ਅਰਵਿੰਦਰ ਜੌਹਲ
ਪ੍ਰਥਮ ਫਾਊਂਡੇਸ਼ਨ ਦੀ 2023 ਦੀ ਸਿੱਖਿਆ ਰਿਪੋਰਟ ਸਾਡੇ ਵਿੱਦਿਅਕ ਢਾਂਚੇ ਦੀ ਜੋ ਤਸਵੀਰ ਉਭਾਰਦੀ ਹੈ, ਉਹ ਸਭ ਦਾ ਤ੍ਰਾਹ ਕੱਢਣ ਲਈ ਕਾਫ਼ੀ ਹੈ। ਇਸ ਰਿਪੋਰਟ ਦੇ ਅੰਕੜੇ ਮਾਪਿਆਂ, ਅਧਿਆਪਕਾਂ ਅਤੇ ਸਰਕਾਰਾਂ ਨੂੰ ਵੱਡੇ ਫ਼ਿਕਰ ’ਚ ਪਾਉਣ ਵਾਲੇ ਹਨ। ਨਿੱਕੇ ਬੱਚਿਆਂ ਵੱਲੋਂ ਜਮ੍ਹਾਂ, ਘਟਾਉ, ਗੁਣਾ, ਤਕਸੀਮ ਦੇ ਸਵਾਲ ਹੱਲ ਨਾ ਕਰ ਪਾਉਣ ਦੀ ਤਾਂ ਗੱਲ ਹੀ ਛੱਡੋ, ਪੇਂਡੂ ਇਲਾਕਿਆਂ ’ਚ 14-18 ਉਮਰ ਵਰਗ ਦੇ 43 ਫ਼ੀਸਦੀ ਬੱਚੇ ਅੰਗਰੇਜ਼ੀ ਦੇ ਫਿਕਰੇ ਸਹੀ ਤਰ੍ਹਾਂ ਨਹੀਂ ਪੜ੍ਹ ਸਕਦੇ ਅਤੇ ਇਨ੍ਹਾਂ ’ਚੋਂ ਅੱਗਿਓਂ 25 ਫ਼ੀਸਦੀ ਬੱਚੇ ਆਪਣੀ ਮਾਤ-ਭਾਸ਼ਾ ਵਿੱਚ ਦੂਜੀ-ਤੀਜੀ ਜਮਾਤ ਦੇ ਪੱਧਰ ਤੱਕ ਦੇ ਫਿਕਰੇ ਸਹੀ ਤਰੀਕੇ ਨਾਲ ਪੜ੍ਹਨ ਤੋਂ ਅਸਮਰੱਥ ਹਨ ਭਾਵ ਕਿ ਸੱਤਵੀਂ, ਅੱਠਵੀਂ ’ਚ ਪੜ੍ਹਦੇ ਬੱਚਿਆਂ ਦਾ ਅਕਾਦਮਿਕ ਪੱਧਰ ਦੂਜੀ ਜਮਾਤ ਦੇ ਬੱਚਿਆਂ ਦੇ ਬਰਾਬਰ ਵੀ ਨਹੀਂ। ਫਾਊਂਡੇਸ਼ਨ ਦਾ ਇਹ ਸਰਵੇਖਣ ਦੇਸ਼ ਦੇ ਵੱਖ ਵੱਖ ਸੂਬਿਆਂ ਦੇ 26 ਰਾਜਾਂ ਦੇ 28 ਜ਼ਿਲ੍ਹਿਆਂ ਦੇ ਪੇਂਡੂ ਇਲਾਕਿਆਂ ਦੇ 34,745 ਬੱਚਿਆਂ ’ਤੇ ਆਧਾਰਿਤ ਹੈ। ਇਸ ਸਰਵੇਖਣ ’ਚ ਇੱਕ ਹੋਰ ਤੱਥ ਇਹ ਸਾਹਮਣੇ ਆਇਆ ਹੈ ਕਿ ਪੇਂਡੂ ਇਲਾਕਿਆਂ ਦੇ 10 ਵਿੱਚੋਂ 9 ਬੱਚੇ ਸਮਾਰਟ ਫੋਨ ਦੀ ਵਰਤੋਂ ਤਾਂ ਕਰਦੇ ਹਨ ਪਰ ਖ਼ੁਦ ਪੜ੍ਹਾਈ ’ਚ ਸਮਾਰਟ ਨਹੀਂ। 