ਅਰਵਿੰਦਰ ਜੌਹਲ
ਪੰਜਾਬ ਵਿੱਚ ਚਾਰ ਸੀਟਾਂ ’ਤੇ ਹੋ ਰਹੀਆਂ ਜ਼ਿਮਨੀ ਚੋਣਾਂ ’ਚ ਪ੍ਰਚਾਰ ਨਵੰਬਰ ਦੀ ਹਲਕੀ ਤੇ ਮੱਠੀ ਠੰਢ ਵਰਗਾ ਹੀ ਹੈ। ਉੱਪਰੋਂ ਸ਼ਾਇਦ ਪਰਾਲੀ ਦੇ ਸਾੜਨ ਅਤੇ ਹੋਰ ਕਾਰਨਾਂ ਕਰ ਕੇ ਵਧੇ ਪ੍ਰਦੂਸ਼ਣ ਦਾ ਪਰਛਾਵਾਂ ਵੀ ਇਸ ’ਤੇ ਪਿਆ ਹੋਇਆ ਹੈ। ਓਦਾਂ ਵੀ ਜ਼ਿਮਨੀ ਚੋਣਾਂ ’ਚ ਮੁੱਦੇ ਉਸ ਤਰ੍ਹਾਂ ਨਹੀਂ ਮਘਦੇ ਜਿਵੇਂ ਆਮ ਚੋਣਾਂ ’ਚ ਮਘਦੇੇ ਹਨ। ਮੀਡੀਆ ਵਿੱਚ ਵੀ ਇਨ੍ਹਾਂ ਚੋਣਾਂ ਦੇ ਪ੍ਰਚਾਰ ਨੂੰ ਓਨੀ ਤਵੱਜੋ ਨਹੀਂ ਮਿਲਦੀ ਜਿੰਨੀ ਆਮ ਚੋਣਾਂ ਵਿੱਚ।
ਇਸ ਵਾਰ ਇਨ੍ਹਾਂ ਜ਼ਿਮਨੀ ਚੋਣਾਂ ਦੀ ਖ਼ਾਸ ਗੱਲ ਇਹ ਹੈ ਕਿ ਕਾਂਗਰਸ ਨੇ ਚਾਰ ਵਿੱਚੋਂ ਦੋ ਸੀਟਾਂ ਗਿੱਦੜਬਾਹਾ ਤੇ ਡੇਰਾ ਬਾਬਾ ਨਾਨਕ ਉੱਤੇ ਵਿਧਾਇਕਾਂ ਦੇ ਸੰਸਦ ਮੈਂਬਰ ਬਣਨ ਮਗਰੋਂ ਉਨ੍ਹਾਂ ਦੀਆਂ ਪਤਨੀਆਂ ਨੂੰ ਹੀ ਉਮੀਦਵਾਰ ਬਣਾਇਆ ਹੈ। ਇਹ ਤਾਂ ਪਤਾ ਨਹੀਂ ਕਿ ਪਤੀਆਂ ਦੇ ਜ਼ੋਰ ਪਾਉਣ ’ਤੇ ਅਜਿਹਾ ਕੀਤਾ ਗਿਆ ਹੈ ਜਾਂ ਫਿਰ ਪਤੀਆਂ ਵੱਲੋਂ ਇਹ ਸੀਟਾਂ ਜਿੱਤੇ ਜਾਣ ਕਾਰਨ, ਪਰ ਇਹ ਜ਼ਰੂਰ ਹੈ ਕਿ ਸੰਸਦ ਮੈਂਬਰਾਂ ਦੀਆਂ ਪਤਨੀਆਂ ਦੇ ਮੈਦਾਨ ’ਚ ਨਿੱਤਰਨ ਨਾਲ ਚੋਣਾਂ ਵਿੱਚ ਇੱਕ ਨਵਾਂ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਇਸ ਹਫ਼ਤੇ ਰਾਜਾ ਵੜਿੰਗ ਦੇ ਇੱਕ ਬਿਆਨ ਨੇ ਇਨ੍ਹਾਂ ਚੋਣਾਂ ਵਿੱਚ ਇੱਕ ਨਵੀਂ ਬਹਿਸ ਨੂੰ ਜਨਮ ਦੇ ਦਿੱਤਾ ਅਤੇ ਇਹ ਸਿਆਸਤਦਾਨਾਂ ਦੀ ਨੋਕ-ਝੋਂਕ ਦਾ ਕੇਂਦਰ ਬਿੰਦੂ ਬਣ ਗਈ।
ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਪਾਰਟੀ ਦੇ ਸੰਸਦ ਮੈਂਬਰ ਰਾਜਾ ਵੜਿੰਗ ਨੇ ਬੁੱਧਵਾਰ ਨੂੰ ਗਿੱਦੜਬਾਹਾ ਦੇ ਪਿੰਡ ਕੋਟ ਅਬਲੂ ਵਿੱਚ ਆਪਣੀ ਪਤਨੀ ਅੰਮ੍ਰਿਤਾ ਵੜਿੰਗ ਦੇ ਹੱਕ ’ਚ ਚੋਣ ਪ੍ਰਚਾਰ ਕਰਦਿਆਂ ਹਾਸੇ-ਠੱਠੇ ’ਚ ਜਨਤਕ ਤੌਰ ’ਤੇ ਇਹ ਕਹਿ ਦਿੱਤਾ, ‘‘ਘਰਵਾਲੀ ਤੜਕੇ ਸੁਰਖ਼ੀ ਬਿੰਦੀ ਲਾ ਕੇ ਨਿਕਲ ਜਾਂਦੀ ਹੈ। ਛੇ ਵਜੇ ਜਾਂਦੀ ਹੈ ਤੇ ਰਾਤ ਨੂੰ ਗਿਆਰਾਂ ਵਜੇ ਆਉਂਦੀ ਹੈ, ਮੇਰੇ ਤਾਂ ਕੰਮੋਂ ਗਈ। ਹੁਣ ਤੁਸੀਂ ਦੱਸੋ ਛੇ ਵਜੇ ਜਨਾਨੀ ਜਾਵੇ ਤੇ ਗਿਆਰਾਂ ਵਜੇ ਆਵੇ ਤਾਂ ਮੇਰੇ ਕਾਹਦੇ ਕੰਮ ਦੀ।’’
ਇਲਾਕੇ ਦੇ ਵੋਟਰਾਂ ਨਾਲ ਆਪਣੇ ਦਿਲ ਅਤੇ ਘਰ ਪਰਿਵਾਰ ਦੀਆਂ ਹਲਕੀਆਂ ਫੁਲਕੀਆਂ ਗੱਲਾਂ ਕਰਦਿਆਂ ਵੜਿੰਗ ਇੱਥੇ ਹੀ ਨਹੀਂ ਰੁਕਿਆ। ਉਸ ਨੇ ਆਪਣੇ ਸੰਬੋਧਨ ਵਿੱਚ ਕਿਹਾ, ‘‘ਮੈਨੂੰ ਤਾਂ ਕੋਈ ਲਾਂਗਰੀ ਭਾਲ ਦਿਓ ਜਿਹੜਾ ਮੇਰੀਆਂ ਰੋਟੀਆਂ-ਰਾਟੀਆਂ ਪਕਾ ਛੱਡਿਆ ਕਰੇ। ਇਸ ਤੋਂ ਬਾਅਦ ਵਿਆਹ, ਭੋਗ, ਜਗਰਾਤੇ ਚੱਲ ਪੈਣਗੇ। ਮੈਂ ਤਾਂ ਉਡੀਕਿਆ ਕਰੂੰਗਾ, ਕਿੱਥੇ ਹੈ?’’ ਉਸ ਦੀ ਗੱਲ ਸੁਣਦਿਆਂ ਹੀ ਰੈਲੀ ’ਚ ਮੌਜੂਦ ਲੋਕਾਂ ’ਚ ਹਾਸਾ ਪੈ ਗਿਆ।
