ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 25 ਅਪਰੈਲ
ਨੇੜਲੇ ਪਿੰਡ ਚਕਰ ਵਿੱਚ ਪੰਜਾਬ ਫਾਊਂਡੇਸ਼ਨ ਦੇ ਸਹਿਯੋਗ ਅਤੇ ਸਰਪ੍ਰਸਤੀ ’ਚ ਪਹਿਲਾ ‘ਪੰਜਾਬ ਗੋਲਡਨ ਗਲੱਵਜ਼ ਬਾਕਸਿੰਗ ਟੂਰਨਾਮੈਂਟ’ ਕਰਾਇਆ ਗਿਆ। ਜਗਦੀਪ ਸਿੰਘ ਘੁੰਮਣ, ਡਾਇਰੈਕਟਰ ਸਵਰਨ ਸਿੰਘ ਘੁੰਮਣ, ਡਾਇਰੈਕਟਰ ਜਗਰੂਪ ਸਿੰਘ ਜਰਖੜ ਅਤੇ ਡਾਇਰੈਕਟਰ ਪ੍ਰਿੰਸੀਪਲ ਬਲਵੰਤ ਸਿੰਘ ਸੰਧੂ ਦੀ ਅਗਵਾਈ ’ਚ ਟੂਰਨਾਮੈਂਟ ਦੌਰਾਨ ਚਕਰ, ਜਰਖੜ (ਲੁਧਿਆਣਾ), ਤਲਵਾੜਾ (ਕਪੂਰਥਲਾ) ਅਤੇ ਕਰਨਾਲ (ਹਰਿਆਣਾ) ਦੀਆਂ ਬਾਕਸਿੰਗ ਟੀਮਾਂ ਨੇ ਹਿੱਸਾ ਲਿਆ। ਟੂਰਨਾਮੈਂਟ ’ਚ ਤਹਿਸੀਲ ਭਲਾਈ ਅਫ਼ਸਰ ਜਗਰਾਉਂ ਕੁਲਵੰਤ ਸਿੰਘ ਸੰਧੂ ਨੇ ਮੁੱਖ ਮਹਿਮਾਨ ਦੇ ਤੌਰ ’ਤੇ ਸ਼ਿਰਕਤ ਕੀਤੀ। ਇਸ ਮੌਕੇ 28-30 ਕਿਲੋ ਭਾਰ ਵਰਗ ’ਚ ਜਗਤਾਰ ਸਿੰਘ ਤਲਵਾੜਾ ਨੇ ਸ਼ਗਨਦੀਪ ਸਿੰਘ ਚਕਰ ਨੂੰ, 42-44 ਭਾਰ ਵਰਗ ’ਚ ਨਵਨੂਰ ਕਰਨਾਲ ਨੇ ਹਰਗੁਣ ਸਿੰਘ ਜਰਖੜ ਨੂੰ, 45-48 ਭਾਰ ਵਰਗ ’ਚ ਹਰਜੋਤ ਸਿੰਘ ਜਰਖੜ ਨੇ ਅਰਵਿੰਦ ਨੂੰ, 52-54 ’ਚ ਵੰਸ਼ ਕਰਨਾਲ ਨੇ ਸੁਸ਼ਾਂਤ ਨੂੰ ਹਰਾ ਕੇ ਸੋਨ ਤਗ਼ਮੇ ਜਿੱਤੇ। ਸੀਨੀਅਰ ਵਰਗ ਦੇ 52-54 ਕਿਲੋ ਵਰਗ ’ਚ ਸੁਖਜਿੰਦਰ ਸਿੰਘ ਜਰਖੜ ਨੇ ਹਰਮਨਪ੍ਰੀਤ ਸਿੰਘ ਨੂੰ, 57-60 ’ਚ ਰਾਹੁਲ ਕਰਨਾਲ ਨੇ ਸਤਪਾਲ ਨੂੰ, 60-64 ਭਾਰ ਵਰਗ ’ਚ ਅਕਾਂਸਤੀ ਕਰਨਾਲ ਨੇ ਵਿਸ਼ਾਲ ਨੂੰ, 75-80 ’ਚ ਤੇਜਸ ਕਰਨਾਲ ਨੇ ਹਰਮਨ ਸਿੰਘ ਚਕਰ ਨੂੰ, 85-90 ਭਾਰ ਵਰਗ ’ਚ ਜਗਦੀਪ ਸਿੰਘ ਕਰਨਾਲ ਨੇ ਜਸਪ੍ਰੀਤ ਸਿੰਘ ਚਕਰ ਨੂੰ ਹਰਾ ਕੇ ਸੋਨ ਤਗ਼ਮੇ ਜਿੱਤੇ। ਲੜਕੀਆਂ ਦੇ ਮੁਕਾਬਲਿਆਂ ’ਚ 40-42 ਭਾਰ ਵਰਗ ਵਿੱਚ ਸੁਮਨਪ੍ਰੀਤ ਕੌਰ ਚਕਰ ਨੇ ਕੋਮਲ ਤਲਵਾੜਾ ਨੂੰ, 44-46 ’ਚ ਸੁਖਮਨਦੀਪ ਕੌਰ ਚਕਰ ਨੇ ਪ੍ਰਦੀਪ ਕੌਰ ਨੂੰ, 48-50 ’ਚ ਸਵਰੀਤ ਕੌਰ ਚਕਰ ਨੇ ਸੁਸ਼ਿਤਾ ਕਰਨਾਲ ਨੂੰ, 50-52 ਕਿਲੋ ਵਰਗ ’ਚ ਹਰਪ੍ਰੀਤ ਕੌਰ ਚਕਰ ਨੇ ਦਰੋਪਦੀ ਨੂੰ ਹਰਾ ਕੇ ਸੋਨ ਤਗਮੇ ਜਿੱਤੇ। ‘ਪੰਜਾਬ ਗੋਲਡਨ ਗਲਵਜ਼’ ਦਾ ਖ਼ਿਤਾਬ ਟੂਰਨਾਮੈਂਟ ਦੇ ਬਿਹਤਰੀਨ ਮੁੱਕੇਬਾਜ਼ ਰਾਹੁਲ ਕਰਨਾਲ ਅਤੇ ਸੁਖਮਨਦੀਪ ਕੌਰ ਚਕਰ ਨੇ ਜਿੱਤਿਆ। ਹੈਵੀਵੇਟ ’ਚ ਰਮਨਪ੍ਰੀਤ ਰੂਸੀ ਲੰਮਾ ਅਤੇ ਆਰਮੀ ਦੇ ਮੁੱਕੇਬਾਜ਼ ਗੁਰਵੰਤ ਸਿੰਘ ਵਿਚਕਾਰ ਪ੍ਰਦਰਸ਼ਨੀ ਮੈਚ ਸਭ ਤੋਂ ਦਿਲਚਸਪ ਰਿਹਾ। ਇਨਾਮਾਂ ਦੀ ਵੰਡ ਮੁੱਖ ਮਹਿਮਾਨ ਕੁਲਵੰਤ ਸਿੰਘ ਸੰਧੂ ਨੇ ਕੀਤੀ।