93 ਫ਼ੀਸਦੀ ਤੋਂ ਵੀ ਜ਼ਿਆਦਾ ਬੱਚਿਆਂ ਨੇ ਕਿਵੇਂ ਨਾ ਕਿਵੇਂ ਸ਼ੋਸ਼ਲ ਮੀਡੀਆ ਦੀ ਵਰਤੋਂ ਕੀਤੀ ਸੀ। ਇਸ ਸਰਵੇਖਣ ’ਚੋਂ ਇਹ ਤੱਥ ਵੀ ਸਾਹਮਣੇ ਆਇਆ ਕਿ 2023 ਦੇ ਮੁਕਾਬਲੇ 2017 ਵਿੱਚ ਸਿਰਫ਼ 28 ਫ਼ੀਸਦੀ ਬੱਚਿਆਂ ਨੇ ਇੰਟਰਨੈੱਟ ਅਤੇ 26 ਫ਼ੀਸਦੀ ਨੇ ਕੰਪਿਊਟਰ ਦੀ ਵਰਤੋਂ ਕੀਤੀ ਸੀ। ਅਸਲ ਵਿੱਚ ਕੋਵਿਡ ਦੇ ਸਮੇਂ ਦੌਰਾਨ ਪੜ੍ਹਾਈ ਦਾ ਹਰਜ਼ਾ ਰੋਕਣ ਲਈ ਆਨਲਾਈਨ ਕਲਾਸਾਂ ਲਾਉਣ ਦਾ ਅਮਲ ਸ਼ੁਰੂ ਕਰਨ ਦੇ ਨਾਲ ਬੱਚਿਆਂ ਵਿੱਚ ਇੰਟਰਨੈੱਟ ਤੇ ਕੰਪਿਊਟਰ ਦੀ ਵਰਤੋਂ ਦਾ ਰੁਝਾਨ ਇਕਦਮ ਵਧ ਗਿਆ। ਇੱਥੇ ਇਹ ਤੱਥ ਬਹੁਤ ਧਿਆਨ ਮੰਗਦਾ ਹੈ ਕਿ ਜੋ ਬੱਚੇ ਸਮਾਰਟ ਫੋਨ, ਕੰਪਿਊਟਰ ਜਾਂ ਇੰਟਰਨੈੱਟ ਦੀ ਵਰਤੋਂ ਕਰਦੇ ਹਨ, ਉਨ੍ਹਾਂ ਦਾ ਮਕਸਦ ਕੀ ਹੈ? ਇਸ ਅਧਿਐਨ ਤੋਂ ਸਾਹਮਣੇ ਆਇਆ ਕਿ 90 ਫ਼ੀਸਦੀ ਬੱਚਿਆਂ ਨੇ ਸਮਾਰਟ ਫੋਨ ਦੀ ਵਰਤੋਂ ਪੜ੍ਹਾਈ ਲਈ ਨਹੀਂ ਬਲਕਿ ਮਨੋਰੰਜਨ ਦੇ ਮਕਸਦ ਲਈ ਕੀਤੀ ਸੀ।
ਉਪਰੋਕਤ ਅੰਕੜਿਆਂ ਤੋਂ ਜੋ ਮੁੱਖ ਸਵਾਲ ਉੱਭਰਦੇ ਹਨ, ਉਹ ਇਹ ਹਨ:
* ਤਕਨਾਲੋਜੀ ਬੱਚਿਆਂ ਦੇ ਬੌਧਿਕ ਪੱਧਰ ਨੂੰ ਉੱਪਰ ਚੁੱਕਣ ਵਿੱਚ ਕਿਸ ਹੱਦ ਤੱਕ ਅਤੇ ਕਿਸ ਤਰ੍ਹਾਂ ਦੀ ਭੂਮਿਕਾ ਨਿਭਾਉਂਦੀ ਹੈ?
* ਬੱਚਿਆਂ ਨੂੰ ਅਸਲ ਵਿੱਚ ਕਿਸ ਤਰ੍ਹਾਂ ਦੀ ਤਕਨਾਲੋਜੀ ਦੀ ਲੋੜ ਹੈ ਅਤੇ ਉਨ੍ਹਾਂ ਨੂੰ ਕਿਸ ਤਰ੍ਹਾਂ ਦੀ ਤਕਨਾਲੋਜੀ ਪਰੋਸ ਕੇ ਦਿੱਤੀ ਜਾ ਰਹੀ ਹੈ?
* ਇਸ ਸਾਰੇ ਮਾਮਲੇ ਵਿੱਚ ਸਮਾਜ, ਸਿਆਸਤਦਾਨ, ਸਟੇਟ ਅਤੇ ਮਾਪੇ ਕੀ ਜ਼ਿੰਮੇਵਾਰੀ ਨਿਭਾਉਂਦੇ ਹਨ ਜਾਂ ਉਨ੍ਹਾਂ ਨੂੰ ਨਿਭਾਉਣੀ ਚਾਹੀਦੀ ਹੈ?
* ਬਦਲ ਰਹੀਆਂ ਸਮਾਜਿਕ, ਆਰਥਿਕ, ਸਿਆਸੀ ਅਤੇ ਟੈਕਨੋਲੋਜੀਕਲ ਪ੍ਰਸਥਿਤੀਆਂ ਵਿੱਚ ਅਧਿਆਪਕ ਅਤੇ ਖ਼ਾਸ ਕਰਕੇ ਪ੍ਰਾਇਮਰੀ ਸਿੱਖਿਆ ਦੇਣ ਵਾਲੇ ਅਧਿਆਪਕਾਂ ਦਾ ਕੀ ਰੋਲ ਹੈ?
ਪਿਛਲੇ ਕੁਝ ਸਾਲਾਂ ਤੋਂ ਕਲਾਸ ਰੂਮ ’ਚ ਵਰਤੀ ਜਾਣ ਵਾਲੀ ਤਕਨਾਲੋਜੀ ਉੱਤੇ ਬਹੁਤਾ ਜ਼ੋਰ ਦਿੱਤਾ ਜਾ ਰਿਹਾ ਹੈ। ਕਰੋਨਾ ਕਾਲ ਨੇ ਜਿੱਥੇ ਤਕਨਾਲੋਜੀ ਉੱਪਰ ਨਿਰਭਰਤਾ ਨੂੰ ਬਹੁਤ ਵਧਾ ਦਿੱਤਾ, ਉੱਥੇ ਅਧਿਆਪਕ-ਵਿਦਿਆਰਥੀ ਦੇ ਅੰਤਰ-ਸੰਚਾਰ ਦੀ ਅਹਿਮੀਅਤ ਨੂੰ ਘਟਾ ਦਿੱਤਾ। ਇਸ ਦਾ ਨਤੀਜਾ ਇਹ ਹੋਇਆ ਕਿ ਸਿੱਖਣ-ਸਿਖਾਉਣ ਦੇ ਰਵਾਇਤੀ ਢੰਗ-ਤਰੀਕਿਆਂ ਨੂੰ ਬਹੁਤ ਸੱਟ ਵੱਜੀ। ਕਲਾਸ ਰੂਮ ਵਿੱਚ ਅਧਿਆਪਕ ਦੀ ਹਾਜ਼ਰੀ ਅਤੇ ਵਿਦਿਆਰਥੀਆਂ ਨਾਲ ਸਿੱਧਾ ਸੰਪਰਕ ਅਤੇ ਸੰਵਾਦ ਕਾਫ਼ੀ ਹੱਦ ਤਕ ਇਹ ਨਿਸ਼ਚਿਤ ਕਰ ਦਿੰਦੇ ਹਨ ਕਿ ਕਿਸੇ ਵਿਦਿਆਰਥੀ ਦੇ ਸਵਾਲ ਅਧਿਆਪਕ ਤੱਕ ਪਹੁੰਚਣ ਅਤੇ ਅਧਿਆਪਕ ਦੇ ਹਰ ਜਵਾਬ ’ਚੋਂ ਵਿਦਿਆਰਥੀ ਅਰਥ ਵੀ ਕੱਢ ਸਕਣ। ਅਧਿਆਪਕ-ਵਿਦਿਆਰਥੀ ਦਾ ਅਰਥ ਭਰਪੂਰ ਮੌਖਿਕ ਅਤੇ ਗ਼ੈਰ-ਮੌਖਿਕ ਸੰਚਾਰ ਅਸਲ ’ਚ ਸਦੀਆਂ ਤੋਂ ਸਾਡੇ ਵਿੱਦਿਅਕ ਢਾਂਚੇ ਦਾ ਮੂਲ ਰਿਹਾ ਹੈ।
ਤਕਨਾਲੋਜੀ ਦੀ ਸੰਜਮੀ ਅਤੇ ਸੰਤੁਲਿਤ ਵਰਤੋਂ ਅਧਿਆਪਕ-ਵਿਦਿਆਰਥੀ ਵਿਚਾਲੇ ਹੁੰਦੇ ਸੰਚਾਰ ਨੂੰ ਵਧੇਰੇ ਸੁਚਾਰੂ ਬਣਾ ਸਕਦੀ ਹੈ। ਇਸ ਦੀ ਵਧੇਰੇ ਅਤੇ ਅਸੰਤੁਲਿਤ ਵਰਤੋਂ ਸੰਚਾਰ ਵਿਚਲੇ ਮਨੁੱਖੀ ਅੰਸ਼ਾਂ ਨੂੰ ਘਟਾ ਦਿੰਦੀ ਹੈ। ਤਕਨਾਲੋਜੀ ਦੀ ਲੋੜ ਤੋਂ ਵਧੇਰੇ ਵਰਤੋਂ ਸਾਨੂੰ ਮਨੁੱਖੀ ਸਰੋਕਾਰਾਂ ਅਤੇ ਅਕੀਦਿਆਂ ਤੋਂ ਪਰ੍ਹੇ ਲੈ ਜਾਂਦੀ ਹੈ। ਛੋਟੀ ਉਮਰ ਦੇ ਬੱਚਿਆਂ ਵੱਲੋਂ ਪੜ੍ਹਾਈ ਲਈ ਤਕਨਾਲੋਜੀ ਦੀ ਵਰਤੋਂ ਨਾਲ ਹੌਲੀ ਹੌਲੀ ਉਨ੍ਹਾਂ ਨੂੰ ਮਨੋਰੰਜਨ ਮੁਖੀ ਕੰਟੈਂਟ (content) ਦੇਖਣ ਦੀ ਆਦਤ ਹੋ ਜਾਂਦੀ ਹੈ ਜੋ ਉਨ੍ਹਾਂ ਲਈ ਬਹੁਤ ਆਕਰਸ਼ਕ ਹੁੰਦਾ ਹੈ। ਉਹ ਉਸ ਵਿੱਚ ਇਸ ਕਦਰ ਗਲਤਾਨ ਹੋ ਜਾਂਦੇ ਹਨ ਕਿ ਅਸਲ ਜ਼ਿੰਦਗੀ ਦੀਆਂ ਹਕੀਕਤਾਂ ਤੋਂ ਦੂਰ ਹੋ ਜਾਂਦੇ ਹਨ।
ਨਿਰਸੰਦੇਹ, ਵਿਦਿਆਰਥੀਆਂ ਦੀ ਸਿੱਖਣ ਦੀ ਪ੍ਰਕਿਰਿਆ ਵਿੱਚ ਅਧਿਆਪਕਾਂ ਦੇ ਨਾਲ ਨਾਲ ਸਮਾਜ, ਸਿਆਸਤ, ਸਟੇਟ ਅਤੇ ਮਾਪਿਆਂ ਦੀ ਭੂਮਿਕਾ ਵੀ ਬਹੁਤ ਅਹਿਮ ਹੁੰਦੀ ਹੈ। ਇਸ ਗੱਲ ਬਾਰੇ ਕਿਸੇ ਨਿਰਣੇ ’ਤੇ ਪਹੁੰਚਣਾ ਬਹੁਤ ਹੀ ਮੁਸ਼ਕਲ ਹੈ ਕਿ ਇਨ੍ਹਾਂ ਵਿੱਚੋਂ ਸਭ ਤੋਂ ਵਧੇਰੇ ਜ਼ਿੰਮੇਵਾਰੀ ਕਿਸ ਦੀ ਹੈ। ਸਿਆਸਤ ਨੇ ਤਾਂ ਸਾਡੀ ਜ਼ਿੰਦਗੀ ਦੇ ਹਰ ਖੇਤਰ ਨੂੰ ਆਪਣੀ ਪਕੜ ’ਚ ਲੈ ਲਿਆ ਹੈ। ਸਟੇਟ ਵੀ ਕਿਉਂਕਿ ਸਿਆਸਤ ਨਾਲ ਹੀ ਚੱਲਦੀ ਹੈ, ਇਸ ਲਈ ਇਸ ਦੁਆਰਾ ਲਏ ਜਾਂਦੇ ਫ਼ੈਸਲੇ ਕਈ ਵਾਰ ਅਸਲੀਅਤ ’ਚ ਲੋੜ ਅਨੁਸਾਰ ਨਹੀਂ ਲਏ ਜਾਂਦੇ ਸਗੋਂ ਲੋਕ-ਲੁਭਾਊ ਹੁੰਦੇ ਹਨ।