ਰਾਜਾ ਵੜਿੰਗ ਨੇ ਅਜਿਹਾ ਭਾਸ਼ਨ ਦਿੱਤਾ ਹੀ ਸੀ ਕਿ ਮੌਜੂਦਾ ਭਾਜਪਾ ਆਗੂ ਅਤੇ ਸਾਬਕਾ ਕਾਂਗਰਸੀ ਆਗੂ ਤੇ ਉਨ੍ਹਾਂ ਦੇ ਸਾਥੀ ਰਹੇ ਰਵਨੀਤ ਬਿੱਟੂ ਨੇ ਮੌਕਾ ਨਾ ਖੁੰਝਾਉਂਦਿਆਂ ਵੜਿੰਗ ’ਤੇ ਤਨਜ਼ ਕਸਦਿਆਂ ਕਿਹਾ, ‘‘ਇੱਕ ਪਾਸੇ ਤਾਂ ਤੁਸੀਂ ਆਪ ਕਾਂਗਰਸੀ ਪ੍ਰਧਾਨ (ਸੂਬਾਈ) ਹੋ ਅਤੇ ਸਾਡੀ ਭੈਣ (ਅੰਮ੍ਰਿਤਾ) ਨੂੰ ਟਿਕਟ ਦਿੱਤੀ ਅਤੇ ਹੁਣ ਤੁਸੀਂ ਕਹਿ ਰਹੇ ਹੋ ਕਿ ਉਹ ਤੁਹਾਡੇ ਕੰਮ ਦੀ ਨਹੀਂ ਰਹੀ।’’ ਬਿੱਟੂ ਵੱਲੋਂ ਉਠਾਇਆ ਸਵਾਲ ਵੱਡਾ ਹੈ ਕਿ ਹਰ ਖੇਤਰ ਵਿੱਚ ਕੰਮ ਕਰਦੀਆਂ ਔਰਤਾਂ ਜਦੋਂ ਆਪਣੀ ਪੇਸ਼ੇਵਰ ਜ਼ਿੰਦਗੀ ਦੀਆਂ ਜ਼ਿੰਮੇਵਾਰੀਆਂ ਨਿਭਾਉਂਦੀਆਂ ਹਨ ਤਾਂ ਕੀ ਉਹ ਕਿਸੇ ਕੰਮ ਜੋਗੀਆਂ ਨਹੀਂ ਰਹਿੰਦੀਆਂ।
ਬਿੱਟੂ ਵੱਲੋਂ ਸੋਸ਼ਲ ਮੀਡੀਆ ਰਾਹੀਂ ਉਠਾਏ ਇਸ ਸਵਾਲ ਦਾ ਜਵਾਬ ਰਾਜਾ ਵੜਿੰਗ ਦੀ ਥਾਂ ਉਸ ਦੀ ਪਤਨੀ ਅੰਮ੍ਰਿਤਾ ਵੜਿੰਗ ਨੇ ਦਿੱਤਾ, ‘‘ਬਿੱਟੂ ਵੀਰ, ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਕਿ ਜਿਹੜੀ ਗੱਲਬਾਤ ਰਾਜਾ ਜੀ ਨੇ ਲੋਕਾਂ ਨਾਲ ਕੀਤੀ ਹੈ, ਇਸ ਤਰ੍ਹਾਂ ਦੀ ਗੱਲਬਾਤ ਉਹ ਅਕਸਰ ਕਰਦੇ ਰਹਿੰਦੇ ਹਨ ਅਤੇ ਮੈਂ ਵੀ ਕਰਦੀ ਰਹਿੰਦੀ ਹਾਂ। ਸਾਡੇ ਪਰਿਵਾਰ ਦਾ ਇੱਕ ਤਰੀਕਾ ਹੈ ਕਿ ਅਸੀਂ ਪੜ੍ਹ ਕੇ ਸਪੀਚ ਨਹੀਂ ਬੋਲਦੇ ਜੋ ਦਿਲ ਦੀ ਗੱਲ ਹੁੰਦੀ ਹੈ, ਉਹ ਲੋਕਾਂ ਨਾਲ ਸਾਂਝੀ ਕਰੀਦੀ ਹੈ ਪਰ ਬੜੇ ਪਿਆਰ ਨਾਲ ਕਰੀਦੀ ਹੈ, ਔਰ ਲੋਕ ਇਸ ਚੀਜ਼ ਨੂੰ ਸਮਝਦੇ ਹਨ ਕਿ ਇਹ ਕਿਸ ਰਵੱਈਏ ਤੇ ਲਹਿਜੇ ਨਾਲ ਕੀਤੀ ਜਾ ਰਹੀ ਹੈ। … ਹਾਸਾ ਮਜ਼ਾਕ ਸਾਡੀਆਂ ਸਪੀਚਿਜ਼ ਦਾ ਇੱਕ ਬੜਾ ਮੇਜਰ ਹਿੱਸਾ ਹੈ। ਰਾਜਾ ਜੀ ਜਿਹੜੀ ਗੱਲ ਕਨਵੇਅ ਕਰਨਾ ਚਾਹ ਰਹੇ ਸੀ, ਉਹ ਇਹ ਸੀ ਕਿ ਸੁਬ੍ਹਾ ਛੇ ਵਜੇ ਤੋਂ ਲੈ ਕੇ ਗਿਆਰਾਂ ਵਜੇ ਤਕ ਅੰਮ੍ਰਿਤਾ ਲੋਕਾਂ ਦੇ ਵਿੱਚ ਹਾਜ਼ਰ ਰਹਿੰਦੀ ਹੈ। ਲੋਕਾਂ ਨੂੰ ਉਹ ਗੱਲ ਸਮਝ ਆ ਗਈ ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਤੁਹਾਨੂੰ ਭਾਜਪਾ ਨੇ ਬਿਨਾਂ ਜਿੱਤਿਆਂ ਮੰਤਰੀ ਬਣਾ ’ਤਾ, ਬੜਾ ਵੱਡਾ ਪਦ ਦੇ ਦਿੱਤਾ ਅਤੇ ਤੁਹਾਨੂੰ ਉਹ ਨਿੱਕੀ ਜਿਹੀ ਗੱਲ ਸਮਝ ਨਹੀਂ ਆਈ। ਤੁਸੀਂ ਉਸ ਚੀਜ਼ ਨੂੰ ਤੋੜ-ਮਰੋੜ ਕੇ ਔਰਤਾਂ ਦੀ ਇਨਸਲਟ ਵਾਲੇ ਪਾਸੇ ਲੈ ਗਏ।’’
ਰਵਨੀਤ ਬਿੱਟੂ ਦੇ ਹਾਰਨ ਦੇ ਬਾਵਜੂਦ ਭਾਜਪਾ ਵੱਲੋਂ ਉਸ ਨੂੰ ਕੇਂਦਰੀ ਮੰਤਰੀ ਬਣਾਏ ਜਾਣ ਦਾ ਮਿਹਣਾ ਦੇਣ ਤੋਂ ਬਾਅਦ ਅੰਮ੍ਰਿਤਾ ਨੇ ਰਾਜਾ ਵੜਿੰਗ ਵੱਲੋਂ ਉਸ ਦੇ ਜਨਤਕ ਜੀਵਨ ਦੀਆਂ ਸਰਗਰਮੀਆਂ ਵਿੱਚ ਦਿੱਤੇ ਜਾਂਦੇ ਸਹਿਯੋਗ ਅਤੇ ਸਮਰਥਨ ਦਾ ਵੇਰਵਾ ਦਿੰਦਿਆਂ ਬਿੱਟੂ ਨੂੰ ਅਜਿਹੀਆਂ ਟਿੱਪਣੀਆਂ ਤੋਂ ਗੁਰੇਜ਼ ਕਰਨ ਲਈ ਕਿਹਾ।
