ਮੈਲਬਰਨ: ਸਰਬਿਆਈ ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਦੀ ਗ਼ੈਰ-ਮੌਜੂਦਗੀ ਵਿੱਚ ਆਸਟਰੇਲੀਅਨ ਓਪਨ ਦਾ ਮਜ਼ਬੂਤ ਦਾਅਵੇਦਾਰ ਸਮਝਿਆ ਜਾਂਦਾ ਐਂਡੀ ਮੱਰੇ ਅੱਜ ਇੱਥੇ ਦੂਜੇ ਗੇੜ ਵਿੱਚ ਹਾਰ ਕੇ ਟੂਰਨਾਮੈਂਟ ਵਿੱਚੋਂ ਬਾਹਰ ਹੋ ਗਿਆ। ਸਾਬਕਾ ਅੱਵਲ ਨੰਬਰ ਖਿਡਾਰੀ ਮੱਰੇ 120ਵਾਂ ਦਰਜਾ ਪ੍ਰਾਪਤ ਤਾਰੋ ਡੇਨੀਅਲ ਤੋਂ 4-6, 4-6, 4-6 ਨਾਲ ਹਾਰ ਗਿਆ। ਉਧਰ, ਤੀਜਾ ਦਰਜਾ ਪ੍ਰਾਪਤ ਗਰਬਾਈਨ ਮੁਗੁਰੂਜ਼ਾ ਅਤੇ ਛੇਵਾਂ ਦਰਜਾ ਪ੍ਰਾਪਤ ਐਨਟ ਕੌਂਟਾਵੇਟ ਦੂਜੇ ਗੇੜ ਵਿੱਚ ਹਾਰ ਨਾਲ ਟੈਨਿਸ ਟੂਰਨਾਮੈਂਟ ਦੇ ਮਹਿਲਾ ਸਿੰਗਲਜ਼ ਵਰਗ ’ਚੋਂ ਬਾਹਰ ਹੋ ਗਈਆਂ, ਜਦੋਂਕਿ ਹਾਰ ਕਿਨਾਰੇ ਪੁੱਜੀ ਦੂਜਾ ਦਰਜਾ ਪ੍ਰਾਪਤ ਅਰਿਆਨਾ ਸਬਾਲੈਂਕਾ ਵਾਪਸੀ ਕਰਦਿਆਂ 100ਵੇਂ ਨੰਬਰ ਦੀ ਖਿਡਾਰਨ ਵਾਂਗ ਸ਼ਿਨਯੂ ਨੂੰ 1-6, 6-4, 6-2 ਨਾਲ ਹਰਾਉਣ ਵਿੱਚ ਸਫਲ ਰਹੀ। ਐਲਿਜ਼ ਕੋਰਨੇਤ ਨੇ ਮੁਗਰੂਜ਼ਾ ਨੂੰ 6-3, 6-3 ਨਾਲ ਮਾਤ ਦਿੱਤੀ। ਸੈਮ ਸਟੋਸੁਰ ਨੂੰ ਅਨਾਸਤਾਸੀਆ ਪੀ. ਤੋਂ 2-6, 2-6 ਨਾਲ ਸ਼ਿਕਸਤ ਝੱਲਣੀ ਪਈ। ਕੌਂਟਾਵੇਟ ਨੂੰ ਡੈੱਨਮਾਰਕ ਦੀ 19 ਸਾਲਾ ਕਲਾਰਾ ਟੌਸਨ ਨੇ ਸਿੱਧੇ ਸੈੱਟਾਂ ਵਿੱਚ 6-2, 6-3 ਨਾਲ ਹਰਾਇਆ। ਪੁਰਸ਼ ਵਰਗ ਵਿੱਚ ਸਟੈਫਾਨੋਸ ਸਿਟਸਿਪਾਸ ਨੇ ਦੂਜੇ ਗੇੜ ਵਿੱਚ ਸਬਿੈਸਟੀਅਨ ਬਾਇਜ਼ ਨੂੰ 7-6 (1), 6-7 (5), 6-3, 6-4 ਨਾਲ ਮਾਤ ਦਿੱਤੀ। ਇਸੇ ਤਰ੍ਹਾਂ ਆਂਦਰੇ ਰੂਬਲੇਵ, ਰੌਬਰਟ ਬਾਤਿਸਤਾ ਆਗੁਤ, ਟੇਲਰ ਫ੍ਰਿਟਜ਼, ਮਾਰਿਨ ਸਿਲਿਚ ਤੀਜੇ ਗੇੜ ਵਿੱਚ ਥਾਂ ਬਣਾਉਣ ਵਿੱਚ ਸਫਲ ਰਹੇ। -ਏਪੀ