ਯਾਂਕਟਨ (ਅਮਰੀਕਾ): ਭਾਰਤੀ ਤੀਰਅੰਦਾਜ਼ ਅੰਕਿਤਾ ਭਕਤ, ਅਭਿਸ਼ੇਕ ਵਰਮਾ ਅਤੇ ਜੋਤੀ ਸੁਰੇਖਾ ਵੈਨਮ ਨੇ ਵਿਸ਼ਵ ਤੀਰਅੰਦਾਜ਼ੀ ਚੈਂਪੀਅਨਸ਼ਿਪ ਦੇ ਵਿਅਕਤੀਗਤ ਵਰਗ ਦੇ ਕੁਆਰਟਰ ਫਾਈਨਲ ’ਚ ਜਗ੍ਹਾ ਬਣਾ ਕੇ ਤਗ਼ਮੇ ਦੀਆਂ ਉਮੀਦਾਂ ਬਰਕਰਾਰ ਰੱਖੀਆਂ ਹਨ। ਭਾਰਤ ਕੰਪਾਊਂਡ ਦੇ ਮਹਿਲਾ ਅਤੇ ਮਿਕਸਡ ਵਰਗ ਦੇ ਫਾਈਨਲ ’ਚ ਪਹੁੰਚ ਕੇ ਪਹਿਲਾਂ ਹੀ ਦੋ ਤਗ਼ਮੇ ਪੱਕੇ ਕਰ ਚੁੱਕਾ ਹੈ। ਮਹਿਲਾਵਾਂ ਦੇ ਵਿਅਕਤੀਗਤ ਰੀਕਰਵ ਵਰਗ ’ਚ ਅੰਕਿਤਾ ਨੇ ਵਿਸ਼ਵ ’ਚ ਚੌਥਾ ਦਰਜਾ ਪ੍ਰਾਪਤ ਕੋਰੀਆ ਦੀ ਕਾਂਗ ਚੀ ਯੰਗ ਨੂੰ 6-4 ਨਾਲ ਹਰਾ ਕੇ ਉਲਟਫੇਰ ਕੀਤਾ। ਕੁਆਰਟਰ ਫਾਈਨਲ ’ਚ ਅੰਕਿਤਾ ਦਾ ਮੁਕਾਬਲਾ ਅਮਰੀਕਾ ਦੇ ਕੈਸੀ ਕਾਫਹੋਲਡ ਨਾਲ ਹੋਵੇਗਾ। ਪੁਰਸ਼ਾਂ ਦੇ ਕੰਪਾਊਂਡ ਵਿਅਕਤੀਗਤ ਵਰਗ ’ਚ ਮੌਜੂਦਾ ਵਿਸ਼ਵ ਚੈਂਪੀਅਨ ਅਭਿਸ਼ੇਕ ਵਰਮਾ ਨੇ ਸੋਲਵਾਕੀਆ ਦੇ ਜੋਜੇਫ ਵੋਸਕਨਾਸਕੀ ਨੂੰ 145-142 ਅੰੰਕਾਂ ਨਾਲ ਹਰਾ ਕੇ ਕੁਆਰਟਰ ਫਾਈਨਲ ਜਗ੍ਹਾ ਬਣਾਈ, ਜਿੱਥੇ ਉਸ ਦਾ ਮੁਕਾਬਲਾ ਅਮਰੀਕਾ ਦੇ ਮਾਈਕ ਸ਼ੋਲੇਸਰ ਨਾਲ ਹੋਵੇਗਾ। ਮਹਿਲਾ ਕੰਪਾਊਂਡ ਵਰਗ ’ਚ ਜੋਤੀ ਸੁਰੇਖਾ ਵੈਨਮ ਨੇ ਵਧੀਆ ਖੇਡ ਦਿਖਾਉਂਦਿਆਂ ਕੋਰੀਆ ਦੀ ਕੀ ਚੇਵਾਨ ਸੋ ਨੂੰ 146-142 ਨਾਲ ਹਰਾਇਆ। ਕੁਆਰਟਰ ਫਾਈਨਲ ’ਚ ਉਸ ਦਾ ਸਾਹਮਣਾ ਕ੍ਰੋਏਸ਼ੀਆ ਦੀ ਅਮਾਂਡਾ ਮਿਲਿਨਾਰਿਚ ਨਾਲ ਹੋਵੇਗਾ। -ਪੀਟੀਆਈ