ਅੰਤਾਲਯਾ (ਤੁਰਕੀ), 22 ਜੂਨ
ਭਾਰਤੀ ਤੀਰਅੰਦਾਜ਼ ਜਯੋਤੀ ਸੁਰੇਖਾ ਵੇਨੱਮ, ਅਦਿੱਤੀ ਸਵਾਮੀ ਅਤੇ ਪ੍ਰਨੀਤ ਕੌਰ ਦੀ ਕੰਪਾਊਂਡ ਮਹਿਲਾ ਟੀਮ ਨੇ ਇਸ ਸੈਸ਼ਨ ਵਿੱਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਰੱਖਦਿਆਂ ਅੱਜ ਇੱਥੇ ਤੀਜੇ ਰਾਊਂਡ ਵਿੱਚ ਅਸਤੋਨੀਆ ’ਤੇ ਜਿੱਤ ਸਦਕਾ ਵਿਸ਼ਵ ਕੱਪ ਵਿੱਚ ਸੋਨ ਤਗ਼ਮਿਆਂ ਦੀ ਹੈਟ੍ਰਿਕ ਲਗਾਈ, ਜਦਕਿ ਪ੍ਰਿਯਾਂਸ਼ ਨੂੰ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ।
ਭਾਰਤੀ ਪੁਰਸ਼ ਕੰਪਾਊਂਡ ਤੀਰਅੰਦਾਜ਼ ਪ੍ਰਿਯਾਂਸ ਪੁਰਸ਼ਾਂ ਦੇ ਫਾਈਨਲ ਵਿੱਚ ਦੁਨੀਆ ਦੇ ਪਹਿਲੇ ਨੰਬਰ ’ਤੇ ਕਾਬਜ਼ ਮਾਈਕ ਸ਼ਲੋਸੇਰ ਤੋਂ ਹਾਰ ਗਿਆ। ਸਿਖਰਲਾ ਦਰਜਾ ਪ੍ਰਾਪਤ ਭਾਰਤੀ ਮਹਿਲਾਵਾਂ ਦੀ ਤਿੱਕੜੀ ਨੇ ਇੱਥੇ ਇੱਕਤਰਫ਼ਾ ਫਾਈਨਲ ਵਿੱਚ ਅਸਤੋਨੀਆ ਦੀ ਲਿਜ਼ੇਲ ਜਾਟਮਾ, ਮੀਰੀ ਮਾਰਿਤਾ ਪਾਸ ਅਤੇ ਮਾਰਿਸ ਤੇਤਸਮਾਨ ਨੂੰ 232-229 ਨਾਲ ਹਰਾਇਆ। ਭਾਰਤ ਦੀ ਮਹਿਲਾ ਕੰਪਾਊਂਡ ਟੀਮ ਨੇ ਅਪਰੈਲ ਵਿੱਚ ਸ਼ੰਘਾਈ ਅਤੇ ਮਈ ਵਿੱਚ ਯੇਚਿਓਨ ਵਿੱਚ ਕਰਮਵਾਰ ਵਿਸ਼ਵ ਕੱਪ ਦੇ ਪਹਿਲੇ ਅਤੇ ਦੂਜੇ ਰਾਊਂਡ ਦੇ ਸੋਨ ਤਗ਼ਮੇ ਜਿੱਤੇ ਹਨ। ਕੰਪਾਊਂਡ ਤੀਰਅੰਦਾਜ਼ ਪ੍ਰਿਯਾਂਸ਼ ਨੈਦਰਲੈਂਡਜ਼ ਦੇ ਸ਼ੋਲਸੇਰ ਨੂੰ ਇਸ ਸੈਸ਼ਨ ਵਿੱਚ ਦੂਜੀ ਵਾਰ ਹਰਾਉਣ ਵਿੱਚ ਅਸਫਲ ਰਿਹਾ, ਜਿਸ ਕਾਰਨ ਉਸ ਨੂੰ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਉਹ ਸ਼ਾਨਦਾਰ ਪ੍ਰਦਰਸ਼ਨ ਸਦਕਾ ਫਾਈਨਲ ਵਿੱਚ ਪਹੁੰਚਿਆ, ਜਿਸ ਵਿੱਚ ਪਹਿਲੇ ਸੈੱਟ ’ਚ ਉਸ ਨੇ ਇੱਕ ਅੰਕ ਗੁਆਇਆ ਪਰ ਇਸ ਮਗਰੋਂ ਵਾਪਸੀ ਨਹੀਂ ਕਰ ਸਕਿਆ ਅਤੇ ਸ਼ੋਲਸੇਰ ਨੇ 149-148 ਨਾਲ ਜਿੱਤ ਹਾਸਲ ਕੀਤੀ। ਸੈਮੀ ਫਾਈਨਲ ਵਿੱਚ 21 ਸਾਲਾ ਪ੍ਰਿਯਾਂਸ਼ ਨੇ ਦੁਨੀਆ ਦੇ ਦੂਜੇ ਨੰਬਰ ਦੇ ਤੀਰਅੰਦਾਜ਼ ਮਾਥਿਆਸ ਫੁਲੇਰਟੋਨ ਨੂੰ ਇੱਕ ਅੰਕ ਨਾਲ ਹਰਾ ਕੇ ਪਿਛਲੇ ਵਿਸ਼ਵ ਕੱਪ ਵਿੱਚ ਮਿਲੀ ਹਾਰ ਦਾ ਬਦਲਾ ਲਿਆ। ਵਿਸ਼ਵ ਕੱਪ ਦੇ ਦੂਜੇ ਰਾਊਂਡ ਵਿੱਚ ਡੈਨਮਾਰਕ ਦੇ ਤੀਰਅੰਦਾਜ਼ ਨੇ ਸ਼ੂਟਆਫ ਵਿੱਚ ਪ੍ਰਿਯਾਂਸ਼ ਨੂੰ ਹਰਾ ਕੇ ਬਾਹਰ ਕੀਤਾ ਸੀ। ਪ੍ਰਿਯਾਂਸ਼ ਲਈ ਇਹ ਦੂਜਾ ਵਿਸ਼ਵ ਕੱਪ ਚਾਂਦੀ ਦਾ ਤਗ਼ਮਾ ਹੈ। ਇਸ ਸਾਲ ਅਪਰੈਲ ਵਿੱਚ ਸੈਸ਼ਨ ਦੇ ਸ਼ੁਰੂਆਤੀ ਵਿਸ਼ਵ ਕੱਪ ਵਿੱਚ ਪ੍ਰਿਯਾਂਸ਼ ਫਾਈਨਲ ਵਿੱਚ ਆਸਟਰੀਆ ਦੇ ਨਿਕੋ ਵੇਇਨੇਰ ਤੋਂ 147-150 ਨਾਲ ਹਾਰ ਕੇ ਦੂਜੇ ਸਥਾਨ ’ਤੇ ਰਿਹਾ ਸੀ। ਰਿਕਰਵ ਵਰਗ ਵਿੱਚ ਅੰਕਿਤਾ ਭਕਤ ਅਤੇ ਧੀਰਜ ਬੋਮਾਦੇਵਰਾ ਵੀ ਦੋ ਤਗ਼ਮਿਆਂ ਦੀ ਦੌੜ ਵਿੱਚ ਹਨ ਕਿਉਂਕਿ ਦੋਵੇਂ ਵਿਅਕਤੀਗਤ ਸੈਮੀ ਫਾਈਨਲ ਵਿੱਚ ਪਹੁੰਚ ਗਏ ਹਨ। ਧੀਰਜ ਅਤੇ ਭਜਨ ਕੌਰ ਦੀ ਮਿਕਸਡ ਟੀਮ ਵੀ ਕਾਂਸੇ ਦੇ ਤਗ਼ਮੇ ਦੇ ਮੁਕਾਬਲੇ ਵਿੱਚ ਮੈਕਸੀਕੋ ਦੇ ਖਿਡਾਰੀਆਂ ਦਾ ਸਾਹਮਣਾ ਕਰੇਗੀ। -ਪੀਟੀਆਈ