ਬਰਲਿਨ: ਜੂਨੀਅਰ ਵਿਸ਼ਵ ਖਿਤਾਬ ਜਿੱਤਣ ਤੋਂ ਦੋ ਮਹੀਨਿਆਂ ਤੋਂ ਵੀ ਘੱਟ ਸਮੇਂ ਮਗਰੋਂ ਭਾਰਤ ਦੀ 17 ਸਾਲਾ ਅਦਿਤੀ ਸਵਾਮੀ ਅੱਜ ਵਿਸ਼ਵ ਤੀਰਅੰਦਾਜ਼ੀ ਚੈਂਪੀਅਨਸ਼ਿਪ ਦੇ ਕੰਪਾਊਂਡ ਮਹਿਲਾ ਫਾਈਨਲ ’ਚ ਮੈਕਸਿਕੋ ਦੀ ਆਂਦਰਿਆ ਬੈਸੇਰਾ ਨੂੰ ਹਰਾ ਕੇ ਸੀਨੀਅਰ ਵਿਸ਼ਵ ਚੈਂਪੀਅਨ ਬਣ ਗਈ ਹੈ। ਸਤਾਰਾ ਦੀ ਇਸ ਖਿਡਾਰਨ ਨੇ ਜੁਲਾਈ ਵਿੱਚ ਯੂਥ ਚੈਂਪੀਅਨਸ਼ਿਪ ’ਚ ਅੰਡਰ-18 ਦਾ ਖ਼ਿਤਾਬ ਜਿੱਤਿਆ ਸੀ। ਉਸ ਨੇ ਇੱਥੇ ਫਾਈਨਲ ਵਿੱਚ ਸੰਭਾਵੀ 150 ਵਿੱਚੋਂ 149 ਅੰਕ ਬਣਾ ਕੇ ਮੈਕਸਿਕੋ ਦੀ ਇਸ ਖਿਡਾਰਨ ਨੂੰ ਦੋ ਅੰਕਾਂ ਨਾਲ ਪਛਾੜਿਆ। ਫਾਈਨਲ ਵਿੱਚ ਭਾਰਤੀ ਖਿਡਾਰਨ ਨੇ ਸ਼ੁਰੂ ਤੋਂ ਹੀ ਆਂਦਰਿਆ ਨੂੰ ਸਖ਼ਤ ਟੱਕਰ ਦਿੱਤੀ। ਅਦਿਤੀ ਦੇ ਸ਼ੁਰੂਆਤੀ ਤਿੰਨ ਤੀਰ ਨਿਸ਼ਾਨੇ ’ਤੇ ਲੱਗੇ, ਜਿਸ ਨਾਲ ਉਸ ਨੇ ਪਹਿਲੇ ਗੇੜ ’ਚ 30-29 ਨਾਲ ਲੀਡ ਲੈ ਲਈ ਸੀ। ਅਗਲੇ ਤਿੰਨ ਗੇੜਾਂ ’ਚ ਵੀ ਉਸ ਨੇ ਲੈਅ ਬਰਕਰਾਰ ਰੱਖੀ। ਆਖਰੀ ਗੇੜ ਵਿੱਚ ਉਸ ਨੇ ਇੱਕ ਨਿਸ਼ਾਨਾ 9 ਅੰਕਾਂ ਦਾ ਲਾਇਆ ਜਦਕਿ ਬਾਕੀ ਦੋ ਨਿਸ਼ਾਨਿਆਂ ਰਾਹੀਂ 10-10 ਅੰਕ ਲੈ ਕੇ ਕੁੱਲ 149 ਅੰਕ ਹਾਸਲ ਕੀਤੇ। ਦੂਜੇ ਪਾਸੇ ਆਂਦਰਿਆ 147 ਅੰਕ ਹੀ ਬਣਾ ਸਕੀ। ਇਸ ਚੈਂਪੀਅਨਸ਼ਿਪ ਵਿੱਚ ਇਹ ਉਸ ਦਾ ਦੂਜਾ ਸੋਨ ਤਗਮਾ ਹੈ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਅਦਿਤੀ ਨੇ ਪ੍ਰਨੀਤ ਕੌਰ ਅਤੇ ਜੋਤੀ ਸੁਰੇਖਾ ਵੇਨਮ ਨਾਲ ਮਿਲ ਕੇ ਕੰਪਾਊਂਡ ਮਹਿਲਾ ਟੀਮ ਵਰਗ ਦੇ ਫਾਈਨਲ ਵਿੱਚ ਜਿੱਤ ਹਾਸਲ ਕਰ ਕੇ ਭਾਰਤ ਲਈ ਪਹਿਲੀ ਵਾਰ ਵਿਸ਼ਵ ਤੀਰਅੰਦਾਜ਼ੀ ਚੈਂਪੀਅਨਸ਼ਿਪ ਵਿੱਚ ਸੋਨ ਤਮਗਾ ਜਿੱਤਿਆ ਸੀ। -ਪੀਟੀਆਈ