ਤਕਨਾਲੋਜੀ ਨੇ ਸਾਡੀ ਜ਼ਿੰਦਗੀ ਦੀ ਰਫ਼ਤਾਰ ਨੂੰ ਬਹੁਤ ਤੇਜ਼ ਕਰ ਦਿੱਤਾ ਹੈ। ਇਸ ਨਾਲ ਜੁੜੇ ਸੰਜੀਦਾ ਸਰੋਕਾਰਾਂ ਨੂੰ ਬੱਚਿਆਂ ਨੇ ਤਾਂ ਕੀ ਸਮਝਣਾ ਹੈ, ਵੱਡੇ ਵੀ ਨਹੀਂ ਸਮਝ ਪਾ ਰਹੇ। ਬਦਲ ਰਹੇ ਸਮਾਜ ਵਿੱਚ ਅਧਿਆਪਕ ਦੀ ਭੂਮਿਕਾ ਹਮੇਸ਼ਾ ਹੀ ਬਹੁਤ ਅਹਿਮ ਹੁੰਦੀ ਹੈ। ਅਸਲ ਵਿੱਚ ਕਿਸੇ ਵੀ ਬੱਚੇ ਦੀ ਜ਼ਿੰਦਗੀ ਦੇ ਪਹਿਲੇ ਕੁਝ ਸਾਲ, ਜੋ ਉਹ ਪ੍ਰਾਇਮਰੀ ਸਕੂਲ ’ਚ ਬਿਤਾਉਂਦਾ ਹੈ, ਬਹੁਤ ਅਹਿਮ ਹੁੰਦੇ ਹਨ। ਇਸ ਲਈ ਪ੍ਰਾਇਮਰੀ ਅਧਿਆਪਕ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੁੰਦੀ ਹੈ।
ਨਿੱਕੇ ਬੱਚਿਆਂ ਨੂੰ ਹਮੇਸ਼ਾ ਉਹ ਅਧਿਆਪਕ ਚੰਗੇ ਲੱਗਦੇ ਹਨ ਜਿਨ੍ਹਾਂ ਦਾ ਨਿੱਘਾ ਤੇ ਮੋਹ ਭਰਿਆ ਵਤੀਰਾ ਉਨ੍ਹਾਂ ਨਾਲ ਅਪਣੱਤ ਕਾਇਮ ਕਰ ਲੈਂਦਾ ਹੈ ਅਤੇ ਇਹੀ ਵਤੀਰਾ ਉਨ੍ਹਾਂ ਦੀ ਪੜ੍ਹਨ ’ਚ ਰੁਚੀ ਪੈਦਾ ਕਰਦਾ ਹੈ। ਸਿੱਖਿਆ ਪ੍ਰਣਾਲੀ ’ਚ ਪ੍ਰਾਇਮਰੀ ਪੱਧਰ ਦੇ ਅਧਿਆਪਕਾਂ ਦੀ ਭੂਮਿਕਾ ਬਹੁਤ ਅਹਿਮ ਹੁੰਦੀ ਹੈ। ਇਹੀ ਅਧਿਆਪਕ ਕਿਸੇ ਬੱਚੇ ਦੇ ਬੌਧਿਕ ਪੱਧਰ ਦੀ ਨੀਂਹ ਰੱਖਦੇ ਹਨ।
ਛੋਟੀ ਉਮਰ ’ਚ ਸਿੱਖੀ ਕੋਈ ਵੀ ਚੀਜ਼ ਤਾਉਮਰ ਯਾਦ ਰਹਿੰਦੀ ਹੈ। ਬਚਪਨ ’ਚ ਜਿਹੜੇ ਪਹਾੜੇ ਯਾਦ ਸੀ, ਉਹ ਮੈਨੂੰ ਅੱਜ ਵੀ ਯਾਦ ਨੇ ਅਤੇ ਜਿਹੜੇ ਉਦੋਂ ਯਾਦ ਦੇ ਘੇਰੇ ਵਿੱਚੋਂ ਬਾਹਰ ਰਹਿ ਗਏ, ਉਹ ਫਿਰ ਕਦੇ ਵੀ ਯਾਦ ਨਹੀਂ ਹੋਏ। ਹਰ ਕਾਮਯਾਬ ਵਿਅਕਤੀ ਦੀ ਜ਼ਿੰਦਗੀ ’ਚ ਕਦੇ ਨਾ ਕਦੇ ਕਿਸੇ ਅਧਿਆਪਕ ਦੀ ਭੂਮਿਕਾ ਬਹੁਤ ਅਹਿਮ ਰਹੀ ਹੁੰਦੀ ਹੈ।
