ਕੋਚੀ, 7 ਦਸੰਬਰ
ਓਲੰਪੀਅਨ ਅੰਜੂ ਬੌਬੀ ਜਾਰਜ ਨੇ ਖੁਲਾਸਾ ਕੀਤਾ ਕਿ ਉਸ ਨੇ ਇਕ ਗੁਰਦੇ ਨਾਲ ਹੀ ਕਈ ਟੂਰਨਾਮੈਂਟਾਂ ਵਿਚ ਸਫਲਤਾ ਹਾਸਲ ਕੀਤੀ ਸੀ। ਮੋਨਾਕੋ ਵਰਲਡ ਅਥਲੈਟਿਕਸ ਫਾਈਨਲ ਵਿਚ ਸੋਨ ਤਗਮਾ ਜਿੱਤਣ ਵਾਲੀ ਅੰਜੂ ਨੇ ਟਵੀਟ ਕਰ ਕੇ ਕਿਹਾ ਕਿ ਉਸ ਨੂੰ ਸਿਹਤ ਸਬੰਧੀ ਕਈ ਸਮੱਸਿਆਵਾਂ ਦਰਪੇਸ਼ ਸਨ ਪਰ ਉਸ ਨੇ ਹਾਰ ਨਹੀਂ ਮੰਨੀ। ਉਸ ਨੂੰ ਕਈ ਦਰਦ ਘਟਾਉਣ ਵਾਲੀਆਂ ਦਵਾਈਆਂ ਤੋਂ ਅਲਰਜੀ ਸੀ। ਅੰਜੂ ਨੇ ਸਾਲ 2003 ਵਿਚ ਵਰਲਡ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਲੰਬੀ ਛਾਲ ਵਿਚ ਕਾਂਸੀ ਦਾ ਤਗਮਾ ਹਾਸਲ ਕੀਤਾ ਸੀ ਤੇ ਚੈਂਪੀਅਨਸ਼ਿਪ ਤੋਂ 20 ਦਿਨ ਪਹਿਲਾਂ ਡਾਕਟਰਾਂ ਨੇ ਉਸ ਨੂੰ ਛੇ ਮਹੀਨੇ ਆਰਾਮ ਕਰਨ ਦੀ ਸਲਾਹ ਦਿੱਤੀ ਸੀ ਪਰ ਉਸ ਨੇ ਖੇਡਣ ਨੂੰ ਤਰਜੀਹ ਦਿੱਤੀ। ਅੰਜੂ ਨੇ ਕਿਹਾ ਕਿ ਉਹ ਇਹ ਖੁਲਾਸਾ ਤਾਂ ਕਰ ਰਹੀ ਹੈ ਕਿਉਂਕਿ ਕਰੋਨਾ ਕਾਰਨ ਪ੍ਰੈਕਟਿਸ ਸੈਸ਼ਨ ਨਹੀਂ ਹੋ ਰਹੇ ਤੇ ਉਹ ਖਿਡਾਰੀਆਂ ਨੂੰ ਹੱਲਾਸ਼ੇਰੀ ਦੇਣ ਲਈ ਦੱਸ ਰਹੀ ਹੈ ਕਿ ਰੁਕਾਵਟਾਂ ਹੋਣ ਦੇ ਬਾਵਜੂਦ ਮਾਅਰਕੇ ਮਾਰੇ ਜਾ ਸਕਦੇ ਹਨ। -ਪੀਟੀਆਈ