ਨਵੀਂ ਦਿੱਲੀ, 30 ਜੂਨ
ਭਾਰਤ ਤੇ ਦੱਖਣੀ ਅਫਰੀਕਾ ਦਰਮਿਆਨ ਸ਼ਨਿੱਚਰਵਾਰ ਰਾਤ ਨੂੰ ਖੇਡੇ ਗਏ ਟੀ-20 ਵਿਸ਼ਵ ਕੱਪ ਦੇ ਫਾਈਨਲ ਮੁਕਾਬਲੇ ਨੂੰ ਓਟੀਟੀ ਸਟ੍ਰੀਮਿੰਗ ਪਲੈਟਫਾਰਮ ’ਤੇ 5.3 ਕਰੋੜ ਲੋਕਾਂ ਨੇ ਦੇਖਿਆ। ਹਾਲਾਂਕਿ ਪਿਛਲੇ ਸਾਲ ਨਵੰਬਰ ਵਿਚ ਖੇਡੇ ਇਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ਮੈਚ ਨੂੰ ਦੇਖਣ ਵਾਲੇ ਦਰਸ਼ਕਾਂ ਦਾ ਅੰਕੜਾ ਇਸ ਤੋਂ ਕਿਤੇ ਵਧ ਸੀ। ਡਿਜ਼ਨੀ+ਹੌਟਸਟਾਰ ਓਟੀਟੀ ਪਲੈਟਫਾਰਮ ’ਤੇ ਕਰੀਬ 5.3 ਕਰੋੜ ਦਰਸ਼ਕਾਂ ਨੇ ਆਈਸੀਸੀ ਟੀ-20 ਕ੍ਰਿਕਟ ਵਿਸ਼ਵ ਕੱਪ ਦਾ ਆਨੰਦ ਮਾਣਿਆ। ਪਿਛਲੇ ਸਾਲ 20 ਨਵੰਬਰ ਨੂੰ ਮੁੁੰਬਈ ਦੇ ਵਾਨਖੇੜੇ ਸਟੇਡੀਅਮ ਵਿਚ ਖੇਡੇ ਇਕ ਰੋਜ਼ਾ ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ ਵਿਚ ਮੇਜ਼ਬਾਨ ਭਾਰਤ ਨੂੰ ਭਾਵੇਂ ਆਸਟਰੇਲੀਆ ਹੱਥੋਂ ਸ਼ਿਕਸਤ ਝੱਲਣੀ ਪਈ, ਪਰ ਫਿਰ ਵੀ 5.9 ਕਰੋੜ ਦਰਸ਼ਕਾਂ ਨੇ ਓਟੀਟੀ ਮੰਚ ’ਤੇ ਇਹ ਮੈਚ ਦੇਖਿਆ ਜੋ ਅਜੇ ਵੀ ਵਿਊਰਸ਼ਿਪ ਦੇ ਮਾਮਲੇ ਵਿਚ ਰਿਕਾਰਡ ਹੈ। ਟੀ-20 ਵਿਸ਼ਵ ਕੱਪ ਦੌਰਾਨ ਹੀ 24 ਜੂਨ ਨੂੰ ਭਾਰਤ ਤੇ ਆਸਟਰੇਲੀਆ ਦਰਮਿਆਨ ਖੇਡੇ ਮੈਚ ਨੂੰ 3.9 ਕਰੋੜ ਦਰਸ਼ਕਾਂ ਨੇ ਦੇਖਿਆ ਸੀ। -ਪੀਟੀਆਈ