ਤੁਸੀਂ ਇਹ ਨਹੀਂ ਕਹਿ ਸਕਦੇ ਕਿ ਅੱਜ ਦਾ ਅਧਿਆਪਕ ਆਪਣੇ ਕਿੱਤੇ ਪ੍ਰਤੀ ਸੁਹਿਰਦ ਜਾਂ ਸੰਜੀਦਾ ਨਹੀਂ ਪਰ ਉਸ ਨੂੰ ਅਧਿਆਪਨ ਤੋਂ ਬਿਨਾਂ ਹੋਰ ਬਹੁਤ ਸਾਰੀਆਂ ਗ਼ੈਰ-ਅਧਿਆਪਨ ਜ਼ਿੰਮੇਵਾਰੀਆਂ ਦੇ ਬੋਝ ਨਾਲ ਲੱਦ ਦਿੱਤਾ ਜਾਂਦਾ ਹੈ। ਅਧਿਆਪਨ ਇੱਕ ਅਜਿਹਾ ਕਿੱਤਾ ਹੈ ਜਿਸ ਵਿੱਚ ਅਧਿਆਪਕ ਦਾ ਕਾਰਜ ਸਿਰਫ਼ ਕਲਾਸ ਵਿੱਚ ਜਾ ਕੇ ਬੱਚਿਆਂ ਨੂੰ ਸੰਬੋਧਨ ਹੋਣ ਤੱਕ ਸੀਮਤ ਨਹੀਂ ਸਗੋਂ ਉਸ ਨੇ ਸਬੰਧਿਤ ਬੱਚਿਆਂ ਦੀ ਆਰਥਿਕ, ਸਮਾਜਿਕ ਹਾਲਤ ਅਤੇ ਮਨੋਵਿਗਿਆਨਕ ਪ੍ਰਸਥਿਤੀਆਂ ਨੂੰ ਸਮਝ ਕੇ ਹਰੇਕ ਬੱਚੇ ਨਾਲ ਇੱਕ ਨਿਰੰਤਰ ਨਿੱਜੀ ਰਿਸ਼ਤਾ ਵੀ ਕਾਇਮ ਕਰਨਾ ਹੁੰਦਾ ਹੈ। ਦੇਸ਼ ਦੇ 26 ਰਾਜਾਂ ਦੇ ਚੋਣਵੇਂ 28 ਜ਼ਿਲ੍ਹਿਆਂ ਵਿੱਚ ਕੀਤਾ ਸਰਵੇਖਣ ਭਾਵੇਂ ਪੇਂਡੂ ਬੱਚਿਆਂ ਦੀਆਂ ਜ਼ਮੀਨੀ ਹਕੀਕਤਾਂ ਬਾਰੇ ਬਹੁਤਾ ਕੁਝ ਨਹੀਂ ਦੱਸਦਾ ਪਰ ਅੱਜ ਦੀਆਂ ਤਲਖ਼ ਪ੍ਰਸਥਿਤੀਆਂ ਨੂੰ ਦੇਖਦਿਆਂ ਇਹ ਕਿਹਾ ਜਾ ਸਕਦਾ ਹੈ ਕਿ ਪੜ੍ਹਾਈ ਵਿੱਚ ਕਮਜ਼ੋਰ ਬੱਚੇ ਅਤੇ ਉਨ੍ਹਾਂ ਦੇ ਮਾਪੇ ਗ਼ਰੀਬ ਅਤੇ ਸਮਾਜਿਕ ਤੇ ਆਰਥਿਕ ਨਿਆਂ ਤੋਂ ਵਾਂਝੇ ਹਨ। ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਹੀ ਨਹੀਂ ਕਿ ਉਨ੍ਹਾਂ ਦੇ ਬੱਚਿਆਂ ਦਾ ਪੜ੍ਹਾਈ ’ਚੋਂ ਕਮਜ਼ੋਰ ਹੋਣ ਦਾ ਪਰਿਵਾਰ ਤੇ ਸਮਾਜ ਨੂੰ ਕਿੰਨਾ ਨੁਕਸਾਨ ਹੋਵੇਗਾ। ਉਹ ਤਾਂ ਬੱਸ ਕਿਸਮਤ ਨੂੰ ਕੋਸ ਛੱਡਦੇ ਹਨ। ਅਸਲ ਵਿੱਚ ਇਹੀ ਉਹ ਬੱਚੇ ਹਨ ਜੋ ਸਾਡਾ ਸਭ ਦਾ ਅਤੇ ਵਿਸ਼ੇਸ਼ ਕਰਕੇ ਅਧਿਆਪਕਾਂ ਦਾ ਧਿਆਨ ਮੰਗਦੇ ਹਨ।
