ਪੈਰਿਸ: ਇੱਥੇ ਤੀਰਅੰਦਾਜ਼ੀ ਵਿਸ਼ਵ ਕੱਪ ਦੇ ਤੀਜੇ ਗੇੜ ਦੇ ਫਾਈਨਲ ਵਿੱਚ ਚੀਨੀ ਤਾਇਪੇ ਦੀ ਤਿਕੜੀ ਨੇ ਦੀਪਿਕਾ ਕੁਮਾਰੀ, ਅੰਕਿਤਾ ਭਗਤ ਅਤੇ ਸਿਮਰਨਜੀਤ ਕੌਰ ਦੀ ਭਾਰਤੀ ਮਹਿਲਾ ਰਿਕਰਵ ਟੀਮ ਨੂੰ ਇਕਤਰਫਾ ਮੁਕਾਬਲੇ ਵਿੱਚ ਹਰਾ ਕੇ ਸੋਨ ਤਗਮਾ ਜਿੱਤਿਆ, ਜਦਕਿ ਭਾਰਤੀ ਟੀਮ ਨੂੰ ਚਾਂਦੀ ਨਾਲ ਹੀ ਸਬਰ ਕਰਨਾ ਪਿਆ। ਭਾਰਤ ਨੇ ਇਸ ਟੂਰਨਾਮੈਂਟ ਵਿੱਚ ਇੱਕ ਸੋਨ ਅਤੇ ਦੋ ਚਾਂਦੀ ਦੇ ਤਗਮੇ ਜਿੱਤੇ ਹਨ। ਇਨ੍ਹਾਂ ’ਚੋਂ ਬਾਕੀ ਦੋ ਤਗਮੇ ਕੰਪਾਊਂਡ ਵਰਗ ਵਿੱਚ ਮਿਲੇ ਹਨ। ਭਾਰਤੀ ਮਹਿਲਾ ਟੀਮ ਫਾਈਨਲ ਵਿੱਚ ਬਹੁਤਾ ਪ੍ਰਭਾਵਿਤ ਨਹੀਂ ਕਰ ਸਕੀ ਅਤੇ ਚੀਨੀ ਤਾਇਪੇ ਨੇ ਸਿੱਧੇ ਸੈੱਟਾਂ ’ਚ 1-5 (53-56 56-56 53-56) ਨਾਲ ਹਰਾ ਦਿੱਤਾ। ਚੀਨੀ ਤਾਇਪੇ ਦੀ ਟੀਮ ਵਿੱਚ ਰੀਓ ਓਲੰਪਿਕ ਵਿੱਚ ਕਾਂਸੇ ਦਾ ਤਗਮਾ ਜਿੱਤਣ ਵਾਲੀ ਸੋਈ ਚਿਏਨ ਵੀ ਸ਼ਾਮਲ ਸੀ। ਇਹ ਟੂਰਨਾਮੈਂਟ ਕੰਪਾਊਂਡ ਤੀਰਅੰਦਾਜ਼ ਜੋਤੀ ਸੁਰੇਖਾ ਵੇਨਾਮ ਦੇ ਨਾਮ ਰਿਹਾ, ਜਿਸ ਨੇ ਅਭਿਸ਼ੇਕ ਵਰਮਾ ਦੇ ਨਾਲ ਮਿਲ ਕੇ ਮਿਕਸਡ ਟੀਮ ਮੁਕਾਬਲੇ ਵਿੱਚ ਸੋਨ ਤਗਮਾ ਅਤੇ ਸ਼ਨਿਚਰਵਾਰ ਨੂੰ ਵਿਅਕਤੀਗਤ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ ਜਿੱਤਿਆ। -ਪੀਟੀਆਈ