ਇਸ ਬਾਰੇ ਕੋਈ ਦੋ ਰਾਵਾਂ ਨਹੀਂ ਕਿ ਰਾਜਾ ਵੜਿੰਗ ਨੇ ਹਾਸੇ ਮਜ਼ਾਕ ਵਿੱਚ ਹੀ ਇਹ ਗੱਲ ਕਹੀ ਹੋਵੇਗੀ। ਪਰ ਸਵਾਲ ਤਾਂ ਇਹ ਉੱਠਦਾ ਹੈ ਕਿ ਜਦੋਂ ਰਾਜਾ ਵੜਿੰਗ ਇਸ ਸੀਟ ਤੋਂ ਚੋਣ ਲੜਿਆ ਹੋਵੇਗਾ ਤਾਂ ਅੰਮ੍ਰਿਤਾ ਨੇ ਉਸ ਦੇ ਹੱਕ ਵਿੱਚ ਕੀਤੇ ਚੋਣ ਪ੍ਰਚਾਰ ਅਤੇ ਰੈਲੀਆਂ ਦੌਰਾਨ ਜਨਤਕ ਤੌਰ ’ਤੇ ਕਦੇ ਵੋਟਰਾਂ ਨੂੰ ਇਹ ਨਹੀਂ ਕਿਹਾ ਹੋਵੇਗਾ ਕਿ ਉਹ ਤਾਂ ਸਵੇਰੇ ਹੀ ਤਿਆਰ ਹੋ ਕੇ ਘਰੋਂ ਨਿਕਲ ਤੁਰਦਾ ਹੈ ਅਤੇ ਦੇਰ ਰਾਤ ਘਰ ਵੜਦਾ ਹੈ; ਉਹ ਤਾਂ ਹੁਣ ਉਸ ਦੇ ਕੰਮ ਦਾ ਨਹੀਂ ਰਿਹਾ।
ਅੰਮ੍ਰਿਤਾ ਨੇ ਸ਼ਾਇਦ ਹਾਸੇ ਮਜ਼ਾਕ ’ਚ ਵੀ ਰਾਜਾ ਵੜਿੰਗ ਬਾਰੇ ਕਦੇ ਕੋਈ ਅਜਿਹੀ ਟਿੱਪਣੀ ਨਹੀਂ ਕੀਤੀ ਹੋਵੇਗੀ। ਬਿੱਟੂ ਦੇ ਪਾਲਾ ਬਦਲਣ ਵਾਲੇ ਔਗੁਣ ਨੂੰ ਜੇਕਰ ਨਜ਼ਰਅੰਦਾਜ਼ ਕਰ ਦੇਈਏ ਤਾਂ ਉਸ ਦੀ ਇਹ ਟਿੱਪਣੀ ਸਹੀ ਹੈ ਕਿ ਔਰਤ ਜੇਕਰ ਆਪਣੀ ਪਸੰਦ ਅਤੇ ਦਿਲਚਸਪੀ ਦੇ ਖੇਤਰ ਵਿੱਚ ਅੱਗੇ ਵਧਣਾ ਚਾਹੁੰਦੀ ਹੈ ਤਾਂ ਇਹ ਕਹਿਣਾ ਕਿ ਉਹ ‘ਮੇਰੇ ਕੰਮੋਂ ਗਈ’ ਸੰਵੇਦਨਸ਼ੀਲ ਟਿੱਪਣੀ ਨਹੀਂ ਹੈ।
