ਟੋਕੀਓ, 7 ਅਗਸਤ
ਓਲੰਪਿਕ ਵਿੱਚ ਸਰਵੋਤਮ ਪ੍ਰਦਰਸ਼ਨ ਕਰਨ ਵਾਲੀ ਭਾਰਤੀ ਗੋਲਫਰ ਆਦਿਤੀ ਅਸ਼ੋਕ ਤਗ਼ਮੇ ਤੋਂ ਥੋੜ੍ਹੇ ਜਿਹੇ ਫ਼ਰਕ ਨਾਲ ਖੁੰਝ ਗਈ। ਆਦਿਤੀ ਖ਼ਰਾਬ ਮੌਸਮ ਤੋਂ ਪ੍ਰਭਾਵਿਤ ਚੌਥੇ ਗੇੜ ਵਿੱਚ ਤਿੰਨ ਅੰਡਰ 68 ਦਾ ਸਕੋਰ ਬਣਾ ਕੇ ਚੌਥੇ ਸਥਾਨ ’ਤੇ ਰਹੀ। ਆਦਿਤੀ ਦਾ ਕੁੱਲ ਸਕੋਰ 15 ਅੰਡਰ 269 ਰਿਹਾ ਅਤੇ ਉਹ ਦੋ ਸਟਰੋਕਸ ਨਾਲ ਖੁੰਝ ਗਈ। ਰੀਓ ਓਲੰਪਿਕ ਵਿੱਚ ਗੋਲਫ਼ ਦੀ ਇਕ ਸਦੀ ਮਗਰੋਂ ਵਾਪਸੀ ਹੋਈ ਸੀ, ਜਿਸ ਵਿੱਚ ਆਦਿਤੀ 41ਵੇਂ ਸਥਾਨ ’ਤੇ ਰਹੀ ਸੀ।
ਟੋਕੀਓ ਵਿੱਚ ਭਾਰਤੀ ਗੋਲਫ਼ਰ ਦਾ ਪ੍ਰਦਰਸ਼ਨ ਉਮੀਦ ਮੁਤਾਬਕ ਰਿਹਾ। ਆਖ਼ਰੀ ਗੇੜ ਵਿੱਚ ਉਸ ਨੇ ਪੰਜਵੇਂ, ਛੇਵੇਂ, ਅੱਠਵੇਂ, 13ਵੇਂ ਅਤੇ 14ਵੇਂ ਹੋਲ ’ਤੇ ਬਰਡੀ ਲਗਾਈ ਅਤੇ ਨੌਵੇਂ ਅਤੇ 11ਵੇਂ ਹੋਲ ’ਤੇ ਬੋਗੀ ਕੀਤੀ। ਵਿਸ਼ਵ ਦੀ ਅੱਵਲ ਨੰਬਰ ਗੋਲਫ਼ਰ ਨੈਲੀ ਕੋਰਡਾ ਨੇ ਦੋ ਅੰਡਰ 69 ਨਾਲ 17 ਅੰਡਰ ਕੁੱਲ ਸਕੋਰ ਬਣਾ ਕੇ ਸੋਨ ਤਗ਼ਮਾ ਜਿੱਤਿਆ। ਜਾਪਾਨ ਦੀ ਮੋਨੇ ਇਨਾਮੀ ਅਤੇ ਨਿਊਜ਼ੀਲੈਂਡ ਦੀ ਲੀਡੀਆ ਕੋ ਦਰਿਮਆਨ ਚਾਂਦੀ ਦੇ ਤਗ਼ਮੇ ਲਈ ਪਲੇਅ ਆਫ ਖੇਡਿਆ ਗਿਆ, ਜਿਸ ਵਿੱਚ ਇਨਾਮੀ ਨੇ ਬਾਜ਼ੀ ਮਾਰ ਲਈ।
ਨਿਊਜ਼ੀਲੈਂਡ ਦੀ ਕੋਅ ਨੇ ਰੀਓ ਓਲੰਪਿਕ ਵਿੱਚ ਵੀ ਚਾਂਦੀ ਦਾ ਤਗ਼ਮਾ ਜਿੱਤਿਆ ਸੀ। ਤੂਫ਼ਾਨ ਕਾਰਨ ਕੁਝ ਸਮੇਂ ਲਈ ਖੇਡ ਪ੍ਰਭਾਵਿਤ ਰਹੀ। ਉਦੋਂ ਤੱਕ 16 ਹੋਲ ਪੂਰੇ ਹੋ ਚੁੱਕੇ ਸਨ। ਇੱਕ ਸਮੇਂ ਅਜਿਹਾ ਲੱਗ ਰਿਹਾ ਸੀ ਕਿ ਇਹ ਗੇੜ ਪੂਰਾ ਨਹੀਂ ਹੋਵੇਗਾ। ਜੇ ਅਜਿਹਾ ਹੁੰਦਾ ਤਾਂ ਆਦਿਤੀ ਨੂੰ ਚਾਂਦੀ ਦਾ ਤਗ਼ਮਾ ਮਿਲਦਾ ਕਿਉਂਕਿ ਉਹ ਤਿੰਨ ਗੇੜ ਨਾਲ ਕੋਰਡਾ ਮਗਰੋਂ ਦੂਜੇ ਸਥਾਨ ’ਤੇ ਸੀ। ਅਦਿਤੀ ਪੂਰਾ ਸਮਾਂ ਤਗ਼ਮੇ ਦੀ ਦੌੜ ਵਿੱਚ ਸੀ, ਪਰ ਦੋ ਬੋਗੀ ਨਾਲ ਉਹ ਕੋਅ ਤੋਂ ਪੱਛੜ ਗਈ, ਜਿਸ ਨੇ ਆਖ਼ਰੀ ਗੇੜ ਵਿੱਚ ਨੌਂ ਬਰਡੀ ਲਗਾਈ। ਭਾਰਤ ਦੀ ਦੀਕਸ਼ਾ ਡਾਗਰ ਸਾਂਝੇ ਤੌਰ ’ਤੇ 50ਵੇਂ ਸਥਾਨ ’ਤੇ ਰਹੀ। ਉਸ ਨੇ ਆਖ਼ਰੀ ਗੇੜ ਵਿੱਚ ਇੱਕ ਅੰਡਰ 70 ਅਤੇ ਕੁੱਲ ਛੇ ਓਵਰ 290 ਸਕੋਰ ਕੀਤਾ। -ਪੀਟੀਆਈ
ਚੌਥੇ ਸਥਾਨ ’ਤੇ ਰਹਿ ਕੇ ਖ਼ੁਸ਼ ਹੋਣਾ ਔਖਾ: ਆਦਿਤੀ
ਆਦਿਤੀ ਨੇ ਚੌਥੇ ਸਥਾਨ ’ਤੇ ਰਹਿਣ ਮਗਰੋਂ ਕਿਹਾ, ‘‘ਕਿਸੇ ਹੋਰ ਟੂਰਨਾਮੈਂਟ ਵਿੱਚ ਮੈਨੂੰ ਖ਼ੁਸ਼ੀ ਹੁੰਦੀ, ਪਰ ਓਲੰਪਿਕ ਵਿੱਚ ਚੌਥੇ ਸਥਾਨ ’ਤੇ ਰਹਿ ਕੇ ਖ਼ੁਸ਼ ਹੋਣਾ ਮੁਸ਼ਕਲ ਹੈ। ਮੈਂ ਵਧੀਆ ਖੇਡੀ ਅਤੇ ਆਪਣਾ ਸੌ ਫ਼ੀਸਦੀ ਦਿੱਤਾ।’’ ਆਖ਼ਰੀ ਗੇੜ ਵਿੱਚ ਪੰਜ ਬਰਡੀ ਅਤੇ ਦੋ ਬੋਗੀ ਕਰਨ ਵਾਲੀ ਆਦਿਤੀ ਨੇ ਕਿਹਾ, ‘‘ਮੈਨੂੰ ਲਗਦਾ ਹੈ ਕਿ ਆਖ਼ਰੀ ਗੇੜ ਵਿੱਚ ਇਸ ਤੋਂ ਬਿਹਤਰ ਪ੍ਰਦਰਸ਼ਨ ਕਰ ਸਕਦੀ ਸੀ।’’ ਉਸ ਨੇ ਉਮੀਦ ਪ੍ਰਗਟਾਈ ਕਿ ਉਸ ਦੇ ਪ੍ਰਦਰਸ਼ਨ ਨਾਲ ਲੋਕਾਂ ਦੀ ਇਸ ਖੇਡ ਵਿੱਚ ਦਿਲਚਸਪੀ ਵਧੇਗੀ, ਜਿਸ ਨੂੰ ਹੁਣ ਤੱਕ ਇੱਕ ਖ਼ਾਸ ਵਰਗ ਦੇ ਲੋਕਾਂ ਦੀ ਖੇਡ ਮੰਨਿਆ ਜਾਂਦਾ ਰਿਹਾ ਹੈ। -ਪੀਟੀਆਈ