ਲਿਮਰਿਕ (ਆਇਰਲੈਂਡ), 10 ਜੁਲਾਈ
ਪਾਰਥ ਸਾਲੁੰਖੇ ਯੂਥ ਵਿਸ਼ਵ ਚੈਂਪੀਅਨਸ਼ਿਪ ਦੇ ਰਿਕਰਵ ਵਰਗ ਵਿੱਚ ਸੋਨ ਤਗ਼ਮਾ ਜਿੱਤਣ ਵਾਲਾ ਦੇਸ਼ ਦਾ ਪਹਿਲਾ ਪੁਰਸ਼ ਤੀਰਅੰਦਾਜ਼ ਬਣ ਗਿਆ ਹੈ। ਉਸ ਦੇ ਵਧੀਆ ਪ੍ਰਦਰਸ਼ਨ ਦੀ ਬਦੌਲਤ ਭਾਰਤ ਨੇ ਆਪਣੀ ਚੁਣੌਤੀ 11 ਤਗ਼ਮਿਆਂ ਨਾਲ ਸਮਾਪਤ ਕੀਤੀ। ਯੂਥ ਵਿਸ਼ਵ ਚੈਂਪੀਅਨਸ਼ਿਪ ਵਿੱਚ ਇਹ ਦੇਸ਼ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ। ਮਹਾਰਾਸ਼ਟਰ ਦੇ ਸਤਾਰਾ ਦੇ 19 ਸਾਲਾ ਖਿਡਾਰੀ ਨੇ ਐਤਵਾਰ ਨੂੰ ਇੱਥੇ ਅੰਡਰ-21 ਪੁਰਸ਼ ਰਿਕਰਵ ਵਿਅਕਤੀਗਤ ਫਾਈਨਲ ਵਿੱਚ ਕੋਰੀਆ ਦੇ ਤੀਰਅੰਦਾਜ਼ ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ।
ਰੈਂਕਿੰਗ ਗੇੜ ਵਿੱਚ ਸਿਖ਼ਰ ’ਤੇ ਰਹਿਣ ਵਾਲੇ ਸਾਲੁੰਖੇ ਨੇ ਸੱਤਵਾਂ ਦਰਜਾ ਪ੍ਰਾਪਤ ਸੋਂਗ ਇੰਜੁਨ ਨੂੰ ਪੰਜ ਸੈੱਟਾਂ ਦੇ ਸਖਤ ਮੁਕਾਬਲੇ ਵਿੱਚ 7-3 (26-26, 25-28, 28-26, 29-26, 28-26) ਨਾਲ ਹਰਾਇਆ। ਭਾਰਤ ਨੇ ਅੰਡਰ-21 ਮਹਿਲਾ ਰਿਕਰਵ ਵਿਅਕਤੀਗਤ ਵਰਗ ਵਿੱਚ ਵੀ ਕਾਂਸੀ ਦਾ ਤਗ਼ਮਾ ਜਿੱਤਿਆ। ਕਾਂਸੀ ਦੇ ਤਗ਼ਮੇ ਲਈ ਹੋਏ ਮੁਕਾਬਲੇ ਵਿੱਚ ਭਜਨ ਕੌਰ ਨੇ ਚੀਨੀ ਤਾਇਪੇ ਦੀ ਸੂ ਸੀਨ-ਯੂ ਨੂੰ 7-1 (28-25, 27-27, 29-25, 30-26) ਨਾਲ ਹਰਾਇਆ। ਭਾਰਤ ਦੀ ਚੁਣੌਤੀ ਛੇ ਸੋਨ ਤਗ਼ਮਿਆਂ, ਇਕ ਚਾਂਦੀ ਤੇ ਚਾਰ ਕਾਂਸੀ ਦੇ ਤਗ਼ਮਿਆਂ ਨਾਲ ਸਮਾਪਤ ਹੋਈ ਜੋ ਕੁੱਲ ਤਗ਼ਮਿਆਂ ਦੀ ਗਿਣਤੀ ਦੇ ਮਾਮਲੇ ਵਿੱਚ ਸਭ ਤੋਂ ਉੱਪਰ ਸੀ। ਟੀਮ ਹਾਲਾਂਕਿ ਰੈਂਕਿੰਗ ਦੇ ਮਾਮਲੇ ਵਿੱਚ ਕੋਰੀਆ ਤੋਂ ਬਾਅਦ ਦੂਜੇ ਸਥਾਨ ’ਤੇ ਰਹੀ। ਕੋਰੀਆ ਨੇ ਛੇ ਸੋਨ ਤਗ਼ਮਿਆਂ ਤੇ ਚਾਰ ਚਾਂਦੀ ਦੇ ਤਗ਼ਮਿਆਂ ਨਾਲ ਸਿਖਰਲਾ ਸਥਾਨ ਹਾਸਲ ਕੀਤਾ।
ਇੰਜੁਨ ਨੇ ਪਹਿਲਾਂ ਛੇ ਤੀਰਾਂ ਨਾਲ ਦੋ ਪਰਫੈਕਟ 10 ਅਤੇ ਤਿੰਨ 9 ਅੰਕਾਂ ਵਾਲੇ ਨਿਸ਼ਾਨੇ ਸੇਧੇ ਜਿਸ ਨਾਲ ਸਾਲੁੰਖੇ 1-3 ਨਾਲ ਪੱਛੜ ਗਿਆ। ਇਸ ਸਾਬਕਾ ਕੌਮੀ ਚੈਂਪੀਅਨ ਨੇ ਦਬਾਅ ਤੋਂ ਵਾਪਸੀ ਕਰਦੇ ਹੋਏ ਤੀਜਾ ਸੈੱਟ ਦੋ ਅੰਕਾਂ ਨਾਲ ਜਿੱਤ ਕੇ ਸਕੋਰ 3-3 ਕਰ ਦਿੱਤਾ।
ਸਾਲੁੰਖੇ ਨੇ ਇਸ ਤੋਂ ਬਾਅਦ ਆਪਣੀ ਲੈਅ ਬਰਕਰਾਰ ਰੱਖੀ। ਉਸ ਨੇ 10 ਅੰਕਾਂ ਦੇ ਦੋ ਅਤੇ ਇਕ 9 ਅੰਕਾਂ ਦਾ ਇਕ ਨਿਸ਼ਾਨਾ ਸੇਧ ਕੇ 5-3 ਦੀ ਬੜ੍ਹਤ ਹਾਸਲ ਕਰ ਲਈ ਅਤੇ ਫਿਰ ਦੋ ਐਕਸ (ਨਿਸ਼ਾਨੇ ਦੇ ਬਿਲਕੁਲ ਵਿਚਾਲੇ) ਦੇ ਨਾਲ ਸ਼ਾਨਦਾਰ ਅੰਤ ਕੀਤਾ।ਅਧਿਆਪਕ ਦੇ ਪੁੱਤਰ ਸਾਲੁੰਖੇ ਦੀ ਪ੍ਰਤਿਭਾ ਨੂੰ ਪਹਿਲੀ ਵਾਰ 2021 ਵਿੱਚ ਕੋਚ ਪ੍ਰਵੀਣ ਸਾਵੰਤ ਨੇ ਪਛਾਣਿਆ ਸੀ।
ਸਾਲੁੰਖੇ ਨੇ ਇਸ ਤੋਂ ਬਾਅਦ ਸੋਨੀਪਤ ਵਿੱਚ ਭਾਰਤੀ ਖੇਡ ਅਥਾਰਿਟੀ ਕੇਂਦਰ ਵਿੱਚ ਰਾਮ ਅਵਧੇਸ਼ ਤੋਂ ਸਿਖਲਾਈ ਹਾਸਲ ਕੀਤੀ। ਉਹ ਯੂਥ ਵਿਸ਼ਵ ਚੈਂਪੀਅਨ ਬਣਨ ਵਾਲਾ ਭਾਰਤ ਦਾ ਪਹਿਲਾ ਪੁਰਸ਼ ਤੀਰਅੰਦਾਜ਼ ਹੈ। -ਪੀਟੀਆਈ