ਸਿਡਨੀ, 7 ਜਨਵਰੀ
ਜੌਹਨੀ ਬੇਅਰਸਟਾਅ ਦੇ ਸੈਂਕੜੇ ਤੇ ਬੇਨ ਸਟੋਕਸ ਦੇ ਨੀਮ ਸੈਂਕੜੇ ਦੀ ਮਦਦ ਨਾਲ ਇੰਗਲੈਂਡ ਨੇ ਖਰਾਬ ਸ਼ੁਰੂਆਤ ਤੋਂ ਬਾਅਦ ਚੌਥੇ ਐਸ਼ੇਜ਼ ਟੈਸਟ ਮੈਚ ਦੇ ਤੀਜੇ ਦਿਨ ਅੱਜ ਵਾਪਸੀ ਕਰ ਲਈ ਹੈ। ਇਸ ਸਮੇਂ ਇੰਗਲੈਂਡ ਦਾ ਸਕੋਰ ਚਾਰ ਵਿਕਟਾਂ ’ਤੇ 36 ਦੌੜਾਂ ਸੀ ਪਰ ਬੇਅਰਸਟਾਅ ਤੇ ਸਟੋਕਸ ਨੇ ਉਸ ਨੂੰ ਸੱਤ ਵਿਕਟਾਂ ਦੇ ਨੁਕਸਾਨ ’ਤੇ 258 ਦੌੜਾਂ ਤੱਕ ਪਹੁੰਚਾਇਆ।
ਬੇਅਰਸਟਾਅ ਨੇ 138 ਗੇਂਦਾਂ ’ਚ 12 ਚੌਕਿਆਂ ਤੇ 3 ਛੱਕਿਆਂ ਦੀ ਮਦਦ ਨਾਲ ਆਪਣਾ ਸੈਂਕੜਾ ਪੂਰਾ ਕੀਤਾ। ਤੀਜੇ ਦਿਨ ਦੀ ਖੇਡ ਮੁੱਕਣ ਤੱਕ ਬੇਅਰਸਟਾਅ 103 ਅਤੇ ਜੈਕ ਲੀਚ ਚਾਰ ਦੌੜਾਂ ਬਣਾ ਕੇ ਖੇਡ ਰਹੇ ਸਨ। ਇੰਗਲੈਂਡ ਅਜੇ ਵੀ ਆਸਟਰੇਲੀਆ ਤੋਂ 158 ਦੌੜਾਂ ਪਿੱਛੇ ਹੈ। ਇਸ ਤੋਂ ਪਹਿਲਾਂ ਬੇਨ ਸਟੋਕਸ ਨੇ 91 ਗੇਂਦਾਂ ’ਚ ਨੌਂ ਚੌਕਿਆਂ ਤੇ ਇੱਕ ਛੱਕੇ ਦੀ ਮਦਦ ਨਾਲ 66 ਦੌੜਾਂ ਬਣਾਈਆਂ। ਉਸ ਨੇ ਬੇਅਰਸਟਾਅ ਨਾਲ 128 ਦੌੜਾਂ ਦੀ ਭਾਈਵਾਲੀ ਕਰਕੇ ਇੰਗਲੈਂਡ ਨੂੰ ਸੰਕਟ ’ਚੋਂ ਕੱਢਿਆ। ਨਾਥਨ ਲਿਓਨ ਨੇ ਸਟੋਕਸ ਨੂੰ ਐੱਲਬੀਡਬਲਿਊ ਆਊਟ ਕਰਕੇ ਇਹ ਭਾਈਵਾਲੀ ਤੋੜੀ। ਸਟੋਕਸ ਨੂੰ ਦੋ ਵਾਰ ਜੀਵਨਦਾਨ ਮਿਲਿਆ ਜਦੋਂ ਪੈਟ ਕਮਿਨਜ਼ ਆਪਣੀ ਹੀ ਗੇਂਦ ’ਤੇ ਕੈਚ ਫੜਨ ਤੋਂ ਖੁੰਝ ਗਿਆ ਅਤੇ ਫਿਰ ਉਹ ਐਲਬੀਡਬਲਿਊ ਦੇ ਮੈਦਾਨੀ ਅੰਪਾਇਰ ਦੇ ਫ਼ੈਸਲੇ ਖ਼ਿਲਾਫ਼ ਰੀਵਿਊ ਲੈ ਕੇ ਆਊਟ ਹੋਣ ਤੋਂ ਬਚਿਆ। ਜੋਸ ਬਟਲਰ ਲਗਾਤਾਰ ਦੂਜੀ ਵਾਰ ਖਾਤਾ ਨਹੀਂ ਖੋਲ੍ਹ ਸਕਿਆ। ਮੀਂਹ ਕਾਰਨ ਇਹ ਮੈਚ 90 ਮਿੰਟ ਦੇਰੀ ਨਾਲ ਸ਼ੁਰੂ ਹੋਇਆ ਤੇ ਮਿਸ਼ੈਲ ਸਟਾਰਕ ਤੇ ਸਕਾਟ ਬੋਲੈਂਡ ਨੇ ਆਸਟਰੇਲੀਆ ਵੱਲੋਂ ਸ਼ਾਨਦਾਰ ਗੇਂਦਬਾਜ਼ੀ ਕੀਤੀ। ਸਿਡਨੀ ਕ੍ਰਿਕਟ ਮੈਦਾਨ ਅੱਜ ਗੁਲਾਬੀ ਰੰਗ ’ਚ ਰੰਗਿਆ ਹੋਇਆ ਸੀ। ਸਾਬਕਾ ਤੇਜ਼ ਗੇਂਦਬਾਜ਼ ਗਲੈਨ ਮੈੱਗ੍ਰਾਥ ਦੀ ਚੈਰਿਟੀ ਫਾਊਂਡੇਸ਼ਨ ਲਈ ਸਿਡਨੀ ਟੈਸਟ ਦਾ ਤੀਜਾ ਦਿਨ ‘ਗੁਲਾਬੀ’ ਹੁੰਦਾ ਹੈ। ਇਹ ਰਵਾਇਤ 14 ਸਾਲ ਤੋਂ ਚੱਲੀ ਆ ਰਹੀ ਹੈ। -ਏਪੀ