ਵੜਿੰਗ ਦੀ ਹਲਕੇ ਫੁਲਕੇ ਅੰਦਾਜ਼ ’ਚ ਕੀਤੀ ਗਈ ਟਿੱਪਣੀ ਤੋਂ ਸਾਹਮਣੇ ਆਉਂਦੀ ਇਸ ਹਕੀਕਤ ਨੂੰ ਅਸੀਂ ਝੁਠਲਾ ਨਹੀਂ ਸਕਦੇ ਕਿ ਸਾਡੇ ਸਮਾਜ ਵਿੱਚ ਕਿਸੇ ਵੀ ਖੇਤਰ ਵਿੱਚ ਕੰਮ ਕਰਦੀ ਔਰਤ ਨੂੰ ਇਹ ਗੱਲ ਅਕਸਰ ਯਾਦ ਕਰਵਾਈ ਜਾਂਦੀ ਹੈ ਕਿ ਉਸ ਦੀਆਂ ਪੇਸ਼ੇਵਰ ਜ਼ਿੰਮੇਵਾਰੀਆਂ, ਰੁਝੇਵਿਆਂ, ਪ੍ਰੇਸ਼ਾਨੀਆਂ ਅਤੇ ਦਿੱਕਤਾਂ ਨਾਲ ਪਰਿਵਾਰ ਦਾ ਕੋਈ ਲੈਣਾ ਦੇਣਾ ਨਹੀਂ, ਉਸ ਦੇ ਪਰਿਵਾਰਕ ਫਰਜ਼ਾਂ ’ਚ ਕਿਤੇ ਕੋਈ ਕੁਤਾਹੀ ਨਹੀਂ ਹੋਣੀ ਚਾਹੀਦੀ। ਇਹ ਵੀ ਨਹੀਂ ਕਿ ਪਰਿਵਾਰ ਉਸ ਨੂੰ ਅੱਗੇ ਵਧਦੇ ਜਾਂ ਤਰੱਕੀ ਕਰਦਿਆਂ ਨਹੀਂ ਦੇਖਣਾ ਚਾਹੁੰਦਾ, ਪਰ ਉਹ ਇਸ ਗੱਲ ਦੀ ਗਾਰੰਟੀ ਜ਼ਰੂਰ ਚਾਹੁੰਦਾ ਹੈ ਕਿ ਕਿਸੇ ਵੀ ਸੂਰਤ ਔਰਤ ਘਰੇਲੂ ਜ਼ਿੰਮੇਵਾਰੀਆਂ ਦੀ ਸਰਦਲ ਨਾ ਟੱਪੇ।
ਕਿਸੇ ਵੱਡੇ ਅਹੁਦੇ ’ਤੇ ਕੰਮ ਕਰਦੀ ਹੋਈ ਔਰਤ ਹੋਵੇ ਜਾਂ ਚੋਣਾਂ ਵਿੱਚ ਪ੍ਰਚਾਰ ਕਰਦੀ ਹੋਈ ਕੋਈ ਉਮੀਦਵਾਰ; ਉਸ ’ਤੇ ਟਿੱਪਣੀ ਕਰਨ ਵਾਲੀ ਭਾਵੇਂ ਮਾਂ ਹੋਵੇ ਜਾਂ ਪਤੀ, ਪੇਸ਼ੇਵਰ ਜ਼ਿੰਦਗੀ ’ਚ ਵਿਚਰਦੀ ਔਰਤ ਲਈ ਸਭ ਦਾ ਨਜ਼ਰੀਆ ਇੱਕੋ ਹੈ।
ਇਸ ਸੰਦਰਭ ’ਚ ਪੈਪਸੀ ਕਾਰਪੋਰੇਸ਼ਨ (ਪੈਪਸਿਕੋ) ਦੀ ਪ੍ਰੈਜ਼ੀਡੈਂਟ ਦੇ ਅਹੁਦੇ ’ਤੇ ਕੰਮ ਕਰਦਿਆਂ ਇੰਦਰਾ ਨੂਈ ਨੇ ਦੱਸਿਆ ਸੀ ਕਿ ਉਸ ਨੂੰ ਉਹ ਗੱਲ ਕਦੇ ਨਹੀਂ ਭੁੱਲਦੀ ਜਦੋਂ 2001 ਵਿੱਚ ਉਸ ਨੂੰ ‘ਪੈਪਸਿਕੋ’ ਦੀ ਪ੍ਰੈਜ਼ੀਡੈਂਟ ਬਣਾਇਆ ਗਿਆ ਸੀ। ਜਦੋਂ ਉਸ ਨੂੰ ਇਹ ਅਹੁਦਾ ਮਿਲਿਆ ਤਾਂ ਉਸ ਦੀ ਮਾਂ ਉਸ ਕੋਲ ਆਈ ਹੋਈ ਸੀ। ਜਦੋਂ ਨੂਈ ਘਰ ਮੁੜੀ ਤਾਂ ਉਸ ਨੇ ਮਾਂ ਨੂੰ ਦੇਖਦਿਆਂ ਖ਼ੁਸ਼ੀ ਨਾਲ ਉੱਚੀ ਆਵਾਜ਼ ’ਚ ਆਖਿਆ, ‘‘ਮੇਰੇ ਕੋਲ ਤੁਹਾਨੂੰ ਸੁਣਾਉਣ ਲਈ ਬਹੁਤ ਚੰਗੀ ਖ਼ਬਰ ਹੈ।’’ ਅੱਗੋਂ ਮਾਂ ਦਾ ਕਹਿਣਾ ਸੀ, ‘‘ਖ਼ਬਰ ਮੈਂ ਜ਼ਰਾ ਰੁਕ ਕੇ ਸੁਣ ਲਵਾਂਗੀ। ਤੂੰ ਜਾਹ, ਪਹਿਲਾਂ ਦੁੱਧ ਲੈ ਕੇ ਆ ਜੋ ਮੁੱਕਿਆ ਹੋਇਆ ਹੈ।’’ ਉਹ ਫੌਰੀ ਗੱਡੀ ਚੁੱਕ ਕੇ ਦੁੱਧ ਲੈਣ ਚਲੀ ਗਈ। ਜਦੋਂ ਉਹ ਦੁੱਧ ਲੈ ਕੇ ਮੁੜੀ ਤਾਂ ਬਹੁਤ ਤਪੀ ਹੋਈ ਸੀ। ਉਸ ਨੇ ਮਾਂ ਨੂੰ ਕਿਹਾ, ‘‘ਮੈਂ ਤੁਹਾਨੂੰ ਬਹੁਤ ਵਧੀਆ ਖ਼ਬਰ ਸੁਣਾਉਣੀ ਸੀ। ਮੈਨੂੰ ‘ਪੈਪਸਿਕੋ’ ਦੀ ਪ੍ਰੈਜ਼ੀਡੈਂਟ ਬਣਾਇਆ ਗਿਆ ਹੈ ਅਤੇ ਤੁਸੀਂ ਮੈਨੂੰ ਦੁੱਧ ਲੈਣ ਲਈ ਭੇਜ ਦਿੱਤਾ।’’ ਮਾਂ ਨੇ ਉਸ ਵੱਲ ਦੇਖਦਿਆਂ ਕਿਹਾ, ‘‘ਮੈਂ ਤੈਨੂੰ ਇੱਕ ਗੱਲ ਸਮਝਾ ਦਿਆਂ, ਤੂੰ ਭਾਵੇਂ ‘ਪੈਪਸਿਕੋ’ ਦੀ ਪ੍ਰੈਜ਼ੀਡੈਂਟ ਬਣ ਗਈ ਹੈਂ ਪਰ ਇਸ ਘਰ ਦੇ ਬੂਹੇ ਅੰਦਰ ਪੈਰ ਪਾਉਂਦਿਆਂ ਹੀ ਤੂੰ ਸਭ ਤੋਂ ਪਹਿਲਾਂ ਇੱਕ ਪਤਨੀ ਹੈਂ ਅਤੇ ਫਿਰ ਮਾਂ ਹੈਂ ਜਿਸ ਦੀ ਜਗ੍ਹਾ ਕੋਈ ਹੋਰ ਨਹੀਂ ਲੈ ਸਕਦਾ। ਆਪਣਾ ਪ੍ਰੈਜ਼ੀਡੈਂਟ ਵਾਲਾ ਤਾਜ ਤਾਂ ਬਾਹਰ ਗੈਰਾਜ ਵਿੱਚ ਰੱਖ ਕੇ ਅੰਦਰ ਵੜੀਂ।’’
