ਚੇਨੱਈ, 8 ਫਰਵਰੀ
ਆਫ਼ ਸਪਿੰਨਰ ਰਵੀਚੰਦਰਨ ਅਸ਼ਿਵਨ ਦੀਆਂ ਛੇ ਵਿਕਟਾਂ ਦੀ ਬਦੌਲਤ ਇੰਗਲੈਂਡ ਨੂੰ ਦੂਜੀ ਪਾਰੀ ਵਿੱਚ 178 ਦੌੜਾਂ ’ਤੇ ਆਊਟ ਕਰਨ ਦੇ ਬਾਵਜੂਦ ਭਾਰਤ ਨੂੰ ਅੱਜ 420 ਦੌੜਾਂ ਦਾ ਟੀਚਾ ਮਿਲਿਆ, ਜਿਸ ਦਾ ਪਿੱਛਾ ਕਰਦਿਆਂ ਮੇਜ਼ਬਾਨ ਟੀਮ ਨੇ ਪਹਿਲੇ ਕ੍ਰਿਕਟ ਟੈਸਟ ਦੇ ਚੌਥੇ ਦਿਨ ਦੂਜੀ ਪਾਰੀ ਵਿੱਚ ਇੱਕ ਵਿਕਟ ’ਤੇ 39 ਦੌੜਾਂ ਬਣਾ ਲਈਆਂ।
ਅਸ਼ਿਵਨ 114 ਸਾਲ ਮਗਰੋਂ ਟੈਸਟ ਪਾਰੀ ਦੀ ਪਹਿਲੀ ਗੇਂਦ ’ਤੇ ਵਿਕਟ ਲੈਣ ਵਾਲਾ ਪਹਿਲਾ ਫ਼ਿਰਕੀ ਗੇਂਦਬਾਜ਼ ਬਣ ਗਿਆ ਹੈ। ਭਾਰਤ ਨੂੰ ਪਹਿਲੀ ਪਾਰੀ ਦੌਰਾਨ ਸਭ ਤੋਂ ਵੱਡਾ ਝਟਕਾ ਸਲਾਮੀ ਬੱਲੇਬਾਜ਼ ਰੋਹਿਤ ਸ਼ਰਮਾ ਵਜੋਂ ਲੱਗਿਆ, ਜੋ 12 ਦੌੜਾਂ ਹੀ ਬਣਾ ਸਕਿਆ। ਦਿਨ ਦੀ ਖੇਡ ਖ਼ਤਮ ਹੋਣ ’ਤੇ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ 15, ਜਦਕਿ ਚੇਤੇਸ਼ਵਰ ਪੁਜਾਰਾ 12 ਦੌੜਾਂ ਬਣਾ ਕੇ ਮੈਦਾਨ ’ਤੇ ਡਟੇ ਹੋਏ ਹਨ। ਭਾਰਤ ਨੂੰ ਮੰਗਲਵਾਰ ਨੂੰ ਅਖ਼ੀਰਲੇ ਦਿਨ ਜਿੱਤ ਲਈ 381 ਦੌੜਾਂ, ਜਦਕਿ ਇੰਗਲੈਂਡ ਨੂੰ 9 ਵਿਕਟਾਂ ਦੀ ਲੋੜ ਹੈ। ਟੁੱਟੀ ਹੋਈ ਪਿੱਚ ’ਤੇ 90 ਓਵਰਾਂ ਵਿੱਚ ਏਨੀਆਂ ਦੌੜਾਂ ਬਣਾਉਣਾ ਬਹੁਤ ਹੀ ਮੁਸ਼ਕਲ ਹੋਵੇਗਾ। ਇਸ ਲਈ ਜੇਕਰ ਮੈਚ ਡਰਾਅ ਵੀ ਹੁੰਦਾ ਹੈ ਤਾਂ ਇਹ ਮੇਜ਼ਬਾਨ ਟੀਮ ਲਈ ਚੰਗਾ ਨਤੀਜਾ ਹੋਵੇਗਾ। ਭਾਰਤੀ ਗੇਂਦਬਾਜ਼ਾਂ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਇੰਗਲੈਂਡ ਦੀ ਦੂਜੀ ਪਾਰੀ 46.3 ਓਵਰਾਂ ਵਿੱਚ ਆਊਟ ਹੋ ਗਈ। ਮਹਿਮਾਨ ਟੀਮ ਨੇ ਆਪਣੀ
ਰੱਖਿਆਤਮਕ ਰਣਨੀਤੀ ਬਰਕਾਰ ਰੱਖੀ ਅਤੇ ਕਪਤਾਨ ਜੋਅ ਰੂਟ (40 ਦੌੜਾਂ) ਦੀ ਦਿਲਚਸਪ ਪਾਰੀ ਦੇ ਦਮ ’ਤੇ ਭਾਰਤ ਨੂੰ ਰਿਕਾਰਡ ਟੀਚਾ ਦੇਣ ਵਿੱਚ ਸਫਲ ਰਹੀ। ਭਾਰਤ ਵਿੱਚ ਟੀਚੇ ਦਾ ਪਿੱਛਾ ਕਰਦਿਆਂ ਸਭ ਤੋਂ ਵੱਡੀ ਜਿੱਤ ਦਾ ਰਿਕਾਰਡ ਵੀ ਮੇਜ਼ਬਾਨ ਟੀਮ ਦੇ ਨਾਮ ਦਰਜ ਹੈ। ਉਸ ਨੇ ਇੰਗਲੈਂਡ ਨੂੰ ਸਾਲ 2008 ਵਿੱਚ ਇਸੇ ਐੱਮਏ ਚਿਦੰਬਰਮ ਸਟੇਡੀਅਮ ਉਪਰ 4 ਵਿਕਟਾਂ ’ਤੇ 387 ਦੌੜਾਂ ਬਣਾ ਕੇ ਹਰਾਇਆ ਸੀ। ਦੂਜੇ ਪਾਸੇ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ 300 ਵਿਕਟਾਂ ਲੈਣ ਵਾਲਾ ਭਾਰਤ ਦਾ ਛੇਵਾਂ ਗੇਂਦਬਾਜ਼ ਬਣ ਗਿਆ ਹੈ। ਹੁਣ ਉਹ ਕ੍ਰਿਕਟ ਕਪਤਾਨਾਂ ਕਪਿਲ ਦੇਵ ਅਤੇ ਅਨਿਲ ਕੁੰਬਲੇ ਦੇ ਕਲੱਬ ਵਿੱਚ ਸ਼ਾਮਲ ਹੋ ਗਿਆ ਹੈ। -ਪੀਟੀਆਈ