ਲੰਡਨ, 28 ਜੂਨ
ਡੇਵਿਡ ਵਾਰਨਰ (66), ਟਰੈਵਿਸ ਹੈੱਡ (77) ਤੇ ਸਟੀਵ ਸਮਿੱਥ (ਨਾਬਾਦ 79) ਦੀ ਸ਼ਾਨਦਾਰ ਬੱਲੇਬਾਜ਼ੀ ਦੀ ਬਦੌਲਤ ਆਸਟਰੇਲੀਆ ਅੱਜ ਇਥੇ ਮੇਜ਼ਬਾਨ ਇੰਗਲੈਂਡ ਖਿਲਾਫ਼ ਲਾਰਡਜ਼ ਦੇ ਮੈਦਾਨ ‘ਤੇ ਖੇਡੇ ਐਸ਼ੇਜ਼ ਲੜੀ ਦੇ ਦੂਜੇ ਟੈਸਟ ਮੈਚ ਦੇ ਪਹਿਲੇ ਦਿਨ 80 ਓਵਰਾਂ ਵਿੱਚ 332/5 ਦੇ ਸਕੋਰ ਨਾਲ ਮਜ਼ਬੂਤ ਸਥਿਤੀ ਵਿੱਚ ਪੁੱਜ ਗਿਆ ਹੈ। ਆਖਰੀ ਖ਼ਬਰਾਂ ਤੱਕ ਸਟੀਵ ਸਮਿਥ 79 ਦੌੜਾਂ ਤੇ ਐਲਕਸ ਕੈਰੀ 10 ਦੌੜਾਂ ਨਾਲ ਕਰੀਜ਼ ‘ਤੇ ਟਿਕੇ ਹੋਏ ਸਨ। ਮੇਜ਼ਬਾਨ ਇੰਗਲੈਂਡ ਲਈ ਜੋਸ਼ ਟੰਗ ਤੇ ਜੋਅ ਰੂਟ ਨੇ 2-2 ਲਈਆਂ ਜਦੋਂਕਿ ਇਕ ਵਿਕਟ ਓਲੀ ਰੌਬਿਨਸਨ ਦੇ ਹਿੱਸੇ ਆਈ। ਆਸਟਰੇਲੀਆ ਲਈ ਟਰੈਵਿਸ ਹੈੱਡ ਨੇ 77 ਤੇ ਡੇਵਿਡ ਵਾਰਨਰ ਨੇ 66 ਦੌੜਾਂ ਬਣਾਈਆਂ। ਆਸਟਰੇਲੀਆ ਲੜੀ ਦਾ ਪਹਿਲਾ ਟੈਸਟ ਮੈਚ ਜਿੱਤ ਕੇ 1-0 ਨਾਲ ਅੱਗੇ ਹੈ। ਇਸ ਤੋਂ ਪਹਿਲਾਂ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਆਸਟਰੇਲੀਅਨ ਟੀਮ ਨੇ ਬੱਲੇਬਾਜ਼ੀ ਕਰਦਿਆਂ ਪਹਿਲੇ ਵਿਕਟ ਲਈ 23 ਓਵਰਾਂ ਵਿੱਚ 73 ਦੌੜਾਂ ਦੀ ਭਾਈਵਾਲੀ ਕੀਤੀ। ਖਰਾਬ ਮੌਸਮ ਕਰਕੇ ਪਹਿਲੇ ਸੈਸ਼ਨ ਵਿੱਚ ਫਲੱਡ ਲਾਈਟਾਂ ਦੀ ਰੌਸ਼ਨੀ ਵਿੱਚ ਕੁਝ ਓਵਰਾਂ ਦੀ ਖੇਡ ਹੋਈ। -ਪੀਟੀਆਈ
ਜਸਟ ਸਟੌਪ ਆਇਲ ਪ੍ਰਦਰਸ਼ਨਕਾਰੀਆਂ ਕਰਕੇ ਮੈਚ ਵਿੱਚ ਅੜਿੱਕਾ ਪਿਆ
ਲੰਡਨ: ਜਸਟ ਸਟੌਪ ਆਇਲ ਸਮੂਹ ਨਾਲ ਜੁੜੇ ਦੋ ਪ੍ਰਦਰਸ਼ਨਕਾਰੀ ਅੱਜ ਇਥੇ ਲਾਰਡਜ਼ ਦੇ ਮੈਦਾਨ ਵਿੱਚ ਮੇਜ਼ਬਾਨ ਇੰਗਲੈਂਡ ਤੇ ਆਸਟਰੇਲੀਆ ਖਿਲਾਫ਼ ਖੇਡੇ ਜਾ ਰਹੇ ਐੇਸ਼ੇਜ਼ ਲੜੀ ਦੇ ਦੂਜੇ ਟੈਸਟ ਕ੍ਰਿਕਟ ਮੈਚ ਦੌਰਾਨ ਪਿੱਚ ‘ਤੇ ਪਹੁੰਚ ਗਏ। ਇਨ੍ਹਾਂ ਵਾਤਾਵਰਨ ਕਾਰਕੁਨਾਂ ਨੇ ਮੈਦਾਨ ਵਿੱਚ ਸੰਤਰੀ ਰੰਗ ਦਾ ਪਾਊਡਰ ਖਿੰਡਾਉਣ ਦੀ ਕੋਸ਼ਿਸ਼ ਕੀਤੀ, ਪਰ ਇੰਗਲੈਂਡ ਤੇ ਆਸਟਰੇਲੀਅਨ ਖਿਡਾਰੀਆਂ ਨੇ ਉਨ੍ਹਾਂ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ। ਇੰਗਲੈਂਡ ਦੇ ਵਿਕਟਕੀਪਰ ਜੌਹਨੀ ਬੇਅਰਸਟੋਅ ਨੇ ਇਨ੍ਹਾਂ ਵਿਚੋਂ ਇਕ ਪ੍ਰਦਰਸ਼ਨਕਾਰੀ ਨੂੰ ਫੜ ਕੇ ਮੈਦਾਨ ਦੀ ਬਾਊਂਡਰੀ ‘ਤੇ ਤਾਇਨਾਤ ਸੁਰੱਖਿਆ ਕਰਮੀਆਂ ਦੇ ਹਵਾਲੇ ਕਰ ਦਿੱਤਾ। ਦੂਜੇ ਪ੍ਰਦਰਸ਼ਨਕਾਰੀ ਨੂੰ ਇੰਗਲੈਂਡ ਦੇ ਕਪਤਾਨ ਬੈੱਨ ਸਟੋਕਸ ਤੇ ਆਸਟਰੇਲੀਅਨ ਬੱਲੇਬਾਜ਼ ਡੇਵਿਡ ਵਾਰਨਰ ਨੇ ਕਾਬੂ ਕੀਤਾ। ਇਸ ਫੜੋ-ਫੜੀ ਦੌਰਾਨ ਸੰਤਰੀ ਪਾਊਡਰ ਘਾਹ ‘ਤੇ ਡਿੱਗਿਆ ਤੇ ਪਿੱਚ ਦਾ ਬਚਾਅ ਰਿਹਾ। ਲੰਡਨ ਮੈਟਰੋਪਾਲਿਟਨ ਪੁਲੀਸ ਨੇ ਇਕ ਬਿਆਨ ਵਿਚ ਕਿਹਾ, ”ਪੁਲੀਸ ਨੇ ਤਿੰਨ ਲੋਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ।” -ਪੀਟੀਆਈ