ਅਸਲ ਨੁਕਸ ਸਾਡੀ ਸੋਚ ਦਾ ਹੈ ਜੋ ਸਦੀਆਂ ਤੋਂ ਮਰਦ ਨੂੰ ਘਰ ਦਾ ਸਰਬਰਾਹ ਮੰਨਦੀ ਹੈ ਅਤੇ ਸਾਰੀਆਂ ਘਰੇਲੂ ਜ਼ਿੰਮੇਵਾਰੀਆਂ ਔਰਤ ਦੇ ਸਿਰ ਪਾਉਂਦੀ ਹੈ। ਜੇਕਰ ਕੋਈ ਜ਼ਿੰਮੇਵਾਰੀ ਪੂਰੀ ਨਾ ਹੋਵੇ ਤਾਂ ਔਰਤ ਨੂੰ ਗੁਨਾਹਗਾਰ ਹੋਣ ਦਾ ਅਹਿਸਾਸ ਕਰਵਾਇਆ ਜਾਂਦਾ ਹੈ। ਸਾਡਾ ਸਮਾਜ ਇਸੇ ਮਾਨਸਿਕਤਾ ਅਤੇ ਸੋਚ ਦੀ ਪੈਰਵੀ ਕਰਦਾ ਹੈ। ਰਾਜਾ ਵੜਿੰਗ ਨੇ ਸ਼ਾਇਦ ਸੁੱਤੇ ਸਿੱਧ ਹੀ ਬਹੁਤ ਸਹਿਜ ਨਾਲ ਆਪਣੀ ਪਤਨੀ ਬਾਰੇ ਮਖੌਲੀਆ ਅੰਦਾਜ਼ ’ਚ ਇਹ ਟਿੱਪਣੀ ਆਪਣੇ ਸਰੋਤਿਆਂ/ ਹਮਾਇਤੀਆਂ ਨੂੰ ਸੰਬੋਧਨ ਕਰਦਿਆਂ ਕੀਤੀ ਹੋਵੇਗੀ। ਆਪਣੇ ਪਤੀ ਦੀ ਇਸ ਟਿੱਪਣੀ ਦਾ ਬਚਾਅ ਅੰਮ੍ਰਿਤਾ ਨੇ ਹੀ ਖ਼ੁਦ ਕੀਤਾ ਜਦੋਂਕਿ ਵੜਿੰਗ ਨੇ ਇਸ ਬਾਰੇ ਨਾ ਤਾਂ ਕੋਈ ਸਫਾਈ ਦਿੱਤੀ ਅਤੇ ਨਾ ਹੀ ਕੋਈ ਜਵਾਬ ਦਿੱਤਾ ਹੈ। ਅੰਮ੍ਰਿਤਾ ਆਪਣੇ ਬਾਰੇ ਹੀ ਕੀਤੀ ਟਿੱਪਣੀ ਦੇ ਬਚਾਅ ਲਈ ਪਤੀ ਦੇ ਹੱਕ ’ਚ ਮੋਰਚੇ ’ਤੇ ਡਟ ਗਈ ਪਰ ਇੱਕ ਸਿਆਸੀ ਪਾਰਟੀ ਦਾ ਪ੍ਰਧਾਨ ਅਤੇ ਸੰਸਦ ਮੈਂਬਰ ਹੁੰਦਿਆਂ ਉਸ ਨੂੰ ਆਪਣੀ ਪਤਨੀ ਬਾਰੇ ਜਨਤਕ ਮੰਚ ਤੋਂ ਬੋਲੇ ਜਾਣ ਵਾਲੇ ਸ਼ਬਦਾਂ ਪ੍ਰਤੀ ਸੁਚੇਤ ਹੋਣਾ ਬਣਦਾ ਸੀ ਕਿਉਂਕਿ ਜਨਤਕ ਮੰਚ ਤੋਂ ਬੋਲਿਆ ਗਿਆ ਕੋਈ ਵੀ ਸ਼ਬਦ ਕਿਸੇ ਸੂਰਤ ਨਿੱਜੀ ਨਹੀਂ ਰਹਿੰਦਾ।