ਨਿੱਜੀ ਪੱਤਰ ਪ੍ਰੇਰਕ
ਮੰਡੀ ਗੋਬਿੰਦਗੜ੍ਹ, 1 ਅਪਰੈਲ
ਦੇਸ਼ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ ਵਿੱਚ ਗੁਲਜ਼ਾਰ ਕੁਸ਼ਤੀ ਅਖਾੜੇ ਵੱਲੋਂ 18ਵਾ ਗੁਲਜ਼ਾਰ ਕੁਸ਼ਤੀ ਵਿਸ਼ਵ ਗੋਲਡ ਕੱਪ ਕਰਵਾਇਆ ਗਿਆ। ਇਸ ਦੌਰਾਨ 75 ਤੇ 100 ਕਿਲੋ ਭਾਰ ਦੇ ਪਹਿਲਵਾਨਾਂ ਦੇ ਕੁਸ਼ਤੀ ਮੁਕਾਬਲੇ ਕਰਵਾਏ ਗਏ। ਮੁਕਾਬਲਿਆਂ ਵਿਚ 64 ਪਹਿਲਵਾਨਾਂ ਨੇ ਹਿੱਸਾ ਲਿਆ ਹੈ। ਇਨ੍ਹਾਂ ਵਿੱਚੋਂ 32 ਪਹਿਲਵਾਨ ਪੰਜਾਬ ਵਿਚੋਂ ਤੇ ਬਾਕੀ ਹਰਿਆਣਾ, ਝਾਰਖੰਡ, ਉੱਤਰ ਪ੍ਰਦੇਸ਼ ਆਦਿ ਥਾਵਾਂ ਦੇ ਹਨ। ਸਮਾਗਮ ਵਿਚ ਯੂਨੀਵਰਸਿਟੀ ਦੇ ਸਿੱਖਿਆ ਵਿਭਾਗ ਦੇ ਡਾਇਰੈਕਟਰ ਡਾ. ਗਿਆਨ ਸਿੰਘ ਨੇ ਮੁੱਖ-ਮਹਿਮਾਨ ਵਜੋਂ ਸ਼ਿਰਕਤ ਕੀਤੀ ਜਦੋਂਕਿ ਕੁਲਪਤੀ ਡਾ. ਜ਼ੋਰਾ ਸਿੰਘ, ਰਜਿਸਟਰਾਰ ਕਰਨਲ ਪਰਦੀਪ ਕੁਮਾਰ, ਜ਼ਿਲ੍ਹਾ ਖੇਡ ਅਫ਼ਸਰ ਰਾਹੁਲਦੀਪ ਸਿੰਘ ਅਤੇ ਉਪ ਪ੍ਰਧਾਨ ਡਾ. ਹਰਸ਼ ਸਦਾਵਰਤੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸਿਰਕਤ ਕੀਤੀ। ਇਸ ਮੌਕੇ ਡਾ. ਗਿਆਨ ਸਿੰਘ ਨੇ ਕਿਹਾ ਕਿ ਕੁਸ਼ਤੀ ਸਰੀਰਕ ਤੰਦਰੁਸਤੀ ਅਤੇ ਤਾਕਤ ਦੀ ਖੇਡ ਹੈ। ਕੁਲਪਤੀ ਡਾ. ਜ਼ੋਰਾ ਸਿੰਘ ਨੇ ਕਿਹਾ ਕਿ ਖੇਡਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਖਦੀਆਂ ਹਨ। ਉਨ੍ਹਾਂ ਯੂਨੀਵਰਸਿਟੀ ਵੱਲੋਂ ਅਖਾੜੇ ਨੂੰ 1 ਲੱਖ 51 ਹਜ਼ਾਰ ਰੁਪਏ ਦੀ ਰਕਮ ਦੇਣ ਦਾ ਐਲਾਨ ਕੀਤਾ। ਗੁਲਜ਼ਾਰ ਕੁਸ਼ਤੀ ਅਖਾੜਾ ਦੇ ਪ੍ਰਧਾਨ ਸਰਬਜੀਤ ਸਿੰਘ ਬਾਲਾ ਤੇ ਜਨਰਲ ਸਕੱਤਰ ਆਰ.ਐਸ. ਕੁੰਡ ਨੇ ਯੂਨੀਵਰਸਿਟੀ ਦੇ ਕੁਲਪਤੀ ਵਲੋਂ ਮੁਕਾਬਲੇ ਨੂੰ ਸਪਾਂਸਰ ਕਰਨ ਅਤੇ ਜੇਤੂ ਰਕਮ ਦੇਣ ਲਈ ਧੰਨਵਾਦ ਕੀਤਾ।