ਪ੍ਰੀਤਮਾ ਦੋਮੇਲ
ਅੱਜ ਮੇਰੇ ਨਾਂ ਅੱਗੇ ਡਿਗਰੀਆਂ ਦੇ ਖਾਨੇ ਵਿਚ ਐਮ.ਏ. (ਇਕਨੌਮਿਕਸ ਤੇ ਪੰਜਾਬੀ) ਤੇ ਐਮ.ਐੱਡ. ਲਿਖਿਆ ਹੋਇਆ ਹੈ। ਇਹ ਦੇਖਦੀ ਹਾਂ ਤਾਂ ਉਹ ਵੇਲਾ ਯਾਦ ਕਰਦੀ ਹਾਂ ਜਿੱਥੋਂ ਇਹ ਸਿਲਸਿਲਾ ਸ਼ੁਰੂ ਹੋਇਆ ਸੀ। ਮੇਰਾ ਛੋਟਾ ਜਿਹਾ ਪਿੰਡ ਸਰਹਿੰਦ ਨਹਿਰ ਤੇ ਬੁਦਕੀ ਨਦੀ ਦੀਆਂ ਮਜ਼ਬੂਤ ਬਾਹਾਂ ਵਿਚ ਖਰਗੋਸ਼ ਦੇ ਮਾਸੂਮ ਬੱਚੇ ਵਾਂਗੂੰ ਆਪਣੇ ਦਿਨ ਬਿਤਾ ਰਿਹਾ ਸੀ। ਪਿਛਲੀ ਸਦੀ ਆਪਣਾ ਅੱਧਾ ਸਫ਼ਰ ਤੈਅ ਕਰਕੇ ਆਪਣੇ ਅਗਲੇ ਸਫ਼ਰ ਦੇ ਪਹਿਲੇ ਦਹਾਕੇ ਵਿਚ ਕਦਮ ਰੱਖ ਚੁੱਕੀ ਸੀ ਤੇ ਮੈਂ ਆਪਣੇ ਬਚਪਨ ਦੇ ਕੂਲੇ-ਕੂਲੇ ਸਾਲਾਂ ਦੇ ਉਨ੍ਹਾਂ ਦਿਨਾਂ ਵਿਚ ਆਪਣੀਆਂ ਮੱਝਾਂ-ਗਾਵਾਂ ਦੀਆਂ ਪੂਛਾਂ ਫੜ ਕੇ ਟੋਭੇ ਵਿਚ ਛਾਲਾਂ ਮਾਰਦੀ ਹੋਈ ਮੌਜਾਂ ਕਰ ਰਹੀ ਸਾਂ। ਘਰ ਵਿਚ ਬੜੀ ਰੌਣਕ ਸੀ। ਆਪਣੇ ਭੈਣ-ਭਰਾ ਅਤੇ ਚਾਚੇ ਦੇ ਬੱਚੇ ਮਿਲਾ ਕੇ ਕਈ ਸਾਰੇ ਭੈਣ-ਭਰਾ ਸਨ। ਪਿੰਡ ਵਿਚ ਕੋਈ ਸਕੂਲ ਨਹੀਂ ਸੀ। ਵੱਡਾ ਭਰਾ ਲਾਗਲੇ ਪਿੰਡ ਸਾਈਕਲ ’ਤੇ ਪੜ੍ਹਨ ਚਲਾ ਜਾਂਦਾ ਸੀ। ਮੇਰੇ ਬਾਪੂ ਜੀ ਬਾਹਰ ਕਿਧਰੇ ਨੌਕਰੀ ਕਰਦੇ ਸਨ। ਉਂਜ ਤਾਂ ਘਰ ਵਿਚ ਪੜਦਾਦੀ ਵੀ ਸੀ ਪਰ ਹਕੂਮਤ ਦਾਦੀ ਦੀ ਹੀ ਚਲਦੀ ਸੀ।
ਫਿਰ ਅਚਾਨਕ ਪਿੰਡ ਦੀ ਖ਼ਾਮੋਸ਼ ਫ਼ਜਿ਼ਾ ਵਿਚ ਦੋ ਧਮਾਕੇਦਾਰ ਖ਼ਬਰਾਂ ਫੈਲ ਗਈਆਂ। ਇਕ ਤਾਂ ਪਿੰਡ ਦੇ ਖੇਤਾਂ ਵਿਚ ਵੱਡੇ ਵੱਡੇ ਬਜਿਲੀ ਦੇ ਖੰਭੇ ਲੱਗਣੇ ਸ਼ੁਰੂ ਹੋ ਗਏ; ਤੇ ਦੂਜੀ, ਪਿੰਡ ਵਿਚ ਛੋਟੇ ਬੱਚਿਆਂ ਦਾ ਸਕੂਲ ਖੁੱਲ੍ਹ ਗਿਆ। ਪਿੰਡ ਦੇ ਸੱਜੇ ਬੰਨੇ ਮੁਸਲਮਾਨਾਂ ਦਾ ਛੱਡਿਆ ਹੋਇਆ ਵੱਡਾ ਸਾਰਾ ਮਕਾਨ ਖ਼ਾਲੀ ਪਿਆ ਸੀ। ਉਸ ਨੂੰ ਸਕੂਲ ਬਣਾ ਲਿਆ ਤੇ ਬਾਹਰਲੇ ਵਿਹੜੇ ਨੂੰ ਕੰਧ ਕਰਕੇ ਅੰਦਰ ਸਕੂਲ ਅਧਿਆਪਕ ਦੇ ਰਹਿਣ ਲਈ ਦੋ ਕਮਰੇ ਬਣਾਉਣ ਦਾ ਫ਼ੈਸਲਾ ਕੀਤਾ ਗਿਆ। ਪਿੰਡ ਦਾ ਚੌਕੀਦਾਰ ਘਰ-ਘਰ ਇਹ ਸੁਨੇਹਾ ਦੇ ਆਇਆ ਕਿ ਸਭ ਆਪਣੇ ਛੋਟੇ ਬੱਚਿਆਂ ਨੂੰ ਸਕੂਲ ਵਿਚ ਦਾਖ਼ਲ ਕਰਵਾਉਣ ਤੇ ਨਾਲੇ ਕਮਰੇ ਬਣਾਉਣ ਲਈ 50-50 ਰੁਪਏ ਦੇਣ। ਜਦ ਸਾਡੇ ਘਰ ਆਏ ਤਾਂ ਦਾਦੀ ਨੇ ਸਾਫ਼ ਜਵਾਬ ਦੇ ਦਿੱਤਾ: ਅਸੀਂ ਕੁੜੀ ਪੜ੍ਹਾਉਣੀ ਨਹੀਂ ਤੇ ਮੁੰਡਾ ਦੂਜੇ ਪਿੰਡ ਪੜ੍ਹਨ ਜਾਂਦਾ, ਇਸ ਲਈ ਅਸੀਂ 50 ਰੁਪਏ ਵੀ ਨਹੀਂ ਦਿੰਦੇ। ਫਿਰ ਅਧਿਆਪਕ ਖ਼ੁਦ ਆਈ, ਉਸ ਨੂੰ ਵੀ ਦਾਦੀ ਨੇ ਜਵਾਬ ਦੇ ਦਿੱਤਾ।
ਖ਼ੈਰ, ਬੱਚੇ ਜਾਣ ਲੱਗ ਪਏ ਤੇ ਬੱਚਿਆਂ ਨਾਲ ਸਕੂਲ ਚਾਲੂ ਹੋ ਗਿਆ। ਮੇਰਾ ਭਰਾ ਵੀ ਕੁਝ ਦਿਨਾਂ ਬਾਅਦ ਆਪਣੇ ਸਕੂਲ ਦਾ ਸਰਟੀਫਿਕੇਟ ਲਿਆ ਕੇ ਇੱਥੇ ਪੜ੍ਹਨ ਲੱਗ ਪਿਆ; ਪਰ ਮੈਂ ਉਵੇਂ ਹੀ ਘਰ ਰਹੀ। ਮੈਨੂੰ ਕਿਸੇ ਨੇ ਸਕੂਲ ਨਹੀਂ ਭੇਜਿਆ। ਮੇਰਾ ਭਰਾ ਜੋ ਕੁਝ ਸਕੂਲ ਵਿਚ ਪੜ੍ਹ ਕੇ ਆਉਂਦਾ, ਉਹ ਮੈਨੂੰ ਪੜ੍ਹਾ ਦਿੰਦਾ। ਲਿਖਣਾ ਪੜ੍ਹਨਾ ਉਸ ਨੇ ਮੈਨੂੰ ਪਹਿਲਾਂ ਹੀ ਸਿਖਾ ਦਿੱਤਾ ਸੀ। ਉਹ ਚੌਥੀ ਜਮਾਤ ਵਿਚ ਪੜ੍ਹਦਾ ਸੀ। ਬਦਲੇ ਵਿਚ ਮੈਂ ਉਸ ਦੀ ਫੱਟੀ ਪੋਚ ਦਿੰਦੀ, ਦਵਾਤ ਵਿਚ ਸਿਆਹੀ ਭਰ ਦਿੰਦੀ ਤੇ ਛੋਟੇ ਜਿਹੇ ਪੋਣੇ ਵਿਚ ਦੋ ਛੋਟੀਆਂ ਛੋਟੀਆਂ ਪਰੌਂਠੀਆਂ ਵਿਚ ਅੰਬ ਦੇ ਆਚਾਰ ਦੀਆਂ ਫਾੜੀਆਂ ਰੱਖ ਕੇ ਉਸ ਦੇ ਝੋਲੇ ਵਿਚ ਰੱਖ ਦਿੰਦੀ। ਜਦ ਉਹ ਪੜ੍ਹ ਕੇ ਆਉਂਦਾ, ਫੇਰ ਅਸੀਂ ਸਾਰੇ ਭੈਣ ਭਾਈ ਰਲ ਕੇ ਜ਼ੋਰ ਜ਼ੋਰ ਦੀ ਪਹਾੜੇ ਬੋਲਦੇ ਜੋ ਪਿੰਡ ਦੇ ਪਰਲੇ ਸਿਰੇ ਤੱਕ ਸੁਣਾਈ ਦਿੰਦੇ।
ਫਿਰ 15 ਅਗਸਤ ਆਜ਼ਾਦੀ ਦਾ ਦਿਨ ਮਨਾਉਣ ਲਈ ਸਕੂਲ ਦੀ ਭੈਣ ਜੀ ਨੇ ਬੜੀਆਂ ਤਿਆਰੀਆਂ ਕੀਤੀਆਂ। ਆਸ-ਪਾਸ ਦੇ ਪਿੰਡਾਂ ਦੇ ਮੋਹਤਬਰਾਂ ਨੂੰ ਵੀ ਬੁਲਾਇਆ। ਬੱਚਿਆਂ ਨੂੰ ਨਾਟਕ ਤਿਆਰ ਕਰਵਾਏ। ਮੇਰੇ ਭਰਾ ਨੂੰ ਵੀ ਕਵਿਤਾ ਬੋਲਣ ਲਈ ਕਿਹਾ ਗਿਆ। ਹਰ ਰੋਜ਼ ਉੱਚੀ-ਉੱਚੀ ਬੋਲ ਕੇ ਕਵਿਤਾ ਯਾਦ ਕਰਦਾ। ਸੁਣ ਸੁਣ ਕੇ ਕਵਿਤਾ ਮੈਨੂੰ ਵੀ ਯਾਦ ਹੋ ਗਈ। 15 ਅਗਸਤ ਨੂੰ ਪਿੰਡ ਦੇ ਬਰੋਟੇ ਥੱਲੇ ਕੁਰਸੀਆਂ ਰੱਖੀਆਂ ਗਈਆਂ। ਬਾਕਾਇਦਾ ਸਟੇਜ ਬਣਾਈ ਗਈ। ਪੀਣ ਵਾਲੇ ਪਾਣੀ ਤੇ ਚਾਹ ਦਾ ਵੀ ਇੰਤਜ਼ਾਮ ਕੀਤਾ ਗਿਆ।
ਪ੍ਰੋਗਰਾਮ ਸਕੂਲ ਦੀ ਭੈਣ ਜੀ ਦੇ ਭਾਸ਼ਣ ਨਾਲ ਸ਼ੁਰੂ ਹੋਇਆ। ਫਿਰ ਵਾਰੀ-ਵਾਰੀ ਸਭ ਆਉਂਦੇ ਰਹੇ ਤੇ ਆਪੋ ਆਪਣਾ ਪ੍ਰੋਗਰਾਮ ਕਰਦੇ ਰਹੇ। ਜਦ ਮੇਰਾ ਭਰਾ ਆ ਕੇ ਆਪਣੀ ਕਵਿਤਾ ਬੋਲਣ ਲੱਗਿਆ ਤਾਂ ਬੋਲਦੇ-ਬੋਲਦੇ ਭੁੱਲ ਗਿਆ। ਮੈਂ ਉਸ ਨੂੰ ਇਸ਼ਾਰੇ ਨਾਲ ਯਾਦ ਕਰਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਘਬਰਾ ਗਿਆ ਤੇ ਰੋਣ ਲੱਗ ਪਿਆ। ਉਸ ਨੂੰ ਰੋਂਦਾ ਦੇਖ ਕੇ ਮੈਂ ਝਟਪਟ ਸਟੇਜ ’ਤੇ ਜਾ ਚੜ੍ਹੀ ਤੇ ਭਰਾ ਨੂੰ ਜੱਫੀ ਵਿਚ ਲੈ ਕੇ ਕਿਹਾ, ‘‘ਵੀਰ ਤੂੰ ਰੋ ਨਾ, ਤੇਰੀ ਥਾਂ ਕਵਿਤਾ ਮੈਂ ਬੋਲ ਦਿੰਦੀ ਹਾਂ।’’ ਇਹ ਕਹਿ ਕੇ ਮੈਂ ਫਟਾਫਟ ਸਾਰੀ ਕਵਿਤਾ ਗਾ ਕੇ ਸੁਣਾ ਦਿੱਤੀ। ਸਭ ਲੋਕ ਬਹੁਤ ਖ਼ੁਸ਼ ਹੋਏ। ਬਹੁਤ ਤਾੜੀਆਂ ਵੱਜੀਆਂ ਤੇ ਲੋਕਾਂ ਵਿਚੋਂ ਕਿਸੇ ਨੇ ਚਾਰ ਆਨੇ, ਕਿਸੇ ਨੇ ਅਠਿਆਨੀ ਤੇ ਕਿਸੇ ਨੇ ਰੁਪਇਆ ਇਨਾਮ ਦਿੱਤਾ। ਪਿੰਡ ਦੇ ਸਰਪੰਚ ਨੇ ਤਾਂ 10 ਰੁਪਏ ਇਨਾਮ ਦਿੱਤੇ। ਸਭ ਨੇ ਭੈਣ ਜੀ ਨੂੰ ਵਧਾਈ ਤੇ ਸ਼ਾਬਾਸ਼ੀ ਦਿੱਤੀ ਕਿ ਉਸ ਨੇ ਇੰਨੇ ਥੋੜ੍ਹੇ ਟਾਈਮ ਵਿਚ ਇੰਨਾ ਕੁਝ ਸਿਖਾ ਦਿੱਤਾ ਸੀ, ਖ਼ਾਸ ਕਰਕੇ ਮੇਰੀ ਤਾਂ ਬਹੁਤ ਤਾਰੀਫ਼ ਕੀਤੀ। ਜਦ ਭੈਣ ਜੀ ਨੇ ਕਿਹਾ ਕਿ ਇਹ ਬੱਚੀ ਤਾਂ ਉਸ ਦੇ ਸਕੂਲ ਵਿਚ ਪੜ੍ਹਦੀ ਹੀ ਨਹੀਂ। ਉਨ੍ਹਾਂ ਨਾਲ ਹੀ ਮੇਰੇ ਸਕੂਲ ਵਿਚ ਦਾਖ਼ਲ ਨਾ ਹੋਣ ਦੀ ਸਾਰੀ ਕਹਾਣੀ ਸੁਣਾ ਦਿੱਤੀ।
ਅਗਲੇ ਦਿਨ ਸਰਪੰਚ ਆਪਣੇ ਨਾਲ ਹੋਰ ਦੋ-ਚਾਰ ਬੰਦਿਆਂ ਨੂੰ ਲੈ ਕੇ ਸਾਡੇ ਘਰ ਆਏ ਤੇ ਮੇਰੀ ਦਾਦੀ ਨੂੰ ਸਮਝਾਇਆ; ਉਸ ਦੇ ਨਾ ਮੰਨਣ ’ਤੇ ਉਸ ਨੂੰ ਇਹ ਕਹਿ ਕੇ ਡਰਾਇਆ ਕਿ ਸਰਕਾਰ ਦੇ ਹੁਕਮ ਹੈ ਜੇ ਪੜ੍ਹਨ ਵਾਲੀ ਕਿਸੇ ਕੁੜੀ ਨੂੰ ਪੜ੍ਹਨ ਤੋਂ ਰੋਕਿਆ ਜਾਵੇਗਾ ਤਾਂ ਮਾਂ-ਪਿਓ ਨੂੰ 6 ਮਹੀਨੇ ਦੀ ਕੈਦ ਤੇ 500 ਰੁਪਏ ਜੁਰਮਾਨਾ ਵੀ ਕੀਤਾ ਜਾਵੇਗਾ। ਇਹ ਸਭ ਕੁਝ ਸੁਣ ਕੇ ਦਾਦੀ ਡਰ ਗਈ। ਉਸ ਨੇ ਉਸੇ ਵੇਲੇ ਭੈਣ ਜੀ ਨੂੰ ਬੁਲਾ ਕੇ ਮੈਨੂੰ ਉਸ ਨਾਲ ਤੋਰ ਦਿੱਤਾ ਤੇ ਭੈਣ ਜੀ ਨੇ ਮੇਰੀ ਲਿਆਕਤ ਦੇਖ ਕੇ ਮੈਨੂੰ ਤੀਜੀ ਜਮਾਤ ਵਿਚ ਦਾਖ਼ਲ ਕਰ ਲਿਆ। ਮੈਂ ਕਵਿਤਾ ਦੇ ਜ਼ਰੀਏ ਤਿੰਨ ਜਮਾਤਾਂ ਦੀ ਪੌੜ੍ਹੀ ਚੜ੍ਹ ਗਈ।
ਸੰਪਰਕ: 62841-55025