ਬੱਚਿਆਂ ਨੂੰ ਸਿੱਖਿਆ ਦੇਣ ਲਈ ਬੁਨਿਆਦੀ ਤੌਰ ’ਤੇ ਉਨ੍ਹਾਂ ਦੀ ਭਾਸ਼ਾ/ਭਾਸ਼ਾਵਾਂ ’ਤੇ ਪਕੜ ਹੋਣੀ ਜ਼ਰੂਰੀ ਹੈ। ਜੇਕਰ ਤੁਸੀਂ ਬੱਚਿਆਂ ਨੂੰ ਸਹੀ ਢੰਗ ਨਾਲ ਭਾਸ਼ਾ ਸਿਖਾ ਲਈ ਤਾਂ ਸਮਝੋ ਬੱਚੇ ਦੇ ਚੰਗੇ ਭਵਿੱਖ ਦੀ ਨੀਂਹ ਰੱਖ ਦਿੱਤੀ। ਗਣਿਤ ਤੋਂ ਵੀ ਪਹਿਲਾਂ ਭਾਸ਼ਾ ਸਿਖਾਉਣ ’ਤੇ ਵਧੇਰੇ ਜ਼ੋਰ ਹੋਣਾ ਚਾਹੀਦਾ ਹੈ। ਅੰਗਰੇਜ਼ੀ ਦੀ ਤਾਂ ਗੱਲ ਛੱਡੋ, ਅੱਜ ਬਹੁਤੇ ਬੱਚਿਆਂ ਨੂੰ ਪੰਜਾਬੀ ਵੀ ਸਹੀ ਤਰ੍ਹਾਂ ਲਿਖਣੀ ਨਹੀਂ ਆਉਂਦੀ। ਨਿਆਣਿਆਂ ਨੂੰ ਸਿਹਾਰੀ-ਬਿਹਾਰੀ, ਔਂਕੜ, ਦੁਲੈਂਕੜ ਦੀ ਸਹੀ ਵਰਤੋਂ ਦਾ ਇਲਮ ਨਹੀਂ। ਅੰਗਰੇਜ਼ੀ ਨੂੰ ਸਮਝਣ ਦਾ ਪੇਂਡੂ ਸਕੂਲ ਦਾ ਇੱਕ ਵਾਕਿਆ ਤੁਹਾਨੂੰ ਦੱਸਦੀ ਹਾਂ; ਪੇਂਡੂ ਸਕੂਲ ’ਚ ਪੜ੍ਹਨ ਵਾਲੀਆਂ ਦੋ ਕੁੜੀਆਂ ਦੀ ਕਿਸੇ ਗੱਲੋਂ ਲੜਾਈ ਹੋ ਗਈ। ਸੁਰਿੰਦਰ ਨੇ ਕ੍ਰਿਸ਼ਨਾ ਨੂੰ ਧੱਕਾ ਮਾਰਿਆ ਅਤੇ ਕ੍ਰਿਸ਼ਨਾ ਨੇ ਅੱਗਿਓਂ ਉਸ ਦੇ ਮੂੰਹ ’ਤੇ ਏਨੇ ਜ਼ੋਰ ਨਾਲ ਨਹੁੰਦਰਾਂ ਮਾਰੀਆਂ ਕਿ ਸੁਰਿੰਦਰ ਦਾ ਮੂੰਹ ਛਿੱਲਿਆ ਗਿਆ ਤੇ ਉਸ ਵਿੱਚੋਂ ਲਹੂ ਸਿੰਮਣ ਲੱਗ ਪਿਆ। ਸੁਰਿੰਦਰ ਨੇ ਰੋਣਾ ਸ਼ੁਰੂ ਕਰ ਦਿੱਤਾ ਅਤੇ ਏਨੇ ਨੂੰ ਪੀਰੀਅਡ ਸ਼ੁਰੂ ਹੋ ਗਿਆ। ਮੈਡਮ ਜਦੋਂ ਕਲਾਸ ’ਚ ਆਏ ਤਾਂ ਅੱਗਿਓਂ ਧਾਹਾ-ਪਿੰਜਰ ਪਿਆ ਹੋਇਆ ਸੀ। ਉਨ੍ਹਾਂ ਬੱਚਿਆਂ ਤੋਂ ਪੁੱਛਿਆ ਕਿ ਕੀ ਗੱਲ ਹੋਈ, ਉਨ੍ਹਾਂ ਅੱਗੋਂ ਸਾਰੀ ਗੱਲ ਬਿਆਨ ਕਰ ਦਿੱਤੀ। ਦੋਹਾਂ ਕੁੜੀਆਂ ਨੂੰ ਸੀਟਾਂ ’ਤੇ ਖੜ੍ਹਾ ਕਰ ਲਿਆ ਗਿਆ। ਦੋਹਾਂ ਧਿਰਾਂ ਦਾ ਪੱਖ ਸੁਣਨ ਮਗਰੋਂ ਮੈਡਮ ਨੇ ਕ੍ਰਿਸ਼ਨਾ ਨੂੰ ਕਿਹਾ, ‘‘ਕ੍ਰਿਸ਼ਨਾ ਸੇਅ ਸੌਰੀ’’ (ਕ੍ਰਿਸ਼ਨਾ ਮੁਆਫ਼ੀ ਮੰਗੋ)। ਕ੍ਰਿਸ਼ਨਾ ਨੇ ਨਾ ਅੱਗਾ ਦੇਖਿਆ ਨਾ ਪਿੱਛਾ, ਮੈਡਮ ਵੱਲ ਦੇਖਦਿਆਂ ਫ਼ੌਰੀ ਕਿਹਾ, ‘‘ਮੈਡਮ ਸੇਅ ਸੌਰੀ।’’ ਸਾਰੀ ਕਲਾਸ ਹੱਸਣ ਲੱਗੀ। ਕ੍ਰਿਸ਼ਨਾ ਨੂੰ ਸਮਝ ਨਹੀਂ ਲੱਗੀ ਕਿ ਮੈਡਮ ਦੇ ਕਹਿਣ ’ਤੇ ਉਸ ਨੇ ਤਾਂ ਝੱਟ ‘ਸੇਅ ਸੌਰੀ’ ਕਹਿ ਦਿੱਤਾ ਹੈ, ਫਿਰ ਬਾਕੀ ਬੱਚੇ ਉਸ ’ਤੇ ਕਿਉਂ ਹੱਸ ਰਹੇ ਹਨ।
ਅਜਿਹੀਆਂ ਅਨੇਕ ਉਦਾਹਰਨਾਂ ਸਾਡੇ ਸਭਨਾਂ ਦੇ ਚੇਤਿਆਂ ’ਚ ਹੋਣਗੀਆਂ। ਸਾਡੀ ਸਕੂਲੀ ਸਿੱਖਿਆ ਰੱਟੇ ਲਾਉਣ ਵਾਲੀ ਹੈ, ਨਾ ਕਿ ਸਮਝ ਅਤੇ ਤਰਕ ਉੱਤੇ ਆਧਾਰਿਤ।
ਸੱਤਵੀਂ-ਅੱਠਵੀਂ ’ਚ ਪੜ੍ਹਦੇ ਬੱਚੇ ਜੇ ਦੂਜੀ-ਤੀਜੀ ਦੇ ਪਾਠ ਨਹੀਂ ਪੜ੍ਹ ਸਕਦੇ ਤਾਂ ਦੋ-ਤਿੰਨ ਸਾਲਾਂ ਬਾਅਦ ਇਹ ਦਸਵੀਂ ਦੇ ਬੋਰਡ ਦੇ ਇਮਤਿਹਾਨ ਕਿਵੇਂ ਪਾਸ ਕਰ ਲੈਣਗੇ? ਇਸ ਦਾ ਜਵਾਬ ਨਿਰਸੰਦੇਹ ‘ਨਾਂਹ’ ਵਿੱਚ ਹੀ ਹੋਵੇਗਾ। ਫਿਰ ਇਹ ਬੱਚੇ ਕੀ ਕਰਨਗੇ, ਕਿੱਧਰ ਜਾਣਗੇ? ਕਿਤੇ ਇਹ ਬੱਚੇ ਗ਼ੈਰ-ਸਮਾਜੀ ਤੱਤਾਂ ਦਾ ਸ਼ਿਕਾਰ ਤਾਂ ਨਹੀਂ ਹੋ ਜਾਣਗੇ? ਇਹ ਅਤੇ ਅਜਿਹੇ ਅਨੇਕਾਂ ਹੋਰ ਸੁਆਲ ਸਾਥੋਂ ਸਭਨਾਂ ਤੋਂ ਸਿਰਫ਼ ਜਵਾਬ ਨਹੀਂ ਸਗੋਂ ਕਿਸੇ ਸਾਰਥਕ ਹੱਲ ਅਤੇ ਅਮਲ ਦੀ ਤਵੱਕੋ ਕਰਦੇ ਹਨ।