾਦੀਆਂ ਨੂੰ ਮਾਨਤਾ ਦਿਵਾਈ ਗਈ ਸੀ ਅਤੇ ਇੱਕ ਦੂਜੇ ਖੇਮੇ ਨੇ ਵੰਸ਼ਵਾਦੀ ਪਾਰਟੀਆਂ ਦਾ ਗਠਨ ਕਰ ਕੇ ਆਪਣੀਆਂ ਪਾਰਟੀਆਂ ਦੀ ਵਾਗਡੋਰ ਆਪਣੇ ਪੁੱਤਰਾਂ ਦੇ ਹਵਾਲੇ ਕਰ ਦਿੱਤੀ ਸੀ। ਕੁਝ ਵੀ ਹੋਵੇ, ਪਰ ਆਜ਼ਾਦੀ ਤੋਂ ਇੱਕ ਦਹਾਕੇ ਪਹਿਲਾਂ ਤੋਂ ਲੈ ਕੇ ਬਾਅਦ ਦੇ ਘੱਟੋਘੱਟ ਤਿੰਨ ਦਹਾਕਿਆਂ ਤੱਕ ਸਮਾਜਵਾਦੀਆਂ ਨੇ ਅਜਿਹੇ ਸਿਆਸੀ ਰੁਝਾਨ ਦੀ ਤਰਜਮਾਨੀ ਕੀਤੀ ਸੀ ਜਿਸ ਨੂੰ ਬੌਧਿਕ ਨਵੀਨਤਾ ਅਤੇ ਜ਼ਾਤੀ ਦਲੇਰੀ ਲਈ ਜਾਣਿਆ ਜਾਂਦਾ ਹੈ।
ਭਾਰਤੀ ਸਮਾਜਵਾਦ, ਇਸ ਦੇ ਉਭਾਰ ਤੇ ਪ੍ਰਪੱਕਤਾ ਅਤੇ ਬੌਧਿਕਤਾ ਤੋਂ ਲੈ ਕੇ ਜਨਤਕ ਜੀਵਨ ਵਿੱਚ ਇਸ ਦੇ ਬਹੁ-ਪਰਤੀ ਯੋਗਦਾਨ, ਇਸ ਦੇ ਪਤਨ ਤੇ ਬਰਬਾਦੀ ਦੇ ਢੁਕਵੇਂ ਇਤਿਹਾਸ ਦੀ ਸਾਨੂੰ ਹਾਲੇ ਵੀ ਉਡੀਕ ਹੋ ਰਹੀ ਹੈ। ਉਂਝ, ਹੁਣ ਭਾਵੇਂ ਜੀਵਨੀਆਂ ਦੇ ਲਿਹਾਜ਼ ਤੋਂ ਹੀ ਸਹੀ, ਕੁਝ ਆਸ਼ਾਵਾਦੀ ਸੰਕੇਤ ਨਜ਼ਰ ਆਏ ਹਨ। ਸਾਲ 2022 ਵਿੱਚ ਰਾਹੁਲ ਰਾਮਾਗੁੰਡਮ ਨੇ ਜਾਰਜ ਫਰਨਾਂਡੇਜ਼ ਦੀ ਘਟਨਾ ਭਰਪੂਰ ਜੀਵਨ ਬਾਰੇ ਇੱਕ ਖੋਜੀ ਅਧਿਐਨ ਪ੍ਰਕਾਸ਼ਿਤ ਕੀਤਾ ਸੀ। ਮੈਂ ਕਮਲਾਦੇਵੀ ਚਟੋਪਾਧਿਆਏ ਬਾਰੇ ਨਿਕੋ ਸਲੇਟ ਦੀ ਲਿਖੀ ਦਿਲਚਸਪ ਜੀਵਨੀ ਦਾ ਖਰੜਾ ਪੜ੍ਹ ਰਿਹਾ ਹਾਂ ਜੋ ਇਸ ਸਾਲ ਦੇ ਅੰਤ ਤੱਕ ਛਾਇਆ ਹੋਣ ਦੀ ਆਸ ਹੈ। ਮੈਨੂੰ ਪਤਾ ਲੱਗਿਆ ਹੈ ਕਿ ਅਕਸ਼ੈ ਮੁਕੁਲ ਵੱਲੋਂ ਜੈਪ੍ਰਕਾਸ਼ ਨਰਾਇਣ ਦੀ ਜੀਵਨੀ ਬਾਰੇ ਕਾਫ਼ੀ ਗਹਿਰਾਈ ਨਾਲ ਕੰਮ ਕੀਤਾ ਜਾ ਰਿਹਾ ਹੈ। ਆਸ ਬੱਝਦੀ ਹੈ ਕਿ ਇਸ ਕਾਰਜ ਤੋਂ ਕੁਝ ਹੋਣਹਾਰ ਤੇ ਮਿਹਨਤੀ ਵਿਦਵਾਨ ਹੌਸਲਾ ਪਾ ਕੇ ਮਧੂ ਦੰਡਵਤੇ ਦੀ ਜੀਵਨੀ ਲਿਖਣ ਦੇ ਕਾਰਜ ਨੂੰ ਹੱਥ ਪਾਉਣਗੇ ਜਾਂ ਫਿਰ ਮਧੂ ਤੇ ਪ੍ਰਮਿਲਾ ਦੋਵਾਂ ਦੀ ਸਾਂਝੀ ਜੀਵਨੀ ਵੀ ਲਿਖੀ ਜਾ ਸਕਦੀ ਹੈ।
ਈ-ਮੇਲ: ramachandraguha@yahoo.in