ਨਵੀਂ ਦਿੱਲੀ, 6 ਫਰਵਰੀ
ਆਲ ਇੰਡੀਆ ਫੁਟਬਾਲ ਫੈਡਰੇਸ਼ਨ (ਏਆਈਐੱਫਐੱਫ) ਨੇ ਦੇਸ਼ ਦੇ ਘਰੇਲੂ ਫੁਟਬਾਲ ਟੂਰਨਾਮੈਂਟਾਂ ਲਈ ਪ੍ਰੋਗਰਾਮ ਜਾਰੀ ਕੀਤਾ ਹੈ ਜਿਸ ਤਹਿਤ ਦੇਸ਼ ਦੀ ਸਭ ਤੋਂ ਵੱਡੀ ਫੁਟਬਾਲ ਲੀਗ ਮੰਨੀ ਜਾਂਦੀ ਇੰਡੀਅਨ ਸੁਪਰ ਲੀਗ (ਆਈਐੱਸਐੱਲ) ਦਾ 11ਵਾਂ ਸੀਜ਼ਨ 14 ਸਤੰਬਰ ਤੋਂ ਸ਼ੁਰੂ ਹੋ ਕੇ 20 ਅਪਰੈਲ 2025 ਤੱਕ ਚੱਲੇਗਾ। ਏਆਈਐੱਫਐੱਫ ਨੇ ਦੱਸਿਆ ਕਿ ਅਗਲੇ ਸੀਜ਼ਨ (2024-25) ਦੇ ਸੀਨੀਅਰ ਕੈਲੰਡਰ ਦੀ ਸ਼ੁਰੂਆਤ ਹਰ ਵਾਰ ਦੀ ਤਰ੍ਹਾਂ ਏਸ਼ੀਆ ਦੇ ਸਭ ਤੋਂ ਪੁਰਾਣੇ ਟੂਰਨਾਮੈਂਟ ਡੁਰੰਡ ਕੱਪ ਨਾਲ ਹੋਵੇਗੀ ਜੋ 26 ਤੋਂ 31 ਜੁਲਾਈ ਤੱਕ ਖੇਡਿਆ ਜਾਵੇਗਾ। ਆਈਲੀਗ 19 ਅਕਤੂਬਰ ਤੋਂ 30 ਅਪਰੈਲ ਤੱਕ ਕਰਵਾਈ ਜਾਵੇਗੀ। ਸੁਪਰ ਕੱਪ ਵੀ ਪਹਿਲੀ ਅਕਤੂਬਰ ਤੋਂ 15 ਮਈ ਤੱਕ ਖੇਡਿਆ ਜਾਵੇਗਾ। –ਪੀਟੀਆਈ