ਖੇਤਰੀ ਪ੍ਰਤੀਨਿਧ
ਐੱਸ.ਏ.ਐੱਸ.ਨਗਰ (ਮੁਹਾਲੀ), 31 ਅਗਸਤ
ਪੰਜਾਬ ਸਰਕਾਰ ਅਤੇ ਖੇਡ ਵਿਭਾਗ ਪੰਜਾਬ ਵੱਲੋਂ ਕਰਵਾਈਆਂ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ ਮੁਹਾਲੀ ਜ਼ਿਲ੍ਹੇ ਵਿੱਚ ਪਹਿਲੀ ਸਤੰਬਰ ਤੋਂ ਆਰੰਭ ਹੋ ਰਹੀਆਂ ਹਨ। ਵਿਭਾਗ ਨੇ ਖੇਡਾਂ ਦੇ ਪੂਰੇ ਵੇਰਵੇ ਲਈ ਵੈਬਸਾਈਟ ਉੱਤੇ ਵੀ ਸਮੁੱਚੀ ਜਾਣਕਾਰੀ ਉਪਲਬੱਧ ਕਰਾਈ ਹੈ। ਜ਼ਿਲ੍ਹਾ ਖੇਡ ਅਫ਼ਸਰ ਗੁਰਦੀਪ ਕੌਰ ਨੇ ਦੱਸਿਆ ਕਿ ਬਲਾਕ ਮਾਜਰੀ ਦੀਆਂ ਖੇਡਾਂ 1 ਤੋਂ 4 ਸਤੰਬਰ ਨੂੰ ਐਮਸੀ ਸਟੇਡੀਅਮ ਕੁਰਾਲੀ ਵਿੱਚ ਅਤੇ ਕਬੱਡੀ ਖਾਲਸਾ ਸਕੂਲ ਕੁਰਾਲੀ ਵਿੱਚ ਕਰਵਾਈ ਜਾਵੇਗੀ। ਬਲਾਕ ਖਰੜ ਦੀਆਂ ਖੇਡਾਂ ਸ਼ਹੀਦ ਕਾਂਸ਼ੀ ਰਾਮ ਫਿਜ਼ੀਕਲ ਕਾਲਜ ਭਾਗੋਮਾਜਰਾ ਅਤੇ ਫੁਟਬਾਲ ਦੇ ਮੁਕਾਬਲੇ ਐੱਮਸੀ ਸਟੇਡੀਅਮ ਖਰੜ ਵਿੱਚ ਕਰਵਾਏ ਜਾਣਗੇ। ਬਲਾਕ ਡੇਰਾਬਸੀ ਵਿੱਚ ਮੁਕਾਬਲੇ ਸਰਕਾਰੀ ਕਾਲਜ ਡੇਰਾਬਸੀ ਅਤੇ ਸਸਸਸ ਲਾਲੜੂ ’ਚ ਹੋਣਗੇ।
ਮੁਹਾਲੀ ਜ਼ਿਲ੍ਹੇ ਦੇ ਖੇਡ ਵਿਭਾਗ ਵੱਲੋਂ ਕੁਰਾਲੀ, ਮਾਜਰੀ ਅਤੇ ਡੇਰਾਬੱਸੀ ਬਲਾਕਾਂ ਦੇ ਖੇਡ ਮੁਕਾਬਲੇ ਕਰਾਉਣ ਲਈ ਪ੍ਰੋਗਰਾਮ ਤੈਅ ਕੀਤੇ ਹਨ ਪਰ ਨਵੇਂ ਬਣੇ ਮੁਹਾਲੀ ਬਲਾਕ ਦਾ ਕੋਈ ਵੱਖਰਾ ਖੇਡ ਪ੍ਰੋਗਰਾਮ ਨਹੀਂ ਬਣਾਇਆ ਗਿਆ। ਆਮ ਆਦਮੀ ਪਾਰਟੀ ਦੇ ਹਲਕਾ ਮੁਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਨੇ ਕਿਹਾ ਹੈ ਕਿ ਖੇਡਾਂ ਵਤਨ ਪੰਜਾਬ ਦੀਆਂ ਪੰਜਾਬ ਵਿੱਚ ਨਵਾਂ ਖੇਡ ਇਨਕਲਾਬ ਲਿਆਉਣਗੀਆਂ।
ਜੌੜੇਮਾਜਰਾ ਨੇ ਸ਼ੁਰੂ ਕਰਵਾਇਆ ਬਲਾਕ ਪੱਧਰੀ ਟੂਰਨਾਮੈਂਟ
ਫਤਹਿਗੜ੍ਹ ਸਾਹਿਬ (ਨਿੱਜੀ ਪੱਤਰ ਪ੍ਰੇਰਕ): ਪੰਜਾਬ ਦੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਚੇਤਨ ਸਿੰਘ ਜੌੜੇਮਾਜਰਾ ਨੇ ਸਟੇਡੀਅਮ ਮਾਧੋਪੁਰ ਸਰਹਿੰਦ ਵਿੱਚ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰਦਿਆ ਕਿਹਾ ਕਿ ਪੰਜਾਬ ਵਿਚ ਸ਼ੁਰੂ ਕੀਤੀਆਂ ਗਈਆਂ ‘ਖੇਡਾਂ ਵਤਨ ਪੰਜਾਬ ਦੀਆਂ’ ਦੇ ਸ਼ੁਰੂ ਹੋਣ ਨਾਲ ਰੰਗਲੇ ਪੰਜਾਬ ਦੀ ਸ਼ੁਰੂਆਤ ਹੋਵੇਗੀ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਵੱਲੋਂ ਸ਼ੁਰੂ ਕਰਵਾਈਆਂ ਇਹ ਖੇਡਾਂ ਬਲਾਕ ਪੱਧਰ, ਜ਼ਿਲ੍ਹਾ ਪੱਧਰ, ਜ਼ੋਨ ਅਤੇ ਫਿਰ ਰਾਜ ਪੱਧਰ ’ਤੇ ਕਰਵਾਈਆਂ ਜਾਣਗੀਆਂ ਅਤੇ ਜੇਤੂ ਖਿਡਾਰੀਆਂ ਨੂੰ 6 ਕਰੋੜ ਰੁਪਏ ਦੇ ਇਨਾਮ ਦਿੱਤੇ ਜਾਣਗੇ।