ਦਰਸ਼ਨ ਸਿੰਘ ਸੋਢੀ
ਐੱਸਏਐੱਸ ਨਗਰ (ਮੁਹਾਲੀ), 11 ਅਕਤੂਬਰ
ਮੁਹਾਲੀ ਪੁਲੀਸ ਨੇ ਆਈਪੀਐੱਲ ’ਤੇ ਆਨਲਾਈਨ ਸੱਟਾ ਲਾਉਣ ਵਾਲੇ ਗਰੋਹ ਦਾ ਪਰਦਾਫਾਸ਼ ਕਰਦਿਆਂ ਦੋ ਮੁਲਜ਼ਮਾਂ ਵਿਪਨ ਕੁਮਾਰ ਵਾਸੀ ਪਟੇਲ ਨਗਰ ਹਿਸਾਰ ਤੇ ਰਾਕੇਸ਼ ਮਨਚੰਦਾ ਉਰਫ਼ ਰਿੰਕੂ ਵਾਸੀ ਫਰੀਦਾਬਾਦ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਖ਼ਿਲਾਫ਼ ਮਟੌਰ ਥਾਣਾ ਵਿੱਚ ਕੇਸ ਦਰਜ ਕੀਤਾ ਗਿਆ ਹੈ।
ਇਸ ਗੱਲ ਦਾ ਖੁਲਾਸਾ ਅੱਜ ਜ਼ਿਲ੍ਹਾ ਪੁਲੀਸ ਹੈੱਡਕੁਆਰਟਰ ’ਤੇ ਮੁਹਾਲੀ ਦੇ ਐਸਪੀ (ਸਿਟੀ) ਹਰਵਿੰਦਰ ਸਿੰਘ ਵਿਰਕ ਪ੍ਰੈੱਸ ਕਾਨਫਰੰਸ ਦੌਰਾਨ ਕੀਤਾ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਵਿੱਚ ਤਾਰੁਸ਼ ਧਵਨ ਵਾਸੀ ਗਾਂਧੀ ਨਗਰ, ਕੈਥਲ ਅਤੇ ਮਲਕੀਤ ਸਿੰਘ ਉਰਫ਼ ਅਮਨ ਵਾਸੀ ਬਟਾਲਾ (ਗੁਰਦਾਸਪੁਰ) ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਇਹ ਦੋਵੇਂ ਫਿਲਹਾਲ ਫ਼ਰਾਰ ਹਨ। ਪੁਲੀਸ ਨੂੰ ਗੁਪਤਾ ਸੂਚਨਾ ਮਿਲੀ ਸੀ ਕਿ ਇੱਥੋਂ ਦੇ ਸੈਕਟਰ-70 ਸਥਿਤ ਹੋਮਲੈਂਡ ਸੁਸਾਇਟੀ ਦੇ ਫਲੈਟ ਵਿੱਚ ਆਈਪੀਐੱਲ ’ਤੇ ਆਨਲਾਈਨ ਸੱਟਾ ਲਾਇਆ ਜਾ ਰਿਹਾ ਹੈ। ਡੀਐੱਸਪੀ (ਸਿਟੀ-1) ਗੁਰਸ਼ੇਰ ਸਿੰਘ ਸੰਧੂ ਦੀ ਅਗਵਾਈ ਹੇਠ ਮਟੌਰ ਥਾਣਾ ਦੇ ਐੱਸਐੱਚਓ ਰਾਜੀਵ ਕੁਮਾਰ ਨੇ ਛਾਪੇਮਾਰੀ ਕਰਕੇ ਮੁਲਾਜ਼ਮਾਂ ਨੂੰ ਰੰਗੇ ਹੱਥੀ ਕਾਬੂ ਕਰ ਲਿਆ। ਮੁਲਜ਼ਮ ਭੋਲੇ ਭਾਲੇ ਲੋਕਾਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਧੋਖਾਧੜੀ ਕਰ ਰਹੇ ਸਨ ਅਤੇ ਇਹ ਲੋਕ ਵੱਡੇ ਪੱਧਰ ’ਤੇ ਨਸ਼ਾ ਤਸਕਰੀ ਵੀ ਕਰਦੇ ਹਨ। ਮੁਲਜ਼ਮਾਂ ਕੋਲੋਂ ਚਾਰ ਲੈਪਟਾਪ, 14 ਮੋਬਾਈਲ ਫੋਨ, ਇੱਕ ਫੋਨ ਲੈਂਡਿੰਗ ਮਸ਼ੀਨ ਸਮੇਤ 2 ਕਰੋੜ 85 ਲੱਖ ਰੁਪਏ ਕੀਮਤ ਦੀ 570 ਗਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਐੱਸਪੀ ਵਿਰਕ ਨੇ ਦੱਸਿਆ ਕਿ ਪਤਾ ਲੱਗਾ ਕਿ ਮੁਲਜ਼ਮ ਦੋ ਮਹੀਨੇ ਤੋਂ ਹੋਮਲੈਂਡ ਸੁਸਾਇਟੀ ਵਿੱਚ ਰਹਿ ਰਹੇ ਸੀ। ਇਥੋਂ ਉਹ ਹੁਣ ਤੱਕ 30-35 ਮੈਚਾਂ ਲਈ ਸੱਟਾ ਲਗਾ ਚੁੱਕੇ ਹਨ। ਇੱਕ ਮੈਚ ’ਤੇ ਉਹ ਕਰੀਬ 4 ਤੋਂ 5 ਕਰੋੜ ਦਾ ਸੱਟਾ ਲਗਾਉਂਦੇ ਸੀ। ਮੁਲਜ਼ਮ ਗੂਗਲ ਪੇਅ ਅਤੇ ਪੇਟੀਐੱਮ ਰਾਹੀਂ ਆਪਣੇ ਖਾਤਿਆਂ ਵਿੱਚ ਸੱਟੇ ਦੇ ਪੈਸੇ ਟਰਾਂਸਫ਼ਰ ਕਰਵਾਉਂਦੇ ਸੀ।